More Punjabi Kahaniya  Posts
ਕੰਧਾਂ ਤੇ ਲਿਖੀ ਇਬਾਰਤ


ਪਿੰਡ ਦੇ ਘਸੀ ਪਿਟੀ ਜ਼ੈਲਦਾਰੀ ਵਾਲੇ ਸਰਦਾਰ ਦਿਆ ਸਿੰਘ ਨੇ ਵਿਹੜੇ ਵਾਲ਼ਿਆਂ ਦੇ ਘਰਾਂ ਦੀ ਨਾਮ੍ਹੋ ਨਾਂ ਦੀ ਇਕ ਔਰਤ ਨੂੰ ਸੱਥ ਵਿਚ ਹੀ ਕੱਪੜੇ ਪਾੜ ਕੇ ਬੇ-ਇਜ਼ਤ ਕਰ ਦਿੱਤਾ ਸੀ। ਕਸੂਰ ਸੀ ਉਸਦਾ। ਕਿਉਂਕਿ ਉਸਨੂੰ ਚੜ੍ਹਦੇ ਸਿਆਲ਼ ਮੂੰਹ ਦਾ ਸੁਆਦ ਬਦਲ਼ਣ ਦਾ ਚੇਤਾ ਆ ਗਿਆ ਸੀ ਤੇ ਉਸਨੇ ਜ਼ੈਲਦਾਰ ਦੇ ਸਰ੍ਹੋਂ ਦੇ ਖੇਤ ਵਿਚੋਂ ਦੋ ਚੀਰਨੀਆਂ ਸਾਗ ਤੋੜ ਲਿਆ ਸੀ। ਇਸ ਤੋਂ ਵੱਡੀ ਹਿਮਾਕਤ ਹੋਰ ਕੀ ਹੋ ਸਕਦੀ ਸੀ ਜੋ ਉਹ ਇਕ ਕਮੀਨ ਔਰਤ ਇੱਡੇ ਵੱਡੇ ਸਰਦਾਰ ਦੇ ਖੇਤ ਨਿਧੜਕ ਹੋ ਕੇ ਵੜ ਜਾਵੇ। ਇਹ ਗੱਲਾਂ ਅੱਜ ਹੀ ਕਿਉਂ ਯਾਦ ਆ ਰਹੀਆਂ ਸਨ? ਸ਼ਾਇਦ ਇਸ ਕਰਕੇ ਕਿ ਜਿਸ ਸਕੂਲ ਵਿਚ ਮੈਂ ਅਧਿਆਪਕ ਲੱਗੀ ਹੋਈ ਸਾਂ ਉਸੇ ਸਕੂਲ ਦੇ ਇਕ ਅਧਿਆਪਕ ਦੀ ਕਾਲਜ ਪੜ੍ਹਦੀ ਬੇਟੀ ਨਾਲ ਰਾਜਸੀ ਗੁੰਡਿਆਂ ਨੇ ਅਨਰਥ ਕੀਤਾ ਸੀ। ਸਿਮਰਜੀਤ ਨਾਲ ਹੋਏ ਇਸ ਅਨਰਥ ਨੇ ਬਹੁਤ ਕੁਝ ਪਿਛਲਾ ਯਾਦ ਕਰਾ ਦਿੱਤਾ ਸੀ।
ਇਹ ਅਧਿਆਪਕ ਆਪਣੀ ਅਧਿਆਪਕਾਂ ਦੀ ਜੱਥੇਬੰਦੀ ਦਾ ਸਰਗਰਮ ਕਾਰਕੁਨ ਸੀ। ਮੈਂ ਤੇ ਮੇਰਾ ਪਤੀ ਬਲਵੰਤ ਵੀ ਉਸੇ ਜੱਥੇਬੰਦੀ ਵਿਚ ਕੰਮ ਕਰਦੇ ਸਾਂ। ਉਸਨੂੰ ਸਜ਼ਾ ਦੇਣ ਲਈ ਹੀ ਸ਼ਾਇਦ ਇਹ ਛੜਯੰਤਰ ਰਚਿਆ ਗਿਆ ਸੀ, ਇਕ ਕਮਿਊਨਿਸਟ ਦੀ ਬੇਟੀ ਨਾਲ। ਜਦੋਂ ਸਾਰਾ ਸਿਆਲ਼ ਧੁੰਦਾਂ ਪੈਂਦੀਆਂ ਰਹੀਆਂ ਸਨ। ਦਿਨ ਤੇ ਰਾਤ ਇਕ ਹੋਈ ਰਹਿੰਦੀ ਸੀ। ਜਦੋਂ ਸੂਰਜ ਕਿਤੇ ਚੜ੍ਹਿਆ ਨਹੀਂ ਸੀ ਦਿਸਦਾ। ਸਿਮਰਜੀਤ ਨਾਲ ਇਹ ਜ਼ੁਲਮ ਹੋ ਗਿਆ ਸੀ। ਅਧਿਆਪਕ ਤਾਂ ਹਰੀਜਨ ਨਹੀਂ ਸੀ। ਉਨ੍ਹਾਂ ਦੇ ਭਾਈਚਾਰੇ ਦਾ ਹੀ ਬੰਦਾ ਸੀ। ਮੇਰੇ ਮਨ ਵਿਚ ਇਹ ਗੱਲ ਪਤਾ ਨਹੀਂ ਕਿਉਂ ਆ ਗਈ। ਗੁੰਡਿਆਂ ਦਾ ਕੋਈ ਭਾਈਚਾਰਾ ਜਾਂ ਧਰਮ ਹੁੰਦਾ ਹੋਵੇਗਾ ?-ਪਤਾ ਨਹੀਂ ਹੁੰਦਾ ਹੈ ਜਾਂ ਨਹੀਂ। ਪਹਿਲਾਂ ਤਾਂ ਕਿਹਾ ਕਰਦੇ ਸਨ ਪਿੰਡ ਦੀ ਧੀ ਭੈਣ ਸਭ ਦੀ ਸਾਂਝੀ ਹੁੰਦੀ ਸੀ। ਗੁੰਡਿਆਂ ਲਈ ਤਾਂ ਗੋਸ਼ਤ ਚਾਹੀਦਾ ਸੀ ਚਾਹੇ ਕਿਸੇ ਹਰੀਜਨ ਬੇਟੀ ਦਾ ਹੁੰਦਾ ਚਾਹੇ ਕਿਸੇ ਸਵਰਨ ਦਾ।
ਕੀ ਹੁਣ ਇਨ੍ਹਾਂ ਰਾਜਨੀਤਕ ਲੋਕਾਂ ਕੋਲ਼ ਲੋਕਾਂ ਦੀਆਂ ਇਜ਼ਤਾਂ ਰੋਲ਼ਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਰਿਹਾ? ਕੀ ਇਹ ਦੇਸ਼ ਦੀ ਤਰੱਕੀ ਵਾਸਤੇ ਜ਼ਰੂਰੀ ਕਾਰਜ ਵਿਚ ਗਿਣਿਆ ਜਾਣਾ ਚਾਹੀਦਾ ਹੈ? ਇਹ ਹੁਣ ਇਨ੍ਹਾਂ ਦਾ ਧਰਮ ਹੈ। ਦਿਆ ਸਿੰਘ ਅੰਮ੍ਰਿਤਧਾਰੀ ਸਿੱਖ ਸੀ ਤੇ ਪਿੰਡ ਦੇ ਗੁਰਦੁਆਰੇ ਦਾ ਪ੍ਰਧਾਨ ਵੀ। ਵਿਚਾਰੀ ਨਾਮ੍ਹੋ ਨੂੰ ਉਸ ਧਰਮੀ ਨੇ ਪਿੰਡ ਵਿਚ ਨੰਗੀ ਕਰਕੇ ਘੁਮਾਇਆ ਸੀ। ਨਾਮ੍ਹੋ ਦਾ ਮੂੰਹ ਕਾਲ਼ਾ ਕੀਤਾ ਹੋਇਆ ਸੀ ਤੇ ਉਹ ਨੀਵੀਂ ਪਾਈ ਸਰਦਾਰ ਦੇ ਅੱਗੇ ਅੱਗੇ ਤੁਰੀ ਜਾ ਰਹੀ ਸੀ ਤੇ ਮਗਰ ਮੰਡੀਹਰ ਹੋ ਹੋ ਕਰਦੀ। ਕਿਸੇ ਦੀ ਵੀ ਜੁਰਅਤ ਨਹੀਂ ਸੀ ਪਈ ਬਈ ਕੋਈ ਸਰਦਾਰ ਨੂੰ ਇਹ ਪੁੱਛ ਲਏ ਬਈ ਐਡਾ ਕੀ ਅਨਰਥ ਹੋ ਗਿਆ ਸੀ। ਬੱਸ ਇਕ ਸਾਗ ਦੀ ਚੀਰਨੀ ਪਿੱਛੇ। ਪਸ਼ੂ ਪਰਿੰਦੇ ਬਥੇਰਾ ਉਜਾੜਾ ਕਰ ਹੀ ਜਾਂਦੇ ਐ। ਕੌਣ ਪੁਛਦਾ? ਸਰਦਾਰ ਦਿਆ ਸਿੰਘ ਕੋਲ਼ ਦਲੀਲ ਹੋ ਸਕਦੀ ਸੀ-ਪਸ਼ੂ ਪਰਿੰਦਿਆਂ ਦੀ ਹੋਰ ਗੱਲ ਹੁੰਦੀ ਐ। ਪਰ ਨਾਮ੍ਹੋ ਤਾਂ ਪਸ਼ੂ ਪਰਿੰਦਾ ਨਹੀਂ ਸੀ। ਨੀਚੀ ਜ਼ਾਤ ਦੀ ਹੋਣ ਕਰਕੇ ਉਹ ਪਸ਼ੂਆਂ ਤੋਂ ਵੀ ਗਈ ਗੁਜ਼ਰੀ ਸੀ।
ਕੋਈ ਗਰੀਬ ਵੱਡਿਆਂ ਦੇ ਮੂਹਰੇ ਝਾਕੇ ! ਇਹ ਕਿਵੇਂ ਹੋ ਸਕਦਾ ਸੀ। ਹੁਣ ਇਹ ਕੁੱਝ ਕੀਤਾ ਗਿਆ ਸੀ ਲੋਕਾਂ `ਤੇ ਵਾਧੂ ਦਾ ਰੋਹਬ ਪਾਉਣ ਲਈ ਹੀ, ਹੋਰ ਕੀ? ਲੋਕ ਦਸਦੇ ਨੇ ਕਿ ਨਾਮ੍ਹੋ ਕੁੱਝ ਚਿਰ ਤਾਂ ਇਹ ਸਭ ਕੁੱਝ ਸਹਿ ਗਈ ਸੀ ਪਰ ਫਿਰ ਪਤਾ ਨਹੀਂ ਜਿਵੇਂ ਉਸਦੇ ਵਿਚ ਕੋਈ ਭੂਤ ਚੁੜੇਲ ਆ ਗਈ ਹੋਵੇ, ਉਹ ਕਾਲੇ ਕੀਤੇ ਮੂੰਹ ਵਿਚੋਂ ਲਾਲ ਜੀਭ ਕੱਢ ਕੇ ਦਿਆ ਸਿੰਘ ਉਤੇ ਝਪਟੀ ਸੀ। ਉਸਨੂੰ ਦੰਦੀਆਂ ਤੇ ਘਰੂੰਟਾਂ ਨਾਲ਼ ਖਾ ਗਈ ਸੀ। ਤਮਾਸ਼ਬੀਨ ਭੱਜ ਗਏ ਸਨ ਪਿੱਛੇ ਨੂੰ, ਪਰ ਦਿਆ ਸਿੰਘ ਨੂੰ ਕਿਸੇ ਨੇ ਨਹੀਂ ਸੀ ਛੁਡਾਇਆ।
ਅੱਜ ਉਹੀ ਨਾਮ੍ਹੋ ਖ਼ੁਦ ਇਕ ਚੁੜੇਲ ਬਣੀ ਗਲੀ ਵਿਚ ਦਰ ਦਰ ਰੁਲ਼ਦੀ ਫਿਰਦੀ ਹੈ ਪਾਗ਼ਲ ਹੋਈ। ਉਸਨੂੰ ਅੱਜ ਕੱਲ੍ਹ ਆਪਣੀ ਕੋਈ ਸੁਧ-ਬੁੱਧ ਨਹੀਂ ਰਹੀ। ਮੈਂ ਸੋਚਦੀ ਸਾਂ ਕਿ ਸ਼ਾਇਦ ਆਜ਼ਾਦੀ ਉਹੋ ਜਿਹੀ ਹੀ ਹੋਊਗੀ ਜਿਹੋ ਜਿਹੀ ਕਲੰਡਰ ਵਿਚ ਦਿਖਾਈ ਗਈ ਹੁੰਦੀ ਹੈ, ਜਿਹੜੀ ਬਾਪੂ ਦੇ ਚਰਖੇ ਨੇ ਲਿਆਂਦੀ ਸੀ। ਲਾਲ ਸਾੜ੍ਹੀ ਵਾਲੀ ਚਾਰ ਬਾਹਾਂ ਵਾਲੀ ਔਰਤ ਜੋ ਕੰਵਲ ਦੇ ਫੁੱਲ `ਤੇ ਖੜ੍ਹੀ ਪਾਣੀ ਵਿਚ ਤਰਦੀ ਦਿਖਾਈ ਗਈ ਹੁੰਦੀ ਹੈ ਜਾਂ ਫਿਰ ਅੱਠ ਭੁਜਾਂ ਵਾਲੀ ਜਿਸ ਦੀ ਸਵਾਰੀ ਸ਼ੇਰ ਹੁੰਦੈ। ਪਤਾ ਹੀ ਨਾ ਲਗਦਾ ਬਈ ਆਜ਼ਾਦੀ ਇਹਨਾਂ `ਚੋਂ ਕਿਹੜੀ ਹੋਊਗੀ? ਜੀਅ ਤਾਂ ਮੇਰਾ ਵੀ ਕਰਦਾ ਕਿ ਉਸ ਚਾਚੇ ਨਹਿਰੂ ਨੂੰ ਉਸ ਦੇ ਜਨਮ ਦਿਨ ਦੀ ਵਧਾਈ ਦੇਵਾਂ ਪਰ ਕਿਵੇ? ਮੈਨੂੰ ਕੋਈ ਸਮਝ ਨਹੀਂ ਸੀ ਆਉਂਦੀ।
ਮੇਰੇ ਅੰਦਰ ਹੀ ਪਤਾ ਨਹੀਂ ਕਿੱਥੋਂ ਇਹ ਸਵਾਲ ਉਠ ਖੜ੍ਹਾ ਸੀ, ਜੋ ਵਕਤ ਦੇ ਮੂਹਰੇ ਮੂੰਹ ਚੁੱਕੀ ਹਵਾਂਕ ਰਿਹਾ ਸੀ ਜਿਸ ਦਾ ਕਿਸੇ ਕੋਲ ਵੀ ਕੋਈ ਜਵਾਬ ਨਹੀਂ ਸੀ।
ਕੋਈ ਦਿਨ ਵੀ ਤਾਂ ਆਹਲ਼ਾ ਨਹੀਂ ਜਾਂਦਾ ਜਦੋਂ ਅਖ਼ਬਾਰ ਵਿਚ ਖ਼ਬਰ ਨਾ ਹੋਵੇ…ਅੱਜ ਪੰਜ ਸਾਲ ਦੀ ਬਾਲੜੀ…ਅੱਜ ਅੱਸੀ ਸਾਲ ਦੀ ਦਲਿਤ ਔਰਤ…ਕੀ ਹੋਇਐ ਜ਼ਮਾਨੇ ਨੂੰ? ਇਹ ਕੋਈ ਰਾਜ ਐ ਜਾਂ ਹਬਸ਼ੀਆਂ ਦਾ ਜੰਗਲ ਐ ਜਿਨ੍ਹਾਂ ਬਾਰੇ ਕਹਿੰਦੇ ਐ ਸੱਭਿਅਤਾ ਨਹੀਂ ਪਹੁੰਚੀ ਤੇ ਉਹ ਬੰਦੇ ਨੂੰ ਵੀ ਮਾਰਕੇ ਖਾ ਜਾਂਦੇ ਨੇ। ਇਹ ਕੁੱਝ ਦਲਿਤ ਆਖੇ ਜਾਂਦੇ ਲੋਕਾਂ ਨਾਲ ਹੀ ਕਿਉਂ ਹੁੰਦੈ? ਮੈਂ ਪੂਰਾ ਜ਼ੋਰ ਲਾ ਹਟਦੀ ਤਾਂ ਵੀ ਮੈਨੂੰ ਇਸ ਦੀ ਕੋਈ ਕੰਨੀ ਹੱਥ ਨਾ ਆਉਂਦੀ। ਫਿਰ ਮੈਂ ਆਪ ਹੀ ਇਸ ਦਾ ਜਵਾਬ ਦਿੰਦੀ ਕਿ ਮਾਸਟਰ ਜੀ ਤਾਂ ਦਲਿਤ ਨਹੀਂ ਤੇ ਫਿਰ ਮੈਂ ਸੋਚਦੀ ਬਈ ਕੋਈ ਸਿਰਫ਼ ਜ਼ਾਤ ਕਰਕੇ ਹੀ ਦਲਿਤ ਨਹੀਂ ਹੋ ਜਾਂਦਾ।
ਚਾਰੇ ਪਾਸੇ ਫੈਲੀ ਬੁਰਛਾਗਰਦੀ ਤੇ ਨਿਰਾਸਤਾ ਨੇ ਜਵਾਨੀ ਦੇ ਬਾਕੀ ਸਾਰੇ ਰਾਹ ਤਾਂ ਬੰਦ ਕਰ ਛੱਡੇ ਨੇ। ਕੋਈ ਨੌਕਰੀ ਨ੍ਹੀ। ਕੋਈ ਕੰਮ ਨ੍ਹੀ। ਬੱਸ ਭਟਕਿਆ ਹੋਇਆ ਨੌਜਵਾਨ ਪੀ ਕੇ ਕੋਰੈਕਸ ਜਾਂ ਫੈਨਸੀ ਇਹੋ ਜਿਹੀਆਂ ਘਟਨਾਵਾਂ ਕਰਕੇ ਨਾਇਕ ਬਣ ਬਣ ਵਿਖਾਉਂਦੈ। ਇਹੋ ਜਿਹੇ ਅਨਸਰਾਂ ਨੂੰ ਸਾਂਭ ਲੈਂਦੇ ਨੇ ਸਾਡੇ ਚੁਣੇ ਹੋਏ ਸਰਕਾਰੀਏ।
ਮਾਂ ਦਾ ਫ਼ਿਕਰ ਵੀ ਸੱਚਾ ਸੀ। ਉਹ ਪਿਛਲੇ ਜ਼ਮਾਨੇ ਦੀ ਔਰਤ ਸੀ ਪਰ ਉਸ ਨੇ ਜ਼ਮਾਨਾ ਤਾਂ ਵੇਖਿਆ ਹੋੲਆ ਸੀ। ਉਸ ਨੂੰ ਵੀ ਤਾਂ ਇਉਂ ਹੀ ਲਗਦਾ ਸੀ ਕਿ ਬਾਹਰ ਅਰਦਰ ਫਿਰਦੀ ਹਾਂ ਨਾ ਜਾਣੇ, ਖੋਟਾ ਜ਼ਮਾਨਾ। ਪਰ ਮੇਰਾ ਤਾਂ ਘਰ ਤੋਂ ਬਾਹਰ ਨਿਕਲਣ ਨਾਲ ਬਹੁਤ ਹੌਸਲਾ ਵਧ ਗਿਆ ਸੀ। ਕਈ ਵਾਰ ਮੇਰੀਆਂ ਸਹਿਕਰਮੀ ਕੁੜੀਆਂ ਨੇ ਮੈਨੂੰ ਪੁੱਛਣਾ-
“ਨੀ ਸੁਰਜੀਤ, ਤੈਨੂੰ `ਕੱਲੀ ਨੂੰ ਜਾਂਦਿਆਂ ਡਰ ਨ੍ਹੀ ਲਗਦਾ ?”
ਮੈਂ ਕਹਿਣਾ-“ਡਰ ਕਾਹਦਾ? ਡਰ ਤਾਂ, ਤਾਂ ਲੱਗੇ ਜੇ ਆਪਣੇ ਵਿਚ ਖੋਟ ਮੱਠ ਹੋਵੇ। “ਕਹਿਣ ਨੂੰ ਤਾਂ ਮੈਂ ਕਹਿ ਦਿੰਦੀ ਪਰ ਅੰਦਰੋਂ ਕਿਤੇ ਜ਼ਰੂਰ ਕੋਈ ਟੁੱਟ ਭੱਜ ਜਿਹੀ ਹੋ ਰਹੀ ਹੁੰਦੀ। ਡਰ ਵਾਲੀ ਗੱਲ ਤਾਂ ਸੱਚੀ ਹੀ ਸੀ। ਕੀ ਕੀ ਨਹੀਂ ਸੀ ਹੋਈ ਜਾਂਦਾ ਆਸੇ ਪਾਸੇ। ਨਾ ਜਾਣੇ ਕਿਸੇ ਵੇਲ਼ੇ ਪੁੱਠੀ ਪੈ ਜੇ। ਕੀ ਪਤਾ ਲਗਦੈ ? ਮੈਂ ਸੱਚੀਉਂ ਕੰਬ ਜਿਹੀ ਗਈ ਸਾਂ।
ਇਹਦੇ ਵਿਚ ਰੱਤੀ ਭਰ ਵੀ ਝੂਠ ਨਹੀਂ ਕਿ ਮੇਰੇ ਅੰਦਰਲੀ ਸੁੱਤੀ ਕਲਾ ਬਲਵੰਤ ਨੇ ਜਗਾ ਦਿੱਤੀ ਸੀ। ਬਲਵੰਤ ਦੇ ਨਾਲ ਮਿਲ਼ ਕੇ ਮੈਂ ਬਹੁਤ ਕੁੱਝ ਹੋਰ ਬਣ ਗਈ ਸਾਂ। ਬਹੁਤ ਕੁੱਝ ਸਿਖਿਆ ਸੀ ਮੈਂ ਬਲਵੰਤ ਪਾਸੋਂ। ਚੇਤਨਾ ! ਚੇਤਨਾ ਤਾਂ ਸਿਮਰਜੀਤ ਵਿਚ ਵੀ ਕੋਈ ਘੱਟ ਨਹੀਂ ਸੀ ਪਰ ਗੁੰਡਿਆਂ ਦੇ ਮੂਹਰੇ ਉਹਦੀ ਉਹ ਚੇਤਨਾ ਕਿਸੇ ਕੰਮ ਨਹੀਂ ਸੀ ਆਈ।
ਮੇਰੇ ਅੰਦਰ ਵਿਚਾਰਾਂ ਦਾ ਇੰਨਾ ਖਿਲਾਰਾ ਪਿਆ ਰਹਿੰਦੈ ਕਿ ਟਿਕਾ ਜਿਹਾ ਨਹੀਂ। ਇਹ ਕਿਉਂ ਸੀ ਕਿ ਮੈਂ ਵਾਰ ਵਾਰ ਪਿੱਛਲੀਆਂ ਘਟਨਾਵਾਂ ਦੇ ਮਗਰ ਦੌੜਨ ਲਗਦੀ ਹਾਂ? ਹਾਲਾਂ ਕਿ ਮੇਰੇ ਵਿਚ ਪਹਿਲਾਂ ਦੇ ਮੁਕਾਬਲੇ ਅੱਜ ਕੱਲ੍ਹ ਮਰਦਾਂ ਵਰਗਾ ਜੇਰਾ ਆ ਗਿਆ ਹੈ। …ਤੇ ਹੁਣ ਮੈਂ ਵੱਡੇ ਤੋਂ ਵੱਡੇ ਅਫ਼ਸਰ ਨਾਲ ਅੱਖ ਮਿਲਾ ਕੇ ਗੱਲ ਕਰ ਸਕਦੀ ਹਾਂ। ਜੇ ਕੋਈ ਅਫ਼ਸਰ ਤਿੜ ਫਿੜ ਕਰੇ ਤਾਂ ਮੈਂ ਦਫ਼ਤਰ ਵਿਚ ਹੀ ਜ਼ਿੰਦਾਬਾਦ ਮੁਰਦਾਬਾਦ ਕਰ ਸਕਦੀ ਹਾਂ। ਪਰ ਨਾਮ੍ਹੋ ਵਾਲ਼ੀ ਘਟਨਾ ਤਾਂ ਮੇਰਾ ਖਹਿੜਾ ਹੀ ਨਹੀਂ ਸੀ ਛਡਦੀ।
ਇਕ ਵਾਰ ਡੀ. ਸੀ. ਨੂੰ ਵਫ਼ਦ ਲੈ ਕੇ ਮਿਲੇ ਸਾਂ। ਵਿਹੜੇ ਵਾਲਿਆਂ ਦੀਆਂ ਔਰਤਾਂ ਨਾਲ ਕਿਸੇ ਅੱਖੜ ਜਿਹੇ ਜੱਟ ਨੇ ਪੰਚਾਇਤ ਮੈਂਬਰੀ ਦੀ ਹੈਂਕੜ ਕਰਕੇ ਮਾੜਾ ਸਲੂਕ ਕੀਤਾ ਸੀ, ਪਰ ਡੀ.ਸੀ.ਪੁਲਸ ਵਾਲਿਆਂ ਦੀ ਬੋਲੀ ਹੀ ਬੋਲੀ ਜਾਏ। ਪੜਤਾਲ਼, ਪੜਤਾਲ਼। ਮੈਂ ਵਫ਼ਦ ਦੇ ਨਾਲ ਹੀ ਗਈ ਸਾਂ। ਅਸੀਂ ਪੂਰੇ ਆਦਰ ਸਤਿਕਾਰ ਨਾਲ਼ ਗੱਲ ਕੀਤੀ ਸੀ। “ਸਾਹਿਬ ਔਰਤ ਨੇ ਜੇ ਇਕ ਕੱਦੂ ਤੋੜ ਲਿਆ ਤਾਂ ਕੀ ਜੱਗੋਂ ਤੇਰਵੀਂ ਹੋ ਗਈ ?ਖੇਤ ਮਾਲਕ ਨੂੰ ਏਸ ਹੱਦ ਤਕ ਨਹੀਂ ਸੀ ਜਾਣਾ ਚਾਹੀਦਾ। ”
“ਔਰਤ ਦਾ ਕੋਈ ਹੋਰ ਕਸੂਰ ਵੀ ਤਾਂ ਹੋਊਗਾ ? ਮਾਮਲੇ ਦੀ ਤਹਿ ਤਕ ਜਾਣਾ ਚਾਹੀਦੈ ਤੁਹਾਨੂੰ ਵੀ। “ਡੀ. ਸੀ. ਕਿਸੇ ਅੰਗ ਵੀ ਨਹੀਂ ਸੀ ਆਉਂਦਾ।
“ਜਨਾਬ ਅਸੀਂ ਆਪ ਜੀ ਨੂੰ ਬੇਨਤੀ ਕਰ ਚੁੱਕੇ ਆਂ ਬਈ ਘਾਹ ਖੋਤਣ ਗਈਆਂ ਔਰਤਾਂ `ਚੋਂ ਇਕ ਔਰਤ ਦਾ ਕਸੂਰ ਸਿਰਫ਼ ਇੰਨਾ ਐ ਬਈ ਉਸ ਨੇ ਜ਼ਿਮੀਦਾਰ ਦੇ ਖੇਤ ਵਿਚੋਂ ਚੋਰੀਉਂ ਇਕ ਕੱਦੂ ਤੋੜਿਆ ਸੀ। ”
“ਦੇਖੋ ਚੋਰੀ ਤਾਂ ਚੋਰੀ ਹੀ ਹੋਈ। ਕੱਖ ਦੀ ਵੀ ਲੱਖ ਦੀ ਵੀ। ਕੋਈ ਗੱਲ ਤਾਂ ਨਿਕਲੀ। ਉਹ ਖੇਤ ਦਾ ਮਾਲਕ ਐ ਆਖ਼ਰ। “ਡੀ.ਸੀ. ਪੱਖ-ਪਾਤ `ਤੇ ਉਤਰਿਆ ਹੋਇਆ ਸੀ।
“ਜਨਾਬ ਗਰੀਬ ਗੁਰਬੇ ਨੇ ਵੀ ਖੇਤਾਂ `ਚੋਂ ਈ ਖਾਣਾ ਹੁੰਦੈ। ਉਹ ਕਿਧਰ ਜਾਣ ?”
“ਇਸ ਦਾ ਇਹ ਮਤਲਬ ਵੀ ਤਾਂ ਨੀ ਬਣਦਾ ਪਈ ਚੋਰੀ ਕਰਨ ਈ ਲੱਗ ਪਈਏ। ”
ਸਾਡੇ ਵੱਲੋਂ ਪੇਸ਼ ਕੀਤੀ ਅਰਜ਼ੀ ਵੱਲ ਡੀ.ਸੀ. ਅੱਖ ਚੁੱਕ ਕੇ ਨਹੀਂ ਸੀ ਵੇਖ ਰਿਹਾ। ਗੱਲ ਉਹ ਸਾਡੇ ਨਾਲ ਕਰ ਰਿਹਾ ਸੀ ਪਰ ਆਪਣੀ ਫਾਈਲ ਵਿਚ ਸਿਰ ਘੁਸਾ ਕੇ। ਉਹ ਇਕ ਤਰ੍ਹਾਂ ਸਾਨੂੰ ਨੀਵਾਂ ਵਿਖਾ ਰਿਹਾ ਜਾਪਦਾ ਸੀ। ਜਦੋਂ ਕੋਈ ਗੱਲ ਬਣਦੀ ਨਾ ਦਿਸੀ ਤਾਂ ਮੈਂ ਹੀ ਬੋਲੀ ਸਾਂ-“ਤਾਂ ਸਰ ਇਕ ਕੱਦੂ ਦਾ ਮੁੱਲ ਕਿਸੇ ਦੀ ਇਜ਼ਤ ਨ੍ਹੀ ਹੁੰਦਾ। ਅਸੀਂ ਤੁਹਾਡੇ ਕੋਲੋਂ ਇਨਸਾਫ਼ ਦੀ ਮੰਗ ਕਰਨ ਆਏ ਆਂ। ”
ਡੀ.ਸੀ. ਅੱਗੋਂ ਬੋਲਿਆ ਸੀ-” ਮੈਂ ਜਾਣਦਾਂ ਕਿਵੇਂ ਇਨਸਾਫ਼ ਕਰੀਦੈ। ਮੈਂ ਜੋ ਕਰ ਰਿਹਾਂ ਠੀਕ ਕਰ ਰਿਹਾਂ। ਤੁਸੀਂ ਮੈਨੂੰ ਸਿਖਾਉਣ ਆਏ ਓ?”ਸਾਰੇ ਹੈਰਾਨ ਸਨ ਕਿ ਅਫ਼ਸਰ ਆਮ ਤੌਰ `ਤੇ ਇਉਂ ਨਹੀਂ ਬੋਲਦੇ ਹੁੰਦੇ। ਨਰਮਾਈ ਦਾ ਵਿਖਾਵਾ ਤਾਂ ਉਨ੍ਹਾਂ ਨੂੰ ਕਰਨਾ ਆਉਂਦਾ ਹੀ ਹੁੰਦੈ,ਪਰ ਇਹ ਪਤਾ ਨਹੀਂ ਕਿਹੋ ਜਿਹਾ ਅੜਬ ਕੁੱਕੜ ਸੀ ਜੋ ਵੇਖਣੀ ਪਾਖਣੀ ਨੂੰ ਕਿੰਨਾ ਸਾਊ ਲਗਦਾ ਸੀ ਪਰ ਸੀ ਨਿਰਾ ਹੈਂਕੜ ਦਾ ਭਰਿਆ ਹੋਇਆ।
ਉਹਦੇ ਭਾਣੇ ਅਸੀਂ ਸਾਰੇ ਹੀ ਛੋਟੀਆਂ ਸ਼੍ਰੇਣੀਆਂ ਦੇ ਲੋਕ ਸਾਂ। ਡੀ.ਸੀ. ਨੇ ਗਲਤ ਅੰਦਾਜ਼ਾ ਲਾ ਲਿਆ ਸੀ। ਬੋਲਿਆ ਸੀ-“ਤੁਸੀਂ ਲੋਕ ਵੀ ਆਪਣੇ ਲੋਕਾਂ ਨੂੰ ਸਮਝਾਉ ਬਈ ਉਹ ਖੇਤਾਂ `ਚੋਂ ਇਸ ਤਰ੍ਹਾਂ ਚੋਰੀ ਚਕਾਰੀ ਨਾ ਕਰਿਆ ਕਰਨ। ”
ਸਾਡੇ ਨਾਲ ਆਇਆ ਕਿਸਾਨ ਜਥੇਬੰਦੀ ਦਾ ਆਗੂ ਸਰਦਾਰਾ ਸਿੰਘ ਬੋਲ ਪਿਆ ਸੀ। “ਜਨਾਬ ਇਹ ਲੋਕ ਆਖ਼ਰ ਸਾਡੇ ਖੇਤਾਂ `ਚ ਹੀ ਕੰਮ ਕਰਦੇ ਨੇ। ਹੋਰ ਫਿਰ ਇਹ ਕਿੱਥੇ ਜਾਣ। ਸਾਡੇ ਖੇਤਾਂ ਜਾਂ ਘਰਾਂ ਵਿਚ ਕੰਮ ਕਰਕੇ ਹੀ ਇਹ ਰੋਟੀ ਖਾਂਦੇ ਐ। ਅਸੀਂ ਧੱਕੇ ਦੇ ਖ਼ਿਲਾਫ਼ ਆਵਾਜ਼ ਉਠਾ ਰਹੇ ਹਾਂ। ਹੁਣ ਇਹ ਮਸਲਾ ਯੂਨੀਅਨ ਕੋਲ਼ ਆਇਆ ਹੈ। ਅਸੀਂ ਜਨਾਬ ਕੋਲ਼ੋਂ ਆਸ ਰਖਦੇ ਹਾਂ ਬਈ ਸਾਡੀ ਗੱਲ ਸੁਣੀ ਜਾਊ। “ਡੀ.ਸੀ.ਨੇ ਅੱਖਾਂ ਉਪਰ ਵੱਲ ਸੇਧੀਆਂ ਸਨ ਤਿਊੜੀਆਂ ਵਿਚ ਕਸੀਆਂ ਹੋਈਆਂ ਜਿਵੇਂ ਉਸਨੂੰ ਸ਼ੰਕਾ ਹੋਈ ਹੋਵੇ ਕਿ ਬੋਲਣ ਵਾਲ਼ਾ ਸਰਦਾਰਾ ਸਿੰਘ ਜੱਟ ਜ਼ਿਮੀਦਾਰ ਹੈ ਜਾਂ ਉਹ ਐਵੇਂ ਹੀ ਰੁਹਬ ਪਾਉਣ ਲਈ ਆਖ ਰਿਹੈ।
“ਤੁਸੀਂ ਯੂਨੀਅਨ ਵਾਲ਼ੇ ਵੀ ਮਸਲੇ ਨੂੰ ਟਿਕਣ ਦਿਉ। ਜੇ ਗੱਲ ਨੂੰ ਵਧਾਓਗੇ ਤਾਂ ਕੋਈ ਹੱਲ ਨਹੀਂ ਨਿਕਲਣਾ। “ਉਸਦੀਆਂ ਸ਼ੱਕੀ ਨਜ਼ਰਾਂ ਅਜੇ ਵੀ ਸਰਦਾਰਾ ਸਿੰਘ ਦੇ ਚਿਹਰੇ `ਤੇ ਗੱਡੀਆਂ ਹੋਈਆਂ ਸਨ। “ਦੇਸ ਆਜ਼ਾਦ ਹੋ ਗਿਆ ਲੋਕਾਂ ਨੂੰ ਰਹਿਣ ਦਾ ਢੰਗ ਨਹੀਂ ਆਇਆ। ਲੋਕਾਂ ਨੂੰ ਸਿਵਲਾਈਜ਼ੇਸ਼ਨ ਵੀ ਸਿਖਾਉਣੀ ਚਾਹੀਦੀ ਐ। ”
ਡੀ.ਸੀ. ਦੀ ਗੱਲ ਸੁਣ ਕੇ ਸਰਦਾਰਾ ਸਿੰਘ ਤਿਲਮਿਲਾ ਉਠਿਆ ਸੀ। ਪਰ ਉਸਨੇ ਸੰਜਮ ਦਾ ਪੱਲਾ ਨਾ ਛੱਡਿਆ। “ਜਨਾਬ ਯੂਨੀਅਨ ਇਹ ਚੰਗੀ ਤਰ੍ਹਾਂ ਸਮਝਦੀ ਹੈ ਕਿ ਕੀ ਠੀਕ ਹੈ ਤੇ ਕੀ ਗਲਤ ਹੈ। ਅਸੀਂ ਇੱਥੇ ਸਿਵਲਾਈਜ਼ੇਸ਼ਨ ਸਿੱਖਣ ਨ੍ਹੀ ਆਏ। ਅਸੀਂ ਮਸਲੇ ਨੂੰ ਟਿਕਾਉਣ ਲਈ ਹੀ ਆਏ ਹਾਂ ਜਨਾਬ ਦੇ ਕੋਲ਼। ਪਿੰਡ ਵਿਚ ਇਹ ਗੱਲ ਕੋਈ ਹੋਰ ਰੂਪ ਵੀ ਲੈ ਸਕਦੀ ਹੈ। ”
“ਜੇ ਤੁਸੀਂ ਕੋਈ ਹੋਰ ਰੂਪ ਦੇਣਾ ਚਾਹੋਗੇ ਤਾਂ ਇਹ ਹੋਰ ਰੂਪ ਲਵੇਗੀ ਨਹੀਂ ਤਾਂ ਕੁੱਝ ਨ੍ਹੀ ਹੋਣ ਲੱਗਿਆ। ਜਿਸ ਦਾ ਵੀ ਕਸੂਰ ਹੋਇਆ ਸਜ਼ਾ ਜ਼ਰੂੂਰ ਮਿਲੇਗੀ। ਅਫ਼ਸਰ ਤਾਂ ਨਫ਼ਰਤ ਨਾਲ਼ ਗਲ਼ ਤਕ ਭਰਿਆ ਪਿਆ ਸੀ। ” ਉਹ.ਢੈਲ਼ਾ ਹੀ ਨਹੀਂ ਸੀ ਪੈ ਰਿਹਾ। ਪਰ ਤਾਂ ਵੀ ਉਸਨੇ ਸਾਡੀ ਦਰਖ਼ਾਸਤ ਮਾਰਕ ਕਰਕੇ ਕਿਹਾ ਸੀ-“ਕੱਲ੍ਹ ਨੂੰ ਹੀ ਇਨਕੁਆਇਰੀ ਹੋ ਜਾਏਗੀ। ਠੀਕ ਹੈ ਹੁਣ ਜਾ ਸਕਦੇ ਹੋ। ”
ਹਫ਼ਤੇ ਕੁ ਬਾਅਦ ਜਦੋਂ ਪੰਚਾਇਤ ਮੈਂਬਰ ਖੇਤ ਦੇ ਮਾਲਕ ਨੇ ਯੂਨੀਅਨ ਵਾਲ਼ਿਆਂ ਦਾ ਨਾਂ ਲੈ ਕੇ ਗਾਲ੍ਹਾਂ ਕੱਢੀਆਂ ਤਾਂ ਵਫ਼ਦ ਫੇਰ ਡੀ.ਸੀ. ਨੂੰ ਮਿਲਿਆ ਸੀ-“ਜਨਾਬ ਉਲ਼ਟਾ ਉਹ ਬੰਦਾ ਤਾਂ ਸਾਨੂੰ ਸਾਰਿਆਂ ਨੂੰ ਹੀ ਗਾਲ੍ਹਾਂ ਕੱਢ ਰਿਹੈ। ਆਖ਼ਰ ਕੋਈ ਕਾਇਦਾ ਕਾਨੂੰਨ ਤਾਂ ਹੁੰਦਾ ਈ ਹੋਊ?”
“ਮੈਂ ਪੜਤਾਲ਼ ਕੀਤੀ ਐ। ਉਹ ਪੰਚਾਇਤ ਮੈਂਬਰ ਐ। ਮੈਂ ਇਸ ਗੱਲ ਦੀ ਵੀ ਪੜਤਾਲ਼ ਕਰਨੀ ਹੈ ਕਿ ਇਕ ਇਜ਼ਤਦਾਰ ਅਤੇ ਜ਼ੁੰਮੇਵਾਰ ਵਿਅਕਤੀ ਨਾਲ ਕਿਵੇਂ ਨਿਪਟਣਾ ਹੋਇਆ। ਮਾਮਲਾ ਪੰਚਾਇਤ ਨੂੰ ਸੌਂਪ ਦਿੱਤਾ ਗਿਐ। ਆਖ਼ਰ ਉਹ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦੈ। “ਹੁਣ ਡੀ.ਸੀ. ਨੂੰ ਇਹ ਕੌਣ ਦੱਸੇ ਬਈ ਪਾਰਟੀ ਦੇ ਪ੍ਰੋਗਰਾਮ ਅਨੁਸਾਰ ‘ਭੁੱਕੀ, ਅਫ਼ੀਮ, ਸ਼ਰਾਬ, ਹੀ ਨਹੀਂ ਨਕਦ ਪੈਸਿਆਂ ਨਾਲ਼ ਉਹ ਕਿਵੇਂ ਜਿੱਤਿਆ ਸੀ-ਇਹ ਤਾਂ ਜੱਗ ਜਾਹਰ ਸੀ। ਉਹ ਕਿਹੜਾ ਹਰਬਾ ਸੀ ਜੋ ਉਸਨੇ ਨਹੀਂ ਸੀ ਵਰਤਿਆ?
ਮੈਂ ਤਾਂ ਇਕ ਦਮ ਹੀ ਮੱਕੀ ਦੀ ਖਿੱਲ ਵਾਂਗ ਭੁੜਕ ਪਈ ਸਾਂ-“ਜੇ ਸਰ ਉਹ ਪੰਚਾਇਤ ਮੈਂਬਰ ਐ ਤਾਂ ਪੰਚਾਇਤ ਦਾ ਕਾਨੂੰਨ ਮਤਲਬ ਕਿ ਇਹ ਆਗਿਆ ਤਾਂ ਨਹੀਂ ਦਿੰਦਾ ਹੋਣਾ ਮਤਲਬ ਕਿ ਬਈ ਇਕ ਪੰਚਾਇਤ ਮੈਂਬਰ ਹੀ ਕਾਨੂੰਨ ਦੀ ਕੋਈ ਪਰਵਾਹ ਹੀ ਨਾ ਕਰੇ। ਮਤਲਬ ਕਿ ਔਰਤ ਦਾ ਕਸੂਰ ਸਿਰਫ਼ ਇੰਨਾ ਕੁ ਹੈ ਮਤਲਬ ਕਿ ਉਸਨੇ ਖੇਤ ਵਿਚੋਂ ਚੋਰੀਉਂ ਇਕ ਕੱਦੂ ਤੋੜਿਆ ਸੀ ਮਤਲਬ ਕਿ ਇਸ ਦਾ ਮਤਲਬ ਇਹ ਨਹੀਂ ਬਣਦਾ ਕਿ ਉਸਦੇ ਕੱਪੜੇ ਹੀ ਪਾੜ ਦਿੱਤੇ ਜਾਣ। ਇਹ ਤਾਂ ਬਿੱਲਕੁੱਲ ਹੀ ਮਨੁੱਖਤਾ ਤੋਂ ਗਿਰੀ ਗੱਲ ਹੈ ਮਤਲਬ ਕਿ ਜੇ ਇਕ ਅਫ਼ਸਰ ਇਸ ਗੱਲ ਨੂੰ ਮਾਮੂਲੀ ਸਮਝਦਾ ਹੋਵੇ ਤਾ ਇਨਸਾਫ਼ ਦੀ ਆਸ ਕਿਵੇਂ ਰੱਖੀ ਜਾ ਸਕਦੀ ਹੈ?ਮਤਲਬ ਕਿ ਸਰ ਔਰਤ ਨਾਲ਼ ਇਨਸਾਫ਼ ਹੋਣਾ ਚਾਹੀਦੈ। ਉਸ ਆਦਮੀ ਨੇ ਔਰਤ ਦੇ ਥਾਂ ਕੁਥਾਂ ਮਤਲਬ ਕਿ ਹੱਥ ਵੀ ਮਾਰਿਆ ਸੀ। ਜੇ ਸਰ ਸਾਡੀ ਗੱਲ ਹੀ ਮਤਲਬ ਕਿ ਐਂ ਈ ਆਈ ਗਈ ਕਰਨਗੇ ਤਾਂ ਮਤਲਬ ਕਿ ਮੈਂ ਦਫ਼ਤਰ ਦੇ ਅੱਗੇ ਭੁੱਖ ਹੜਤਾਲ਼ `ਤੇ ਬੈੈਠੂੰਗੀ, ਸਰ। ਮਤਲਬ ਕਿ। “ਮੈਨੂੰ ਜਿਵੇਂ ਆਪਣੀ ਗੱਲ ਕਰਨੀ ਖ਼ਾਸੀ ਔਖੀ ਲੱਗ ਰਹੀ ਸੀ, ਹਰਖ਼ ਦੇ ਕਾਰਨ।
ਤਾਂ ਕਿਤੇ ਜਾ ਕੇ ਮਾਮਲਾ ਠੀਕ ਪਾਸੇ ਤੁਰਿਆ ਸੀ।
ਹਾਂ ਉਹ ਘਟਨਾ ਖੁੱਭਣ ਪਿੰਡ ਦੀ ਸੀ,ਜਿਸ ਦਾ ਮੈਂ ਪਹਿਲਾਂ ਹੀ ਜ਼ਿਕਰ ਕਰ ਆਈ ਹਾਂ। ਮੈਂ ਤੇ ਬਲਵੰਤ ਉਦੋਂ ਖੁੱਭਣ ਪਿੰਡ ਵਿਚ ਪੜ੍ਹਾਉਂਦੇ ਸਾਂ ਜਦੋਂ ਉਥੋਂ ਦੇ ਸਿਆਸੀ ਗੁੰਡਿਆਂ ਨੇ ਆਪਣੀ ਚੌਧਰ ਦਾ ਨਾਜਾਇਜ਼ ਫ਼ਾਇਦਾ ਉਠਾ ਕੇ ਇਕ ਗਰੀਬ ਜਿਹੇ ਮਾਸਟਰ ਬਸੰਤ ਸਿੰਘ ਦੀ ਧੀ ਨੂੰ ਕਾਲਜੋਂ ਆਉਂਦੀ ਨੂੰ ਰਾਹ ਵਿਚੋਂ ਸਾਈਕਲ ਤੋਂ ਲਾਹ ਲਿਆ ਸੀ। ਜੀਹਦੀ ਮੈਂ ਪਹਿਲਾਂ ਗੱਲ ਕਰ ਆਈ ਹਾਂ। ਬਲਵੰਤ ਨੂੰ ਮਾੜੀ ਮੋਟੀ ਜਿਹੀ ਪਹਿਲਾਂ ਵਿੜਕ ਸੀ। ਉਸਨੇ ਗੱਲ ਸੁਣੀ ਹੋਈ ਸੀ ਕਿ ਕੁੱਝ ਰਾਜਸੀ ਸ਼ਹਿ ਪ੍ਰਾਪਤ ਗੁੰਡੇ ਕੁੜੀ ਨੂੰ ਆਉਂਦੀ ਜਾਂਦੀ ਨੂੰ ਪ੍ਰੇਸ਼ਾਨ ਕਰਦੇ ਸਨ ਪਰ ਕੁੜੀ ਹਮੇਸ਼ਾ ਹੀ ਚੱਪਲ ਲਾਹ ਕੇ ਵਿਖਾ ਦਿੰਦੀ ਸੀ। ਕੁੜੀ ਪੜ੍ਹਨ ਵਿਚ ਬਹੁਤ ਹੀ ਹੋਣਹਾਰ ਤੇ ਦਲੇਰ ਸੀ ਪਰ ਇਹ ਨਹੀਂ ਸੀ ਪਤਾ ਕਿ ਭੂਤਰੇ ਗੁੰਡੇ ਇਸ ਹੱਦ ਤਕ ਅੱਪੜ ਜਾਣਗੇ।
ਇਕ ਬਦਮਾਸ਼ ਮੁੰਡੇ ਨੇ ਕੁੜੀ ਨੂੰ ਇਥੋਂ ਤਕ ਕਹਿ ਦਿੱਤਾ ਸੀ-“ਅਸੀਂ ਤਾਂ ਤੇਰੇ ਕਾਮਰੇਡ ਬਾਪ ਦੀ ਕਾਮਰੇਡੀ ਘੋਟਣੀ ਐ। ”
ਤੇ ਕੁੜੀ ਨੇ ਅੱਗੋਂ ਜਵਾਬ ਦਿੱਤਾ ਸੀ-“ਮੇਰੇ ਬਾਪ ਦੀ ਕਾਮਰੇਡੀ ਇੰਨੀ ਕਮਜ਼ੋਰ ਨਹੀਂ ਕੁੱਤਿਉ ਬਈ ਐਂ ਈ ਘੋਟੀ ਜਾਊ। “ਫੇਰ ਕਈ ਦਿਨ ਕੁੜੀ ਕਿਤੋਂ ਲੱਭੀ ਹੀ ਨਾ ਤੇ ਜਦੋਂ ਬਲਵੰਤ ਨੇ ਅੰਦਰ ਖਾਤੇ ਸ਼ੱਕ ਦੀ ਸੂਈ ਸਰਪੰਚ ਤੇ ਪਿੰਡ ਦੇ ਗੁਰਦੁਆਰੇ ਦੇ ਪ੍ਰਧਾਨ ਪਾਖਰ ਸਿੰਘ ਦੇ ਮੁੰਡਿਆਂ ਵੱਲ ਸੇਧ ਦਿੱਤੀ ਤਾਂ ਹੋਰ ਜੱਥੇਬੰਦੀਆਂ ਦੇ ਲੋਕ ਵੀ ਉਹਦੇ ਨਾਲ ਸਹਿਮਤ ਹੋ ਗਏ ਸਨ। ਜਿਲ੍ਹੇ ਦਾ ਵੱਡਾ ਪੁਲਸੀਆ ਐਸੱ.ਐਸੱ.ਪੀ ਆਖੇ-“ਕੁੜੀ ਕਿਸੇ ਆਪਣੇ ਯਾਰ ਨਾਲ ਨਿਕਲ ਗਈ ਹੋਊ, ਚਾਰ ਦਿਨਾਂ ਤਾਂਈਂ ਆਪੇ ਖੇਹ ਖਾ ਕੇ ਆ ਜੂ। “ਹਾਂ ਇਉਂ ਹੀ ਤਾਂ ਬੋਲਿਆ ਸੀ ਪੁਲਿਸੀਆ। ਬਲਵੰਤ ਦਫ਼ਤਰ ਵਿਚ ਹੀ ਅਫ਼ਸਰ ਦੇ ਗਲ਼ ਪੈ ਗਿਆ ਸੀ।
“ਸਰਦਾਰ ਬਹਾਦਰ ਜੇ ਤੁਸੀਂ ਅਫ਼ਸਰੀ ਦੀ ਕੁਰਸੀ `ਤੇ ਬੈਠੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਬਣਦਾ ਬਈ ਤੁਸੀਂ ਕਿਸੇ ਸ਼ਰੀਫ਼ ਬੰਦੇ ਦੀ ਧੀ ਭੈਣ ਬਾਰੇ ਊਂਈਂ ਅਵਾ ਤਵਾ ਬੋਲੀ ਜਾਓਂ। ਘੱਟੋ ਘੱਟ ਆਪਣੀ ਜ਼ਬਾਨ ਨੂੰ ਲਗਾਮ ਦਿਉ। ਸਾਡੇ ਕੋਲ ਪੱਕਾ ਸਬੂਤ ਬੇਸ਼ੱਕ ਨਹੀਂ ਪਰ ਤੁਸੀਂ ਦੇਖ ਲਿਉ, ਕੁੜੀ ਇਨ੍ਹਾਂ ਵੱਡੇ ਲੀਡਰਾਂ ਕੋਲੋਂ ਮਿਲੂਗੀ, ਅਸੀਂ ਵੀ ਕੱਚੀਆਂ ਗੋਲ਼ੀਆਂ ਨ੍ਹੀ ਖੇਡੇ। ਤੁਸੀਂ ਕਾਰਵਾਈ ਤਾਂ ਕਰੋ, ਫਿਰ ਵੇਖਿਉ ਸਾਡੀ ਗੱਲ ਕਿਵੇਂ ਠੀਕ ਨਿਕਲਦੀ ਐ। ”
ਐਸੱ.ਐਸੱ.ਪੀ.ਮੇਜ਼ ਉਪਰ ਪਿਆ ਰੂਲ ਛੇੜਨ ਜੋਗਾ ਹੀ ਰਹਿ ਗਿਆ ਸੀ। ਜਵਾਬ ਕੋਈ ਨਹੀਂ ਸੀ ਆਇਆ। ਤਾਂ ਵੀ ਥੋੜ੍ਹਾ ਕਰਕੇ ਪੁਲਸੀਆ ਕਦੋਂ ਮੰਨਣ ਵਾਲਾ ਸੀ। ਬਲਵੰਤ ਨੇ ਉਥੇ ਹੀ ਨਾਹਰਾ ਗੁੰਜਾ ਦਿੱਤਾ-“ਗੁੰਡਾ ਤੇ ਪੁਲਸ ਗੱਠਜੋੜ-ਮੁਰਦਾਬਾਦ !”ਪੰਜਾਹ ਸੱਠ ਕੁ ਬੰਦੇ ਸਨ ਉਸ ਵੇਲੇ ਉਹਦੇ ਨਾਲ ਦਫ਼ਤਰ ਵਿਚ। ਉਨ੍ਹਾਂ ਨੇ ਉਥੇ ਹੀ ਐਸ.ਐਸ.ਪੀ.ਦੇ ਦਫ਼ਤਰ ਦੇ ਬਾਹਰ ਧਰਨਾ ਮਾਰ ਦਿੱਤਾ ਤੇ ਜਦੋਂ ਗੱਲ ਲੋਕਾਂ ਤੱਕ ਪਹੁੰਚੀ ਤਾਂ ਪਿੰਡਾਂ ਸ਼ਹਿਰਾਂ ਦੇ ਲੋਕ ਆ ਗਏ ਵਹੀਰਾਂ ਘੱਤ ਕੇ ਟਰਾਲੀਆਂ ਦੀਆਂ ਟਰਾਲੀਆਂ। ਖ਼ਤਰਾ ਸੀ ਕਿ ਪੁਲਿਸ ਆਗੂਆਂ `ਤੇ ਝੂਠਾ ਕੇਸ ਪਾ ਕੇ ਅੰਦਰ ਕਰ ਸਕਦੀ ਹੈ। ਸਾਡੇ ਆਗੂਆਂ ਨੇ ਇਕ ਹੋਰ ਕਮਾਲ ਦਾ ਦਾਅ ਖੇਡਿਆ। ਪਾਖਰ ਦੇ ਖੇਤਾਂ ਵਿਚ ਕੰਮ ਕਰਦੇ ਇਕ ਭਈਏ ਨੂੰ ਵਰਿਆ ਲਿਆ ਗਿਆ ਤੇ ਉਸ ਨੇ ਸਾਡੇ ਲੀਡਰਾਂ ਕੋਲ਼ ਸੱਚੋ ਸੱਚ ਦੱਸ ਦਿੱਤਾ। ਭਈਏ ਦੀ ਪੂਰੀ ਹਿਫ਼ਾਜ਼ਤ ਦਾ ਬੰਦੋਬਸਤ ਕਰਕੇ ਉਸਨੂੰ ਐਸ.ਐਸ.ਪੀ.ਦੇ ਪੇਸ਼ ਕੀਤਾ ਗਿਆ ਤਾਂ ਅਫ਼ਸਰ ਨੂੰ ਤ੍ਰੇਲ਼ੀ ਆ ਗਈ। ਸਰਕਾਰੇ ਦਰਬਾਰੇ ਪੁੱਛ ਪ੍ਰਤੀਤ ਵਾਲ਼ੇ ਅਖੌਤੀ ਇਜ਼ਤਦਾਰ ਬੰਦਿਆਂ ਦੇ ਖ਼ਿਲਾਫ਼ ਕਾਰਵਾਈ ਕਰਨੀ ਔਖੀ ਲਗਦੀ ਸੀ। ਫਿਰ ਕੀ ਸੀ ਭੁਲਾ `ਤੀਆਂ ਭੂਤਨੀਆਂ ਅਫ਼ਸਰਾਂ ਦੀਆਂ। ਲੋਕ ਆਪ ਹੀ ਦਫ਼ਤਰ ਵਿਚ ਜਾ ਵੜਿਆ ਕਰਨ। ਇਕ ਵਾਰ ਕਿਤੇ ਐਸ.ਐਸ.ਪੀ.ਲੋਕਾਂ ਨੂੰ ਕਹਿ ਬੈਠਾ-
“ਇਹ ਦਫ਼ਤਰ ਐ। ਤੁਸੀਂ ਮੂੰਹ ਚੁੱਕ ਕੇ ਅੰਦਰ ਐਂ ਨਹੀਂ ਆ ਸਕਦੇ। “ਸੁਣ ਕੇ ਲੋਕਾਂ ਦੇ ਕਾਲਜਿਆਂ ਵਿਚੋਂ ਲਾਟਾਂ ਹੀ ਨਿਕਲੀਆਂ ਸਨ। ਇਕ ਬਿੱਲਕੁੱਲ ਹੀ ਸਾਧਾਰਨ ਜਿਹਾ ਬੰਦਾ ਤਾਂ ਗੁੱਸੇ ਵਿਚ ਥਰਨ ਥਰਨ ਕੰਬਣ ਹੀ ਲੱਗ ਪਿਆ ਸੀ ਤੇ ਲਗਦਾ ਸੀ ਪੁਲਸੀਏ ਨੂੰ ਕੁਰਸੀ ਤੋਂ ਲਾਹ ਕੇ ਹੇਠਾਂ ਹੀ ਨਾ ਸੁੱਟ ਲਵੇ। ਉਸਨੂੰ ਇਕ ਦਮ ਬਲਵੰਤ ਹੀ ਇਕ ਪਾਸੇ ਲੈ ਗਿਆ ਸੀ।
“ਸਰਦਾਰ ਬਹਾਦਰ ਇਹ ਦਫ਼ਤਰ ਪਬਲਿਕ ਦਾ ਐ। ਤੁਸੀਂ ਜਿਹੜੀ ਤਨਖਾਹ ਲੈਂਦੇ ਓ ਇਹ ਲੋਕਾਂ ਨੇ ਕਮਾ ਕੇ ਸਰਕਾਰੀ ਖ਼ਜ਼ਾਨੇ ਵਿਚ ਭੇਜੀ ਐ, ਸਮਝੇ। “ਸਾਡੇ ਆਗੂ ਇੰਨੀ ਗੱਲ ਕਹਿਣ ਦੀ ਜ਼ੁਰਅਤ ਰਖਦੇ ਸਨ। ਲੋਕਾਂ ਦੇ ਰੋਹ ਨੂੰ ਸ਼ਾਂਤ ਕਰਨਾ ਉਸ ਲਈ ਮੁਸ਼ਕਿਲ ਹੋ ਗਿਆ ਸੀ। ਬੱਸ ਨਾਲ ਦੀ ਨਾਲ ਵੱਡੇ ਬਦਮਾਸ਼ਾਂ ਦੀਆਂ ਗ੍ਰਿਫ਼ਤਾਰੀਆਂ ਹੋ ਗਈਆਂ ਤੇ ਤੀਜੇ ਦਿਨ ਕੁੜੀ ਦੀ ਨਗਨ ਹਾਲਤ ਵਿਚ ਬੁਰੀ ਤਰ੍ਹਾਂ ਗਲ਼ੀ ਸੜੀ ਲਾਸ਼ ਖੇਤ ਦੇ ਟੋਏ `ਚੋਂ ਮਿਲ ਗਈ। ਅਸ਼ਕੇ ਉਇ ਸ਼ੇਰ ਦੀਏ ਬੱਚੀਏ। ਆਖ਼ਰੀ ਸਾਹਾਂ ਤਾਂਈਂ ਲੜਦੀ ਰਹੀ ਪਾਪੀਆਂ ਨਾਲ। ਹੱਥ ਵਿਚ ਜੁੰਡਿਆਂ ਦਾ ਰੁੱਗ ਉਸਦੀ ਬਹਾਦਰੀ ਦਾ ਹੀ ਤਾਂ ਸਬੂਤ ਸੀ। ਜਦੋਂ ਮੁਸ਼ਟੰਡੇ ਉਸਦੀ ਪਤ ਲੁੱਟ ਰਹੇ ਸਨ ਤਾਂ ਉਸ ਦੇ ਹੱਥ ਵਿਚ ਕਿਸੇ ਦੇ ਵਾਲ਼ ਆ ਗਏ ਹੋਣਗੇ ਜੋ ਉਸ ਨੇ ਛੱਡੇ ਈ ਨਾ। ਜਦੋਂ ਉਸਦੀ ਲਾਸ਼ ਟੋਏ `ਚੋਂ ਕੱਢੀ ਗਈ ਸੀ ਤਾਂ ਵਾਲ਼ਾਂ ਦਾ ਰੁੱਗ ਉਵੇਂ ਦਾ ਉਵੇਂ ਉਸ ਦੀ ਮੁੱਠੀ ਵਿਚ ਸੀ। ਖ਼ਬਰੈ ਕਿਵੇਂ ਮਧੋਲ ਮਧੋਲ ਕੇ ਮਾਰੀ ਹੋਣੀ ਐ ਕੁੜੀ ਮੁਸ਼ਟੰਡਿਆਂ ਨੇ। ਉਦੋਂ ਮੈਨੂੰ ਨੌਕਰੀ `ਤੇ ਲੱਗੀ ਨੂੰ ਸਾਲ ਕੁ ਈ ਹੋਇਆ ਸੀ। ਲੋਕਾਂ ਨੇ ਲਾਸ਼ ਲਭਾ ਲਈ ਸੀ। ਪੁਲਿਸੀਆਂ ਦੀ ਗੁੰਡਿਆਂ ਨਾਲ ਮਿਲੀ ਭੁਗਤ ਜੱਗ ਜਾਹਰ ਹੋ ਗਈ ਸੀ। ਇਹਨੂੰ ਕਹਿੰਦੇ ਨੇ ਲੋਕ ਤਾਕਤ। ਮੈਂ ਚਿਤ ਵਿਚ ਹੀ ਸੋਚਿਆ।
ਉਸ ਦਿਨ ਅਖ਼ਬਾਰਾਂ ਵਿਚ ਖ਼ਬਰਾਂ ਲੱਗੀਆਂ ਸਨ ਸਾਡੇ ਮੁਲਕ ਦੀ ਵਿਕਾਸ ਦਰ ਹੁਣ ਅੱਠ ਪ੍ਰਤੀਸ਼ਤ ਤੋਂ ਦਸ ਪ੍ਰਤੀਸ਼ਤ ਤੱਕ ਲਿਜਾਣ ਦਾ ਸਰਕਾਰ ਨੇ ਟੀਚਾ ਮਿਥ ਲਿਆ ਹੈ। ਨਾਲ ਹੀ ਖ਼ਬਰਾਂ ਸਨ ਕਿ ਬਹੁਤ ਸਾਰੀਆਂ ਪ੍ਰਾਈਵੇਟ ਤੇ ਬਹੁ-ਕੌਮੀ ਕੰਪਨੀਆਂ ਨੂੰ ਦੇਸ਼ ਵਿਚ ਪੂੰਜੀ ਨਿਵੇਸ਼ ਦਾ ਸੱਦਾ ਦਿੱਤਾ ਗਿਆ ਹੈ। ਹੁਣ ਸਾਰੇ ਵਿਕਾਸ ਦਾ ਲਾਭ ਪੇਂਡੂ ਲੋਕਾਂ ਤੱਕ ਜਵੇਗਾ। ਚਾਰ ਲੱਖ ਬੇਰੁਜ਼ਗਾਰ ਨੌਜਵਾਨਾਂ ਨੂੰ ਇਨ੍ਹਾਂ ਮੈਗਾ ਪ੍ਰਜੈਕਟਾਂ ਵਿਚ ਨੌਕਰੀਆਂ ਦਿੱਤੀਆਂ ਜਾਣਗੀਆਂ। ਗਰੀਬੀ ਦਾ ਪਾੜਾ ਮਿਟਾਉਣ ਦੇ ਸਰਕਾਰ ਵੱਡੀ ਪੱਧਰ `ਤੇ ਯਤਨ ਕਰ ਰਹੀ ਹੈ। ਨਾਲ਼ ਹੀ ਕਿਸੇ ਸਚਿਆਰੇ ਜਿਹੇ ਪੱਤਰਕਾਰ ਵੱਲੋਂ ਇਕ ਹੋਰ ਖ਼ਬਰ ਵੀ ਫੋਟੋ ਸਮੇਤ ਲਾਈ ਗਈ ਸੀ ਕਿ ਸ਼ਹਿਰ ਦੇ ਲੇਬਰ ਚੌਕਾਂ ਵਿਚੋਂ ਮਜ਼ਦੂਰਾਂ ਨੂੰ ਹੁਣ ਕੰਮ ਨਹੀਂ ਮਿਲਦਾ ਤੇ ਉਹ ਘਰੋਂ ਲਿਆਂਦੀਆਂ ਰੋਟੀਆਂ ਖਾ ਕੇ ਖਾਲੀ ਹੱਥ ਘਰਾਂ ਨੂੰ ਪਰਤ ਜਾਂਦੇ ਹਨ। ਜਦੋਂ ਇਨ੍ਹਾਂ ਪਿੰਡਾਂ ਦੇ ਕਿਸਾਨੀ `ਚੋਂ ਮਜ਼ਦੂਰ ਬਣੇ ਅਤੇ ਵਿਹੜਿਆਂ ਦੇ ਗ਼ਰੀਬ ਪਿੰਡ ਵਿਚੋਂ ਰੁਜ਼ਗਾਰ ਘਟ ਜਾਣ ਕਰਕੇ ਸ਼ਹਿਰ ਵੱਲ ਧਾਏ ਸਨ ਤਾਂ ਉਨ੍ਹਾਂ ਨੂੰ ਇਹ ਲੁਭਾਉਣੇ ਕਿਸਮ ਦੇ ਮੈਗਾ ਪ੍ਰਜੈਕਟ ਆਸ ਦੀ ਕਿਰਨ ਜਾਪੇ ਸਨ ਪਰ ਉਥੇ ਤਾਂ ਦਿਉ ਕੱਦ ਮਸ਼ੀਨਾਂ ਕਈ ਕਈ ਜਣਿਆਂ ਦਾ ਕੰਮ ਬਹੁਤ ਹੀ ਥੋੜ੍ਹੇ ਸਮੇਂ ਵਿਚ ਕਰਕੇ ਅਹੁ ਜਾਂਦੀਆਂ ਸਨ। ਇਨ੍ਹਾਂ ਮਾੜਚੂਏ ਜਿਹੇ ਪੇਂਡੂਆਂ ਦੀ ਇੱਥੇ ਕਿਸੇ ਨੂੰ ਕੀ ਜ਼ਰੂਰਤ ਹੋ ਸਕਦੀ ਸੀ। ਜਾਣ ਜਹੰਨਮ ਨੂੰ ਇਹ ਪੇਂਡੂ ਮਜ਼ਦੂਰ। ਵਾਹ ਮੇਰੇ ਦੇਸ਼, ਨਾਲ਼ੇ ਮੇਰੇ ਦੇਸ਼ ਦੀਏ ਸਰਕਾਰੇ। ਕਰਦੇ ਵਿਕਾਸ ਦਰ ਦਸ ਪ੍ਰਤੀਸ਼ਤ। ਸਰਕਾਰੀ ਸਕੂਲ ਬੰਦ, ਸਰਕਾਰੀ ਹਸਪਤਾਲ ਬੰਦ। ਕਿਸੇ ਗਰੀਬ ਨੂੰ ਜਿਉਣ ਜੋਗਾ ਨਾ ਛੱਡਿਆ ਜਾਵੇ ਤਾਂ ਆਪੇ ਹੀ ਦੇਸ਼ ਦੀ ਦਸ ਪ੍ਰਤੀਸ਼ਤ ਵਿਕਾਸ ਦਰ ਹੋ ਜਾਣੀ ਹੈ। ਜਦੋਂ ਭੁੱਖ ਦਾ ਮਾਰਿਆ ਕੋਈ ਗ਼ਰੀਬ ਰਿਹਾ ਹੀ ਨਾ ਤਾਂ ਦੇਸ਼ `ਚੋਂ ਆਪੇ ਹੀ ਗ਼ਰੀਬੀ ਦਾ ਖ਼ਾਤਮਾ ਹੋ ਜਾਵੇਗਾ।
ਸਿਮਰਜੀਤ ਵਾਲ਼ੀ ਘਟਨਾ ਨੇ ਸਾਡੇ ਵਿਚਕਾਰ ਇਕ ਹੋਰ ਪਹਿਲੂ ਵੀ ਉਜਾਗਰ ਕੀਤਾ ਸੀ। ਉਹ ਇਹ ਕਿ ਇਹੋ ਜਿਹੀਆਂ ਘਟਨਾਵਾਂ ਦੇ ਕੋਈ ਇਕਾ ਦੁਕਾ ਕਾਰਨ ਨਹੀਂ। ਇਹ ਸਮੁੱਚੇ ਨਿਘਰੇ ਪ੍ਰਬੰਧ ਦਾ ਸਿੱਟਾ ਹਨ। ਇਸ ਪ੍ਰਬੰਧ ਦੇ ਵਿਰੁਧ ਇਕ ਵੱਡਾ ਲੋਕ ਉਭਾਰ ਪੈਦਾ ਕਰ ਕੇ ਹੀ ਸਮੁੱਚੇ ਸਿਸਟਮ `ਤੇ ਸੱਟ ਮਾਰਨ ਦੀ ਜ਼ਰੂਰਤ ਸੀ। ਸੋ ਸਿਮਰਜੀਤ ਵਾਲ਼ੀ ਇਸ ਘਟਨਾ ਨੂੰ ਲੋਕ ਉਭਾਰ ਪੈਦਾ ਕਰਨ ਵਜੋਂ ਲਿਆ ਜਾਣਾ ਚਾਹੀਦਾ ਸੀ। ਨਿੱਕੀਆਂ ਮੋਟੀਆਂ ਸਭ ਘਟਨਾਵਾਂ ਇਸ ਸਿਸਟਮ ਦੀ ਹੀ ਤਾਂ ਪੈਦਾਵਾਰ ਨੇ। ਮੀਟਿੰਗਾਂ ਵਿਚ ਇਸ ਕਿਸਮ ਦੀ ਚੇਤਨਾ ਦੇ ਪ੍ਰਚਾਰ ਉਪਰ ਵਧੇਰੇ ਜ਼ੋਰ ਦਿੱਤਾ ਜਾਣ ਲੱਗਿਆ ਸੀ।
ਉਸ ਵੇਲੇ ਮੈਂ ਵੇਖ ਰਹੀ ਸਾਂ ਕਿ ਬਲਵੰਤ ਕਿਵੇਂ ਜੋਸ਼ ਵਿਚ ਸੂਹੀ ਲਾਟ ਹੀ ਬਣਿਆ ਫਿਰਦਾ ਸੀ। `ਕੱਲਾ ਬਲਵੰਤ ਹੀ ਨਹੀਂ ਸਾਰੇ ਸਾਥੀ ਤੇ ਆਗੂ ਟੀਮ ਹੀ ਅੱਗ ਦੇ ਭਾਂਬੜ ਬਣੇ ਹੋਏ ਸਨ। ਉਸਨੇ ਉਸੇ ਵੇਲੇ ਅੱਡ ਅੱਡ ਜੱਥੇਬੰਦੀਆਂ ਦੇ ਆਗੂਆਂ ਦੀ ਐਕਸ਼ਨ ਕਮੇਟੀ ਬਣਾਉਣ ਦੀ ਰਾਇ ਰੱਖੀ। ਐਕਸ਼ਨ ਕਮੇਟੀ ਬਣ ਗਈ ਤੇ ਬਲਵੰਤ ਨੂੰ ਹੀ ਐਕਸ਼ਨ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ। ਆਗੂਆਂ ਨੇ ਆਪਣੀਆਂ ਤਕਰੀਰਾਂ ਵਿਚ ਕਿਹਾ ਕਿ ਪੁਲਿਸ ਕਿਸੇ ਵੇਲੇ ਵੀ ਗੁੰਡਿਆਂ ਨਾਲ ਨਰਮੀ ਵਰਤ ਸਕਦੀ ਹੈ। ਪੁਲਿਸ ਨੂੰ ਤਾਂ ਹੱਡ ਚਾਹੀਦਾ ਹੈ। ਗੁੰਡਾ ਟੋਲਾ ਬੋਟੀ ਸਿੱਟੂ ਈ ਸਿੱਟੂਗਾ ਤੇ ਪੁਲਿਸ ਵਾਲੇ ਉਹਦੇ `ਤੇ ਲਪਕਣਗੇ ਹੀ। ਝੂਠੀ ਮੂਠੀ ਜਿਹੀ ਪੜਤਾਲ ਕਰਕੇ ਗੁੰਡਿਆਂ ਨੂੰ ਛੱਡ ਦਿਤਾ ਜਾਊਗਾ, ਜੇ ਪੂਰੀ ਚੌਕਸੀ ਨਾਲ ਸੰਘਰਸ਼ ਨੂੰ ਅੱਗੇ ਨਾ ਵਧਾਇਆ ਗਿਆ ਤਾਂ। ”

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)