ਗਰੀਬੂ ਨਾਂ ਦਾ ਹੀ ਗਰੀਬੂ ਨਹੀਂ ਸੀ, ਸਗੋਂ ਉਹ ਘਰੋਂ ਵੀ ਬਹੁਤ ਗ਼ਰੀਬ ਸੀ। ਦਿਨੇ ਦਿਹਾੜੀ ਕਰਨੀ ਅਤੇ ਉਸੇ ਦਿਹਾੜੀ ਨਾਲ ਸ਼ਾਮ ਨੂੰ ਆਪਣੀ ਬਿਰਧ ਮਾਂ ਅਤੇ ਆਪਣਾ ਪੇਟ ਭਰ ਲੈਣਾ! ਵਿਆਹ ਦੀ ਨਾ ਤਾਂ ਉਸ ਨੂੰ ਕੋਈ ਆਸ ਸੀ ਅਤੇ ਨਾ ਹੀ ਉਸ ਨੇ ਵਿਆਹ-ਸ਼ਾਦੀ ਬਾਰੇ ਕਦੇ ਸੋਚਿਆ ਹੀ ਸੀ। ਉਸ ਦੀ ਆਰਥਿਕ ਹਾਲਤ ਇਤਨੀ ਮਾੜੀ ਸੀ ਕਿ ਜਦ ਉਸ ਨੂੰ ਕਦੇ ਦਿਹਾੜੀ ਨਾ ਮਿਲਦੀ ਤਾਂ ਉਸ ਨੂੰ ਅਤੇ ਉਸ ਦੀ ਬੁੱਢੀ ਮਾਂ ਨੂੰ ਭੁੱਖਿਆਂ ਹੀ ਸੌਣਾਂ ਪੈਂਦਾ। ਗਰੀਬੂ ਦੀ ਮਾਂ ਬੜੀ ਸਬਰ-ਸੰਤੋਖ ਵਾਲੀ ਔਰਤ ਸੀ। ਰੱਬ ਦੀ ਰਜ਼ਾ ਵਿਚ ਰਾਜ਼ੀ ਰਹਿਣ ਵਾਲੀ ਸਤਿਯੁਗੀ ਔਰਤ! ਜਦ ਉਹਨਾਂ ਨੂੰ ਰਾਤੀਂ ਕੁਝ ਖਾਣ ਨੂੰ ਨਾ ਮਿਲ਼ਦਾ ਤਾਂ ਉਹ ਆਪਣੇ ਪੁੱਤ ਗਰੀਬੂ ਨੂੰ ਕੁਝ ਭੁੱਜੇ ਛੋਲੇ ਅਤੇ ਗੁੜ ਦੀ ਰੋੜੀ ਦੇ ਨਾਲ ਗੁਆਂਢੀਆਂ ਦੇ ਨਲਕੇ ਤੋਂ ਤਾਜ਼ਾ ਪਾਣੀ ਲਿਆ ਦਿੰਦੀ ਅਤੇ ਦੋਨੋਂ ਮਾਂ-ਪੁੱਤ ਢਿੱਡ ਦੀ ਬਲਦੀ ਅੱਗ ਨੂੰ ਇਤਨੇ ਨਾਲ ਹੀ ਬੁਝਾਉਣ ਦੀ ਕੋਸ਼ਿਸ਼ ਕਰਦੇ ਸੌਂ ਜਾਂਦੇ। ਸਰਕਾਰ ਦੀ ਆਟਾ-ਦਾਲ ਦੀ ਚਲਾਈ ਸਕੀਮ ਤਾਂ ਉਹਨਾਂ ਤੱਕ ਪਹੁੰਚੀ ਹੀ ਨਹੀਂ ਸੀ। ਸਰਕਾਰੀ ਅਦਾਰਿਆਂ ਦੀਆਂ ਫ਼ਾਈਲਾਂ ਵਿਚ ਹੀ ਪ੍ਰਾਣ ਤਿਆਗ ਗਈ ਸੀ। ਇੰਨਕੁਆਰੀ ਵਾਲੇ ਬੰਦੇ ਆਏ ਸਨ ਅਤੇ ਪਤਾ ਨਹੀਂ ਕੀ-ਕੀ ਲਿਖ ਕੇ ਲੈ ਗਏ ਸਨ? ਜਦ ਉਹਨਾਂ ਨੇ ਗਰੀਬੂ ਦੀ ਮਾਂ ਨੂੰ ਪੁੱਛਿਆ, “ਮਾਤਾ ਤੁਹਾਡੇ ਕੋਲ ਕੋਈ ਗਾਂ ਮੱਝ ਜਾਂ ਕੋਈ ਹੋਰ ਪਸ਼ੂ?” ਤਾਂ ਬੇਬੇ ਨੇ ਇੱਕੋ ਉਤਰ ਦਿੱਤਾ ਸੀ, “ਪੁੱਤ ਸਾਡੇ ਕੋਲ ਤਾਂ ਆਹ ਦੋ ਸਰੀਰ ਐ, ਇਕ ਮੇਰਾ ਤੇ ਇਕ ਮੇਰੇ ਪੁੱਤ ਦਾ, ਤੇ ਜਾਂ ਆਹ ਗਿੱਠ ਕੁ ਦਾ ਕੱਚਾ ਕੋਠੜਾ ਐ, ਹੋਰ ਸਾਡੇ ਕੋਲੇ ਪੁੱਤ ਡੱਕਾ ਨੀ!” ਤੇ ਇੰਨਕੁਆਰੀ ਵਾਲੇ ਲਿਖ ਕੇ ਲੈ ਗਏ ਸਨ। ਪਰ ਅਜੇ ਤੱਕ ਉਹਨਾਂ ਨੂੰ ਇਸ ਸਕੀਮ ਦਾ ਕੋਈ ਫ਼ਾਇਦਾ ਨਹੀਂ ਹੋਇਆ ਸੀ। ਇਹਨਾਂ ਲਈ ਤਾਂ ਗੱਲ ਮੰਤਰੀਆਂ ਦੇ ਬਿਆਨਾਂ ਅਤੇ ਅਖ਼ਬਾਰਾਂ ਵਿਚ ਹੀ ਲਾਟ ਵਾਂਗ ਬਲ ਕੇ ਹੇਠ ਬੈਠ ਗਈ ਸੀ। ਜਦ ਗਰੀਬੂ ਆਪਣੀ ਮਾਂ ਨੂੰ ਪੁੱਛਦਾ, “ਬੇਬੇ, ਉਹ ਆਟੇ ਦਾਲ ਦੀ ਸਕੀਮ ਦਾ ਕੀ ਬਣਿਆ? ਮਿਲੂ ਕੁਛ ਆਪਾਂ ਨੂੰ ਵੀ?” ਤਾਂ ਬੇਬੇ ਘੋਰ ਉਦਾਸੀ ਵਿਚੋਂ ਬੋਲਦੀ, “ਪੁੱਤ, ਜਦੋਂ ਆਪਣਾ ਰੱਬ ਈ ਬਿਗਾਨਾ ਹੋ ਗਿਆ, ਫ਼ੇਰ ਗੌਰਮਿੰਟ ਕੀਹਦੇ ਮਿੱਤ? ਜਦੋਂ ਸਾਡਾ ਰੱਬ ਨਹੀਂ ਸਾਡੀ ਸੁਣਦਾ ਤਾਂ ਗੌਰਮਿੰਟ ਕਿੱਥੋਂ ਸੁਣੂੰ? ਦੜ ਵੱਟ ਕੇ ਈ ਜ਼ਮਾਨਾ ਕੱਟ ਪੁੱਤ! ਆਪਾਂ ਨੂੰ ਤਾਂ ਕਰ ਕੇ ਈ ਖਾਣਾ ਪੈਣੈਂ!”
ਬੇਬੇ ਦੀਆਂ ਸੱਚੀਆਂ ਸੁਣ ਕੇ ਗਰੀਬੂ ਚੁੱਪ ਕਰ ਜਾਂਦਾ!
ਇਕ ਦਿਨ ਗਰੀਬੂ ਨਾਲ ਅੱਤ ਭੈੜ੍ਹੀ ਵਾਰਦਾਤ ਹੋਈ। ਕਦੇ ਕਿਸੇ ਨਾਲ ਹੋਈ ਨਾ ਬੀਤੀ! ਗਰੀਬੂ ਹੈਰਾਨ ਪ੍ਰੇਸ਼ਾਨ ਹੋ ਉਠਿਆ। ਉਸ ਦੇ ਸਰੀਰ ਦੇ ਅੰਗਾਂ ਨੇ ਉਸ ਵਿਰੁੱਧ ḔਬਗਾਵਤḔ ਕਰ ਦਿੱਤੀ। ਉਹਨਾਂ ਦੀ ਹੁੰਦੀ “ਜ਼ਿੰਦਾਬਾਦ-ਮੁਰਦਾਬਾਦ” ਤੋਂ ਗਰੀਬੂ ਨੇ ਕਸੀਸ ਵੱਟ ਲਈ। ਸਿਆਸੀ ਪਰਾਟੀਆਂ ਦੇ ਲੋਕ Ḕਬਾਗ਼ੀḔ ਹੁੰਦੇ ਉਸ ਨੇ ਦੇਖੇ ਸਨ, ਧੀ-ਪੁੱਤਰ ਮਾਂ ਬਾਪ ਤੋਂ ਬਾਗ਼ੀ ਹੁੰਦੇ ਵੇਖੇ ਸਨ। ਅਦਾਲਤਾਂ ਤੋਂ ਮੁਜ਼ਰਮ ਭਗੌੜੇ ਹੁੰਦੇ ਸੁਣੇ ਸਨ। ਪਰ ਗਰੀਬੂ ਤੇ ਤਾਂ ਅਜੀਬ ਹੀ ਭਾਵੀ ਬੀਤ ਚੱਲੀ ਸੀ। ਉਸ ਦੇ ਤਾਂ ਆਪਣੇ ਸਰੀਰ ਦੇ ਅੰਗ ਹੀ ਉਸ ਨਾਲ ਲੜਨ-ਝਗੜਨ ਲੱਗ ਪਏ ਅਤੇ ਹੰਗਾਮੇ ‘ਤੇ ਉਤਰ ਆਏ ਸਨ। ਅੰਗਾਂ ਨੇ ਤਾਂ ਜਿਹੜਾ ਲੜਨਾ ਸੀ, ਉਹ ਤਾਂ ਲੜਨਾ ਹੀ ਸੀ। ਸਭ ਤੋਂ ਪਹਿਲਾਂ ਗਰੀਬੂ ਦੇ ਸਿਰ ਦੇ ਵਾਲ ਵਿਰੋਧਤਾ ਵਿਚ ਕੰਡੇਰਨਿਆਂ ਵਾਂਗ ਖੜ੍ਹੇ ਹੋ ਗਏ।
“ਤੂੰ ਸਾਨੂੰ ਕਦੇ ਧੋਂਦਾ ਨਹੀਂ? ਸਾਡੀ ਹਾਲਤ ਤਾਂ ਦੇਖ ਲੈ! ਕਿਉਂ ਏਡਾ ਬੇਸ਼ਰਮ ਤੇ ਨਿਰਦਈ ਹੈਂ ਤੂੰ?” ਸਿਰ ਦੇ ਵਾਲਾਂ ਨੇ ਅਵਾਜ਼ ਉਚਾਰੀ।
“ਪੰਜਾਬ ਚ ਪਾਣੀ ਦੀ ਕਿੱਲਤ ਹੈ, ਲੋਕ ਪੀਣ ਵਾਲੇ ਪਾਣੀ ਵੱਲੋਂ ਤਰਸਦੇ ਐ, ਜ਼ਹਿਰੀਲਾ ਪਾਣੀ ਪੀ-ਪੀ ਕੇ ਕੈਂਸਰ ਦਾ ਸ਼ਿਕਾਰ ਹੋਈ ਜਾਂਦੇ ਐ, ਸੌ-ਸੌ ਹੋਰ ਭਿਆਨਕ ਬਿਮਾਰੀਆਂ ਲੱਗੀ ਜਾਂਦੀਐਂ, ਜੇ ਮੈਂ ਤੁਹਾਨੂੰ ਛੱਪੜ ਜਾਂ ਨਹਿਰ ਦੇ ਪਾਣੀ ਨਾਲ ਧੋ ਲਿਆਇਆ ਤਾਂ ਹੋ ਸਕਦੈ ਤੁਹਾਨੂੰ ਵੀ ਕੈਂਸਰ ਹੋ ਜਾਵੇ ਤੇ ਤੁਸੀਂ ਵੀ ਝੜ ਜਾਵੋਂ, ਫ਼ੇਰ ਮੈਂ ਕੀਹਦੀ ਜਾਨ ਨੂੰ ਰੋਊਂਗਾ? ਮੈਂ ਤਾਂ ਤੁਹਾਡਾ ਭਲਾ ਸੋਚ ਕੇ ਈ ਚੁੱਪ ਐਂ! ਲੋਕ ਤਾਂ ਜ਼ਹਿਰੀਲਾ ਪਾਣੀ ਪੀਣੋਂ ਡਰਦੇ ਐ ਤੇ ਤੁਸੀਂ ਧੋਣ ਦੀ ਗੱਲ ਕਰਦੇ ਓ! ਦੜ ਵੱਟ ਕੇ ਜ਼ਮਾਨਾ ਕੱਟੋ ਬਈ! ਅੱਜ ਕੱਲ੍ਹ ਪਾਣੀਆਂ ਚ ਕਹਿੰਦੇ ‘ਓਹ’ ਐ ਜੀਹਨੂੰ ਪਤਾ ਨੀ ‘ਕੀ’ ਕਹਿੰਦੇ ਐ!” ਆਖ ਕੇ ਗਰੀਬੂ ਨੇ ਵਾਲਾਂ Ḕਤੇ ਤਾਂ ਕਾਬੂ ਪਾ ਲਿਆ। ਪਰ ਨਾਲ ਦੀ ਨਾਲ ਬੇਸਬਰੀਆਂ ਅੱਖਾਂ ਚੀਕ ਉਠੀਆਂ!
“ਸਾਡੀ ਵੀ ਸਫ਼ਾਈ-ਸਫ਼ੂਈ ਕਰਵਾ ਦਿਆ ਕਰ! ਕਦੇ ਬਾਤ ਈ ਨੀ ਪੁੱਛੀ? ਕਿਉਂ ਐਨਾਂ ਬੇਰਹਿਮ ਐਂ ਤੂੰ? ਅਸੀਂ ਕਿੰਨਾਂ ਤੇਰਾ ਸਾਥ ਦਿੱਤੈ?”
“ਉਏ ਗੱਲ ਸੁਣੋਂ! ਮੈਂ ਮੁਨੱਕਰ ਆਂ? ਤੁਸੀਂ ਮੇਰਾ ਬਥੇਰਾ ਸਾਥ ਦਿੱਤੈ, ਕੋਈ ਸ਼ੱਕ ਨਹੀਂ! ਇੱਕ ਗੱਲ ਦੱਸੋ, ਮੈਂ ਤੁਹਾਡੇ ਵਿਚ ਦੀ ਕਦੇ ਕਿਸੇ ਨੂੰ ਮਾੜੀ ਨਜ਼ਰ ਨਾਲ ਦੇਖਿਐ? ਨਹੀਂ ਨਾ ਦੇਖਿਆ?”
“ਨਹੀਂ ਦੇਖਿਆ, ਪਰ ਸਾਡੇ ਵੀ ਕਦੇ ਦੁਆਈ ਪੁਆ ਲਿਆਇਆ ਕਰ! ਲੋਕ ਝੋਨੇ ਦੀ ਪਰਾਲੀ ਤੇ ਕਣਕ ਦੀ ਨਾੜ ਨੂੰ ਅੱਗਾਂ ਲਾ-ਲਾ ਕੇ ਪ੍ਰਦੂਸ਼ਣ ਫ਼ੈਲਾ ਕੇ ਸਾਡਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
rajvir singh
cirrraa story