ਅਚਾਨਕ ਜੇ ਛਿੱਕ ਆਈ,ਮੈਨੂੰ ਮਾਂ ਦਾ ਚੇਤਾ ਆਇਆ,ਖਿਆਲ ਆਇਆ ,ਮਾਂ ਹੀ ਯਾਦ ਕਰਦੀ ਹੋਣੀ,ਪਰ ਮਾਂ ਮੈਨੂੰ ਹੁਣ ਕਿਉਂ ਯਾਦ ਕਰੁਗੀ, ਹੁਣ ਮੈਂ ਮਾਂ ਦੀ ਕੀ ਲੱਗਦੀ ਹਾਂ,ਹੁਣ ਤਾਂ ਉਹ ਮੈਨੂੰ ਆਪਣੀ ਧੀ ਵੀ ਨਹੀਂ ਮੰਨਦੇ ਹੋਣਗੇ, ਉਹ ਹੁਣ ਮੈਨੂੰ ਕਿਉਂ ਯਾਦ ਕਰਨਗੇ , ਕੀ ਪਤਾ ਮਾਂ ਫਿਰ ਵੀ ਕਿਸੇ ਬਹਾਨੇ ਯਾਦ ਕਰਦੀ ਹੋਵੇ,ਮਾਂ ਦੇ ਤਾਂ ਮੈਂ ਕਾਲਜੇ ਦੀ ਆਂਦਰ ਹਾਂ,ਹਾਏ ਮਾਂ ਨੂੰ ਕਿਨਾਂ ਦੁੱਖ ਹੋਇਆ ਹੋਵੇਗਾ ,ਜਦੋਂ ਮੈਂ ਘਰੋਂ ਭੱਜ ਕੇ ਚੰਦਨ ਨਾਲ ਆ ਗਈ ਸੀ, ਮਾਂ ਮੈਨੂੰ ਕਿੰਨਾ ਪਿਆਰ ਕਰਦੀ ਸੀ,ਚੰਦਨ ਨੇ ਮੇਰੇ ਦਿਮਾਗ ਨੂੰ ਪਤਾ ਨਹੀਂ ਕੀ ਕਰ ਦਿੱਤਾ ਸੀ, ਕੀ ਸਭ ਦਾ ਪਿਆਰ ਮੇਰੇ ਸਾਹਮਣੇ ਫਿੱਕਾ ਪੈ ਗਿਆ ਸੀ, ਮਾਂ ਨੇ ਮੈਨੂੰ ਕਦੇ ਚਿੜਕਿਆ ਤੱਕ ਨਹੀਂ ਸੀ, ਮੈਨੂੰ ਕਿੰਨੇ ਲਾਡਾਂ ਨਾਲ ਪਾਲਿਆ ਸੀ,
ਸੋਚ ਦੀ,ਸੋਚ ਦੀ…ਮੀਤੋ, ਡੂੰਘੀਆਂ ਸੋਚਾਂ ਵਿੱਚ ਚੱਲੀ ਗਈ, ਫਿਰ ਯਾਦ ਆਇਆ ਕਿ ਇੱਕ ਵਾਰ ਵੀਰੇ ਨੇ ਖੇਡਦੇ ਨੇ ਗੁਲੇਲ ਨਾਲ ਰੋੜਾ ਮਾਰਿਆ ਸੀ ਤੇ ਮੈਂ ਉੱਚੀ ਉੱਚੀ ਰੋਣ ਦਾ ਨਾਟਕ ਕੀਤਾ ਸੀ,ਸੱਟ ਥੋੜੀ ਸੀ ਮੈਂ ਰੋਲਾ ਜ਼ਿਆਦਾ ਪਾ ਦਿੱਤਾ ਸੀ, ਮੈਨੂੰ ਰੋਂਦੀ ਦੇਖ ਕੇ ਮਾਂ ਭੱਜੀ ਆਈ , ਵੇ ਔਤਰਿਆ ਕੀ ਕਰ ਦਿੱਤਾ ਕੁੜੀ ਨੂੰ… ਮਾਂ ਆਵਦੀ ਚੁੰਨੀ ਦੀ ਲੀਰ ਪਾੜ ਕੇ ਮਸ਼ੀਨ ਦੇ ਤੇਲ ਦਾ ਫੰਬਾ ਭਰ ਕੇ ਮੇਰੀ ਪੱਟੀ ਕਰ ਦਿੱਤੀ,ਮਾਂ ਨੇ ਮੈਨੂੰ ਗੋਦੀ ਚ ਲੈ ਕੇ ਪਿਆਰ ਨਾਲ ਵਰਾਇਆ ਸੀ,ਅੱਖਾਂ ਵਿਚੋਂ ਅੱਥਰੂ ਡੇਗ ਦੀ ਮਾਂ ਵੀਰ ਨੂੰ ਬੁਰਾ ਭਲਾ ਬੋਲ ਰਹੀ ਸੀ,ਵੇ ਕੰਜਰਾਂ ਜੇ ਕੁੜੀ ਦੀ ਅੱਖ ਮੂੰਹ ਚ ਵੱਜਦਾ ਕੁੜੀ ਬਜੋਬੱਤੀ ਕਰ ਦਿੰਦਾ ,ਦੱਸ ਕੋਣ ਲੈਂਦਾ ਆਝੀਂ ਕੁੜੀ ਨੂੰ, ਮਾਂ ਕਿੰਨਾ ਚਿਰ ਗੁੱਸੇ ਚ ਵੀਰੇ ਨੂੰ ਅਵਾ ਤਵਾ ਬੋਲਦੀ ਰਹੀ, ਹੋਰਾਂ ਮਾਵਾਂ ਦੇ ਅੱਖਾਂ ਦੇ ਤਾਰੇ ਸ਼ਾਇਦ ਮੁੰਡੇ ਹੁੰਦੇ ਹੋਣਗੇ, ਪਰ ਮੈਂ ਮੇਰੀ ਦੀ ਧੀ ਹੀ ਅੱਖ ਦਾ ਤਾਰਾ ਸੀ,ਮੀਤੋ ਜਦੋਂ ਗਿਆਰਵੀਂ ਜਮਾਤ ਵਿੱਚ ਪੜ੍ਹਦੀ ਸੀ ,ਉਦੋਂ ਬਹੁਤ ਸੋਹਣੀ ਸੁਨੱਖੀ ਮੁਟਿਆਰ ਸੀ,ਮੀਤੋ ਦੇ ਆਪਣੇ ਘਰਦੇ ਹੀ ਮੀਤੋ ਨੂੰ ਇੰਨਾ ਪਿਆਰ ਕਰਦੇ ਸੀ, ਕਿ ਉਸ ਨੂੰ ਕਦੇ ਕਿਸੇ ਗੱਲ ਦੀ ਕਮੀਂ ਮਹਿਸੂਸ ਨਹੀਂ ਹੋਈ,ਪਰ ਜਦੋਂ ਜਵਾਨੀ ਚੜ੍ਹਦੀ ਹੈ ਤਾਂ ਉਹ ਹਾਣ ਜ਼ਰੂਰ ਭਾਲਦੀ ਹੈ।
ਮੀਤੋ ਦੀ ਜ਼ਿੰਦਗੀ ਦੀ ਕਹਾਣੀ ਵੀ ਕੁਝ ਇਸ ਤਰ੍ਹਾਂ ਹੀ ਬਣ ਗਈ, ਮੀਤੋ ਦਾ ਸਕੂਲ ਘਰ ਤੋਂ ਦੋ ਕਿਲੋਮੀਟਰ ਦੂਰ ਸੀ,ਮੀਤੋ ਰੋਜ਼ ਇੱਕਲੀ ਹੀ ਸਕੂਲ ਜਾਇਆ ਕਰਦੀ ਸੀ, ਅਚਾਨਕ ਇੱਕ ਮੁੰਡਾ ਰੋਜ਼ ਉਸ ਦਾ ਰਾਹ ਰੋਕ ਕੇ ਖੜਨ ਲੱਗ ਪਿਆ ਸੀ,ਮੀਤੋ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਸੀ,ਇੱਕ ਦੋ ਵਾਰ ਤਾਂ ਉਸ ਨੇ ਸੋਚਿਆ ਕੀ ਉਹ ਆਪਣੇ ਘਰ ਇਹ ਗੱਲ ਦੱਸ ਦੇਵੇ,ਪਰ ਉਹ ਚੁੱਪ ਰਹੀ ਕਿਉਂਕਿ ਉਸ ਨੂੰ ਇਹ ਸੀ ਕਿ ਉਸ ਦੇ ਘਰਦੇ ਯਕੀਨ ਨਹੀਂ ਕਰਨਗੇ,ਹੋ ਸਕਦਾ ਉਸ ਨੂੰ ਪੜਨੋਂ ਵੀ ਹਟਾ ਲੈਣ,ਇੱਕ ਮਹੀਨੇ ਤੱਕ ਉਹ ਮੁੰਡਾ ਆਉਂਦਾ ਰਿਹਾ,ਪਰ ਅਚਾਨਕ ਜੇ ਉਹ ਮੁੰਡਾ ਆਉਣੋਂ ਹੱਟ ਗਿਆ,ਮੀਤੋ ਭਾਵੇਂ ਉਹਨੂੰ ਨਫ਼ਰਤ ਹੀ ਕਰਦੀ ਸੀ, ਪਰ ਜਿਸ ਦਿਨ ਉਹ ਨਾ ਆਇਆ ਮੀਤੋ ਨੂੰ ਅਜੀਬ ਲੱਗਿਆ,ਮੀਤੋ ਨੇ ਸੋਚਿਆ ਚੱਲ ਕੋਈ ਕੰਮ ਹੋ ਗਿਆ ਹੋਊ,ਜਦ ਕੁਝ ਦਿਨ ਉਹ ਮੁੰਡਾ ਨਾ ਆਇਆ ਤਾਂ ਮੀਤੋ ਦੇ ਦਿਲ ਨੂੰ ਕਮੀਂ ਮਹਿਸੂਸ ਹੋਣੀ ਸ਼ੁਰੂ ਹੋ ਗਈ,ਜਦ ਇੱਕ ਮਹੀਨੇ ਤੱਕ ਨਾ ਆਇਆ ਤਾਂ ਮੀਤੋ ਦੀ ਹਾਲਤ ਬਿਗੜਨੀ ਸ਼ੁਰੂ ਹੋ ਗਈ,ਹਰ ਪਾਸੇ ਅੱਖਾਂ ਉਸ ਅਜਨਬੀ ਨੂੰ ਹੀ ਲੱਭਦੀਆਂ ਰਹਿੰਦੀਆਂ ਸਨ,ਨਾ ਮੀਤੋ ਨੂੰ ਹੁਣ ਭੁੱਖ ਲੱਗਦੀ ਸੀ ਨਾ ਪਿਆਸ,ਮੀਤੋ ਦੀ ਮਾਂ ਨੇ ਇੱਕ ਦਿਨ ਮੀਤੋ ਨੂੰ ਪੁੱਛਿਆ ਮੀਤੋ ਧੀਏ ਤੇਰਾ ਕੁਛ ਦੁੱਖਦੈ, ਨਹੀਂ ਮਾਂ ਕੁਝ ਨਹੀਂ ਦੁੱਖਦਾ , ਫਿਰ ਧੀਏ ਤੂੰ ਉਦਾਸ ਉਦਾਸ ਕਿਉਂ ਰਹਿਣੀ ਐ, ਤੈਨੂੰ ਹੱਸਦੀ ਖੇਡਦੀ ਨੂੰ ਕਿਸਦੀ ਨਜ਼ਰ ਲੱਗ ਗਈ,ਨਹੀਂ ਮਾਂ ਪੇਪਰ ਹੋਣ ਵਾਲੇ ਨੇ ਸਕੂਲ ਵਾਲੇ ਜ਼ਿਆਦਾ ਕੰਮ ਦਿੰਦੇ ਨੇ,ਬਸ ਮੈਂ ਕੰਮ ਕਰਦੀ ਰਹਿੰਦੀ ਹਾਂ,ਧੀਏ ਨਾ ਤੂੰ ਕੁਝ ਖਾਂਦੀ ਐ ਨਾ ਕੁਝ ਪੀਂਦੀ ਐ,ਬਸ ਸਾਰਾ ਦਿਨ ਅੰਦਰ ਹੀ ਵੜੀ ਰਹਿੰਦੀ ਐ,ਨਹੀਂ ਮਾਂ ਮੈਂ ਠੀਕ ਹਾਂ ਕੰਮ ਬਸ ਜ਼ਿਆਦਾ ਹੈ ਇਸ ਲਈ ਅੰਦਰ ਬੈਠੀ ਰਹਿੰਦੀ ਹਾਂ,ਮੀਤੋ ਨੇ ਗੱਲ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ,ਮਾਂ ਨੇ ਫਿਰ ਕਿਹਾ ਧੀਏ ਜੇ ਕੋਈ ਦੁੱਖ ਹੈ ਤਾਂ ਦੱਸ ਮੈਂ ਤੈਨੂੰ ਦੁੱਖੀ ਨਹੀਂ ਦੇਖ ਸਕਦੀ, ਨਹੀਂ ਮਾਂ ਕੋਈ ਗੱਲ ਨਹੀਂ।ਬਸ ਪੇਪਰਾਂ ਦਾ ਫ਼ਿਕਰ ਹੈ,ਠੀਕ ਐ ਧੀਏ,ਮਾਂ ਉੱਠ ਕੇ ਚੱਲੀ ਗਈ, ਮੀਤੋ ਦਾ ਧਿਆਨ ਫਿਰ ਚੰਦਨ ਚ ਚੱਲਿਆ ਗਿਆ,ਚੰਦਨ ਕਿਵੇਂ ਹੋਵੇਗਾ ਕਿਥੇ ਹੋਵੇਗਾ,ਉਹ ਹੁਣ ਕਿਉਂ ਨਹੀਂ ਆਉਦਾ,ਕਿੱਥੇ ਚੱਲਿਆ ਗਿਆ,ਕਿਤੇ ਚੰਦਨ ਨੂੰ ਕੁਝ ਹੋ ਤਾਂ ਨਹੀਂ ਗਿਆ,ਨਹੀਂ ਨਹੀਂ ਮੀਤੋ ਇਦਾਂ ਮਾੜਾ ਨਾ ਸੋਚ,ਮੀਤੋ ਨੇ ਖੁਦ ਨੂੰ ਹੀ ਕਿਹਾ,ਸੁੱਖ ਰੱਖੀਂ ਰੱਬਾ,ਚੰਦਨ ਠੀਕ ਹੋਵੇ,ਮੈਂ ਹੁਣ ਚੰਦਨ ਬਿਨਾਂ ਨਹੀਂ ਜੀਅ ਸਕਾਂਗੀ,ਮੀਤੋ ਰੋਜ਼ ਸਕੂਲ ਜਾਂਦੀ ਤੇ ਰੋਜ਼ ਰਾਸਤੇ ਚ ਚੰਦਨ ਦਾ ਇੰਤਜ਼ਾਰ ਕਰਦੀ ਰਹਿੰਦੀ,ਚੰਦਨ ਨੂੰ ਦੇਖਿਆ ਦੋ ਮਹੀਨੇ ਹੋ ਗਏ ਸੀ ,ਮੀਤੋ ਪਾਗਲਾਂ ਤਰ੍ਹਾਂ ਬਰਤਾਵ ਕਰਨ ਲੱਗ ਗਈ ਸੀ,ਇੱਕ ਦਿਨ ਅਚਾਨਕ ਮੀਤੋ ਸਕੂਲ ਜਾ ਰਹੀ ਸੀ,ਹੁਣ ਮੀਤੋ ਨੇ ਚੰਦਨ ਦੀ ਆਸ ਛੱਡ ਦਿੱਤੀ ਸੀ,ਮੀਤੋ ਆਪਣੇ ਧਿਆਨ ਚ ਤੁਰੀ ਜਾ ਰਹੀ ਸੀ, ਅਚਾਨਕ ਚੰਦਨ ਉਸ ਦੇ ਰਾਸਤੇ ਚ ਆ ਖੜਾ ਹੋ ਗਿਆ, ਮੀਤੋ ਨੂੰ ਯਕੀਨ ਹੀ ਨਹੀਂ ਆ ਰਿਹਾ ਸੀ ,ਕਿ ਚੰਦਨ ਉਸ ਦੇ ਸਾਹਮਣੇ ਹੈ,ਮੀਤੋ ਨੇ ਚੰਦਨ ਨੂੰ ਗੁੱਸਾ ਦਿਖਾਉਦੇ ਕਿਹਾ ਕਿ ਤੂੰ ਕਿੱਥੇ ਚਲਿਆ ਗਿਆ ਸੀ, ਤੈਨੂੰ ਮੇਰਾ ਆਉਣਾ ਪਸੰਦ ਨਹੀਂ ਸੀ ਤੇ ਮੈਂ ਆਉਣਾ ਬੰਦ ਕਰ ਦਿੱਤਾ,ਅੱਛਾ ਮੈਂ ਕਦ ਮਨਾ ਕੀਤਾ। ਰੋਜ਼ ਤਾਂ ਗਾਲਾਂ ਦਿੰਦੀ ਸੀ, ਮੈਂ ਆਉਣੋਂ ਹੱਟ ਗਿਆ ਸੀ। ਚੰਗਾ ਹੁਣ ਰੋਜ਼ ਆ ਜਾਇਆ ਕਰ, ਮੈਂ ਤੈਨੂੰ ਰੋਜ਼ ਯਾਦ ਕਰਦੀ ਸੀ ਤੇ ਰੋਜ਼ ਉਡੀਕਦੀ ਸੀ, ਤੇਰੇ ਬਿਨਾਂ ਮੈਂ ਬਹੁਤ ਬੇਚੈਨ ਰਹਿਣ ਲੱਗ ਗਈ ਸੀ, ਤੈਨੂੰ ਰੋਜ਼ ਉਡੀਕਦੀ ਉਡੀਕਦੀ ਥੱਕ ਗਈ ਸੀ,ਪਰ ਤੂੰ ਨਾ ਆਇਆ ਹੁਣ ਤਾਂ ਮੈਂ ਤੇਰੀ ਆਸ ਵੀ ਛੱਡ ਦਿੱਤੀ ਸੀ,ਅੱਛਾ ਇੰਨੀ ਛੇਤੀ ਹਾਰ ਮੰਨ ਲਈ ਸੀ ਹਾਲੇ ਤਾਂ ਦੋ ਮਹੀਨੇ ਹੀ ਹੋਏ ਸੀ। ਕਿਉਂ ਤੂੰ ਖੁਦ ਇੱਕ ਮਹੀਨੇ ਚ ਹੀ ਹਾਰ ਮੰਨ ਲਈ ਸੀ,ਨਹੀਂ ਮੈਂ ਨਹੀਂ ਮੰਨੀ ਸੀ ਮੇਰੀ ਮਾਂ ਮਰ ਗਈ ਇਸ ਲਈ ਮੈਂ ਨਹੀਂ ਆ ਸਕਿਆ, ਅੱਛਾ ਇਦਾਂ ਮੰਮੀ ਨੂੰ ਕੀ ਹੋ ਗਿਆ, ਮੀਤੋ ਨੇ ਚੰਦਨ ਨੂੰ ਆਪਣਿਆਂ ਵਾਂਗ ਪੁੱਛਿਆ,ਕੁਝ ਨਹੀਂ ਬੱਸ ਅਚਾਨਕ ਜੇ ਉਲਟੀ ਆਈ ਤੇ ਅਸੀ ਪਿੰਡ ਦੇ ਡਾਕਟਰ ਤੋਂ ਦਵਾਈ ਲੈ ਲਈ, ਕੋਈ ਫ਼ਰਕ ਨਾ ਪਿਆ ਅਸੀ ਫਿਰ ਸ਼ਹਿਰ ਲੈ ਗੲੇ, ਸ਼ਹਿਰ ਵਾਲੇ ਡਾਕਟਰ ਨੇ ਮਾਂ ਦੋ ਦਿਨ ਰੱਖੀ,ਪਰ ਕੋਈ ਅਰਾਮ ਨਾ ਆਇਆ,ਫਿਰ ਅਸੀਂ ਡਾਕਟਰ ਨਾਲ ਗੱਲ ਕੀਤੀ ਤਾਂ ਡਾਕਟਰ ਨੇ ਕਿਹਾ ਆਥਣ ਤੱਕ ਦੇਖਦੇ ਹਾਂ ਨਹੀਂ ਫਿਰ ਘਰ ਲੈ ਜਾਏਓ ਘਰ ਹੀ ਸੇਵਾ ਕਰੇਓ, ਹੁਣ ਕੋਈ ਫਾਇਦਾ ਨਹੀਂ ਕਿਤੇ ਹੋਰ ਲੈ ਕੇ ਜਾਣ ਦਾ, ਅਸੀਂ ਆਥਣ ਦੀ ਉਡੀਕ ਚ ਰੱਬ ਰੱਬ ਕਰਦੇ ਹਸਪਤਾਲ ਚ ਬੈਠੇ ਰਹੇ, ਸਾਨੂੰ ਇਹ ਸੀ ਸ਼ਾਇਦ ਡਾਕਟਰ ਕੋਈ ਸਾਨੂੰ ਨਵੀਂ ਕਿਰਨ ਦਿਖਾਵੇਗਾ ਪਰ ਮਾਂ ਆਥਣ ਤੋਂ ਪਹਿਲਾਂ ਹੀ ਪੂਰੀ ਹੋ ਗਈ, ਮਾਂ ਨੇ ਸਿਰਫ਼ ਇੱਕ ਆਵਾਜ਼ ਮਾਰੀ ਵੇ ਚੰਦਨ ਪਰ ਉਦੋਂ ਮੈਂ ਬਾਹਰ ਮਾਂ ਦੀਆਂ ਦਵਾਈਆਂ ਲੈਣ ਮੈਡੀਕਲ ਸਟੋਰ ਤੇ ਆਇਆ ਹੋਇਆ ਸੀ,ਸ਼ਾਇਦ ਮਾਂ ਮੈਨੂੰ ਕੁਝ ਕਹਿਣਾ ਚਾਹੁੰਦੀ ਸੀ, ਮਾਂ ਬਿਨਾਂ ਮੇਰਾ ਇਸ ਦੁਨੀਆਂ ਤੇ ਕੋਈ ਵੀ ਨਹੀਂ ਸੀ,ਮੈਂ ਤੇ ਮਾਂ ਆਪਣਾ ਗੁਜ਼ਾਰਾ ਕਰੀ ਜਾਂਦੇ ਸੀ। ਬਾਪੂ ਕੁਝ ਸਾਲ ਪਹਿਲਾਂ ਕੈਂਸਰ ਦੀ ਬਿਮਾਰੀ ਕਾਰਨ ਮਾਰਿਆ ਗਿਆ, ਉਦੋਂ ਮੈਂ ਛੋਟਾ ਸੀ ਮੇਰੇ ਦਿਲ ਤੇ ਇੰਨੀ ਕੋਈ ਖਾਸ ਸੱਟ ਨਹੀਂ ਲੱਗੀ ਸੀ। ਇੱਕ ਉਦੋਂ ਬਾਪੂ ਤੋਂ ਮਾਂ ਮੇਰਾ ਸਹਾਰਾ ਸੀ,ਪਰ ਹੁਣ ਤਾਂ ਸਾਰੀ ਦੁਨੀਆਂ ਹੀ ਉਜੜ ਗਈ,ਹੁਣ ਮੈਂ ਇਕੱਲਾ ਹਾਂ, ਹੁਣ ਮੇਰਾ ਕੋਈ ਨਹੀਂ ਹੈ, ਕੋਈ ਕਿਉਂ ਨਹੀਂ ਮੈਂ ਤੇਰੇ ਨਾਲ ਹਾਂ, ਅੱਛਾ ਚੰਦਨ ਇਹ ਦੱਸ ਤੂੰ ਮੈਨੂੰ ਆਪਣੀ ਮੰਨਦਾ,ਝੱਲੀਏ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ,ਜੇ ਤੂੰ ਮੈਨੂੰ ਪਸੰਦ ਆਈ ਤਾਂਹੀ ਤੇਰੇ ਮਗਰ ਗੇੜੇ ਮਾਰਨ ਆਉਂਦਾ ਸੀ,ਨਹੀਂ ਮੈਨੂੰ ਕੀ ਲੋੜ ਸੀ ਵਕਤ ਖ਼ਰਾਬ ਕਰਨ ਦੀ, ਬਹੁਤ ਦੁਨੀਆਂ ਤੁਰੀ ਫਿਰਦੀ ਮੈਂ ਕਿਸੇ ਹੋਰ ਮਗਰ ਵੀ ਗੇੜੇ ਮਾਰ ਸਕਦਾ ਸੀ,ਜੇ ਤੂੰ ਮੈਨੂੰ ਚੰਗੀ ਲੱਗਦੀ ਸੀ ਤਾਂ ਹੀ ਆਉਂਦਾ ਹਾਂ,ਚੱਲ ਇਹ ਦੱਸ ਮੀਤੋ ਤੂੰ ਮੇਰੇ ਨਾਲ ਵਿਆਹ ਕਰਵਾ ਸਕਦੀ ਹੈ, ਮੀਤੋ ਨੇ ਚੋਂਕ ਕੇ ਕਿਹਾ ਵਿਆਹ, ਹਾਂ ਮੀਤੋ ਵਿਆਹ, ਤੂੰ ਮੇਰੇ ਨਾਲ ਵਿਆਹ ਕਰਵਾਉਣ ਲਈ ਰਾਜੀ ਹੈ,ਜਾਂ ਮੈਂ ਤੈਨੂੰ ਪਸੰਦ ਨਹੀਂ, ਨਹੀਂ ਚੰਦਨ ਇਹ ਗੱਲ ਨਹੀਂ,ਪਰ ਮੀਤੋ ਦੀ ਗੱਲ ਕੱਟ ਕੇ ਚੰਦਨ ਨੇ ਪੁੱਛਿਆ,ਕੀ ਪਰ ਮੀਤੋ ਮੈਨੂੰ ਪਰ ਵਰ ਦਾ ਪਤਾ ਨਹੀਂ,ਜੇ ਤੂੰ ਮੇਰੇ ਨਾਲ ਵਿਆਹ ਕਰਵਾ ਸਕਦੀ ਠੀਕ ਨਹੀਂ ਤਾਂ ਮੈਂ ਖੂਹ ਚ ਛਾਲ ਮਾਰ ਕੇ ਮਰ ਜਾਂਦਾ ਹਾਂ, ਨਹੀਂ ਚੰਦਨ ਤੂੰ ਇਦਾਂ ਦਾ ਕੁਝ ਵੀ ਨਹੀਂ ਕਰੇਗਾ, ਫਿਰ ਤੂੰ ਹਾਂ ਕਰ, ਕਿ ਮੇਰੇ ਨਾਲ ਵਿਆਹ ਕਰਵਾਏਗੀ,ਪਰ ਚੰਦਨ ਮੈਂ ਆਪਣੇ ਘਰਦਿਆਂ ਦੀ ਮਰਜ਼ੀ ਤੋਂ ਬਗੈਰ ਵਿਆਹ ਨਹੀਂ ਕਰਵਾ ਸਕਦੀ,ਠੀਕ ਐ ਮੀਤੋ ਤੂੰ ਆਪਣੇ ਘਰਦਿਆਂ ਨੂੰ ਮਨਾਂ, ਜੇ ਨਾ ਮੰਨੇ ਮੈਂ ਖੂਹ ਚ ਛਾਲ ਮਾਰ ਕੇ ਮਰ ਜਾਵਾਂਗਾ, ਨਹੀਂ ਚੰਦਨ ਤੂੰ ਇਦਾਂ ਦਾ ਕੁਝ ਨਹੀਂ ਕਰੇਗਾ, ਮੈਂ ਆਪਣੇ ਘਰਦਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕਰਾਂਗੀ,ਠੀਕ ਐ ਮੀਤੋ ਮੈਂ ਤੇਰੇ ਘਰਦਿਆਂ ਦੇ ਫੈਸਲੇ ਦੀ ਉਡੀਕ ਕਰਾਂਗਾ,ਚੱਲ ਮੈਂ ਚੱਲਦਾ ਮੀਤੋ,ਕਹਿ ਕੇ ਚੰਦਨ ਉਥੋਂ ਤੁਰ ਗਿਆ,ਮੀਤੋ ਵੀ ਸਕੂਲ ਵੱਲ ਨੂੰ ਤੁਰ ਪਈ,ਦੋਵੇਂ ਦਿਲਾਂ ਚ ਭਾਰ ਲੈ ਕੇ ਆਪਣੇ ਆਪਣੇ ਰਾਸਤੇ ਤੁਰ ਪਏ, ਸਕੂਲ ਵਿੱਚ ਵੀ ਮੀਤੋ ਦਾ ਚੰਦਨ ਵੱਲ ਧਿਆਨ ਸੀ,ਮੀਤੋ ਨੂੰ ਫ਼ਿਕਰ ਹੋ ਰਿਹਾ ਸੀ ਕਿ ਉਹ ਘਰਦਿਆਂ ਨਾਲ ਕਿਵੇਂ ਗੱਲ ਕਰੇਗੀ, ਸਕੂਲ ਵਿੱਚ ਵੀ ਮੀਤੋ ਦਾ ਮਨ ਨਾ ਲੱਗਿਆਂ। ਸਕੂਲ ਤੋਂ ਛੁੱਟੀ ਹੋ ਗਈ,ਮੀਤੋ ਨੂੰ ਪਤਾ ਹੀ ਨਾ ਲੱਗਾ ਕੀ ਉਹ ਕਦ ਘਰ ਪਹੁੰਚ ਗਈ,ਘਰ ਆ ਕੇ ਉਹ ਬਿਨਾਂ ਵਰਦੀ ਬਦਲੇ ਹੀ ਪੈ ਗਈ,ਕਿਤਾਬਾਂ ਵੀ ਮੰਜੇ ਤੇ ਹੀ ਰੱਖ ਲਈਆਂ, ਮਾਂ ਨੇ ਅੰਦਰ ਆ ਕੇ ਪੁੱਛਿਆ ਮੀਤੋ ਧੀਏ ਕੁਝ ਦੁਖਦਾ ਤੇਰਾ ਅੱਜ, ਨਹੀਂ ਮੰਮੀ ਅੱਜ ਸਕੂਲ ਵਿੱਚ ਖੇਡਾਂ ਸੀ ਤਾਂ ਥੱਕ ਗਈ ਹਾਂ,ਮੀਤੋ ਨੇ ਸੁਤੇ ਸੁਭਾਅ ਹੀ ਬੋਲ ਦਿੱਤਾ, ਠੀਕ ਐ ਧੀਏ ਤੂੰ ਪੈ ਜਾਂ ਮੈਂ ਤੈਨੂੰ ਚਾਹ ਲਿਆ ਕੇ ਦਿੰਦੀ ਹਾਂ,ਕਹਿ ਕੇ ਮਾਂ ਉਥੋਂ ਚੱਲੀ ਗਈ।
ਮੀਤੋ ਸੋਚਾਂ ਵਿੱਚ ਡੁੱਬ ਗਈ ਉਹ ਕੱਲ ਨੂੰ ਚੰਦਨ ਨੂੰ ਕੀ ਜੁਆਬ ਦੇਵੇਗੀ,ਜੇ ਮੈਂ ਘਰਦਿਆਂ ਨਾਲ ਗੱਲ ਕਰਾਂਗੀ, ਮਾਂ ਬਾਪੂ ਮੇਰੇ ਵਾਰੇ ਕੀ ਸੋਚਣਗੇ, ਚੱਲ ਦੇਖੀ ਜਾਉ ਮੈਂ ਚੰਦਨ ਨੂੰ ਕਹਿ ਦੇਉਗੀ ਕਿ ਮੇਰੇ ਚ ਹਿੰਮਤ ਨਹੀਂ ਮਾਂ ਬਾਪ ਨਾਲ ਗੱਲ ਕਰਨ ਦੀ,ਜੋ ਹੋਉ ਦੇਖੀ ਜਾਉ, ਮੈਂ ਤਾਂ ਹਾਲੇ ਪੜਨਾ ਵੀ ਚਾਉਂਦੀ ਸੀ ਜੇ ਹੁਣੇ ਵਿਆਹ ਹੋ ਗਿਆ ਤਾਂ ਮੈਂ ਪੜੂੰਗੀ ਕਿਵੇਂ,ਕੱਲ ਮੈਂ ਚੰਦਨ ਨਾਲ ਗੱਲ ਕਰਾਂਗੀ ਉਹ ਦੋ ਸਾਲ ਖੜ ਜਾਵੇ ਘੱਟੋ-ਘੱਟ, ਮੇਰੀ ਬਾਰਵੀਂ ਤਾਂ ਨਿਕਲ ਜਾਵੇ, ਕੋਈ ਨੌਕਰੀ ਚ ਅਟਕ ਕੇ ਚਾਰ ਪੈਸੇ ਤਾਂ ਕਮਾਉਣ ਜੋਗੀ ਹੋਜੂ,ਮੀਤੋ ਕਿਨਾਂ ਵਕਤ ਪਈ ਆਪਣੇ ਆਪ ਨਾਲ ਗੱਲ ਕਰਦੀ ਰਹੀ,ਮਾਂ ਚਾਹ ਲੈ ਕੇ ਆ ਗਈ ਲੈ ਧੀਏ ਚਾਹ ਪੀ ਕੇ ਵਰਦੀ ਬਦਲ ਲੈ,ਚੰਗਾ ਮਾਂ ਬਦਲ ਲੈਂਦੀ ਹਾਂ,ਚਾਹ ਪੀਂਦੇ ਪੀਂਦੇ ਮੀਤੋ ਦਾ ਬਾਪੂ ਆ ਗਿਆ,ਕੁੜੀਏ ਤੂੰ ਅੱਜ ਕਿਹੜੇ ਮੁੰਡੇ ਕੋਲ ਖੜੀ ਸੀ,ਚੇਤਾ ਪੂਰੇ ਗੁੱਸੇ ਵਿੱਚ ਗਰਜ਼ ਕੇ ਬੋਲਿਆ,ਨਾ ਨਾ ਹੀ ਬੋਲਦੀ ਦੀ ਮੀਤੋ ਦੀ ਆਵਾਜ਼ ਕੰਬ ਗਈ,ਝਾਊਰਾ ਦੇ ਮੁੰਡੇ ਕੋਲ ਖੜੀ ਨਹੀਂ ਸੀ ਨਾ,ਕੁੜੀ ਨੂੰ ਸਮਝਾ ਲੈ ਨਹੀਂ ਮੈਂ ਇਹਦੇ ਜੁੰਡੇ ਪੱਟ ਕੇ ਘਰੇ ਬੈਠਾ ਦੇਉ,ਚੇਤੇ ਗੁੱਸੇ ਚ ਮੀਤੋ ਦੀ ਮਾਂ ਅਮਰੋ ਨੂੰ ਕਿਹਾ,ਬੋਲਦਾ ਬੋਲਦਾ ਚੇਤਾ ਬਾਹਰ ਨੂੰ ਤੁਰ ਗਿਆ,ਮੀਤੋ ਡਰ ਗਈ ਕਿ ਆ ਕੀ ਹੋ ਗਿਆ ਬਾਪੂ ਜੀ ਨੂੰ ਕਿਵੇਂ ਪਤਾ ਲੱਗ ਗਿਆ,ਮੀਤੋ ਨੂੰ ਹੁਣ ਘਰ ਗੱਲ ਕਰਨ ਤੋਂ ਹੋਰ ਵੀ ਡਰ ਲੱਗਣ ਲੱਗ ਗਿਆ, ਮੀਤੋ ਨੇ ਖੁਦ ਹੀ ਸੋਚਿਆ ਕੀ ਉਸ ਦੇ ਘਰ ਦੇ ਕਿਸੇ ਹੋਰ ਜਾਤ ਦੇ ਮੁੰਡੇ ਨਾਲ ਵਿਆਹ ਕਰਾਉਣ ਲਈ ਕਿਥੋਂ ਰਾਜੀ ਹੋ ਜਾਣਗੇ,ਇੱਕ ਜਾਤ ਹੋਰ ਦੂਜਾ ਪਿੰਡ ਦਾ,ਘਰਦੇ ਮੰਨਣ ਵੀ ਕਿਵੇਂ, ਆਥਣ ਦਾ ਵਕਤ ਹੋ ਗਿਆ ਸੀ।ਚੇਤਾ ਘਰ ਆਇਆ, ਅੱਜ ਚੇਤੇ ਨੇ ਸ਼ਰਾਬ ਵੀ ਪੀਤੀ ਹੋਈ ਸੀ।ਅਮਰੋ ਨੇ ਜਦ ਦੇ ਚੇਤੇ ਨੂੰ ਸ਼ਰਾਬ ਪੀਤੀ ਹਾਲਤ ਚ ਦੇਖਿਆਂ ਤਾਂ ਉਹ ਘਬਰਾ ਗਈ। ਰੱਬ ਕੰਨੀ ਦੋਵੇਂ ਹੱਥ ਜੋੜ ਕੇ ਪੀਰਾਂ ਪੈਗੰਬਰਾਂ ਅੱਗੇ ਅਰਦਾਸ ਕੀਤੀ। ਰੱਬਾ ਸੁੱਖ ਰੱਖੀਂ ਕੋਈ ਅਣਹੋਣੀ ਨਾ ਹੋਜੇ,ਅਮਰੋ ਨੇ ਵੀ ਚੇਤੇ ਨੂੰ ਪਹਿਲੀ ਵਾਰ ਸ਼ਰਾਬ ਦੇ ਨਸ਼ੇ ਚ ਦੇਖਿਆਂ ਸੀ।ਮੀਤੋ ਦੇ ਵੀ ਹੱਥ ਪੈਰ ਕੰਬਣ ਲੱਗ ਗਏ।ਮੀਤੋ ਦੀ ਮਾਂ ਨੇ ਮੀਤੋ ਅੰਦਰ ਜਾਣ ਦਾ ਇਸ਼ਾਰਾ ਕੀਤਾ,ਮੀਤੋ ਸਬਾਤ ਚ ਚਲੀ ਗਈ,ਚੇਤੇ ਨੇ ਮੀਤੋ ਨੂੰ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਭੈਣ ਦੇ…..ਦੀ ਸਾਡੀ ਇੱਜ਼ਤ ਮਿੱਟੀ ਕਰਨ ਲੱਗੀ ਵੱਡੀ ਆਈ ਪੜਾਕੂ।ਜਾਈ ਤੂੰ ਤੜਕੇ ਸਕੂਲ ਤੇਰੀਆਂ ਲੱਤਾਂ ਨਾ ਵੱਢੀਆਂ ਤਾਂ ਮੈਂ ਵੀ ਚੇਤਾ ਨੀਂ ਹੈਗਾ,ਅਮਰੋ ਨੇ ਚੇਤੇ ਨੂੰ ਚੁੱਪ ਕਰਵਾਉਣਾ ਚਾਹਿਆ, ਪਰ ਚੇਤੇ ਨੇ ਅਮਰੋ ਸਾਰੇ ਜ਼ੋਰ ਨਾਲ ਧੱਕਾ ਦੇ ਕੇ ਦੂਰ ਸੁੱਟ ਦਿੱਤਾ,ਅਮਰੋ ਦਾ ਮੱਥਾ ਮੰਜੇ ਦੇ ਪਾਵੇ ਨਾਲ ਜਾ ਵੱਜਿਆ,ਮੱਥੇ ਚੋਂ ਖੂਨ ਵੱਗਣ ਲੱਗ ਪਿਆ,ਅਮਰੋ ਨੇ ਮੁਸ਼ਕਿਲ ਨਾਲ ਆਪਣੇ ਆਪ ਨੂੰ ਸੰਭਾਲਿਆ,ਚੇਤੇ ਨੇ ਹੋਰ ਉਚੀ ਅਮਰੋ ਨੂੰ ਵੀ ਗਾਲਾਂ ਦਿੱਤੀਆਂ,ਤੂੰ ਹੀ ਇਹਨੂੰ ਬਹੁਤਾ ਚੰਬਲਾ ਰੱਖਿਆ, ਇਹਨੂੰ ਕੋਈ ਕੰਮ ਧੰਦਾ ਨਹੀਂ ਸਿਖਾਉਂਦੀ , ਚੰਗਾ ਹੁਣ ਚੁੱਪ ਵੀ ਕਰਜਾ ਕਿਉਂ ਲੋਕਾਂ ਨੂੰ ਜਲੂਸ ਦਿਖਾਇਆ,ਅਮਰੋ ਨੇ ਗੁੱਸੇ ਨਾਲ ਚੇਤੇ ਨੂੰ ਕਿਹਾ,ਜਲੂਸ ਤੂੰ ਜਲੂਸ ਦੀ ਗੱਲ ਕਰਦੀ ਐਂ,ਜਲੂਸ ਤਾਂ ਮੇਰਾ ਇਸ ਕਲਮੂੰਹੀ ਨੇ ਕੱਢਵਾਇਆ, ਸਰੀਕ ਨੇ ਤਾਨੇ ਦੇ ਕੇ ਕਿਹਾ ਅਖੇ ਤੁਸੀਂ ਕੁੜੀ ਨੂੰ ਉਦੋਂ ਸਮਝਾਓਗੇ ਜਦੋਂ ਕਿਸੇ ਨਾਲ ਨਿਕਲ ਗਈ,ਕੀ ਗੱਲਾਂ ਕਰਦੀ ਸੀ ਇਹ ਉਸ ਖ਼ਸਮ ਨਾਲ,ਅਮਰ ਕੁੜੇ… ਮੈਂ ਕਿਸੇ ਗੱਲ ਤੇ ਬੋਲ ਰਿਹਾ , ਅੱਜ ਸਰੀਕ ਅੱਗੇ ਨੱਕ ਨੀਵਾਂ ਕਰਵਾ ਦਿੱਤਾ ਅੱਜ ਇਸ ਕਲਮੂੰਹੀ ਨੇ, ਜਦੋਂ ਗੁਆਂਢ ਚੋਂ ਕੁੜੀਆਂ ਜਾਂਦੀਆਂ ਨੇ ਤਾਂ ਇਹ ਕਲਮੂੰਹੀ ਕੱਲੀ ਉਸ ਖ਼ਸਮ ਨੂੰ ਮਿਲਣ ਜਾਦੀ ਹੈ। ਇਹਨੂੰ ਸ਼ਰਮ ਨਹੀਂ ਆਉਂਦੀ,ਪੜਨ ਜਾਂਦੀ ਜਾਂਦੀ ਖ਼ਸਮਾਂ ਨੂੰ ਮਿਲਣ ਜਾਂਦੀ ਐ, ਚੰਗਾ ਹੁਣ ਚੁੱਪ ਵੀ ਕਰਜਾ,ਜੋ ਮੂੰਹ ਚ ਆਈ ਜਾਂਦਾ ਆਵਾ ਤਾਵਾ ਬੋਲੀ ਜਾਂਦਾ,ਹੋਰ ਮੈਂ ਆਵਾ ਤਾਵਾ ਬੋਲਦਾ,ਇਹ ਕਲਮੂੰਹੀ ਨੇ ਮੇਰਾ ਮੂੰਹ ਕਾਲ਼ਾ ਕਰਵਾ ਦਿੱਤਾ,ਇਵੇਂ ਲੋਕਾਂ ਮਗਰ ਲੱਗ ਕੇ ਆਪਣੇ ਘਰ ਕਲੇਸ਼ ਨਹੀਂ ਕਰੀਦਾ ਹੁੰਦਾ,ਸ਼ਰੀਕ ਤੇ ਸ਼ਰੀਕ ਕੌਣ ਰਾਜੀ ਹੁੰਦਾ,ਹੋਰ ਸ਼ਰੀਕ ਤਾਂ ਘਰੋਂ ਫੜ ਕੇ ਕੱਢ ਦਿੰਦਾ, ਚੰਗਾ ਚੁੱਪ ਕਰਕੇ ਪੈ ਜਾ,ਤੜਕੇ ਦੇਖਾਂਗੇ ਕੀ ਬਣੇਗਾ,ਤੜਕੇ ਤੱਕ ਇਹ ਨਿਕਲ ਗਈ ਤਾਂ ਦੱਸ ਮੈਂ ਕਿਹਨੂੰ ਮੂੰਹ ਦਿਖਾਉਣ ਜੋਗਾ ਰਹਿ ਜਾਊ, ਇਵੇਂ ਕਿਵੇਂ ਨਿਕਲ ਜਾਉ,ਇੰਨੀ ਮਾੜੀ ਨਹੀਂ ਮੇਰੀ ਧੀ,ਜੇ ਕਿਸੇ ਕੋਲ ਖੜ ਗਈ ਤਾਂ ਇਹ ਮਾੜੀ ਹੋ ਗਈ।ਨਾ ਇਹਨੂੰ ਕੀ ਕੰਮ ਮੁੰਡਿਆਂ ਤੱਕ ਜੋ ਇਹਨੂੰ ਮੁੰਡਿਆਂ ਕੋਲ ਰਾਹਾਂ ਚ ਖੜਨਾ ਪੈ ਗਿਆ। ਚੱਲ ਹੁਣ ਗੱਲ ਦਾ ਖੈੜਾ ਵੀ ਛੱਡ ਦੇ ਮੈਂ ਸਮਝਾ ਦੇਉ ਆਪੇ,ਹੋਰ ਤੂੰ ਸਮਝਾਏਗੀ ਇਹਨੂੰ,ਜੇ ਤੂੰ ਸਮਝਾਉਂਦੀ ਤਾਂ ਇਹ ਕਾਰਾ ਹੀ ਨਾ ਹੁੰਦਾ ,ਬੱਸ ਮੈਂ ਸੋ ਦੀ ਇੱਕ ਕਹਿ ਦਿੱਤੀ ਮੈਨੂੰ ਪੜਾਈਆਂ ਦੀ ਲੋੜ ਨਹੀਂ।ਬੱਸ ਘਰੇ ਬਹਿ ਕੇ ਪੜ ਲਵੇ। ਕੱਲ ਨੂੰ ਮੈਨੂੰ ਇਹ ਸਕੂਲ ਜਾਂਦੀ ਨਹੀਂ ਦਿਖਣੀ ਚਾਹੀਦੀ,ਚੰਗਾ ਨਹੀਂ ਜਾਂਦੀ ਪੈ ਜਾ ਹੁਣ ਰੋਟੀ ਖਾ ਕੇ,ਮੈਂ ਨਹੀਂ ਖਾਣੀ ਰੋਟੀ, ਤੂੰ ਬੱਸ ਕਲਮੂੰਹੀ ਨੂੰ ਸਮਝਾ ਦੇ,ਕਹਿ ਕੇ ਚੇਤਾ ਮੰਜੇ ਤੇ ਪੈ ਗਿਆ ਤੇ ਪੈਂਦਾ ਹੀ ਸੌਂ ਗਿਆ,ਅਮਰੋ ਨੇ ਮੀਤੋ ਨੂੰ ਅਵਾਜ਼ ਮਾਰੀ ਪਰ ਮੀਤੋ ਬਾਹਰ ਨਾ ਆਈ,ਅਮਰੋ ਨੇ ਅੰਦਰ ਜਾ ਕੇ ਦੇਖਿਆ ਤਾਂ ਮੀਤੋ ਅੰਦਰ ਰੋ ਰਹੀ ਸੀ। ਤੂੰ ਕਿਉਂ ਡੁਸਕੀ ਜਾਣੀ ਐਂ ਹੁਣ,ਪਹਿਲਾ ਤਾਂ ਪੁੱਠੇ ਕਾਰੇ ਕਰਦੀ ਐਂ ਫਿਰ ਹੁਣ ਡੁਸਕਦੀ ਐ। ਚੱਲ ਬਾਹਰ ਜਾਂ ਕੇ ਰੋਟੀ ਖਾ ਸੌਂ ਗਿਆ ਤੇਰਾ ਪਿਉ, ਮੈਨੂੰ ਭੁੱਖ ਨਹੀਂ ਮਾਂ,ਚੱਲ ਚੁੱਪ ਕਰਕੇ ਰੋਟੀ ਖਾ ਨਾਲੇ ਦੋ ਬੁਰਕੀਆਂ… ਨਾਲੇ ਉਹ ਜਵਾਕ ਵੀ ਭੁੱਖਾਂ ਸੌਂ ਗਿਆ ਹੋਉ,ਦੱਸ ਕੀ ਕਮੀ ਤੈਨੂੰ ਜੋ ਇਹੋ ਜੇ ਪੁੱਠੇ ਕੰਮਾਂ ਚ ਪੈਣੀਂ ਐ,ਕਦੇ ਤੈਨੂੰ ਮੈਂ ਨਹੀਂ ਇੱਕ ਦੋ ਕਹੀਆਂ ਤੂੰ ਫਿਰ ਵੀ ਨਹੀਂ ਸਮਝਦੀ, ਹੁਣ ਲੈ ਸੁਆਦ ਘਰੇ ਬਹਿ ਕੇ,ਅਮਰੋ ਨੇ ਮੀਤੋ ਨੂੰ ਪਹਿਲੀ ਵਾਰ ਚਿੜਕਿਆ ਸੀ,ਮੀਤੋ ਦੀ ਮਾਂ ਦਾ ਇਹ ਰਵਈਆ ਦੇਖ ਕੇ ਮੀਤੋ ਨੂੰ ਮਹਿਸੂਸ ਹੋਇਆ ਕੀ ਮਾਂ ਨੂੰ ਵੀ ਸੱਚੀ ਬੁਰਾ ਲੱਗਿਆ, ਚੰਗਾ ਮਾਂ ਮੈਂ ਹੁਣ ਕੋਈ ਗਲਤੀ ਨਹੀਂ ਕਰਦੀ ਜੇ ਹੋਈ ਤਾਂ ਵੱਢ ਕੇ ਟੋਟੇ ਕਰ ਦੇਈ,ਠੀਕ ਐ ਚੰਗਾ ਪਹਿਲਾਂ ਹੁਣ ਰੋਟੀ ਖਾ ਲੈ,ਦੋਵੇਂ ਮਾਵਾਂ ਧੀਆਂ ਉਠ ਕੇ ਬਾਹਰ ਆ ਗਈਆਂ ਤੇ ਰੋਟੀ ਖਾ ਕੇ ਦੋਵੇਂ ਪੈ ਗਈਆਂ।
ਸਵੇਰੇ ਦ ਦਿਨ ਚੜਿਆ ਚੇਤੇ ਨੇ ਉਠ ਕੇ ਮੱਝਾਂ ਨੂੰ ਨੀਰਾ ਪਾ ਦਿੱਤਾ,ਅਮਰੋ ਨੇ ਉਠ ਕੇ ਚਾਹ ਧਰ ਲਈ, ਅਵਾਜ਼ ਮਾਰੀ ਨੀਂ ਮੀਤੋ ਉਠ ਖੜੀ ਹੋ ਮੂੰਹ ਹੱਥ ਧੋ ਕੇ ਚਾਹ ਪੀ ਲੈ,ਮੀਤੋ ਇੱਕ ਦੋ ਆਵਾਜ਼ਾਂ ਤੇ ਉਠ ਖੜੀ,ਉਠ ਕੇ ਪਹਿਲਾਂ ਬਾਪੂ ਵੱਲ ਦੇਖਿਆ ਬਾਪੂ ਪਸ਼ੂਆਂ ਨੂੰ ਨੀਰਾ ਪਾ ਰਿਹਾ ਸੀ,ਮੀਤੋ ਨੇ ਮੂੰਹ ਹੱਥ ਧੋ ਕੇ ਚਾਹ ਪੀ ਲਈ, ਅੱਜ ਉਸ ਨੇ ਸਕੂਲ ਵੀ ਨਹੀਂ ਜਾਣਾ ਸੀ ਉਠ ਕੇ ਫੇਰ ਅੰਦਰ ਚਲੀ ਗਈ,ਇੰਨੇ ਨੂੰ ਚੇਤਾ ਅੰਦਰ ਆਇਆ ਚੱਲ ਕੁੜੀਏ ਤਿਆਰ ਹੋ ਸਕੂਲ ਲਈ,ਰਾਜੋ ਹੋਰਾਂ ਨਾਲ ਸਕੂਲ ਪੜਨ ਜਾਈ ਜੇ ਕੱਲੀ ਗਈ ਐ ਤਾਂ ਹਿਸਾਬ ਲਗਾ ਲਈ, ਉਹਨਾਂ ਨਾਲ ਹੀ ਆਉਣਾ ਤੇ ਉਹਨਾਂ ਹੀ ਜਾਣੈ,ਮੀਤੋ ਨੀਵੀਂ ਪਾਈ ਬੈਠੀ ਰਹੀਂ ਜਿਵੇਂ ਅਦਾਲਤ ਚ ਜੱਜ ਸਾਹਮਣੇ ਆਪਣਾ ਜ਼ੁਰਮ ਕਬੂਲ ਕਰਕੇ ਖੜਨਾ ਹੁੰਦਾ,ਚੱਲ ਖੜੀ ਹੋ ਤਿਆਰ ਹੋ ਉਹ ਸਾਢੇ ਸੱਤ ਸਕੂਲ ਜਾਣਗੀਆਂ ,ਮੈਂ ਕਿਹਾ ਉਹਨਾਂ ਨੂੰ ਕਿ ਮੀਤੋ ਨੂੰ ਅਵਾਜ਼ ਮਾਰ ਕੇ ਨਾਲ ਲੈ ਜਾਏਓ,ਉਹਨਾਂ ਦੇ ਆਉਣ ਤੋਂ ਪਹਿਲਾਂ ਤਿਆਰ ਹੋ ਜਾ।ਮੀਤੋ ਉਠ ਕੇ ਬਾਹਰ ਆ ਗਈ,ਨਹਾ ਕੇ ਵਰਦੀ ਪਾ ਕੇ ਤਿਆਰ ਹੋ ਗਈ। ਰੋਟੀ ਵੀ ਖਾ ਲਈ,ਸਾਢੇ ਸੱਤ ਹੋ ਗੲੇ। ਕੁੜੀਆਂ ਅਵਾਜ਼ ਮਾਰਨ ਆਈਆਂ,ਕਈ ਕੁੜੀਆਂ ਮਿਲ ਕੇ ਇਕਠੀਆਂ ਸਕੂਲ ਜਾਂਦੀਆਂ ਸੀ,ਅਮਰੋ ਨੂੰ ਤਾਂ ਅੱਜ ਪਤਾ ਲੱਗਿਆ ਕੀ ਪਿੰਡ ਚੋਂ ਇੰਨੀਆਂ ਕੁੜੀਆਂ ਪੜਦੀਆਂ ਨੇ ,ਅਮਰੋ ਨੇ ਵੀ ਮੀਤੋ ਦੇ ਇਕੱਲੇ ਸਕੂਲ ਜਾਣ ਤੇ ਸ਼ੱਕ ਕੀਤਾ,ਮੀਤੋ ਤੇ ਕੁੜੀਆਂ ਸਕੂਲ ਚਲੀਆਂ ਗਈਆਂ,ਰਾਸਤੇ ਵਿੱਚ ਜਾਂਦੇ ਚੰਦਨ ਫੇਰ ਉਥੇ ਹੀ ਖੜਾ ਸੀ,ਪਰ ਮੀਤੋ ਨੇ ਚੰਦਨ ਤੋਂ ਮੂੰਹ ਫੇਰ ਲਿਆ। ਚੰਦਨ ਨੇ ਵੀ ਰਮਜ਼ ਪਛਾਣ ਲਈ,ਕੀ ਇਹਦੇ ਘਰਦੇ ਨਹੀਂ ਮੰਨੇ ਤਾਂਹੀ ਇਹ ਅੱਜ ਕੁੜੀਆਂ ਦੇ ਝੁੰਡ ਚ ਸਕੂਲ ਆਉਣ ਲੱਗ ਗਈ।ਇਹ ਸਿਲਸਿਲਾ ਰੋਜ਼ ਕੀ ਵਾਪਰਦਾ ਰਿਹਾ, ਅਮਰੋ ਤੇ ਚੇਤੇ ਦਾ ਵੀ ਮਨ ਖੜ ਗਿਆ ਕੇ ਹੁਣ ਕੁੜੀ ਵੱਲੋਂ ਕੋਈ ਡਰ ਨਹੀਂ।ਉਹ ਵੀ ਹੁਣ ਮੀਤੋ ਨਾਲ ਪਹਿਲਾਂ ਵਰਗਾ ਹੀ ਵਿਵਹਾਰ ਕਰਨ ਲੱਗ ਪਏ।ਸਭ ਕੁਝ ਠੀਕ ਠਾਕ ਚੱਲਣ ਲੱਗ ਪਿਆ।
ਚੇਤੇ ਨੇ ਮੀਤੋ ਲਈ ਮੁੰਡਾ ਦੇਖਣਾ ਸ਼ੁਰੂ ਕਰ ਦਿੱਤਾ ,ਇੱਕ ਮੁੰਡਾ ਦੇਖਿਆ ਘਰ ਵਾਰ ਵੀ ਠੀਕ ਸੀ, ਜ਼ਮੀਨ ਵੀ ਚੰਗੀ ਸੀ। ਮੁੰਡਾ ਕਲਰਕ ਲੱਗਿਆ ਸੀ।ਚੇਤੇ ਦੇ ਗੱਲ ਫਿੱਟ ਆ ਗਈ,ਰਹਿੰਦੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Writer sukhdeep
ਸਹੀ ਕਿਹਾ ਜੀ,
ਇਸ ਕਹਾਣੀ ਦਾ ਅਗਲਾ ਭਾਗ ਅੱਜ ਜਾਂ ਕੱਲ ਵਿਚ ਤੁਹਾਡੇ ਅੱਗੇ ਰੂਬਰੂ ਕਰਾਂਗੇ, ਜ਼ਰੂਰ ਪੜ੍ਹਨਾ ਤੇ ਆਪਣੇ ਵਿਚਾਰ ਜਰੂਰ ਦੱਸਣਾ ਜੀ
Rekha Rani
ਪਿਆਰ ਇਨ੍ਹਾਂ ਮਜ਼ਬੂਰ ਕਰ ਦਿੰਦਾ ਹੈ ਕਿ ਅਸੀ ਆਪਣੇ ਮਾਪਿਆਂ ਨੂੰ ਹੀ ਭੁੱਲ ਜਾਈਏ ਇਸ ਕਰਕੇ ਹੀ ਲੋਕ ਧੀ ਨੂੰ ਜਨਮ ਦੇਣ ਤੋ ਡਰ ਦੇ ਹਨ ਹਾ ਪਿਆਰ ਇਕ ਪੂਜਾ ਹੈ ਪਰ ਮਾਪਿਆਂ ਨੂੰ ਦੁੱਖ ਦੇ ਕੇ ਅਸੀ ਖੁਸ਼ ਕਿਸ ਤਰ੍ਹਾਂ ਹੋ ਸਕਦੇ ਹਾਂ