ਓਦਣ ਸ਼ਨਿਚਰਵਾਰ ਸੀ, ਸ਼ਾਇਦ! ਹਾਂ, ਸ਼ਨਿਚਰਵਾਰ ਹੋਵੇਗਾ। ਛੁੱਟੀ ਸੀ ਨਾ। ਨਹੀਂ ਸੱਚ; ਦਿੱਤੀ ਗਈ ਸੀ। ਨਹੀਂ ਤਾਂ ਇਹ ਘਟਨਾ ਕਿਉਂ ਵਾਪਰਦੀ। ਮੈਨੂੰ ਤਾਂ ਚਿੱਤ ਚੇਤਾ ਵੀ ਨਹੀਂ ਸੀ ਕਿ ਇਉਂ ਹੋ ਜਾਵੇਗਾ। ਮੈਂ ਡਰਿਆ ਨਹੀਂ, ਬੌਂਦਲ ਜ਼ਰੂਰ ਗਿਆ ਸਾਂ। ਤੇ ਬੌਂਦਲੇ ਹੋਏ ਬੰਦੇ ਨੂੰ ਤਿਥ-ਵਾਰ ਦਾ ਚੇਤਾ ਕਿੱਥੇ ਰਹਿੰਦੈ। ਹਾਲਾਤ ਈ ਅਜਿਹੇ ਸਨ। ਦਿਮਾਗ਼ ‘ਚ ਤਣਾਓ ਸੀ ਮੇਰੇ। ਤਣਾਓ ਤੇ ਧੁੰਦਲਾਪਣ। ਮੈਂ ਕੁੱਝ ਹੋਰ ਈ ਸੋਚ ਰਿਹਾ ਸਾਂ। ਕੀ ਸੋਚ ਰਿਹਾ ਸਾਂ? ਕੀ ਦੱਸਾਂ। ਚੁਪਾਸੇ ਦਹਿਸ਼ਤ ਸੀ। ਮਨ ਭਟਕਿਆ ਹੋਇਆ। ਉਸ ਸਮੇਂ ਜੋ ਮਿਲਦਾ ਇਹੀ ਕਹਿੰਦਾ “ਇਹ ਕੀ ਹੋ ਗਿਆ।” ਕਿੱਕਣ ਹੋ ਗਿਆ, ਇਹ ਕੋਈ ਨਹੀਂ ਸੀ ਕਹਿੰਦਾ। ਬੰਦਾ ਮਾਰਿਆ ਜਾਵੇ ਤਾਂ ਸਬਰ ਕਰ ਲਈਦਾ ਏ। ਸੁਰਤ ਮਾਰੀ ਜਾਵੇ ਤਾਂ ਕੋਈ ਕੀ ਕਰੇ? ਓਦੋਂ ਇਹੀ ਹੋਇਆ। ਮਾਰੀ ਗਈ ਸੁਰਤ। ਮਾਰੀ ਗਈ ਸੁਰਤ! ਤੇ ਤਿਥ – ਵਾਰ ਸਭ ਭੁੱਲ ਗਏ ਮੈਨੂੰ।
ਹੁਣ ਮੁੜ ਰਹੀ ਹੈ, ਸੁਰਤ। ਹੌਲੀ-ਹੌਲੀ। ਘਟਨਾਵਾਂ ਯਾਦ ਆ ਰਹੀਆਂ ਨੇ। ਇੱਕ ਇੱਕ ਕਰਕੇ। ਮਨ ਪੂਰੀ ਤਰ੍ਹਾਂ ਠੀਕ ਨਹੀਂ ਆਖਿਆ ਜਾ ਸਕਦਾ। ਅਸ਼ਾਂਤ ਹੈ ਅਜੇ। ਇੱਕ ਮਿੰਟ………ਇਕ ਮਿੰਟ ਰੁਕੋ! ਅਸਲੀ ਗੱਲ ‘ਤੇ ਆ ਰਿਹਾਂ………। ਅਸਲੀ ਗੱਲ।
ਨਵੰਬਰ ਦਾ ਮਹੀਨਾ ਸੀ। ਚੜ੍ਹਿਆ ਹੀ ਸੀ ਅਜੇ। ਪਹਿਲਾ ਹਫ਼ਤਾ। ਹਫ਼ਤੇ ਦਾ ਪਹਿਲਾ ਦਿਨ। ਦੋ ਜਾਂ ਤਿੰਨ ਤਰੀਕ। ਦਿਨ ਸ਼ਨਿਚਰਵਾਰ ਹੀ ਸੀ। ਸ਼ਨਿਚਰ ਦੀ ਰਾਤ। ਜਦੋਂ ਇਹ ਮੰਦਭਾਗੀ ਘਟਨਾ ਵਾਪਰੀ।
ਸ਼ਹਿਰ ‘ਚ ਦੰਗੇ ਭੜਕ ਉੱਠੇ ਸਨ। ਇੱਕ ਔਰਤ ਦਾ ਕਤਲ ਕੀ ਹੋਇਆ! ਕਤਲ, ਕਤਲ, ਕਤਲ……ਕਤਲ ਹੋਣ ਲੱਗ ਪਏ। ਬੱਸ ਹੋ ਗਿਆ, ਕਤਲੇਆਮ ਆਰੰਭ! ਅੰਦਰੂਨੀ ਸੁਰੱਖਿਆ ਦੀ ਜ਼ਿੰਮੇਂਵਾਰੀ ਭਾਵੇਂ ਪੁਲਿਸ ਦੀ ਸੀ ਪਰ ਸਾਨੂੰ ਅਲਰਟ ਰਹਿਣ ਦਾ ਆਦੇਸ਼ ਹੋ ਗਿਆ। ਤੇ ਹੋ ਗਏ ਅਸੀਂ ਅਲੱਰਟ! ਕੀ ਪਤਾ ਕਦੋਂ ਕੀ ਹੁਕਮ ਹੋ ਜਾਵੇ। ਦੋ ਦਿਨ ਬੀਤ ਗਏ। ਕੋਈ ਆਦੇਸ਼ ਨਹੀਂ। ਆਦੇਸ਼ ਨਹੀਂ ਤਾਂ ਕੋਈ ਐਕਸ਼ਨ ਨਹੀਂ। ਐਕਸ਼ਨ ਨਹੀਂ ਤਾਂ ਦੰਗੇ ਜਾਰੀ। ਅਸੀਂ ਜਬਤ ਦੇ ਬੰਨ੍ਹੇ ਹੋਏ ਸਾਂ। ਅਜੀਬ ਆਵਾਜਾਰੀ ਦੇ ਦਿਨ ਸਨ। ਸਾਲਾ! ਦਿਨ ਰਾਤ ਜਗਰਾਤਾ।
ਤੀਜੇ ਦਿਨ ਆਥਣੇ ਕਾਲ ਆਈ। ਆਦੇਸ਼ ਸੀ, “ਜਵਾਨ ਲੋਗ ਬੈਰਕ ਮੇਂ ਰਹੇਗਾ। ਅਫ਼ਸਰ ਸਾਹਿਬਾਨ, ਅਬ ਆਰਾਮ ਕਰੇਂ। ਟਿਲ ਫਰਦਰ ਆਰਡਰਜ਼।” ਇਹ ‘ਟਿਲ ਫਰਦਰ ਆਰਡਰਜ਼’ ਸਾਡੇ ਦਿਮਾਗ਼ਾਂ ‘ਚ ਹਥੌੜੇ ਵਾਂਗ ਵੱਜ ਰਹੇ ਸਨ। ‘ਟਿਲ ਫ਼ਰਦਰ ਆਰਡਰਜ਼……।’
ਮੰੈਂ ‘ਸੁਚੇਤ ਰਹਿ’ ਆਰਾਮ ਕਰਨ ਵਾਸਤੇ ਕੋਠੀ ਚਲਾ ਗਿਆ। ਡੀਫ਼ੈਂਸ ਕਾਲੋਨੀ ‘ਚ। ਇਹ ਇਲਾਕਾ ਖ਼ਤਰੇ ਤੋਂ ਬਾਹਰ ਸੀ। ਸਾਡੇ ਫ਼ੌਜੀਆਂ ਲਈ ‘ਖ਼ਤਰੇ ਤੋਂ ਬਾਹਰ’ ਦੇ ਉਂਝ ਕੋਈ ਅਰਥ ਨਹੀਂ ਹੁੰਦੇ। ‘ਟਿਲ ਫਰਦਰ ਆਰਡਰਜ਼’ ‘ਚ ਆਰਾਮ ਦੇ ਕਿਆ ਮਾਅਨੇ? ਖ਼ੈਰ! ਅਸੀਂ ਅਜਿਹੇ ਆਦੇਸ਼ਾਂ ਦੇ ਆਦੀ ਹੋ ਚੁੱਕੇ ਹਾਂ। ਸੋ ਕਾਹਦਾ ਤਕਰਾਰ ਤੇ ਕੀ ਗਿਲਾ! ਸਾਲੇ! ਇਹ ਸ਼ਬਦ ਨੇ ਨਾ ‘ਕਿਉਂ’ ‘ਕਿਵੇਂ’ ‘ਕਿੰਤੂ’ ‘ਪਰੰਤੂ’। ਇਹ ਸਾਡੀਆਂ ਡਿਕਸ਼ਨਰੀਆਂ ‘ਚ ਹੈ ਈ ਨਹੀਂ।
ਤੀਮੀਂ ਮੇਰੀ ਤੇ ਬੱਚੇ ਬਾਹਰ ਗਏ ਹੋਏ ਸਨ। ਸਭ ਦੇ ਸਭ। ਘਰ ‘ਚ ਮੈਂ ਇਕੱਲਾ। ਪੂਰੇ ਇੱਕ ਮਹੀਨੇ ਤੋਂ। ਖਾਂਦਾ ਪੀਂਦਾ। ਸੌਂ ਜਾਂਦਾ। ਹੋਰ ਕੀ ਕਰਦਾ? ਪਰੇਡ! ਬਥੇਰੀ ਹੋਗੀ। ਟੇਕ ਤਾਂ ਪਹਿਲਾਂ………ਇਹ ਪਹਿਲਾਂ, ਪਿੱਛੋਂ ਦੀਆਂ ਗੱਲਾਂ ਛੱਡੋ। ਬੱਸ ਪੈ ਗਿਆ ਵਿਘਨ। ਪਿਛਲੇ ਦਿਨੀਂ। ਚੰਗੀ ਮਰੀ! ਕਿਤੇ ਵੀ ਟੇਕ ਨਹੀਂ। ਦਿਨ ਰਾਤ ਅਲੱਰਟ। ਤੇ ਉਤੋਂ ਸਾਲਾ! ਇਹ ‘ਟਿਲ ਫ਼ਰਦਰ ਆਰਡਰਜ਼।’
ਮੈਂ ਮੇਜਰ ਵੀ ਕੇ ਮਲਹੋਤਰਾ ਨੂੰ ਟੈਲੀਫੋਨ ਕੀਤਾ, “ਹੈਲੋ ਮੇਜਰ ਚੱਢਾ, ਦਿਸ ਸਾਈਡ……ਹੈਲੋ! …ਹਾਂ…ਹਾਂ, ਮਾਈ ਸੈਲਫ……ਉਹ ਨੋ! ਕਮ ਆਨ, ਯਾਰ! ਰਾਤ ਕੱਟਣੀ ਐ……ਦੋ ਘੜੀਆਂ ਬੈਠਾਂਗੇ……ਆਹੋ, ਮੇਜਰ ਦੁੱਬੇ ਨੂੰ ਵੀ ਲੈਂਦਾ ਆਵੀਂ……ਬੱਸ, ਤੁਸੀਂ ਆ ਜੋ……ਮੈਂ ਇਕੱਲਾ ਬੋਰ ਹੋ ਰਿਹਾਂ, ਯਾਰ! ਯੈੱਸ……ਟਿਲ ਫ਼ਰਦਰ ਆਰਡਰਜ਼’!”
ਹੱਸਦਿਆਂ ਮੈਂ ਟੈਲੀਫ਼ੋਨ ਦਾ ਚੋਂਗਾ ਰੱਖ ਦਿੱਤਾ।
ਥੋੜ੍ਹੀ ਦੇਰ ਬਾਅਦ ਉਹ ਦੋਵੇਂ ਆ ਗਏ। ਮੇਜਰ ਵੀ ਕੇ ਮਲਹੋਤਰਾ ਅਤੇ ਪੀ ਆਰ ਦੁਬੇ। ਦੋਵੇਂ ਮਿੱਤਰ ਨੇ ਇਹ। ਦੋਵੇਂ ਛੜੇ ਛਾਂਟ। ਸਾਡੀ ਤਿੰਨਾਂ ਦੀ ਢਾਣੀ ‘ਤਿਕੜੀ’ ਦੇ ਨਾਂ ਨਾਲ ਮਸ਼ਹੂਰ ਹੈ। ਦੋ ਹੋਰ ਮਿੱਤਰ ਮੈਂ ਆਪਣੇ ਗੁਆਂਢੋਂ ਬੁਲਾ ਲਏ।
ਸ਼ਾਮਾਂ ਤਾਂ ਪਹਿਲਾਂ ਵੀ ਅਕਸਰ ਅਸੀਂ ਤਿੰਨੇ ਪਹਿਲਾਂ ਇਕੱਠੇ ਗੁਜ਼ਾਰਦੇ ਸਾਂ। ਪਰ ਇਹ ਸ਼ਾਮ ਕੁੱਝ ਵੱਖਰੀ ਸੀ। ਘੁੱਟੀ ਵੱਟੀ, ਸਾਲੀ। ਪੰਜ ਜਣੇ ਅਸੀਂ, ਦੋ ਦੋ ਪੈੱਗ ਲੈ, ਕੋਠੇ ਦੀ ਛੱਤ ‘ਤੇ ਚਲੇ ਗਏ। ਅਜੇ ਅਸੀਂ ਖੜੇ ਹੀ ਸਾਂ ਕਿ ਮੈਨੂੰ ਧੱਕਾ ਜਿਹਾ ਲੱਗਿਆ। ਡਿੱਗਣ ਲੱਗਾ ਹੀ ਸਾਂ ਕਿ ਬੰਨੀ ਨੂੰ ਹੱਥ ਪੈ ਗਏ। ਮਲਹੋਤਰਾ ਨੇ ਪੁੱਛਿਆ, “ਕੀ ਹੋਇਆ?” ਮੇਰੇ ਮੂੰਹੋਂ ਨਿਕਲਿਆ, “ਭੁਚਾਲ! ਭੁਚਾਲ ਆ ਗਿਆ।” ਮੈਂਨੂੰ ਕੋਠੀ ਦੀ ਛੱਤ ਅਜੇ ਵੀ ਹਿਲਦੀ ਲੱਗੀ। ਮੇਜਰ ਦੁੱਬੇ ਰੋਣ ਵਾਂਗ ਹੱਸਿਆ; ਬੋਲਿਆ, “ਓ ਨੋ! ਦਿਸ ਕਾਂਟ ਹੈਪਨ! ! ਤੁਮ੍ਹਾਰਾ ਵਹਮ ਹੈ…ਸ਼ੀਅਰ ਇਲੀਯੂਜ਼ਨ! ਬੀ ਸਟੈਡੀ ਮੈਨ, ਡੋਂਟ ਲੂਜ਼ ਹਾਰਟ! !”
ਦੂਜੇ ਉੱਖੜੇ ਉੱਖੜੇ ਸਾਨੂੰ ਦੇਖਦੇ ਰਹੇ।
ਸ਼ਹਿਰ ‘ਚੋਂ ਅੱਗ ਦੇ ਲਾਂਬੂ ਉੱਠ ਰਹੇ ਸਨ।
ਅਸੀਂ ਓਥੇ ਬਹੁਤਾ ਚਿਰ ਖੜੇ ਨਾ ਰਹਿ ਸਕੇ। ਪੌੜੀਆਂ ਉੱਤਰੇ। ਤੇ ਅੰਦਰ ਆ ਕੇ ਬੈਠ ਗਏ। ਹੌਲੀ, ਕਾਹਲੀ ਪੀਣ ਲੱਗੇ। ਸਾਡੇ ਪੰਜਾਂ ‘ਚੋਂ ਕੋਈ ਇੱਕ ਅੱਧ ਗੱਲ ਛੇੜਦਾ ਤਾਂ ਦੂਜੇ ‘ਹੂੰ’ ‘ਹਾਂ’ ਕਹਿ ਫੇਰ ਚੁੱਪ ਹੋ ਜਾਂਦੇ। ਕੋਈ ਢਬ ਸਿਰ ਦੀ ਗੱਲ ਨਹੀਂ ਸੀ ਤੁਰ ਰਹੀ। ਬੱਸ ਚੁੱਪ ਦਾ ਪਹਿਰਾ ਸੀ। ਮੈਨੂੰ ਲੱਗਿਆ ਜਿਵੇਂ ਅਸੀਂ ਵਿਸਕੀ ਨਹੀਂ ‘ਚੁੱਪ’ ਪੀ ਰਹੇ ਹਾਂ। ਇਉਂ ਪਹਿਲੀ ਵੇਰਾਂ ਹੋ ਰਿਹਾ ਸੀ। ਦਾਰੂ ਵੀ ਨਹੀਂ ਸੀ ਚੜ੍ਹ ਰਹੀ, ਸਾਲੀ। ਉਸ ਸਮੇਂ, ਸਮੇਂ ਨੇ ਵੀ ਕੀ ਰੌਲਾ ਪਾਉਣਾ ਸੀ? ਬੱਸ, ਸੂਈਆਂ ਸਰਕਦੀਆਂ ਰਹੀਆਂ………ਦਸ………ਸਾਢੇ ਦਸ………ਗਿਆਰਾਂ। ………। ਅਲਾਰਮ ਲਾ ਦੇਣਾ ਚਾਹੀਦੈ। ਮੈਂ ਸੋਚ ਰਿਹਾ ਸਾਂ।
ਅਚਾਨਕ ਦਰਵਾਜ਼ੇ ਦੀ ਘੰਟੀ ਵੱਜੀ। ਬਹੁਤ ਹੀ ਹੌਲੀ ਜਿਹੀ। ਫੇਰ ਇੱਕ ਪਲ ਸੱਨਾਟਾ। ਘੰਟੀ ਫੇਰ ਵੱਜੀ।
ਮੈਂ ਘਬਰਾ ਕੇ ਦਰਵਾਜ਼ੇ ਵੱਲ ਵਧਿਆ। ਪੁੱਛਿਆ, “ਕੌਣ?” ਬਾਹਰੋਂ ਕੋਈ ਨਾ ਬੋਲਿਆ। ਮੈਂ ਫੇਰ ਕਿਹਾ, “ਕੌਣ ਐਂ, ਬਈ?” “ਮੈਂ ਜੀ, ਮੱਖਣ……ਮੱਖਣ ਸਿਹੁੰ………ਬੂਹਾ ਤਾਂ ਖੋਲ੍ਹੋ, ਸ੍ਹਾਅਬ ਜੀ!” ਆਵਾਜ਼ ਦਬਵੀਂ ਸੀ। ਪਰ ਮੈਂ ਪਛਾਣ ਲਈ। ਸਾਡਾ ਪਹਿਲਾ ਨੌਕਰ ਸੀ। ਮਖਣੀ।
“ਐਸ ਵੇਲੇ!” ਕਹਿ ਮੈਂ ਦਰਵਾਜ਼ਾ ਖੋਲ੍ਹ ਦਿੱਤਾ। ਉਹ ਬਾਹਰ ਖੜ੍ਹਾ ਸੀ। ਨਾਲ ਇੱਕ ਔਰਤ। ਅਧਖੜ ਜਿਹੀ। ਮੈਂ ਇਸ਼ਾਰੇ ਨਾਲ ਉਹਨਾਂ ਨੂੰ ਅੰਦਰ ਬੁਲਾ ਲਿਆ। ਪਹਿਲਾਂ ਮਖਣੀ ਵੜਿਆ ਅੰਦਰ। ਮਗਰ ਮਗਰ ਔਰਤ। ਦੋਵੇਂ ਕੰਬ ਰਹੇ ਸਨ। ਖ਼ਿਆਲ ਆਇਆ, ਬਾਹਰ ਤਾਂ ਹਨੇਰੀ ਝੁੱਲੀ ਹੋਈ ਸੀ। ਕਹਿਰ ਦਾ ਠੱਕਾ। ਤੁਰਤ ਬੂਹਾ ਭੇੜ ਦਿੱਤਾ ਮੈਂ। ਬੂਹਾ ਵੱਜਿਆ ਤਾਂ ਔਰਤ ਤ੍ਰਬਕ ਕੇ ਕੰਧ ਨਾਲ ਜਾ ਲੱਗੀ। ਇੱਕ ਨਜ਼ਰ ਝਾਕੀ ਉਹ ਮੇਰੇ ਵੱਲ। ਫ਼ੇਰ ਨੀਵੀਂ ਪਾਈ ਖੜ੍ਹੀ ਰਹੀ। ਮੇਰੀ ਨਿਗਾਹ ਰਤਾ ਕੁ ਟਿਕੀ ਤਾਂ ਮੈਂ ਦੇਖਿਆ: ਭਰ ਮੁਟਿਆਰ ਸੀ। ਦੇਖਣੀਂ ਪਾਖਣੀਂ ਰੂਪਵਤੀ। ਚਿਹਰਾ ਗੋਲ। ਥੋੜ੍ਹਾ ਲੰਬੂਤਰਾ। ਠੋਡੀ ‘ਤੇ ਤਿਲ। ਰੰਗ ਪੀਲਾ ਭੂਕ। ਫੱਕ ਹੋਇਆ। ਉੱਡਿਆ ਉੱਡਿਆ। ਉਂਝ ਉਹਦੇ ਸਮੁੱਚੇ ਆਪੇ ‘ਚੋਂ ਸਵੈਮਾਣ ਦੀ ਝਲਕ ਪੈ ਰਹੀ ਸੀ ਜੋ ਦਰਮਿਆਨੇ, ਸਾਊ ਤੇ ਭਲੇ ਘਰ ਦੀਆਂ ਸੁਆਣੀਆਂ ‘ਚ ਹੁੰਦੀ ਹੈ।
ਮੱਖਣ ਸਿੰਘ ਮੈਨੂੰ ਇੱਕ ਪਾਸੇ ਲਿਜਾ ਕੇ, ਹੌਲੀ ਜਿਹੀ ਬੋਲਿਆ, “ਸ੍ਹਾਅਬ ਜੀ, ਇਹਦਾ ਘਰ ਆਲਾ ਮਾਰਤਾ……ਨਾਲੇ ਇਹਦਾ ਮੁੰਡਾ। ਬਲਵੱਈਆਂ ਦੀ ਧਾੜ ਪੈਗੀ, ਟੁੱਟ ਕੇ ਸ੍ਹਾਅਬ……। ਇਹ ਕਿਮੇਂ ਨਾ ਕਿਮੇਂ ਬਚ ਕੇ ਆਗੀ, ਮੇਰੇ ਕੋਲ। ਓਥੇ ਖ਼ਤਰੈ ਜੀ……ਅਜੇ…ਪਰ ਮੇਰਾ ਬਚਾਓ ਹੋ ਗਿਆ- ਬੱਸ, ਬਚ ਗਿਆ!” ਉਹਨੇ ਆਪਣੇ ਉਲਝੇ ਪਟਿਆਂ ‘ਚ ਹੱਥ ਫੇਰਿਆ। ਇੱਕ ਬਿੰਦ ਮੁਰਦੇਹਾਣੀ ਪਸਰ ਗਈ……ਟੁੱਟੀ।
“ਮੈਂ ਇਹਨੂੰ ਏਥੇ ਤਾਂ ਲੈ ਆਇਆਂ, ਬਈ ਬਚ ਜੂ ਗੀ………ਥੋਡੇ ਹੁੰਦਿਆਂ ਕਿਸੇ ਦੀ ਹਿੰਮਤ ਈ ਨੀ ਪੈਣੀਂ……।” ਕਹਿੰਦਿਆਂ ਉਹਦਾ ਗੱਚ ਭਰ ਗਿਆ। ਤੇ ਫੇਰ ਅੱਖਾਂ ‘ਚੋਂ ਹੰਝੂ ਆਪ ਮੁਹਾਰੇ ਵਹਿ ਤੁਰੇ।
“ਅੱਛਾ ਕੀਆ, ਅੱਛਾ ਕੀਆ” ਕਹਿਣ ਨੂੰ ਤਾਂ ਮੈਂ ਕਹਿ ਦਿੱਤਾ। ਪਰ ਅੰਦਰੋਂ ਸ਼ਸ਼ੋਪੰਜ ‘ਚ ਪੈ ਗਿਆ। ਮੈਨੂੰ ਆਪਣੇ ਆਪ ‘ਤੇ ਗੌਰਵ ਵੀ ਹੋਇਆ ਕਿ ਮੱਖਣ ਸਿੰਘ ਨੇ ਮੇਰੇ ‘ਤੇ ਵਿਸ਼ਵਾਸ ਕੀਤਾ। ਉਹਦੇ ਇਸ ਵਿਸ਼ਵਾਸ ਨੂੰ ਮੈਂ ਕਿਵੇਂ ਤੋੜ ਦਿੰਦਾ? ਜਦੋਂ ਕੋਈ ਇਉਂ ਸ਼ਰਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ