ਇਕ ਵਾਰ ਇਕ ਰਾਜਾ ਆਪਣੇ ਸ਼ਹਿਜ਼ਾਦੇ ਅਤੇ ਕੁਝ ਸਿਪਾਹੀਆਂ ਨਾਲ ਘੁੰਮਦੇ-ਘੁਮਾਉਂਦੇ ਇਕ ਜੰਗਲ ਵਿਚ ਚਲਾ ਗਿਆ । ਰਾਹ ਵਿਚ ਉਹਨਾਂ ਨੇ ਦੇਖਿਆ ਕਿ ਇਕ ਬੁੱਢਾ ਸ਼ੇਰ ਭੁੱਖ ਨਾਲ ਮਰ ਰਿਹਾ ਸੀ । ਸ਼ਹਿਜ਼ਾਦੇ ਨੂੰ ਉਸ ਸ਼ੇਰ ਤੇ ਬੜਾ ਤਰਸ ਆਇਆ । ਬਹੁਤ ਸਾਰੇ ਜਾਨਵਰ ਉਸ ਸ਼ੇਰ ਦੇ ਕੋਲ ਘਾਹ ਚੁਗ ਰਹੇ ਸਨ । ਪਰ ਸ਼ੇਰ ਇੰਨਾ ਅਸਮਰਥ ਸੀ ਕਿ ਸ਼ਿਕਾਰ ਕਰਨਾ ਤਾਂ ਦੂਰ ਉਸ ਕੋਲੋਂ ਤਾਂ ਉਠਿਆ ਵੀ ਨਹੀਂ ਸੀ ਜਾ ਰਿਹਾ ।
ਸ਼ਹਿਜ਼ਾਦੇ ਨੇ ਰਾਜੇ ਨੂੰ ਕਿਹਾ ਕਿ ਸਾਨੂੰ ਇਸਦੀ ਸਹਾਇਤਾ ਕਰਨੀ ਚਾਹੀਦੀ ਹੈ । ਰਾਜੇ ਨੇ ਕਿਹਾ ਕਿ ਅਸੀਂ ਕੁਝ ਨਹੀਂ ਕਰ ਸਕਦੇ । ਪਰ ਸ਼ਹਿਜ਼ਾਦੇ ਨੇ ਕਿਹਾ ਕਿ ਅੱਜ ਤੱਕ ਤੁਹਾਡੇ ਰਾਜ ਵਿਚ ਕੋਈ ਜੀਵ ਭੁੱਖ ਨਾਲ ਨਹੀਂ ਮਰਿਆ । ਫਿਰ ਇਸਨੂੰ ਇੰਝ ਮਰਨ ਲਈ ਕਿਵੇਂ ਛੱਡ ਸਕਦੇ ਹੋ ।
ਸ਼ਹਿਜ਼ਾਦੇ ਦੀ ਜਿੱਦ ਨੂੰ ਦੇਖ ਕੇ ਰਾਜੇ ਨੇ ਆਪਣੀ ਕਮਾਨ ‘ਚੋਂ ਇਕ ਤੀਰ ਕੱਢ ਕੇ ਕੋਲ ਹੀ ਘਾਹ ਚੁਗ ਰਹੇ ਇਕ ਹਿਰਨ ਦੀ ਵੱਖੀ ਵਿਚ ਦੇ ਮਾਰਿਆ । ਹਿਰਨ ਉੱਥੇ ਹੀ ਢੇਰੀ ਹੋ ਗਿਆ । ਬਾਕੀ ਜਾਨਵਰ ਇਹ ਦੇਖ ਕੇ ਉਥੋਂ ਤਿੱਤਰ-ਬਿੱਤਰ ਹੋ ਗਏ । ਰਾਜੇ ਨੇ...
ਸਿਪਾਹੀਆਂ ਨੂੰ ਕਿਹਾ ਕਿ ਇਹ ਹਿਰਨ ਲਿਆ ਕੇ ਸ਼ੇਰ ਦੇ ਅੱਗੇ ਰੱਖ ਦੇਣ ।
ਇਹ ਦੇਖ ਕੇ ਸ਼ਹਿਜ਼ਾਦਾ ਬੜਾ ਹੈਰਾਨ ਹੋਇਆ । ਉਸਨੇ ਕਿਹਾ ਕਿ ਤੁਸੀਂ ਇਸ ਹਿਰਨ ਨੂੰ ਕਿਉਂ ਮਾਰਿਆ । ਤਾਂ ਰਾਜੇ ਨੇ ਕਿਹਾ ਕਿ ਜੇ ਸ਼ੇਰ ਨੂੰ ਬਚਾਉਣਾ ਸੀ ਤਾਂ ਕਿਸੇ ਨਾ ਕਿਸੇ ਜਾਨਵਰ ਨੂੰ ਤਾਂ ਮਾਰਨਾ ਹੀ ਪੈਣਾ ਸੀ । ਨਹੀਂ ਤਾਂ ਸ਼ੇਰ ਨੇ ਭੁੱਖ ਨਾਲ ਮਰ ਜਾਣਾ ਸੀ । ਕਿਉਂਕਿ ਸ਼ੇਰ ਮਾਸਾਹਾਰੀ ਜਾਨਵਰ ਹੁੰਦਾ ਹੈ । ਉਹ ਭੁੱਖਾ ਮਰ ਜਾਵੇਗਾ ਪਰ ਮਾਸ ਤੋਂ ਇਲਾਵਾ ਹੋਰ ਕੁਝ ਨਹੀਂ ਖਾਵੇਗਾ ।
ਸ਼ਹਿਜ਼ਾਦਾ ਸੋਚੀਂ ਪੈ ਗਿਆ ਤਾਂ ਰਾਜੇ ਨੇ ਉਸਨੂੰ ਸਮਝਾਉਂਦੇ ਹੋਏ ਕਿਹਾ ਕਿ ਇਹ ਜ਼ਿੰਦਗੀ ਦਾ ਦਸਤੂਰ ਹੈ ਕਿ ਇਕ ਦਾ ਸੁੱਖ ਦੂਜੇ ਦਾ ਦੁੱਖ ਅਤੇ ਇਕ ਦਾ ਦੁੱਖ ਦੂਜੇ ਦਾ ਸੁੱਖ ਬਣ ਜਾਂਦਾ ਹੈ । ਇਸ ਲਈ ਪ੍ਰਕਿਰਤੀ ਦੇ ਕੁਝ ਅਜਿਹੇ ਨਿਯਮ ਹੁੰਦੇ ਹਨ ਜਿਨ੍ਹਾਂ ਨਾਲ ਸਾਨੂੰ ਛੇੜ-ਛਾੜ ਨਹੀਂ ਕਰਨੀ ਚਾਹੀਦੀ ।
ਜਗਦੀਪ ਮੁਲਤਾਨੀ
Access our app on your mobile device for a better experience!
Param Multani
ਬਹੁਤ ਵਧੀਆਂ ਸਿੱਖਿਆ ਹੈ 👍🏼