ਗੁਰਮੁਖ ਸਿੰਘ..
ਭਰਵੇਂ ਦਾਹੜੇ ਵਾਲਾ ਮੈਥੋਂ ਤਕਰੀਬਨ ਪੰਦਰਾਂ ਕੂ ਸਾਲ ਛੋਟਾ ਲੱਗਦਾ ਸਿੱਖ ਨੌਜੁਆਨ..
ਤਕਰੀਬਨ ਛੇ ਮਹੀਨੇ ਪਹਿਲਾ ਹੀ ਸੀ ਬਲਾਕ ਮਾਰਕੀਟ ਮੇਰੀ ਬੁਟੀਕ ਦੇ ਬਾਹਰ ਮਿਲਿਆ..ਆਖਣ ਲੱਗਾ ਭੈਣ ਜੀ ਲੁਧਿਆਣੇ ਕੱਪੜੇ ਪ੍ਰੈਸ ਕਰਨ ਦਾ ਕੰਮ ਸੀ
ਪਰਵਾਰਿਕ ਮਜਬੂਰੀਆਂ ਅਮ੍ਰਿਤਸਰ ਖਿੱਚ ਲਿਆਈਆਂ..ਜੇ ਮੇਹਰਬਾਨੀ ਕਰੋ ਤਾਂ ਤੁਹਾਡੇ ਬਾਹਰ ਪ੍ਰੈਸ ਦਾ ਟੇਬਲ ਲਾ ਲਿਆ ਕਰਾਂਗਾ..ਰੋਟੀ ਪਾਣੀ ਦਾ ਜੁਗਾੜ ਬਣ ਜਾਵੇਗਾ..!
ਅੱਖੀਆਂ ਵਿਚੋਂ ਡੁੱਲ ਡੁੱਲ ਪੈਂਦੇ ਸੱਚ ਦੇ ਝਰਨਿਆਂ ਅਤੇ ਪੂਰਨ ਗੁਰਸਿਖੀ ਵਾਲੀ ਪਰਪੱਕ ਜਿਹੀ ਦਿੱਖ ਵੇਖ ਮੈਥੋਂ ਨਾਂਹ ਨਾ ਹੋਈ..!
ਕਈਆਂ ਬਿਨ ਮੰਗੀਆਂ ਸਲਾਹਾਂ ਦਿੱਤੀਆਂ..
ਆਖਿਆ..ਝੱਲੀਏ ਏਡੀ ਛੇਤੀ ਇਤਬਾਰ ਨਹੀਂ ਕਰ ਲਈਦਾ..ਤੇਰੀਆਂ ਖੁਦ ਦੀਆਂ ਦੋ ਜਵਾਨ ਧੀਆਂ ਨੇ..ਤੇ ਉੱਪਰੋਂ ਬੁਟੀਕ ਤੇ ਕੰਮ ਕਰਦਾ ਕਿੰਨਾ ਸਾਰਾ ਜਨਾਨਾ ਸਟਾਫ..ਘਟੋ-ਘੱਟ ਅੱਗਾ-ਪਿੱਛਾ ਪਤਾ ਕਰਵਾ ਲੈਣਾ ਚਾਹੀਦਾ ਸੀ..!
ਇੱਕ ਵਾਰ ਤੇ ਮੈਂ ਵੀ ਸੋਚੀ ਪੈ ਗਈ..
ਫੇਰ ਰੱਬ ਤੇ ਡੋਰੀ ਸੁੱਟ ਮਨ ਹੀ ਮਨ ਵਿਚ ਆਖਿਆ ਹੁਣ ਹਾਂ ਆਖ ਹੀ ਦਿੱਤੀ..ਜੋ ਹੋਊ ਵੇਖੀ ਜਾਊ!
ਬਾਹਰ ਬੈਠੇ ਮੇਰੇ ਸਹੁਰਾ ਸਾਬ ਦੀ ਨਜਰ ਹਮੇਸ਼ਾ ਆਪਣੇ ਧਿਆਨ ਕੱਪੜੇ ਪ੍ਰੈਸ ਕਰਦੇ ਗੁਰਮੁਖ ਤੇ ਹੁੰਦੀ..
ਜਦੋਂ ਵੱਡੀ ਧੀ ਕਾਲਜੋਂ ਮੁੜਦੀ ਹੋਈ ਕੁਝ ਚਿਰ ਮੇਰਾ ਹੱਥ ਵਟਾਉਣ ਬੁਟੀਕ ਤੇ ਆ ਜਾਇਆ ਕਰਦੀ ਤਾਂ ਮੈਂ ਗੁਰਮੁਖ ਨੂੰ ਕਿਸੇ ਕੰਮ ਵੀ ਅੰਦਰ ਨਾ ਬੁਲਾਉਂਦੀ!
ਅਕਸਰ ਹੀ ਕਈਆਂ ਦੇ ਕੰਨ ਖੜੇ ਹੋ ਜਾਂਦੇ ਤੇ ਅੱਖੀਆਂ ਦੀਆਂ ਪੁਤਲੀਆਂ ਹੱਦੋ ਵੱਧ ਫ਼ੈਲ ਜਾਇਆ ਕਰਦੀਆਂ!
ਇੱਕ ਦਿਨ ਸੁਵੇਰੇ ਬੁਟੀਕ ਤੇ ਅੱਪੜੀ ਹੀ ਸਾਂ ਕੇ ਬਾਹਰ ਰੌਲਾ ਪੈ ਗਿਆ..
ਬਾਹਰ ਗਈ ਤਾਂ ਅੱਖੀਆਂ ਤੇ ਯਕੀਨ ਜਿਹਾ ਨਾ ਹੋਇਆ..ਵੀਹ ਬਾਈ ਸਾਲਾਂ ਦੀ ਨੌਜੁਆਨ ਕੁੜੀ..ਗਲ਼ ਥਾਂ ਥਾਂ ਤੋਂ ਪਾਟਿਆ ਅਤੇ ਲੀਰਾਂ ਲੱਥਾਂ ਸੂਟ..ਉਸਨੂੰ ਕਾਬੂ ਵਿਚ ਕਰਦੀ ਹੋਈ ਅਤੇ ਆਪਣੀ ਚੁੰਨੀ ਨਾਲ ਉਸਦੇ ਅੱਧਨੰਗੇ ਸਰੀਰ ਨੂੰ ਢੱਕਣ ਦੀ ਕੋਸ਼ਿਸ਼ ਕਰਦੀ ਹੋਈ ਉਸਦੀ ਮਰੀਅਲ ਜਿਹੀ ਮਾਂ..ਅਤੇ ਆਸ-ਪਾਸ ਆਪਮੁਹਾਰੇ ਹੀ ਇੱਕਠੀ ਹੋ...
ਗਈ ਤਮਾਸ਼ਬੀਨ ਜਿਹੀ ਦੰਦ ਕੱਢਦੀ ਕਿੰਨੀ ਸਾਰੀ ਵੱਡੀ ਭੀੜ..!
ਅਜੇ ਹਾਲਾਤ ਨੂੰ ਸਮਝਣ ਦੀ ਕੋਸ਼ਿਸ਼ ਕਰ ਹੀ ਰਹੀ ਸਾਂ ਕੇ ਗੁਰਮੁਖ ਸਿੰਘ ਭੱਜਾ ਭੱਜਾ ਕੋਲ ਆਇਆ ਤੇ ਆਖਣ ਲੱਗਾ ਕੇ ਭੈਣ ਜੀ ਆਪਣੀ ਵਹੁਟੀ ਲਈ ਤੁਹਾਡੀ ਬੁਟੀਕ ਤੋਂ ਸਵਾਇਆ ਸੂਟ ਅੱਜ ਸੁਵੇਰੇ ਹੀ ਤੁਹਾਡੇ ਕਾਊਂਟਰ ਦੇ ਉਤਲੇ ਡਰਾਅ ਵਿਚ ਇਹ ਸੋਚ ਰਖਵਾ ਦਿੱਤਾ ਸੀ..ਕੇ ਸ਼ਾਮੀਂ ਘਰੇ ਜਾਂਦਾ ਹੋਇਆ ਲੈ ਜਾਵਾਂਗਾ..
ਤੁਸੀਂ ਛੇਤੀ ਨਾਲ ਅੰਦਰ ਜਾ ਕੇ ਉਹ ਸੂਟ ਕੱਢ ਇਸ ਬੀਬੀ ਨੂੰ ਪਵਾ ਦਿਓ..ਇਸ ਕੰਮ ਵਿਚ ਮੈਂ ਤੁਹਾਡੀ ਮਦਤ ਵੀ ਨਹੀਂ ਕਰ ਸਕਦਾ ਤੇ ਇਹ ਹਿੰਮਤ ਹੁਣ ਤੁਹਾਨੂੰ ਕੱਲਿਆਂ ਨੂੰ ਹੀ ਕਰਨੀ ਪੈਣੀ ਏ..!
ਮੈਂ ਆਗਿਆਕਾਰ ਬੱਚੀ ਵਾਂਙ ਜੋ ਆਖ ਰਿਹਾ ਸੀ ਕਰੀ ਜਾ ਰਹੀ ਸਾਂ..!
ਦਸਾਂ ਕੂ ਮਿੰਟਾਂ ਬਾਅਦ ਹੀ ਨਵਾ-ਨਕੋਰ ਸੂਟ ਪਾਈ ਜਦੋਂ ਉਹ ਕੁੜੀ ਆਪਣੀ ਮਾਂ ਨਾਲ ਬੁਟੀਕ ਤੋਂ ਬਾਹਰ ਨਿੱਕਲੀ ਤਾਂ ਉਸਦਾ ਪਾਗਲਪਨ ਦਾ ਦੌਰਾ ਸ਼ਾਂਤ ਹੋ ਚੁਕਾ ਸੀ..ਅਤੇ ਸਭਿਅਤਾ ਦਾ ਮਾਖੌਟਾ ਚਾੜੀ ਵੱਡੀ ਸਾਰੀ ਇੱਜਤਦਾਰ ਭੀੜ ਖਿੰਡ-ਪੁੰਡ ਗਈ ਸੀ!
ਅੱਧੇ ਕੂ ਘੰਟੇ ਮਗਰੋਂ ਜਦੋਂ ਅਚਾਨਕ ਵਾਪਰੇ ਇਸ ਹੌਲਨਾਕ ਘਟਨਾਕ੍ਰਮ ਦੇ ਪ੍ਰਭਾਵ ਤੋਂ ਥੋੜਾ ਬਾਹਰ ਨਿੱਕਲੀ ਤਾਂ ਆਪਣੇ ਧਿਆਨ ਕੱਪੜੇ ਪ੍ਰੈਸ ਕਰਦੇ ਗੁਰਮੁਖ ਸਿੰਘ ਵੱਲ ਵੇਖ ਆਪਮੁਹਾਰੇ ਜੀ ਜਿਆ ਕੀਤਾ ਕੇ ਭੱਜ ਕੇ ਜਾ ਉਸਦੇ ਪੈਰਾਂ ਦੀ ਮਿੱਟੀ ਚੁੰਮ ਆਪਣੇ ਮੱਥੇ ਨੂੰ ਲਾ ਲਵਾਂ ਕਿਊਂਕੇ ਜਿਸ ਰੱਬ ਤੇ ਡੋਰੀ ਸੁੱਟ ਇੱਕ ਦਿਨ ਉਸ ਨੂੰ ਬਾਹਰ ਟੇਬਲ ਲਾਉਣ ਦੀ ਆਗਿਆ ਦਿੱਤੀ ਸੀ..ਉਹ ਜਿਉਣ ਜੋਗਾ ਤਾਂ ਅੱਜ ਖੁਦ ਓਸੇ ਰੱਬ ਦਾ ਹੀ ਰੂਪ ਹੋ ਨਿੱਬੜਿਆ ਸੀ!
ਹਰਪ੍ਰੀਤ ਸਿੰਘ ਜਵੰਦਾ
Access our app on your mobile device for a better experience!
Baljeet kaur
Nice story