More Punjabi Kahaniya  Posts
ਗੁਲਬਾਨੋ


ਪਾਕਿਸਤਾਨ ਦੀ ਸਰਜ਼ਮੀਨ, ਜੇਹਲਮ ਦਰਿਆ ਦੇ ਕਿਨਾਰੇ ਵਸਿਆ ਸ਼ਹਿਰ ‘ਸਰਾਏ ਆਲਮਗੀਰ’। ਸ਼ਹਿਰ ਦੇ ਇੱਕ ਕੋਨੇ ਵਿੱਚ ਜੇਹਲਮ ਦੀ ਵੱਖੀ ਨਾਲ ਬਣੀ ਤਿੰਨ ਮੰਜ਼ਿਲਾਂ ਸੁਰਮਈ ਹਵੇਲੀ, ਇੰਨੀ ਸ਼ੁਰਮਈ ਕਿ ਦੂਰੋ ਕਿਸੇ ਪਹਾੜ ਦਾ ਭੁੱਲੇਖਾ ਪਵੇ। ਛੱਤ ਤੇ ਖੜ੍ਹਾ ਇਨਸਾਨ ਜੇਹਲਮ ਦਰਿਆ ਦੇ ਹੁਸਨ ਨੂੰ ਨੰਗਿਆ ਦੇਖ ਸਕਦਾ ਸੀ। ਇਸ ਛੱਤ ਤੇ ਖੜ੍ਹੋ ਕੇ ਹਵੇਲੀ ਦੀ ਮਾਲਕਣ ਨੇ ਬੇਸ਼ੁਮਾਰ ਵਾਰੀ ਜੇਹਲਮ ਦੇ ਹੁਸਨ ਦਾ ਜਲਵਾ ਦੇਖਿਆ ਸੀ। ਪਰ ਉਸਦੇ ਆਪਣੇ ਹੁਸਨ ਨੂੰ ਸਿਰਫ ਹਵਾ ਤੇ ਸੂਰਜ ਤੋਂ ਇਲਾਵਾ ਸ਼ਾਇਦ ਇਸ ਸ਼ਹਿਰ, ਚ’ ਕਿਸੇ ਨਹੀ ਸੀ ਦੇਖਿਆ ਸੀ ਜਾਂ ਫੇਰ ਦਰਿਆ ਜੇਹਲਮ ਉਸਦਾ ਹਮਰਾਜ਼ ਸੀ।
ਇਸ ਛੱਤ ਤੇ ਉਸਦੀ ਜਿੰਦਗੀ ਦਾ ਬਹੁਤਾ ਹਿਸਾ ਇਸੇ ਤਰ੍ਹਾ ਘੁੰਮਦਿਆ ਗੁਜ਼ਰਿਆ ਸੀ। ਕਦੇ ਉਦਾਸ ਤੇ ਕਦੇ ਪੁਰਸਕੂਨ । ਜੇਹਲਮ ਅਤੇ ਉਹ ਦੋਵੇਂ ਆਪਣੇ ਅੰਦਰ ਉਠਦੇ ਤੂਫਾਨਾਂ ਨੂੰ ਸਾਂਝਿਆਂ ਕਰਦੇ। ਕਦੇ ਸ਼ਾਤ ਹੋ ਕੇ ਹੇਠਾਂ ਉਤਰਦੀ ਤੇ ਕਦੇ ਦੋਵੇ ਮਿਲ ਕੇ ਦੁੱਗਣੇ ਭੜਕਦੇ । ਪਿਛਲੇ ਚਾਲ੍ਹੀ ਸਾਲਾਂ ਤੋਂ ਇਹੀ ਹੋ ਰਿਹਾ ਸੀ। ਪਿਛਲੀ ਜ਼ੁੰਮੇਰਾਤ ਨੂੰ ਉਸਦੇ ਬੇਟੇ ਸ਼ਮੀਰ ਦਾ ਇੰਗਲੈਡ ਤੋਂ ਖੱਤ ਆਇਆ ਸੀ ਕਿ ‘ਅੰਮੀ ਤੁਸੀ ਸਾਡੇ ਕੋਲ ਆ ਜਾਉ। ਬੱਚੇ ਤੁਸਾਂ ਨੂੰ ਯਾਦ ਕਰਦੇ ਨੇ । ਫਿਰਦੋਸ਼ ਸਲਾਮ ਭੇਜਦੀ ਹੈ, ਤੇ ਹੋਰ ਪਤਾ ਨਹੀ ਕੀ ਕੁਛ ਲਿਖਿਆ ਸੀ। ਖੱਤ ਪੜ੍ਹਕੇ ਬਨੇਰੇ ਤੇ ਰੱਖ ਦਿਤਾ ਤੇ ਤੇਜ਼ ਹਵਾ ਆਈ ਤੇ ਖੱਤ ਉਡਦਾ ਹੋਇਆ ਜੇਹਲਮ ਦੇ ਪਾਣੀ, ‘ਚ ਜਾ ਸਮਾਇਆ ਸੀ।
ਅੱਜ ਫਿਰ ਸੁਬਹਾ ਜਦੋ ਸਮੀਰ ਦਾ ਫੋਨ ਆਇਆ, ਤਾਂ ਉਹ ਅੱਧ-ਸੁੱਤੀ ਸੀ। ਨੌਕਰ ਨੇ ਦਰਵਾਜ਼ੇ ਤੇ ਦਸਤਕ ਦਿਤੀ ਤਾਂ ਉਸਨੇ ਬਹਾਨਾਂ ਬਣਾ ਦਿਤਾ ਸੀ ਕਿ ਆਖ ਦੇਵੇ ‘ਅੰਮੀ ਸੌਂ ਰਹੀ ਏ.ਤਬੀਅਤ ਠੀਕ ਨਹੀਂ ਏਂ । ਬਜ਼ੁਰਗ ਨੌਕਰ ਫਾਰੂਕ ਪਿਛਲੇ ਪੰਜਾਹ ਸਾਲਾਂ ਤੋਂ ਇਸ ਹਵੇਲੀ ਵਿੱਚ ਕੰਮ ਕਰ ਰਿਹਾ ਸੀ ਅਤੇ ਬੇਗਮ ਸਹਿਬਾ ਦੀ ਰਗ ਰਗ ਦਾ ਵਾਕਿਫ਼ ਸੀ। ਉਹ ਮੁੜ ਸੌਂ ਨਾ ਸਕੀ ਸੀ। ਸੁੱਕੇ ਜ਼ਖਮ ਹਰੇ ਹੋ ਗਏ ਸੀ। ਉਸਦੇ ਜ਼ਖਮੀ ਦਿਲ ਦੀਆ ਤਾਰਾਂ ਫੜ੍ਹਕੇ ਕਿਸੇ ਨੇ ਝੰਜੋੜ ਦਿਤੀਆ ਸਨ । ਫੇਰ ਕੋਈ ਪੁਰਾਣਾ ਅਫ਼ਸਾਨਾ ਯਾਦ ਆ ਗਿਆ ਸੀ । ਅਫ਼ਸਾਨਾ, ਜੋ ਹਰ ਵਕਤ ਉਸ ਦੇ ਦਿਲੋ-ਦਿਮਾਗ ਵਿੱਚ ਘੁੰਮਦਾ ਸੀ। ਅਫ਼ਸਾਨਾ, ਜੋ ਉਸਦੇ ਨਾਲ ਗੁਜ਼ਰਿਆ ਸੀ। ਅਫ਼ਸਾਨਾ, ਜੋ ਉਸਦੀ ਹਕੀਕਤ ਸੀ, ਤੇ ਅਫ਼ਸਾਨਾ ਜੋ ਉਹ ਖੁਦ ਬਣ ਗਈ ਸੀ।
ਵੈਸੇ ਤੇ ਮਰਦ ਸਮਾਜ, ਚ’ ਔਰਤਾ ਦੇ ਅਫ਼ਸਾਨੇ ਬਣਨੇ ਬੜੇ ਆਸਾਨ ਹੁੰਦੇ ਨੇ। ਔਰਤ ਤਾਂ ਦੋ ਵਾਰੀ ਖਿੜ੍ਹਕੀ ਵਿੱਚ ਖੜ੍ਹੀ ਹੋ ਜਾਵੇ ਤਾਂ ਅਫ਼ਸਾਨਾ ਬਣ ਜਾਂਦਾ ਹੈ। ਰਾਹ ਜਾਂਦੀ ਦੇ ਕਿੱਸੇ ਘੜੇ ਜਾਂਦੇ ਹਨ। ਥਾਂ ਥਾਂ ਅਫ਼ਸਾਨਾ-ਨਿਗਾਰ ਬੈਠੇ ਹਨ ਉਸ ਦੇ ਲਈ।……ਪਰ ਉਸਨੇ ਤਾਂ ਅਸਲੋਂ ਜੱਗੋ ਤੇਰ੍ਹਵੀ ਕੀਤੀ ਸੀ। ਅਫ਼ਸਾਨਾ ਵੀ ਉਹ ਬਣਿਆ ਸੀ ਕਿ ਕੋਈ ਸੁਣੇ ਤਾਂ ਫੈਸਲਾ ਨਾ ਕਰ ਸਕੇ ਕਿ ਉਸਦੀ ਹਾਲਤ ਤੇ ਹੱਸਿਆ ਜਾਵੇ ਜਾਂ ਆਂਸੂ ਬਹਾਏ ਜਾਣ।
ਪਰ ਬੇਗਮ ਸਾਹਿਬਾ ਹੁਣ ਖੁੱਦਾਰ, ਮਗਰੂਰ ਤੇ ਬੁਲੰਦ, ਉਹ ਕਿਸੇ ਚਟਾਨ ਵਾਂਗ ਸੀ। ਜਿਸ ਦੇ ਆਸੇ ਪਾਸਿਉ ਤੂਫਾਨ ਲੰਘ ਜਾਂਦੇ ਸੀ ਤੇ ਉਸਦਾ ਸਿਰ ਨਹੀਂ ਸੀ ਝੁਕਦਾ। ਪਿਛਲੇ ਚਾਲ੍ਹੀ ਸਾਲ ਤੋਂ ਉਹ ਕਿਸੇ ਕੈਦੀ ਵਾਂਗ ਇਸ ਹਵੇਲੀ ਵਿੱਚ ਨਜ਼ਰਬੰਦ ਸੀ। ਕੈਦੀ ਜੋ ਜੇਲ੍ਹ ਦਾ ਮਾਲਿਕ ਹੋਵੇ। ਇਹ ਉਮਰ ਕੈਦ ਖੁਦ ਉਸਨੇ ਆਪਣੇ ਆਪ ਨੂੰ ਦਿਤੀ ਸੀ।
ਚਾਲ੍ਹੀ ਸਾਲ ਪਹਿਲਾ ਉਹ ਕਿਸੇ ਤੂਫਾਨ ਵਾਂਗ ਆਈ ਸੀ ਅਤੇ ਹਵੇਲੀ ਦੀਆ ਕਿਲ੍ਹੇ ਵਰਗੀਆ ਕੰਧਾਂ ਵਿੱਚ ਸਮਾਅ ਗਈ ਸੀ। ਉਸ ਤੂਫਾਨ ਨਾਲ ਜੋ ਗਰਦੋ-ਗੁਬਾਰ ਉਡੀ ਸੀ, ਉਹ ਵਕਤ ਨਾਲ ਉਤਰ ਗਈ।
ਬੱਸ ਕੋਈ ਕੋਈ ਸਖਸ਼ ਸੀ, ਉਸਦੇ ਜ਼ਮਾਨੇ ਦਾ ਜੋ ਉਸਦੇ ਅਫ਼ਸਾਨੇ ਨੂੰ ਛੇੜ ਬਹਿੰਦਾ ਸੀ। ਵਰਨਾ ਉਹ ਹੁਣ ਇੱਕ ਬੀਤ ਚੁੱਕੀ ਬਾਤ ਸੀ। ਪੁਰਾਣੇ ਲੋਕ ਜਾ ਚੁੱਕੇ ਸੀ ਤੇ ਨਵੇਂ ਆ ਰਹੇ ਸੀ । ਬੁੱਢੇ ਮਰ ਚੁੱਕੇ ਸਨ । ਨੌਜਵਾਨ ਬੁੱਢੇ ਹੋ ਗਏ ਸਨ ਤੇ ਬੱਚੇ ਜਵਾਨ ਹੋ ਗਏ ਸਨ । ੳਹਦਾ ਰਾਜ਼ ਹੁਣ ਇਸ ਹਵੇਲੀ ਦੀਆ ਕੰਧਾਂ ਵਿੱਚ ਮਹਿਫੂਜ਼ ਸੀ । ਪੂਰੀ ਆਦਮਜ਼ਾਤ ਨਾਲ ਜਿਵੇਂ ਉਸਨੂੰ ਨਫ਼ਰਤ ਸੀ । ਦੋ ਸ਼ਬਦਾ ਤੋਂ ਵੱਧ ਗੱਲ ਨਾ ਕਰਦੀ। ਮਾਇਕੇ ਉਹ, ਇਸ਼ਕ ਵਿੱਚ ਛੱਡ ਕੇ ਆ ਗਈ ਸੀ ਤੇ ਸਸੁਰਾਲ ਉਸਨੇ ਨਫ਼ਰਤ ਵਿੱਚ ਛੱਡ ਦਿਤਾ ਸੀ।
ਮੁਹੱਬਤ ਅਤੇ ਨਫ਼ਰਤ ਦੇ ਦੋ ਰੰਗਾਂ ਵਿੱਚ ਰੰਗੀ ਉਹ ਦੁਨੀਆ ਦੇ ਹਰ ਤੀਜੇ ਰੰਗ ਤੋ ਬੇਖ਼ਬਰ ਸੀ। ਨਫ਼ਰਤ ਦਾ ਰੰਗ ਉਸਦੀ ਮਮਤਾ ਦੇ ਰੰਗ ਨੂੰ ਵੀ ਖਾ ਗਿਆ ਸੀ। ਪੁੱਤਰ ਸ਼ਮੀਰ ਨੇ ਵੀ ਕੀ ਕੀਤਾ ਸੀ…? ਆਪਣੀ ਹੀ ਮਾਂ ਦੇ ਜਜ਼ਬਾਤ ਦੀ ਪ੍ਰਵਾਹ ਨਾ ਕਰਦਿਆਂ ਵਿਕ ਗਿਆ ਸੀ। ਉਨ੍ਹਾਂ ਲੋਕਾਂ ਕੋਲ, ਜਿੰਨ੍ਹਾਂ ਦਾ ਨਾਮ ਲੈਣਾ ਵੀ ਉਹ ਆਪਣੀ ਤੌਹੀਨ ਸਮਝਦੀ ਸੀ। ਉਹ ਲੋਕ ਜਿੰਨ੍ਹਾਂ ਨੇ ਫੁੱਲ ਵਰਗੀ “ਗੁਲਬਾਨੋ”ਨੂੰ ਕੰਡਿਆਂ ਦੀ ਝਾੜ ਉਪਰ ਸੁੱਟ ਦਿਤਾ ਸੀ ।
ਹਾਂ ਫੁੱਲ ਵਰਗੀ ਤਾਂ ਸੀ ਉਹ ਗੁਲਬਾਨੋ…..ਤਾਜ਼ਾ ਖਿੜ੍ਹੇ ਗੁਲਾਬ ਵਰਗੀ। ਗੁਲਾਬੀ ਰੰਗ ਤੇ ਕਾਬੁਲ ਦੇ ਅਨਾਰ ਵਰਗੀਆ ਸ਼ੁੱਰਖ ਗਲ੍ਹਾਂ । ਸ਼ਰਬਤੀ ਅੱਖਾਂ ‘ਚ ਧਾਰੀਦਾਰ ਸ਼ੁਰਮਾ। ਨਾਜ਼ਿਕ ਪੱਤੀਆ ਵਰਗੇ ਹੋਂਠ । ਬੋਲਦੀ ਸੀ ਤਾਂ ਲਗਦਾ ਸੀ ਜਿਵੇਂ ਬੁਲਬੁਲ ਚਹਿਕ ਰਹੀ ਹੋਵੇ । ਪੌਣੇ ਛੇ ਫੁੱਟ ਦੀ ਲੰਮ-ਸਲੰਮੀ ਕੱਦ ਵਾਲੀ ਕਿ ਸਧਾਰਣ ਮਰਦ ਉੁਸਦੇ ਸਾਹਮਣੇ ਬੌਣਾ ਲੱਗਦਾ ਸੀ। ਸੁਰਾਹੀ ਵਰਗੀ ਗਰਦਨ, ਗੋਰੀਆ ਗੋਲ ਬਾਹਾਂ ਤੇ ਬਾਹਾਂ ਵਿੱਚ ਸੱਤ-ਰੰਗੀਆਂ ਬੰਗਾਂ।
ਜ਼ੁਲਫਾਂ ਦੇ ਸਿਆਹ ਛੱਲੇ ਤੇ ਛੱਲਿਆਂ, ਚ’ ਘਿਰਿਆ ਰੋਸ਼ਨ ਚਿਹਰਾ। ਗਿੱਠ ਉਚੀਆ ਸਖਤ ਛਾਤੀਆ ਤੇ ਸੰਗਮਰਮਰੀ ਬਦਨ । ਹੁਸਨ ਦਾ ਕੋਈ ਮੁਜ਼ੱਸਮਾ ਸੀ ਉਹ ਗੁਲਬਾਨੋ…ਹਨੇਰੀ ਵਾਂਗ ਜਵਾਨੀ ਚੜ੍ਹੀ ਸੀ ਉਸਨੂੰ ਜਿਵੇਂ ਅਟਕ ਦਰਿਆ ਵਿੱਚ ਹੜ੍ਹ ਆਇਆ ਹੋਵੇ। ਠਾਰਾ ਸਾਲਾਂ, ਚ’ ਛੱਬੀਆ ਦੀ ਲੱਗਦੀ ਸੀ ਉਹ।
ਉਸਦੀ ਅੰਮੀ ਉਸਨੂੰ ਛੁਪਾ-ਛੁਪਾ ਰੱਖਦੀ ਸੀ ਕਿ ਕਿਸੇ ਦੀ ਨਜ਼ਰ ਨਾ ਲੱਗ ਜਾਵੇ। ਅੱਬੂ ਉਸਨੂੰ ਪੁੱਤਰਾ ਨਾਲੋ ਵੱਧ ਪਿਆਰ ਦਿੰਦੇ ਅਤੇ ਚਾਰੇ ਭਰਾਵਾਂ ਦੀ ਜਾਨ ਤੋਂ ਪਿਆਰੀ ਸੀ। ਜਿੰਨੀ ਹਸੀਨ ਸੀ ਉਨ੍ਹੀ ਹੀ ਜ਼ਹੀਨ ਸੀ। ਜ਼ਮੀਨਦਾਰ ਨਾਸਿਰ ਹੁਸੈਨ ਦੀ ਚਾਰਾ ਪੁੱਤਰਾ ਤੋ ਬਾਅਦ ਇੱਕਲੀ ਛੋਟੀ ਧੀ ਸੀ ਉਹ। ਹਾਲੇ ਦਸ ਸਾਲਾਂ ਦੀ ਸੀ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਸੀ। ਪਰ ਅੰਮੀ ਉਸਦਾ ਵਿਆਹ ਟਾਲਦੀ ਆ ਰਹੀ ਸੀ। “ਤੇਰੇ ਬਗੈਰ ਸਾਡਾ ਦਿਲ ਕਿੱਦਾ ਲੱਗੇਗਾ ਬੱਚੀਏ”ਅੰਮੀ ਉਸਦੇ ਵਿਆਹ ਦੀ ਗੱਲ ਛਿੜਦਿਆਂ ਹੀ ਅਕਸਰ ਅੱਖਾਂ ਭਰ ਲੈਦੀ।
ਗੁਲਬਾਨੋ, ਸਾਰੀਆ ਦੁਨੀਆਦਾਰੀ ਤੋਂ ਦੂਰ ਮਸਤ ਆਪਣੀਆ ਸਹੇਲੀਆਂ ਵਿੱਚ ਕਸੀਦੇ ਕੱਢਦੀ ਰਹਿੰਦੀ। ਅਮੀਰੀ ਤੇ ਹੁਸਨ, ਸੋਨੇ ਤੇ ਸੁਹਾਗਾ। ਅਲੜ੍ਹ ਉਮਰ, ਬੇਗਮ, ਬੇਪ੍ਰਵਾਹ ਅਤੇ ਬੇਖੌਫ।
ਉਮਰ, ਜੋ ਜਾਗਦਿਆ ਖਾਬ ਦੇਖੇ..ਉਮਰ, ਜੋ ਕਸਤੂਰੀ ਵਾਲੇ ਹਿਰਨ ਵਾਂਗ ਆਪਣੀ ਮਹਿਕ, ਚ’ ਹੀ ਮਦਮਸਤ ਹੋਵੇ। ਇਹੀ ਉਮਰ ਸੀ ਜਦੋਂ ਉਹ ਆਪਣੀ ਸਹੇਲੀ ਦੇ ਘਰ ਸਿੱਖਰ ਦੁਪਿਹਰ ਕਸੀਦਾ ਕੱਢਣ ਗਈ ਡੰਗੀ ਗਈ ਸੀ। ਮਿੱਠਾ-ਮਿਠਾ ਜ਼ਹਿਰ ਚੜ੍ਹਿਆ ਸੀ ਉਸ ਤੇ ਹਲਕਾ-ਹਲਕਾ ਸਰੂਰ ਹੋ ਗਿਆ ਸੀ। ਰਾਤ ਨੂੰ ਬਿਸਤਰ ਤੇ ਪਈ ਉਹ ਕਰਵਟਾਂ ਬਦਲਦੀ ਰਹੀ। ਪਰ ਉਹ ਹੁਸੀਨ ਚਿਹਰਾ ਉਸਦੀ ਨੀਂਦ ਉੜਾ ਕੇ ਲੈ ਗਿਆ ਸੀ। ਚਿਹਰਾ ਜੋ ਆਫ਼ਤਾਬੀ ਸੀ। ਨਜ਼ਰ, ਜੋ ਜਾਦੂ ਸੀ ਤੇ ਹੁਸਨ, ਜਿਵੇ ਟੂਣਾ ਸੀ।
“ਫਿਰੋਜ਼”…ਉਸਦੇ ਬੰਦ ਹੋਠਾਂ ਨੇ ਕਈ ਵਾਰ ਉਸ ਯਾਦੂਗਰ ਦਾ ਨਾਂ ਲਿਆ ਸੀ, ਜਿਸ ਨੇ ਦਿਲ ਦਾ ਸਕੂਨ ਚੁਰਾ ਲਿਆ ਸੀ। ਫਿਰੋਜ਼ ਦਾਮਾਦ ਸੀ ਉਸਦੇ ਪੜੌਸੀਆਂ ਦਾ। ਉਸਦੀ ਪੱਕੀ ਸਹੇਲੀ ਸ਼ਕੀਲਾ ਦਾ ਸ਼ੌਹਰ। ਇੱਕ ਦੰਦ ਰੋਟੀ ਸੀ ਦੋਹਾਂ ਸਹੇਲੀਆ ਦੀ। ਸ਼ਕੀਲਾ ਦੀ ਸ਼ਾਦੀ ਸਮੇਂ ਗੁਲਬਾਨੋ ਆਪਣੀ ਖਾਲਾਂ ਦੀ ਬੇਟੀ ਦੀ ਸ਼ਾਦੀ ਤੇ ਗਈ ਹੋਈ ਸੀ, ਫਿਰੋਜ਼ ਨੂੰ ਨਹੀ ਮਿਲੀ ਸੀ। ਨਹੀ ਸੀ ਪਤਾ ਉਸਨੂੰ ਕਿ ਸ਼ਕੀਲਾ ਦੀ ਝੋਲੀ ਨੂੰ ਕੁਦਰਤ ਨੇ ਇੰਨ੍ਹਾ ਨਾਯਾਬ ਤੋਹਫਾ ਬਖਸ਼ਿਆ ਸੀ। ਸ਼ਕੀਲਾ ਨੇ ਜਦੋ ਗੁਲਬਾਨੋ ਦਾ ਫਿਰੋਜ਼ ਨਾਲ ਤੁਆਰਫ ਕਰਵਾਇਆ, ਤਾਂ ਦੋਹਾਂ ਨੂੰ ਜਿਵੇਂ ਕਾਠ ਮਾਰ ਗਿਆ। ਮੂੰਹਾਂ, ਚੋਂ ਆਵਾਜ਼ ਨਾ ਨਿੱਕਲੀ, ਅੱਖਾਂ ਵਿੱਚ ਅੱਖਾਂ ਫਸ ਗਈਆ ਦੋਹਾਂ ਦੀਆ। ਹੋਂਠ ਕੰਬੇਂ ਤੇ “ਇਸਲਾਮਾ ਲੇਕਮ”ਜੀਭ ਤੇ ਆ ਕੇ ਰੁਕ ਗਿਆ ਦੋਨਾਂ ਦੀਆ ਬੋਲਾ ਵਿਚੋ । ਫਿਰੋਜ਼ ਦੇ ਹੋਸ਼ ਤਾਂ ਉਡਣੇ ਹੀ ਸੀ ਗੁਲਬਾਨੋ ਤੇ ਵੀ ਤੀਰ ਚੱਲ ਗਿਆ ਸੀ।
“ਏਨਾਂ ਖੂਬਸੂਰਤ ਨੌਜਵਾਨ..!ਜਿਵੇ ਕੋਈ ਤਸਵੀਰ ਹੋਵੇ। ਗੁਲਬਾਨੋ ਤੋਂ ਦੋ ਗਿੱਠ ਉਚਾ, ਗੋਰਾ ਨਿਛੋਹ ਰੰਗ, ਤੇ ਫ਼ੋਲਾਦੀ ਜਿਸਮ । ਕਾਲੀ ਸਿਆਹ ਜ਼ੁਲਫਾ ਦੇ ਪੇਚ ਚੌੜੇ ਮੱਥੇ ਨੂੰ ਚੁੰਮਣ ਦੀ ਹਸਰਤ ਵਿੱਚ ਝੁਕ ਝੁਕ ਜਾਂਦੇ । ਗੁਲਬਾਨੋ ਦੇ ਦਿਲ ਦੇ ਕੋਰੇ ਤੇ ਖਾਲੀ ਫਰੇਮ ਵਿੱਚ ਫਿਰੋਜ਼ ਦੀ ਤਸਵੀਰ ਵਸ ਗਈ ਸੀ । ਗੁਲਬਾਨੋ ਦੇ ਨੱਕ ਵਿੱਚ ਪਾਏ ਹੀਰੇ ਦੇ ਲੌਂਗ ਦੇ ਲਿਸ਼ਕਾਰੇ ਸੂਰਜ ਦੀਆਂ ਕਿਰਨਾਂ ਨਾਲ ਝਗੜ ਕੇ ਫਿਰੋਜ਼ ਦੀਆ ਅੱਖਾਂ ਵਿੱਚ ਪੈ ਰਹੇ ਸੀ। ਦੂਜੇ ਦਿਨ ਫਿਰੋਜ਼ ਵੀ ਦਿਲ ਨੂੰ ਸੰਭਾਲਦਾ ਆਪਣੇ ਸ਼ਹਿਰ ਵਾਪਸ ਚਲਾ ਗਿਆ।
ਥੋੜ੍ਹਾ ਅਰਸਾ ਬੀਤ ਗਿਆ, ਸ਼ਕੀਲਾ ਅਕਸਰ ਗੁਲਬਾਨੋ ਕੋਲ ਆਪਣੇ ਖਾਵੰਦ ਦੀਆਂ ਗੱਲਾਂ ਕਰਦੀ। ਜਦੋ ਵੀ ਫਿਰੋਜ਼ ਦਾ ਜ਼ਿਕਰ ਛਿੜਦਾ ਗੁਲਬਾਨੋ ਦਾ ਦਿਲ ਧੜਕਣ ਲੱਗ ਜਾਂਦਾ। ਫਿਰੋਜ਼ ਨਾਲ ਅਧੂਰੀ ਜਿਹੀ ਮੁਲਾਕਾਤ ਨੇ ਉਸ ਦੇ ਅਰਮਾਨ ਜਗਾਅ ਦਿਤੇ ਸੀ। ਨਾ ਉਹ ਉਸ ਨੂੰ ਮਿਲ ਸਕਦੀ ਸੀ ਤੇ ਨਾ ਭੁੱਲ ਸਕਦੀ ਸੀ। ਨਾ ਖੱਤ ਨਾ ਸੁਨੇਹਾ। ਨਾ ਹਾਂ, ਨਾ ਨਾਂਹ। ਕਾਸ਼ ! ਇਕ ਵਾਰ ਫਿਰ ਮਿਲੇ, ਉਹ ਨੂਰਾਨੀ ਚਿਹਰਾ ਦੂਹਰੀ ਵਾਰ ਦੇਖਣ ਲਈ ਉਹ ਖੁਦਾ ਅੱਗੇ ਦੁਆ ਕਰਦੀ।
ਤੇ ਖੁਦਾ ਨੇ ਉਹਦੀ ਛੇਤੀ ਸੁਣ ਲਈ।ਫਿਰੋਜ਼ ਇਕ ਦਿਨ ਅਚਾਨਕ ਘੋੜੇ ਤੇ ਚੜ੍ਹ ਕੇ ਆ ਗਿਆ। ਬਹਾਨਾ ਕੀਤਾ ਕਿ ਉਹ ਆਪਣੇ ਦੋਸਤ ਨਾਲ ਸ਼ਿਕਾਰ ਖੇਡਣ ਗਿਆ ਸੀ। ਵਾਪਸੀ ਤੇ ਸੋਚਿਆ ਕਿ ਸੁਸਰਾਲ ਵਾਲਿਆ ਨੂੰ ਵੀ ਮਿਲਦਾ ਜਾਵੇ। ਗੁਲਬਾਨੋ ਨੇ ਸੁਣਿਆ ਤਾਂ ਜਿਵੇਂ ਉਸਨੂੰ ਮਨ ਦੀ ਮੁਰਾਦ ਮਿਲ ਗਈ, ਉਹ ਬੁਲਬੁਲਟੀਨ ਦਾ ਨਵਾਂ ਗਰਾਰਾ ਸੂਟ ਪਾ ਕੇ ਸ਼ਕੀਲਾ ਦਾ ਘਰ ਪਹੁੰਚ ਗਈ। ਗੁਲਬਾਨੋ ਉਨ੍ਹਾਂ ਲਈ ਘਰ ਦੀ ਹੀ ਲੜਕੀ ਸੀ, ਇਸ ਲਈ ਕਿਸੇ ਨੂੰ ਸ਼ੱਕ ਨਹੀ ਪਈ । ਫਿਰੋਜ਼ ਤੇ ਗੁਲਬਾਨੋ ਨੇ ਰੱਜ ਕੇ ਅੱਖਾਂ ਦੀ ਪਿਆਸ ਬੁਝਾਈ, ਕੋਈ ਗੱਲ ਨਹੀ ਹੋਈ । ਦੋਵਾਂ ਨੇ ਖਾਮੋਸ਼ ਇਕਰਾਰ ਕੀਤੇ ਤੇ ਸ਼ਾਮ ਨੂੰ ਦੋਵੇਂ ਪਿੰਡ ਤੋਂ ਬਾਹਰ ਮਸਜਿਦ ਕੋਲ ਮਿਲੇ।
ਮੈਂ ਬੜੇ ਬਹਾਨੇ ਬਣਾਕੇ ਆਇਆ ਹਾਂ । ਬਹੁਤ ਉਦਾਸ ਹੋ ਗਿਆ ਸਾਂ, ਉਸਨੇ ਆਉਣ ਦਾ ਮਕਸਦ ਦੱਸਿਆ।
“ਮੈਨੂੰ ਇਲਮ ਏ….ਤੂੰ ਝੂਠ ਬੋਲ ਕੇ ਆਇਆ ਏ…ਤੇ ਮੈਂ ਵੀ…ਗੁਲਬਾਨੋ ਤੋਂ ਗੱਲ ਨਹੀ ਸੀ ਹੋ ਰਹੀ ਸੀ।
ਦੇਰ ਤੱਕ ਉਹ ਜ਼ਮੀਨ ਤੇ ਬੈਠੇ ਗੱਲਾਂ ਕਰਦੇ ਰਹੇ। ਇਕ-ਦੂਜੇ ਦਾ ਹੱਥ ਫੜੀ ਕਸ਼ਮਾਂ-ਵਾਅਦੇ ਹੁੰਦੇ ਰਹੇ। ਦੋਨਾਂ ਦਾ ਘਰ ਜਾਣ ਨੂੰ ਦਿਲ ਨਾ ਕਰੇ । ਆਖ਼ਰ ਦੋਵਾਂ ਨੇ ਫਿਰੋਜ਼ ਦੀ ਫੂਫੀ ਨਜ਼ੀਰਾਂ ਦੇ ਘਰ ਮਿਲਣ ਲਈ ਵਾਅਦਾ ਕੀਤਾ। ਫਿਰੋਜ਼ ਨੇ ਸੋਚਿਆ ਉਹ ਆਪਣੀ ਫੂਫੀ ਜਾਨ ਨੂੰ ਆਪਣੇ ਦਿਲ ਦੀ ਗੱਲ ਦੱਸੇਗਾ ਤੇ ਉਹ ਉਨ੍ਹਾਂ ਦਾ ਸਾਥ ਦੇਵੇਗੀ।
ਫੂਫੋ ‘ਨਜ਼ੀਰਾਂ ਬੇਗ’ ਨੂੰ ਜਦੋ ਫਿਰੋਜ਼ ਤੇ ਗੁਲਬਾਨੋ ਦੇ ਇਸ਼ਕ ਦੀ ਗੱਲ ਪਤਾ ਲੱਗੀ ਤਾਂ ਉਹ ਖਿੜ ਕੇ ਕੁੱਪਾ ਹੋ ਗਈ। ਉਹ ਫਿਰੋਜ਼ ਦੇ ਸੁਸਰਾਲ ਨੂੰ ਪਸੰਦ ਨਹੀ ਸੀ ਕਰਦੀ ਤੇ ਉਸਨੇ ਫਿਰੋਜ਼ ਤੇ ਗੁਲਬਾਨੋ ਦੇ ਇਸ਼ਕ ਦੀ ਅੱਗ ਨੂੰ ਦੋਵੇਂ ਹੱਥਾਂ ਨਾਲ ਪੱਖੀਆ ਝੱਲਕੇ ਹਵਾ ਦਿਤੀ।
ਗੁਲਬਾਨੋ ਤੇ ਫਿਰੋਜ਼ ਚੋਰੀਉ ਫੂਫੀ ਨਜ਼ੀਰਾਂ ਦੇ ਘਰ ਮਿਲਦੇ ਰਹਿੰਦੇ, ਪਰ ਇਸ਼ਕ-ਮੁਸ਼ਕ ਛੁਪਾਇਆ ਨਾ ਛੁੱਪੇ। ਹੌਲੀ ਹੌਲੀ ਲੋਕਾਂ, ਚ’ ਫੈਲਦੀ ਗੱਲ ਗੁਲਬਾਨੋ ਦੀ ਅੰਮੀ ਤੱਕ ਪੁੱਜੀ । ਅੰਮੀ ਨੇ ਅੰਦਰ ਵੜਕੇ ਗੁਲਬਾਨੋ ਨੂੰ ਸਮਝਾਇਆ ਜੇ ਤੇਰੇ ਭਰਾਵਾਂ ਤੱਕ ਗੱਲ ਚਲੀ ਗਈ ਤੈਨੂੰ ਤੇ ਫਿਰੋਜ਼ ਨੂੰ ਜਾਨੋ ਮਾਰ ਦੇਣਗੇ। ਸ਼ਾਦੀਸ਼ੁਦਾ ਨਾਲ ਤੇਰੇ ਤਅਲੁਕਾਤ ਨੂੰ ਬਰਦਾਸ਼ਤ ਨਹੀ ਕਰਨਗੇ, ਫਿਰੋਜ਼ ਕੁਆਰਾ ਹੁੰਦਾ ਗੱਲ ਹੋਰ ਸੀ।
ਗੁਲਬਾਨੋ, ਫਿਰੋਜ਼ ਦੀ ਫੂਫੀ ਨਜ਼ੀਰਾਂ ਕੋਲ ਜਾ ਕੇ ਰੋਈ । ਉਸ ਨੂੰ ਹੁਣ ਕੁੜੀ ਨਾਲ ਹਮਦਰਦੀ ਹੋਣ ਲੱਗੀ।
“ਕੁੜੀ ਨਾਲ ਵਫ਼ਾ ਕਰੀ ਵੇ ਮੁੰਡਿਆ, ਜੇ ਹੱਥ ਫੜਿਆ ਈ ਤਾਂ ਪਾਰ ਲੰਘਾ ਨਹੀ ਤਾਂ ਅਗਲੀ ਦਰਗਾਹ, ਚ’ ਮੂੰਹ ਕਾਲਾ ਹੋਸੀ”..ਫੂਫੋ ਨੇ ਫਿਰੋਜ਼ ਨੂੰ ਬੁਲਾ ਕੇ ਸਮਝਾਇਆ।
ਅਗਲੇ ਦਿਨ ਫਿਰੋਜ਼ ਤੇ ਗੁਲਬਾਨੋ ਮਿਲੇ ਤਾਂ ਕਾਫੀ ਦੇਰ ਗੁਫਤਗੂ ਹੋਈ ਤਾਂ…. ਜ਼ਮਾਨੇ ਦਾ ਮੁਕਾਬਲਾ ਕਰਨ ਲਈ ਘਰੋ ਭੱਜਣ ਦਾ ਹੱਲ ਹੀ ਨਜ਼ਰ ਆਇਆ।
“ਬਦਨਾਮ ਹੋ ਜਾਵਾਂਗੇ”… ਜਵਾਨੀ ਦੀ ਬਦਨਾਮੀ ਸਾਰੀ ਉਮਰ ਪਿੱਛਾ ਨਹੀ ਛੱਡਦੀ, ਅੱਬੂ ਜਾਨ, ਅੰਮੀ ਤੇ ਭਰਾਵਾਂ ਦੀ ਇੱਜਤ ਬੂ”….ਤੋਬਾ ਮੇਰੀ ਥਾਂ ਥਾਂ ਚਰਚੇ ਹੋਣਗੇ। ਉਹ ਇੰਨੀ ਵੱਡੀ ਉਡਾਰੀ ਲਗਾਉਣ ਤੋਂ ਪਹਿਲਾਂ ਆਪਣੇ ਪਰ ਤੋਲ ਰਹੀ ਸੀ….ਗੁਲਬਾਨੋ ਨੇ ਡਰ ਕੇ ਕਿਹਾ..
“ਉਹ ਜਵਾਨੀ ਹੀ ਕੀ ਜਿਸ ਨੇ ਇਸ਼ਕ ਨੀ ਕੀਤਾ ਤੇ ਉਹ ਇਸ਼ਕ ਹੀ ਕੀ..ਜਿਸ ਦਾ ਚਰਚਾ ਨਾ ਹੋਇਆ..ਫਿਰੋਜ਼ ਜੁਵਾਬ ਦਿੰਦਾ।
ਇਸ ਦਾ ਮਤਲਬ ਈ, ਤੂੰ ਮੈਨੂੰ ਕੱਢ ਕੇ ਲੈ ਜਾਣ ਦਾ ਇਰਾਦਾ ਕਰ ਲਿਆ ਏ..!ਗੁਲਬਾਨੋ ਉਸਦੇ ਮੱਥੇ ਤੇ ਪੈਂਦੀਆਂ ਜ਼ੁਲਫ਼ਾ ਨਾਲ ਖੇਡਦੀ ਬੋਲੀ…
“ਮੈਂ ਤੈਨੂੰ ਆਪਣੇ ਘਰ ਲੈ ਕੇ ਜਾਵਾਂਗਾ ਹੋਰ ਕਿਤੇ ਨੀ ਗੁਲਬਾਨੋ”…..ਇੱਕ ਵਾਰ ਤੂੰ ਆਪਣਾ ਘਰ ਛੱਡਕੇ ਮੇਰੇ ਨਾਲ ਨਿਕਲ ਗਈ ਤਾਂ ਮੇਰੇ ਵਾਲਦਾਇਨ ਨੂੰ ਮਜਬੂਰਨ ਸਾਡੀ ਸ਼ਾਦੀ ਕਰਨੀ ਪਵੇਗੀ..ਫਿਰੋਜ਼ ਨੇ ਸਮਝਾਇਆ ।
“ਕਿਉ ਨਹੀ ਮੰਨਣਗੇ..! ਮੇਰੇ ਚਾਚਾ ਜਾਨ ਨੇ ਚਾਰ ਸ਼ਾਦੀਆ ਕੀਤੀਆ ਸੂ । ਇਸਲਾਮ ਵਿੱਚ ਚਾਰ ਸ਼ਾਦੀਆ ਦੀ ਇਜ਼ਾਜਤ ਏ । ਤੈਨੂੰ ਵੀ ਉਹੀ ਹੱਕ ਮਿਲਣਗੇ ਜੋ ਸ਼ਕੀਲਾ ਕੋਲ ਹੈਨ..ਫਿਰੋਜ਼ ਨੇ ਤਸੱਲੀ ਦਿਤੀ।
ਤੇ ਦੂਸਰੇ ਦਿਨ ਸਿਖਰ ਦੁਪਹਿਰੇ ਆਪਣੀ ਕਿਸੇ ਸਹੇਲੀ ਦੇ ਘਰ ਕਸੀਦਾ ਕੱਢਣ ਗਈ ਗੁਲਬਾਨੋ ਘਰ ਨਹੀ ਆਈ । ਬੁਰਕੇ ਵਿੱਚ ਖ਼ੁਦ ਨੂੰ ਛੁਪਾਕੇ ਉਹ ਫਿਰੋਜ਼ ਦੇ ਘੋੜੇ ਤੇ ਬੈਠ ਆਪਣੇ ਪਿੰਡ ਨੂੰ ਅਲਵਿਦਾ ਕਹਿ ਗਈ । ਇਹ ਸੋਚ ਕੇ, ਛੇਤੀ ਹੀ ਉਹ ਫਿਰੋਜ਼ ਨਾਲ ਸ਼ਾਦੀ ਕਰਕੇ.. ਸ਼ਾਨੋ-ਸ਼ੌਕਤ ਨਾਲ ਪੇਕੇ ਪਿੰਡ ਵਾਪਸ ਆਵੇਗੀ। ਉਹ ਪਿੰਡ, ਜੋ ਉਸਦੀ ਕੰਵਾਰੀ ਮੁਹੱਬਤ ਨੂੰ ਨਜ਼ਾਇਜ ਦੱਸ ਰਿਹਾ ਏ, ਨਿਕਾਹ ਦੀ ਮੋਹਰ ਲੱਗ ਜਾਣ ਬਾਅਦ ਉਸ ਦਾ ਸੁਆਗਤ ਕਰੇਗਾ।
ਦੁਪਹਿਰ ਢਲ ਗਈ ਸੀ, ਫਿਰੋਜ਼ ਨਾਲ ਬੈਠੀ ਗੁਲਬਾਨੋ ਧੁੱਪ ਵਿੱਚ ਕੁਮਲਾ ਗਈ ਸੀ। ਪਿਆਸ ਨਾਲ ਗਲਾ ਸੁੱਕ ਰਿਹਾ ਸੀ। ਫਿਰੋਜ਼ ਦੀ ਪਿੱਠ ਨੂੰ ਚੰਬੜੀ, ਜਿਵੇ ਹਵਾ, ਚ’ ਉਡ ਰਹੀ ਸੀ।ਜਿਵੇ ਕੋਈ ਮੈਦਾਨ ਸਰ ਕਰ ਲਿਆ ਹੋਵੇ। ਉਸਦਾ ਪਿਆਰ ਉਸਨੂੰ ਮਿਲ ਗਿਆ ਸੀ, ਹੋਰ ਕੀ ਚਾਹੀਦਾ ਸੀ। ਜਿਸ ਨੂੰ ਮਹਿਬੂਬ ਮਿਲ ਜਾਵੇ ਫਿਰ ਰੱਬ ਵੀ ਭੁੱਲ ਜਾਂਦਾ। ਭੁੱਖ-ਪਿਆਸ ਤਾਂ ਕੀ ਚੀਜ਼ ਸੀ, ਉਹ ਤਾਂ ਆਪਣੇ ਬਾਪ ਦੀ ਧਨ-ਦੌਲਤ, ਇੱਜਤ ਤੇ ਪ੍ਰਵਾਰ ਦੇ ਪਿਆਰ ਤੱਕ ਨੂੰ ਭੁਲਾ ਬੈਠੀ ਸੀ।
ਇੱਕ ਵਾਰ ਵੀ ਨਹੀ ਸੋਚਿਆਕਿ ਜਵਾਨ ਭੈਣ ਦੇ ਘਰੋ ਭੱਜਣ ਤੋਂ ਬਾਅਦ ਗੱਭਰੂ ਭਰਾ ਮੁਆਸ਼ਰੇ ਵਿੱਚ ਕੀ ਮੂੰਹ ਦਿਖਾਉਣਗੇ। ਉਸਨੂੰ ਤਾਂ ਫਿਰੋਜ਼ ਚਾਹੀਦਾ ਸੀ, ਹਰ ਕੀਮਤ, ਹਰ ਕੁਰਬਾਨੀ ਦੇ ਕੇ ਆਪਣਾ ਪਿਆਰ ਹਾਸ਼ਲ ਕਰਨਾ ਚਹੁੰਦੀ ਸੀ। ਅੱਜ ਦੁਨੀਆ ਜਹਾਨ ਨੂੰ ਠੁਕਰਾ ਕੇ ਸ਼ਰਮ-ਹਯਾ ਲਾਹ ਕੇ ਉਹ ਫਿਰੋਜ਼ ਨਾਲ ਆਪਣੀ ਨਵੀ ਮੰਜ਼ਿਲ ਵੱਲ ਵੱਧ ਰਹੀ ਸੀ, ਜੋ ਬਸ ਥੋੜ੍ਹੀ ਹੀ ਦੂਰ ਸੀ।
ਜੇਹਲਮ ਦਰਿਆ ਦੇ ਨਾਲ ਨਾਲ ਕਈ ਘੰਟੇ ਘੋੜਾ ਭਜਾਉਣ ਤੋਂ ਬਾਅਦ ਦਰੱਖਤ ਹੇਠਾਂ ਫਿਰੋਜ਼ ਰੁਕਿਆ। ਦੋਹਾਂ ਨੇ ਪਾਣੀ ਪੀਤਾ, ਮੂੰਹ ਤੇ ਠੰਡੇ ਪਾਣੀ ਦੇ ਸਿੱਟੇ ਮਾਰੇ। ਸ਼ਾਮ ਤੈਰ ਰਹੀ ਸੀ, ਗੁਲਬਾਨੋ ਨੇ ਜ਼ਮੀਨ ਤੇ ਬੈਠ ਕੇ ਫਿਰੋਜ਼ ਦਾ ਸਿਰ ਆਪਣੀ ਗੋਦੀ ਵਿਚ ਲੈ ਲਿਆ।
ਬਾਨੋ…ਜੇ ਇਸ ਵੇਲੇ ਤੇ ਭਰਾ ਆਪਣਾ ਪਿੱਛਾ ਕਰਦੇ ਆ ਜਾਣ ਤਾਂ ਮੇਰੀ ਰਫ਼ਲ ਦਰੱਖਤ ਤੇ ਤਾਂ ਨਹੀ ਟੰਗ ਦੇਵੇਗੀ…! ਫਿਰੋਜ਼ ਨੇ ਮਜ਼ਾਕ ਵਿੱਚ ਪੁੱਛਿਆ।
“ਤੂੰ ਕਿੱਧਰ ਦਾ ਵੇ ਮਿਰਜ਼ਾ ਆ ਗਿਆ..! ਬਾਨੋ ਨੇ ਮਜ਼ਾਕ ਦਾ ਜਵਾਬ ਮਜ਼ਾਕ ਵਿੱਚ ਦਿਤਾ ।
ਹੋਰ ਤੂੰ ਐਵੇਂ ਨੀ ਟੁਰ ਪਈ ਏਂ ਮੇਰੇ ਨਾਲ..! ਜੇ ਦਸ ਆਦਮੀ ਵੀ ਆ ਜਾਣ, ਤਾਂ ਮੇਰੀ ਰਫ਼ਲ ਕਿਸੇ ਨੂੰ ਬੱਚ ਕੇ ਨਹੀ ਜਾਣ ਦਿੰਦੀ…ਪਠਾਣ ਹਾਂ ਪਠਾਣ…ਫਿਰੋਜ਼ ਨੇ ਆਪਣਾ ਫੌਲਾਦੀ ਸੀਨਾ ਉਸ ਦੇ ਸਾਹਮਣੇ ਨੰਗਾ ਕੀਤਾ।
“ਸੱਚ ਕਹਾਂ ਪਤਾ ਨਹੀਂ ਤੂੰ ਕੀ ਏਂ ! ਪਰ ਮੈਂ ਉਹ ਸਹਿਬਾਂ ਨਹੀ, ਜਿਹਨੇ ਭਰਾਵਾਂ ਲਈ ਯਾਰ ਨਾਲ ਦਗਾ ਕੀਤਾ ਸੀ। ਪਹਿਲਾ ਖੁੱਦ ਜਾਨ ਦਿਆਂਗੀ, ਫੇਰ ਕੋਈ ਤੇਰੇ ਵੱਲ ਆਵੇਗਾ….ਗੁਲਬਾਨੋ ਵੀ ਸਿਰ ਤੇ ਕਫਨ ਬੰਨ੍ਹ ਕੇ ਘਰੋ ਤੁਰੀ ਸੀ।
ਝੱਲੀਏ…ਮੇਰੇ ਹੁੰਦੇ ਤੂੰ ਜਾਨ ਦੇਵੇ…! ਫਿਰੋਜ਼ ਇੰਨ੍ਹਾਂ ਕੱਚਾ ਨਹੀ..ਵਕਤ ਆਏ ਤੇ ਜਾਣ ਜਾਵੇਗੀ..ਫਿਰੋਜ਼ ਉਠ ਬੈਠਾ।
“ਇਸੇ ਯਕੀਨ ਤੇ ਤਾਂ ਸਭ ਕੁਛ ਛੱਡ-ਛਡਾ ਕੇ ਆ ਗਈ ਤੇਰੇ ਨਾਲ। ਵਰਨਾ ਕੱਚਿਆ ਤੇ ਤਰਨ ਵਾਲੀਆਂ ਤਾਂ ਕਈ ਡੁੱਬ ਗਈਆਂ ਇੰਨ੍ਹਾਂ ਦਰਿਆਵਾਂ ਵਿੱਚ…ਬਾਨੋ ਨੇ ਜੇਹਲਮ ਦੇ ਪਾਣੀ ਵੱਲ ਲੰਮੀ ਝਾਤ ਮਾਰੀ।
ਦੋਵੇ ਦੇਰ ਤੱਕ ਬੈਠੇ ਆਉਣ ਵਾਲੀ ਜ਼ਿੰਦਗੀ ਦੇ ਸੁਨਹਿਰੀ ਖ਼ਾਬ ਦੇਖਦੇ ਰਹੇ। ਰਾਤ ਉਤਰ ਆਈ, ਦੂਰ ‘ਸਰਾਏ ਆਲਮਗੀਰ’ ਵਿੱਚ ਰੋਸ਼ਨੀਆਂ ਜਗਮਗਾ ਉਠੀਆ ਸੀ। ਫਿਰੋਜ਼ ਤੇ ਗੁਲਬਾਨੋ ਘੋੜੇ ਤੇ ਸਵਾਰ ਹੋ ਕੇ ਮੁਕਾਮ ਵੱਲ ਵਧੇ।
“ਹਾਕਮ ਖ਼ਾਨ ਦੀ ਹਵੇਲੀ ਵਿੱਚ ਭੁਚਾਲ ਆ ਗਿਆ। ਫਿਰੋਜ਼ ਜਿਵੇਂ ਘੋੜੇ ਉਤੇ ਗੁਲਬਾਨੋ ਨੂੰ ਨਹੀ ਬਲਕਿ ਕੋਈ ਅੱਗ ਬਿਠਾ ਲਿਆਇਆਂ ਸੀ। ਹਾਕਮ ਖ਼ਾਨ ‘ਹਾਜੀ-ਨਮਾਜ਼ੀ’ ਇਨਸਾਨ ਸਨ। ਭਾਈਚਾਰੇ ਵਿੱਚ ਲੋਕ ਉਨ੍ਹਾਂ ਦਾ ਨਾਮ ਇਜ਼ਤ ਨਾਲ ਲੈਦੇਂ ਸੀ। ਪੁੱਤਰ ਫਿਰੋਜ਼ ਦੀ ਹਰਕਤ ਨੇ ਉਨ੍ਹਾਂ ਨੂੰ ਹਿਲਾ ਕੇ ਰੱਖ ਦਿਤਾ। ਡਿਉਢੀ, ਚ’ ਵੜਦਿਆਂ ਹੀ ਫਿਰੋਜ਼ ਦਾ ਸਾਹਮਣਾ ਅੱਬਾਜਾਨ ਨਾਲ ਹੀ ਹੋ ਗਿਆ। ਗੁਲਬਾਨੋ ਨਕਾਬ ਵਿੱਚ ਮੂੰਹ ਛੁਪਾਈ ਕਿਸੇ ਚੋਰ ਵਾਂਗ ਪੈਰ ਦੱਬੀ ਉਸਦੇ ਪਿੱਛੇ ਆ ਗਈ ਸੀ। ਹਾਕਮ ਖਾਨ ਨੇ ਹੈਰਾਨ ਪਰੇਸ਼ਾਨ ਨਜ਼ਰਾਂ ਨਾਲ ਉਸ ਨਕਾਬ ਵਾਲੀ ਔਰਤ ਵੱਲ ਦੇਖਿਆ। ਫਿਰੋਜ਼ ਨੇ ਹਿੰਮਤ ਕੀਤੀ ਤੇ ਗੁਲਬਾਨੋ ਨੂੰ ਫੜਕੇ ਦੀਵਾਨ ਉਤੇ ਬਿਠਾ ਦਿਤਾ।
“ਅੱਬਾ ਹਜ਼ੂਰ…ਇਹ ਗੁਲਬਾਨੋ ਹੈ, ਮੇਰੇ ਸਹੁਰਿਆਂ ਦੇ ਪਿੰਡ ਦੀ ਏਂ, ਉਨ੍ਹਾਂ ਦੇ ਪੜੋਸੀ ਜ਼ਮੀਨਦਾਰ ਨਾਸਿਰ ਹੁਸੈਨ ਦੀ ਧੀ ਹੈ”…ਫਿਰੋਜ਼ ਨੇ ਜਿਵੇਂ ਕਿਸੇ ਅਦਾਲਤ ਵਿੱਚ ਅਰਜ਼ੀ ਦਿਤੀ।
“ਇਥੇ ਕੀ ਕਰਨ ਆਈ ਊ….! ਹਾਕਮ ਖਾਨ ਦੀ ਹੈਰਾਨੀ ਹੋਰ ਵੱਧ ਗਈ…
“ਮੇਰੇ ਨਾਲ ਆਈ ਏ ਅੱਬਾ ਜਾਨ, ਅਸੀ ਸ਼ਾਦੀ ਕਰਨਾ ਚਹੁੰਦੇ ਹਾਂ। ਮੈਂ ਸਹਿਮਤੀ ਨਾਲ ਇਸ ਨੂੰ ਘਰੋ ਭਜਾ ਕੇ ਲਿਆਇਆ ਹਾਂ…ਫਿਰੋਜ਼ ਨੂੰ ਡਰਦਿਆ ਆਖਿਰ ਸੱਚ ਦੱਸਣਾ ਪਿਆ….
“ਸ਼ਾਦੀ”…! ਘਰੋ ਉਧਾਲ ਕੇ ਲਿਆਇਆ ਆਪਣੇ ਨਾਲ ਊ…! ਯਾਹ ਅੱਲਾਹ ਹਾਕਮ ਖਾਨ ਨੇ ਮੂੰਹ ਵਿੱਚ ਉਗਲਾਂ ਪਾ ਲਈਆ। ਹਾਕਮ ਖਾਨ ਨੂੰ ਹੁਣ ਹੋਰ ਪੁੱਛਣ ਦੀ ਲੋੜ ਨਹੀ ਪਈ ਸੀ। ਸਭ ਕੁਝ ਸਮਝ ਗਏ ਉਹ। ਬੁਰਕੇ, ਚ’ ਲਿਪਟੀ ਲੜਕੀ, ਫਿਰੋਜ਼ ਦਾ ਉਡਿਆ ਚਿਹਰਾ, ਗਲ ਪਾਈ ਰਫਲ ਅਤੇ ਬਾਹਰ ਖੜ੍ਹਾ ਘੋੜਾ । ਥੋੜ੍ਹਾ ਚਿਰ ਖਾਮੋਸ਼ੀ ਰਹੀ, ਜਿਵੇਂ ਅਦਾਲਤ ਵਿੱਚ ਫੈਸਲਾ ਸੁਨਣ ਵੇਲੇ ਵਰਗੀ ਖਾਮੋਸ਼ੀ।
“ਅੱਬਾ ਹਜ਼ੂਰ”ਅਸੀ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ। ਚਾਚਾ ਜਾਨ ਨਦੀਮ ਖ਼ਾਨ ਨੇ ਵੀ ਚਾਰ ਸ਼ਾਦੀਆ ਕੀਤੀਆ ਸੂ ।
ਮੈਨੂੰ ਵੀ ਦੋ ਦੀ ਇਜਾਜ਼ਤ ਦੇ ਦਿਉ ਖ਼ੁਦਾ ਦੇ ਵਾਸਤੇ..!ਇਸਲਾਮ ਵਿੱਚ ਇਜਾਜ਼ਤ ਏ । ਫਿਰੋਜ਼ ਨੂੰ ਉਮੀਦ ਸੀ ਕਿ ਅੱਬਾ ਜਾਨ, ਉਸਦੀਆ ਬਾਕੀ ਜ਼ਿੱਦਾਂ ਵਾਂਗ ਇਹ ਵੀ ਮੰਨ ਜਾਣਗੇ…!
“ਖਾਮੌਸ਼… ਬੇਗੈਰਤ ਅਤੇ ਗੁਸਤਾਖ ਲੜਕੇ…ਹਾਲੇ ਪਿਛਲੇ ਸਾਲ ਤੇਰੀ ਸ਼ਾਦੀ ਹੋਈ ਸੂ । ਅੱਜ ਨਵੀ ਲੜਕੀ ਲੈ ਆਇਆ। ਉਹ ਪੁਰਾਣੀ ਹੋ ਗਈ ਸੂ…! ਤੂੰ ਕਿਧਰ ਦਾ ਆਲਮ ਬਣ ਗਿਆ ਏ…! ਚਾਚਾ ਨਦੀਮ ਨੇ ਤੇਰੀ ਔਕਾਤ ਦੀ ਤਰ੍ਹਾਂ ਔਰਤਾਂ ਉਧਾਲ ਕੇ ਨਹੀ ਲਿਆਦੀਆਂ ਸੂ । ਉਸ ਦੀ ਹੈਸੀਅਤ ਨੂੰ ਰਿਸ਼ਤੇ ਹੋਏ ਸੂ । ਬੇਸਹਾਰਾ ਔਰਤਾਂ ਨੂੰ ਸਹਾਰਾ ਅਤੇ ਬਰਾਬਰ ਦੇ ਹਕੂਕ ਦੇਣ ਲਈ ਇਸਲਾਮ ਵਿੱਚ ਚਾਰ ਸ਼ਾਦੀਆ ਦੀ ਇਜਾਜ਼ਤ ਏ । ਔਰਤਾਂ ਨੂੰ ਖਿਡੌਣਾ ਬਣਾ ਕੇ ਖੇਡਣ ਲਈ ਹਰਗਿਜ਼ ਨਹੀ । ਤੇਰੀ ਪਹਿਲੀ ਬੀਵੀ ਵਿਚ ਕੀ ਕਮੀ ਊ.. ! ਉਸਦੇ ਹੱਕਾਂ ਤੇ ਡਾਕਾ ਨਹੀ ਪੈਣ ਦਿਆਗਾਂ ਮੈ ।ਹਾਕਮ ਖਾਨ ਨੇ ਅੱਜ ਤੱਕ ਕਦੇ ਪੁੱਤਰ ਦਾ ਮੂੰਹ ਨਹੀ ਸੀ ਮੋੜਿਆ ਸੀ, ਪਰ ਇੰਨੇ ਖਤਰਨਾਕ ਅਤੇ ਬੇਗੈਰਤੇ ਹਾਲਤ ਦੀ ਫਿਰੋਜ਼ ਤੋਂ ਉਮੀਦ ਨਹੀ ਸੀ।
“ਮੈਂ ਪਿਆਰ ਦੇ ਹੱਥੋ ਮਜਬੂਰ ਹਾਂ ਅੱਬਾ ਜਾਨ । ਫਿਰੋਜ਼ ਨੇ ਪਿਆਰ ਦੀ ਭੀਖ ਮੰਗੀ ।
“ਆਪਣੇ ਹੱਥੀ ਗੋਲੀ ਮਾਰਦੇ ਇਹੋ ਜਿਹੇ ਅਵਾਰਾ ਦਿਲ ਨੂੰ ਜੋ ਖਾਨਦਾਨ ਦੀ ਇੱਜ਼ਤ ਤੇ ਧੱਬਾ ਏਂ, ਅਤੇ ਵਾਪਸ ਛੱਡ ਕੇ ਆ ਇਸ ਅਵਾਰਾ ਲੜਕੀ ਨੂੰ ਇੰਨ੍ਹਾਂ ਦੇ ਮਾਪਿਆ ਕੋਲ, ਜਿਥੋਂ ਲੈ ਕੇ ਆਂਦੀ ਏਂ….ਹਾਕਮ ਖਾਨ ਨੇ ਫੈਸਲਾ ਸੁਣਾਇਆ। ਗੁਲਬਾਨੋ ਇਹ ਸੱਭ ਸੁਣਦਿਆਂ ਡਰ ਅਤੇ ਸਹਿਮ ਨਾਲ ਖੜ੍ਹੀ ਹੋ ਗਈ ।
ਅੱਬਾ ਹਜ਼ੂਰ…ਇਹ ਲੜਕੀ ਅਵਾਰਾ ਨਹੀ, ਜ਼ਮੀਨਦਾਰ ਨਾਸਿਰ ਹੁਸੈਨ ਦੀ ਧੀ ਏਂ ਜੋ ਪੰਜ ਪਿੰਡਾਂ ਦਾ ਮਾਲਕ ਏਂ, ਬਹੁਤ ਸ਼ਰੀਫ ਖ਼ਾਨਦਾਨ ਏਂ..ਫਿਰੋਜ਼ ਨੂੰ ਗੁਲਬਾਨੋ ਬਾਰੇ ਵਰਤੇ ਸ਼ਬਦ ਅਵਾਰਾ ਅਲਫ਼ਾਜ਼ ਤੇ ਦੁੱਖ ਲੱਗਿਆ ਸੀ।
“ਸ਼ਰੀਫ਼ ਖਾਨਦਾਨਾਂ ਦੀਆਂ ਕੁੜੀਆ ਇਸ ਤਰ੍ਹਾਂ ਮਾਪਿਆਂ ਦੀ ਇਜ਼ਤ ਦਾਅ ਤੇ ਲਾ ਕੇ ਘਰੋਂ ਨਹੀ ਭਜਦੀਆਂ । ਮੇਰੇ ਘਰ ਵਿੱਚ ਇਸ ਲਈ ਕੋਈ ਥਾਂ ਨਹੀ। ਬੇਗੈਰਤ, ਬੇਹਯਾ….ਤੇਰੀਆਂ ਭੈਣਾਂ ਤੇ ਕੀ ਅਸਰ ਪਵੇਗਾ ਤੇਰੀ ਕਰਤੂਤ ਦਾ..! ਕੱਲ੍ਹ ਨੂੰ ਉਹ ਵੀ ਇਹਦੇ ਵਾਂਗ ਮੇਰੀ ਪੱਗ ਨੂੰ ਮਿਟੀ, ਚ’ ਰੋਲ ਕੇ ਗੈਰ ਮਰਦਾਂ ਨਾਲ ਨੱਠ ਜਾਣਗੀਆਂ..! ਛੋੜ ਕੇ ਆ ਇਸ ਨੂੰ ਇਹਦੇ ਘਰ। ਤਿੰਨ ਖਾਨਦਾਨਾਂ ਦੀ ਦੁਸ਼ਮਣੀ ਪੁਆਉਣ ਲੱਗਿਆ ਏਂ ਤੂੰ, ਆਪਣੇ ਇਸ਼ਕ ਦੀ ਖ਼ਾਤਿਰ। ਹਾਕਮ ਖ਼ਾਨ ਨੂੰ ਆਪਣੇ ਖ਼ਾਨਦਾਨ ਦੀ ਇੱਜ਼ਤ ਜਾਨ ਨਾਲੋ ਵੀ ਵੱਧ ਪਿਆਰੀ ਸੀ।
“ਇਹ ਵਾਪਸ ਨਹੀਂ ਜਾ ਸਕਦੀ ਅੱਬਾ ਜਾਨ..ਇਹਦੇ ਭਰਾ ਮਾਰ ਦੇਣਗੇ ਇਸ ਨੂੰ, ਰਹਿਮ ਕਰੋ ਇਸ ਤੇ ਅੱਬਾ ਜਾਨ…ਫਿਰੋਜ਼ ਅੱਬੂ ਦੇ ਪੈਰਾਂ ਨੂੰ ਛੂੰਹਦਾਂ ਹੋਇਆ ਗਿੜਗੜਾਇਆ ।
“ਜੇ ਤੂੰ ਇਸ ਨੂੰ ਵਾਪਸ ਨਾ ਛੱਡਣ ਗਿਆ ਤਾਂ ਮੈਂ ਤੈਨੂੰ ਗੋਲੀ ਮਾਰ ਦਿਆਗਾਂ…ਹਾਕਮ ਖਾਨ ਨੇ ਗੁੱਸੇ, ਚ’ ਆੳਦਿਆਂ ਸਾਹਮਣੇ ਦੀਵਾਰ ਤੇ ਟੰਗੀ ਦੋਨਾਲੀ ਰਫਲ ਉਤਾਰੀ।
ਫਿਰੋਜ਼ ਦੀ ਮਾਂ ਪਰਦੇ ਪਿੱਛੇ ਖੜ੍ਹੀ ਸਭ ਸੁਣ ਰਹੀ ਸੀ, ਪਰ ਸ਼ੋਹਰ ਦੇ ਡਰ ਕਾਰਨ ਸਾਹਮਣੇ ਨਹੀਂ ਸੀ ਆ ਰਹੀ। ਪਰ ਜਦੋਂ ਹਾਕਮ ਖਾਨ ਦੇ ਹੱਥ, ਚ’ ਰਫਲ ਦੇਖਕੇ ਉਹ ਚੀਕ ਮਾਰਕੇ ਪੁੱਤਰ ਸਾਹਮਣੇ ਆ ਗਈ।
“ਰਹਿਮ ਕਰੋ ਮੇਰੇ ਬੱਚੇ ਉਤੇ”..ਜਵਾਨੀ, ਚ’ ਗਲਤੀ ਹੋ ਈ ਜਾਂਦੀ ਊਂ । ਘਰ ਵਿੱਚ ਸਿਆਣੇ ਬੈਠੇ ਸੂ, ਉਨ੍ਹਾਂ ਦੀ ਸਲਾਹ ਲੈ ਲਵੋ, ਆਪਣੇ ਭਰਾਵਾਂ ਨੂੰ ਸੱਦ ਲਉ ਪੁੱਤਰ ਨੂੰ ਜਾਨੋ ਕਿਉ ਮਾਰਦੇ ਓਂ..ਫਿਰੋਜ਼ ਦੀ ਮਾਂ ਨੇ ਰੋਂਦਿਆਂ ਪੁੱਤ ਦੀ ਜਿੰਦਗੀ ਮੰਗੀ।
ਹਾਕਮ ਖਾਨ ਦਾ ਦਾ ਗੁੱਸਾ ਕੁਝ ਢਲਿਆ। ਮਾਂ ਫਿਰੋਜ਼ ਨੂੰ ਲੈ ਕੇ ਅੰਦਰ ਚਲੀ ਗਈ। ਗੁਲਬਾਨੋ ਡਿਉਢੀ ਦੇ ਵਿਚਕਾਰ ਖੜ੍ਹੀ ਡਰ ਨਾਲ ਕੰਬ ਰਹੀ ਸੀ। ਉਸ ਨੂੰ ਅਜਿਹੇ ਹਾਲਤ ਦੀ ਉਮੀਦ ਨਹੀ ਸੀ। ਕੀ ਕਰ ਬੈਠੀ ਸੀ ਉਹ…!!! ਜਵਾਨੀ ਤੇ ਇਸ਼ਕ ਦੇ ਨਸ਼ੇ ਵਿੱਚ ਫ਼ਿਰੋਜ਼ ਦੇ ਪਿੱਛੇ ਲੱਗ ਤੁਰੀ ਸੀ ਅਤੇ ਆਪਣਾ ਅੰਜ਼ਾਮ ਨਹੀ ਸੀ ਸੋਚਿਆ ।ਹਾਕਮ ਖ਼ਾਨ ਨੇ ਨੌਕਰ ਭੇਜਕੇ ਉਸੇ ਵਕਤ ਕਬੀਲੇ ਦੇ ਅਜ਼ੀਮ ਬੰਦੇ ਸੱਦ ਲਏ ਤੇ ਪੰਚਾਇਤ ਜੁੜ ਗਈ।
“ਮੇਰਾ ਪੁੱਤਰ ਫ਼ਿਰੋਜ਼ ਖ਼ਾਨ ਜ਼ਮੀਨਦਾਰ ਨਾਸਿਰ ਹੁਸੈਨ ਦੀ ਧੀ ਨੂੰ ਕੱਢ ਲਿਆਇਆਂ ਸੂ । ਬੇਗੈਰਤ ਨੇ ਖ਼ਾਨਦਾਨ ਦੀ ਇਜ਼ਤ ਆਬਰੂ ਮਿੱਟੀ ਵਿੱਚ ਰੋਲ ਕੇ ਰੱਖ ਦਿਤੀ ਸੂ । ਮੈਂ ਚਹੁੰਦਾਂ ਹਾਂ, ਇਸ ਲੜਕੀ ਨੂੰ ਵਾਪਸ ਇਸਦੇ ਪਿਉ ਦੇ ਘਰ ਭੇਜਿਆ ਜਾਵੇ।
“ਪਰ ਫਿਰੋਜ਼ ਕਹਿੰਦਾਂ..ਇਸ ਦੇ ਭਰਾ ਇਸ ਨੂੰ ਮਾਰ ਦੇਣਗੇ । ਤੁਸੀ ਫੈਸਲਾ ਕਰੋ ਇਸ ਲੜਕੀ ਨੂੰ ਵਾਪਸ ਕਿਵੇ ਭੇਜਿਆ ਜਾਵੇ”….ਹਾਕਮ ਖ਼ਾਨ, ਜੋ ਲੋਕਾਂ ਦੇ ਫ਼ੈਸਲੇ ਆਪ ਕਰਦਾ ਹੁੰਦਾਂ ਸੀ, ਅੱਜ ਖੁੱਦ ਮੁਜਰਮ ਬਣਕੇ ਕਟਹਿਰੇ, ਚ’ ਖੜ੍ਹਾ ਸੀ।
ਕਾਫੀ ਦੇਰ ਸੋਚ ਵਿਚਾਰ ਹੁੰਦੀ ਰਹੀ। ਫਿਰੋਜ਼ ਖਾਨ ਠੀਕ ਆਖਦਾ ਏਂ । ਲੜਕੀ ਦੇ ਭਰਾ ਇਸ ਨੂੰ ਮਾਰ ਦੇਣਗੇ । ਘਰੋ ਭੱਜੀ ਨੂੰ ਮਰਦ ਸਮਾਜ ਮਾਫ਼ ਨਹੀ ਕਰਦਾ। ਕਿਹੜਾ ਮਰਦ ਇਸ ਦਾ ਹੱਥ ਫੜੇਗਾ..! ਕਿਸ ਨਾਲ ਇਹ ਸ਼ਾਦੀ ਕਰੇਗੀ..! ਉਧਲ ਗਈਆ ਬੇਮੌਤ ਮਾਰੀਆਂ ਜਾਂਦੀਆ ਹਨ । ਫਿਰੋਜ਼ ਨਾਲ ਘਰੋਂ ਨੱਠ ਕੇ ਜੇ ਇਹ ਸਾਡੇ ਕਬੀਲੇ ਆ ਗਈ ਏਂ, ਤਾਂ ਇਸ ਨੂੰ ਪਨਾਹ ਦੇਣਾ ਸਾਡਾ ਇਖ਼ਲਾਕੀ ਫਰਜ਼ ਏਂ, ਪੰਚਾਂ ਨੇ ਸਲਾਹ ਕੀਤੀ।
ਲੰਮੀ ਗੁਫਤਗੂ ਤੋਂ ਬਾਅਦ ਹਾਕਮ ਖਾਨ ਦੇ ਮਰਹੂਮ ਭਰਾ ਨਵਾਜ਼ ਖਾਨ ਦੇ ਪੁੱਤਰ ਅਮੀਰ ਖਾਨ ਨੂੰ ਬੁਲਾਇਆਂ ਗਿਆ। ਅਮੀਰ ਖਾਨ ਦੀ ਬੀਵੀ ਪਿੱਛਲੇ ਸਾਲ ਬੱਚੇ ਨੂੰ ਜਨਮ ਦਿੰਦਿਆਂ ਫੌਤ ਹੋ ਗਈ ਸੀ। ਪੰਚਾਇਤ ਵਿੱਚ ਅਮੀਰ ਖਾਨ ਨੂੰ ਫਿਰੋਜ਼ ਤੇ ਗੁਲਬਾਨੋ ਦੀ ਕਹਾਣੀ ਸੁਣਾਈ ਗਈ । ਉਸ ਸਾਹਮਣੇ, ਗੁਲਬਾਨੋ ਨਾਲ ਨਿਕਾਹ ਕਰ ਲੈਣ ਦੀ ਤਜਵੀਜ਼ ਰੱਖੀ ਗਈ ।
ਅਮੀਰ ਖਾਨ ਜੋ ਸੰਜੀਦਾਂ ਕਿਸਮ ਅਤੇ ਠਹਿਰੀ ਹੋਈ ਤਬੀਅਤ ਦਾ ਮਾਲਕ ਸੀ, ਆਪਣੀ ਬੀਵੀ ਦੇ ਗਮ ਨੂੰ ਭੁੱਲਿਆ ਨਹੀ ਸੀ। ਪਰ ਜਿੰਦਗੀ ਇੱਕਲਿਆਂ ਵੀ ਪਹਾੜ ਵਾਂਗ ਲੱਗਦੀ ਸੀ।
“ਪਰ ਇਹ ਲੜਕੀ ਫਿਰੋਜ਼ ਦੇ ਇਸ਼ਕ ਵਿੱਚ ਆਪਣੇ ਮਾਪਿਆਂ ਭੈਣ-ਭਰਾਵਾਂ ਨੂੰ ਛੱਡ ਕੇ ਆਈ ਏਂ । ਪਿਆਰ ਇਹ ਫਿਰੋਜ਼ ਨੂੰ ਕਰਦੀ ਏਂ ਤੇ ਉਮਰ ਭਰ ਕਰਦੀ ਰਹੇਗੀ । ਮੇਰੇ ਨਾਲ ਸ਼ਾਦੀ ਤੋਂ ਬਾਅਦ ਵੀ ਇੰਨ੍ਹਾਂ ਦੀ ਆਸ਼ਨਾਈ ਜਾਰੀ ਰਹੇਗੀ, ਇਸ ਲਈ ਮੈਂ ਇਹ ਖਤਰਾ ਨਹੀ ਸਹੇੜ ਸਕਦਾ, ਬੀਵੀ ਮੇਰੀ ਹੋਵੇ ਤੇ ਇਸ਼ਕ ਮੇਰੇ ਭਰਾ ਨੂੰ ਕਰੇ, ਮੈਨੂੰ ਗਵਾਰਾ ਨਹੀ ਹੋਵੇਗਾ”..!
ਅਮੀਰ ਖਾਨ ਨੇ ਬਿਨਾਂ ਕਿਸੇ ਲਾਗ ਲਪੇਟ ਤੋਂ ਆਪਣੇ ਦਿਲ ਦੀ ਗੱਲ ਕਹੀ ।
“ਇਹ ਤੂੰ ਸਾਡੇ ਤੇ ਛੱਡਦੇ ਅਮੀਰ ਖਾਨ”..ਤੇਰੀ ਬੀਵੀ ਤੇਰੀ ਹੋਵੇਗੀ। ਕਿਸੇ ਗ਼ੈਰ ਦੀ ਮਜ਼ਾਲ ਨਹੀ, ਜੋ ਤੇਰੀ ਬੀਵੀ ਤੇ ਅੱਖ ਚੁੱਕ ਵੀ ਦੇਖ ਲਵੇ । ਅਸੀ ਲੱਤਾਂ ਵੱਢ ਦਿਆਂਗੇ ਫਿਰੋਜ਼ ਦੀਆਂ, ਜੇ ਤੇਰੀ ਹਵੇਲੀ ਵੱਲ ਕਦੇ ਉਸਨੇ ਕਦਮ ਪਾਇਆ। ਸਾਡੇ ਖਾਨਦਾਨ ਦੀ ਇੱਜ਼ਤ ਦਾ ਸਵਾਲ ਏਂ, ਫਿਰੋਜ਼ ਨਾਦਾਨ, ਅਵਾਰਾਗਰਦ ਛੋਕਰੇ ਨੇ ਜਿਹੜੀ ਮੇਰੀ ਪੱਗ ਉਛਾਲੀ ਏਂ ਤੂੰ ਉਸਨੂੰ ਮੇਰੇ ਸਿਰ ਤੇ ਵਾਪਸ ਰੱਖ ਸਕਦਾ ਏਂ ਪੁੱਤਰ । ਘਰ ਦੀ ਗੱਲ ਘਰ ਵਿੱਚ ਰਹਿ ਜਾਵੇ, ਇਸ ਵਿੱਚ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

4 Comments on “ਗੁਲਬਾਨੋ”

  • Bakamaal

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)