ਪਿੰਡ ਵਾਲੇ ਟਾਂਗੇ ਤੇ ਚੜ੍ਹੀ ਜਾਂਦੀ ਦੇ ਦਿਮਾਗ ਵਿਚ ਨਿੱਕੀ ਨਨਾਣ ਦੇ ਕੰਨੀ ਪਾਈਆਂ ਦੋ ਤੋਲੇ ਦੀਆਂ “ਮੁਰਕੀਆਂ” ਹੀ ਘੁੰਮੀ ਜਾ ਰਹੀਆਂ ਸਨ..।
ਬਰੂਹਾਂ ਟੱਪੀਆਂ..ਵੇਖਿਆ ਮਾਂ ਵੇਹੜੇ ਵਿਚ ਗੋਹਾ ਫੇਰ ਰਹੀ ਸੀ..ਭਾਪਾ ਜੀ ਸ਼ਹਿਰ ਦਿਹਾੜੀ ਲਾਉਣ ਗਿਆ ਸੀ।
ਪਾਣੀ-ਧਾਣੀ ਬਾਅਦ ਵਿਚ ਪੀਤਾ ਪਰ ਪਹਿਲਾਂ ਮਾਂ ਨੂੰ ਦੋ ਤੋਲੇ ਦੀਆਂ ਮੁਰਕੀਆਂ ਵਾਲੀ ਗੱਲ ਦੱਸ ਦਿੱਤੀ..ਨਾਲ ਹੀ ਧਮਕੀ ਭਰੇ ਲਹਿਜੇ ਵਿਚ ਆਖ ਦਿੱਤਾ ਕਿ ਐਤਕੀਂ ਵਾਪਿਸ ਤਾਂ ਹੀ ਜਾਣਾ ਜੇ ਮੁਰਕੀਆਂ ਘੜਵਾ ਕੇ ਦੇਵੋਗੇ ਤਾਂ..।
ਮਾਂ ਸੋਚੀਂ ਪੈ ਗਈ ਤੇ ਆਖਣ ਲੱਗੀ..”ਐਤਕੀਂ ਹੜ ਸਾਰੀਆਂ ਫਸਲਾਂ ਰੋੜ ਕੇ ਲੈ ਗਏ ਤੇ ਖਾਣ ਜੋਗੇ ਦਾਣੇ ਵੀ ਹੈਨੀ..”
ਗੱਲ ਵਿਚੋਂ ਹੀ ਕੱਟ ਕੇ ਆਪਣਾ ਆਖਰੀ ਬ੍ਰਹਮ-ਅਸਤ੍ਰ ਚਲਾ ਦਿੱਤਾ..
“ਜੇ ਮੇਰੀ ਥਾਂ ਵੀਰਾ ਹੁੰਦਾ ਤੇ ਉਸਨੇ ਮੋਟਰ ਸਾਈਕਲ ਦੀ ਮੰਗ ਰੱਖ ਦਿੱਤੀ ਹੁੰਦੀ..ਫੇਰ ਤਾਂ ਤੁਸੀਂ ਚੁੱਕ-ਚੁਕਾ ਕੇ ਵੀ ਲੈ ਦੇਣਾ ਸੀ”
ਫੇਰ ਅਗਲੇ ਦੋ ਦਿਨ ਇਸ ਬਾਰੇ ਕੋਈ ਜਿਕਰ ਨਾ ਛਿੜਿਆ..ਉਡੀਕਦੀ ਰਹੀ ਕਿ ਕੋਈ ਗੱਲ ਕਰਨਗੇ ਪਰ ਉਹ ਦੋਵੇਂ ਚੁੱਪ ਸਨ।
ਤੀਜੇ ਦਿਨ ਭਾਪਾ ਜੀ ਹੂਰੀ ਮੰਜੇ ਤੇ ਬੈਠਾ ਰੋਟੀ ਖਾ ਰਿਹਾ ਸੀ..ਬਾਹਰ ਬੂਹੇ ਤੇ ਬਿੜਕ ਜਿਹੀ ਹੋਈ..ਵੇਖਿਆ ਤਾਂ ਦੋਧੀ ਸੀ..ਆਖਣ ਲੱਗਾ ਭਾਂਡਾ ਲਿਆਓ ਤੇ ਦੋ ਕਿੱਲੋ ਦੁੱਧ ਪਵਾ ਲਵੋ”
“ਦੁੱਧ ਪਵਾ ਲਵੋ..ਕੀ...
ਮਤਲਬ?
ਸਾਡੀ ਬੂਰੀ ਮੱਝ ਦੋ ਵੇਲੇ ਦਾ ਦਸ ਕਿੱਲੋ ਦੁੱਧ ਦਿੰਦੀ ਏ..ਸਾਨੂੰ ਕਾਹਦੀ ਲੋੜ ਮੁੱਲ ਦੇ ਦੁੱਧ ਦੀ..?”
ਇਸਤੋਂ ਪਹਿਲਾਂ ਕਿ ਕੋਈ ਕੁਝ ਆਖਦਾ..ਮੈਂ ਹਵੇਲੀ ਵੱਲ ਨੂੰ ਨੱਸ ਤੁਰੀ..ਬੂਰੀ ਮੱਝ ਖੁਰਲੀ ਤੇ ਨਹੀਂ ਸੀ ਅਤੇ ਹਵੇਲੀ ਭਾਂ ਭਾਂ ਕਰ ਰਹੀ ਸੀ!
ਓਸੇ ਵੇਲੇ ਵਾਪਿਸ ਮੁੜੀ ਅਤੇ ਭਾਪੇ ਹੁਰਾਂ ਦੇ ਗੱਲ ਪੈ ਗਈ..”ਜਿੰਨੇ ਮੱਝ ਵੇਚ ਕੇ ਵੱਟੇ ਨੇ..ਓਨੇ ਹੁਣੇ ਹੀ ਵਾਪਿਸ ਕਰ ਕੇ “ਬੂਰੀ” ਨੂੰ ਵਾਪਿਸ ਲੈ ਕੇ ਆਓ..”
ਖਹਿੜੇ ਹੀ ਪੈ ਗਈ।
ਆਥਣ ਵੇਲੇ ਦੇਖਿਆ ਹਵੇਲੀ ਵਿਚ ਖੁਰਲੀ ਤੇ ਬੱਝੀ ਹੋਈ “ਭੂਰੇ” ਰੰਗ ਦੀ ਝੋਟੀ ਸਕੂਨ ਨਾਲ ਪੱਠੇ ਖਾ ਰਹੀ ਸੀ ਤੇ ਉਸਦੀਆਂ ਨਾਸਾਂ ਵਿੱਚ ਦੀ ਲੰਘਾਈਂ ਹੋਈ ਰੰਗ-ਬਿਰੰਗੇ ਪਲਾਸਟਿਕ ਦੀ “ਨੱਥ” “ਦੋ ਤੋਲਿਆਂ ਦੀਆਂ ਮੁਰਕੀਆਂ” ਨਾਲੋਂ ਕਿਤੇ ਜਿਆਦਾ ਸੋਹਣੀ ਲੱਗ ਰਹੀ ਸੀ।
ਦੋਸਤੋ ਇਹ ਓਹਨਾ ਵੇਲਿਆਂ ਦੀ ਗੱਲ ਏ ਜਦੋਂ ਜਿਸ ਦੇ ਵੇਹੜੇ ਦੁਧਾਰੂ ਪਸ਼ੂ ਨਹੀਂ ਸਨ ਬੱਝੇ ਹੁੰਦੇ ਉਸ ਘਰ ਨੂੰ ਕੁਦਰਤ ਦੀ ਕਰੋਪੀ ਦਾ ਸ਼ਿਕਾਰ ਹੋਇਆ ਮੰਨਿਆ ਜਾਂਦਾ ਸੀ।
ਹਰਪ੍ਰੀਤ ਸਿੰਘ ਜਵੰਦਾ