ਪਤਾ ਨਹੀਂ ਦੁਪਹਿਰੇ ਬਾਤਾਂ ਪਾਉਣ ਨਾਲ਼ ਰਾਹੀ ਰਾਹ ਕਿਉਂ ਭੁੱਲ ਜਾਂਦੇ ਸਨ ! “ਕੰਨ ਬੋਲ਼ੇ ਹੋ ਜਾਣਗੇ,” ਕਹਿਕੇ ਕਿੱਕਰ ਦੇ ਤੁੱਕੇ ਖਾਣ ਤੋਂ ਵਰਜਿਆ ਕਿਉਂ ਜਾਂਦਾ ਸੀ !
ਮੋਰ ਤੋਂ ਉਹਦੇ ਸੋਹਣੇ ਪੈਰ ਕਿਸੇ ਹੋਰ ਪੰਛੀ ਸ਼ਾਇਦ ਗਟਾਰ ਨੇ ਵਾਂਡੇ ਜਾਣ ਲਈ ਉਧਾਰੇ ਲਏ ਸਨ ਪਰ ਮਗਰੋਂ ਮੋੜੇ ਨਹੀਂ ਸਨ ਤੇ ਮੋਰ ਆਪਣੇ ਕਰੂਪ ਪੈਰਾਂ ਨੂੰ ਦੇਖ-ਦੇਖ ਰੋਂਦਾ ਸੀ।
ਕਹਿੰਦੇ ਸਨ ਬਿੱਲੀ ਸ਼ੇਰ ਦੀ ਮਾਸੀ ਏ। ਮਾਸੀ ਨੇ ਭਾਣਜੇ ਨੂੰ ਹੋਰ ਸਾਰੇ ਗੁਰ ਤਾਂ ਸਿਖਾ ਦਿੱਤੇ ਸਨ ਪਰ ਛਾਲ ਮਾਰ ਕੇ ਦਰਖ਼ਤ ‘ਤੇ ਚੜ੍ਹਣ ਦਾ ਗੁਰ ਨਹੀਂ ਸਿਖਾਇਆ ਸੀ। ਕਾਟੋ ਦੇ ਸਿਰ ਵਿੱਚ ਕਹਿੰਦੇ ਹੁੰਦੇ ਸੀ ਅਠਿਆਨੀ ਹੁੰਦੀ ਏ ਪਰ ਕਾਟੋ ਨੂੰ ਮਾਰਦਾ ਕੋਈ ਨਹੀਂ ਸੀ।
ਸਾਉਣ ਮਹੀਨੇ ਮੀਂਹ ਪੈਣੇ ਬਿਜਲੀ ਗੜ੍ਹਕਣੀ ਤਾਂ ਬੁੜ੍ਹੀਆਂ ਨੇ ਕਾਲ਼ੇ ਕੱਪੜੇ ਪਾ ਕੇ ਬਾਹਰ ਜਾਣ ਅਤੇ ਮਾਮੇ-ਭਾਣਜੇ ਨੂੰ ਇਕੱਠੇ ਹੋਣ ਤੋਂ ਰੋਕਣਾ। ਸ੍ਰੀ ਕ੍ਰਿਸ਼ਨ ਤੇ ਰਾਜੇ ਕੰਸ ਦਾ ਹਵਾਲਾ ਦੇ ਕੇ ‘ਸਮਾਨੀ ਬਿਜਲ਼ੀ ਅਤੇ ਮਾਮੇ-ਭਾਣਜੇ ਦੀ ਜੋੜੀ ‘ਚ ਵੈਰ ਦੀਆਂ ਗੱਲਾਂ ਦੱਸਣੀਆਂ।
ਮਾੜੇ ਜਹੇ ਛੜਾਕੇ ਤੋਂ ਬਾਅਦ ਮਿੱਟੀਆਂ ਨੇ ਮਹਿਕਣਾ, ਕੁੜੀਆਂ ਨੇ ਕੱਚੇ ਰੋੜ ਲੱਭਦੀਆਂ ਫਿਰਨਾ। ਗੁਲ਼ਗਲ਼ੇ ਪੱਕਣੇ, ਜਵਾਕਾਂ ਨੇ ਮਾਲ਼ਪੂੜੇ ਬਣਾਉਣ ਲਈ ਭੱਜ-ਭੱਜਕੇ ਪਿੱਪਲ ਦੇ ਪੱਤੇ ਤੋੜ ਲਿਆਉਣੇ। ਸੱਤਰੰਗੀ ਪੀਂਘ ਦੇਖ ਕੇ ਜਿਸ ਨੂੰ ਬੁਢਾਪੇ ‘ਚ ਵੀ ਚਾਅ ਚੜ੍ਹਦਾ ਏ, ਉਹ ਬੰਦਾ ਜ਼ਰੂਰ ਨਵਾਜ਼ਿਆ ਹੋਇਆ ਏ।
ਦੁੱਧ ਉਦੋਂ ਤੇਰ੍ਹਵਾਂ ਰਤਨ ਅਖਾਉਂਦਾ ਸੀ, ਦੁੱਧ ਤੇ ਪੁੱਤ ਵੇਚਣਾ ਇੱਕ ਸਮਾਨ ਮੰਨਿਆ ਜਾਂਦਾ ਸੀ।
ਗੁਰਦਵਾਰੇ ਜਾਂ ਡੇਰੇ ‘ਚ ਗਜ਼ਾ ਕਰਕੇ ਲਿਆਂਦੀ ਸੱਤ ਭਾਂਤੀ ਦਾਲ਼-ਸਬਜ਼ੀ ਘਿਉ, ਮਖਣੀ ਨਾਲ਼ ਚੋਂਦੀ ਹੋਣੀ ਤੇ ਉਸੇ ਵਿੱਚ ਹੀ ਕਿਸੇ ਦਾ ਪਾਇਆ ਦਹੀਂ ਵੱਖਰੇ ਸਵਾਦ ਦਾ ਸਬੱਬ ਬਣਦਾ।
ਜਦੋਂ ਤਾਂਗੇ ਦੀ ਸਵਾਰੀ ਉੱਡਣਖਟੋਲੇ ਤੋਂ ਘੱਟ ਨਹੀਂ ਲੱਗਦੀ ਸੀ, ਹੈਲੀਕਾਪਟਰ ਜਾਂ ਜਹਾਜ਼ ਦੀ ਅਵਾਜ਼ ਸੁਣਨੀ ਤਾਂ ਨਿਗ੍ਹਾ ਅਸਮਾਨ ਵੱਲ ਸੇਧ ਲੈਂਦੇ ਸਾਂ। ਅਸਚਰਜ ਹੋਇਆ ਕਰਦੇ ਸਾਂ ਕੀ ਇਹ ਸੱਚੀਂ ਲੋਹੇ ਦਾ ਪੁਰਜਾ ਆਪਣੇ ਵਿੱਚ ਬੰਦੇ ਲੱਦ ਉੱਡ ਰਿਹਾ ਏ।
ਬੱਚੇ ਬਿਮਾਰ ਹੋ ਕੇ ਵੀ ਖ਼ੁਸ਼ ਹੁੰਦੇ ਸਨ। ਸਕੂਲੋਂ ਛੁੱਟੀ ਦੀ ਗਰੰਟੀ ਜੋ ਹੋ ਜਾਂਦੀ ਸੀ। ਅੰਗੂਰਾਂ ਵਾਲ਼ੀ ਖੰਡ ਖਾਣ ਲਈ ਜਵਾਕ ਬੁਖ਼ਾਰ ਨੂੰ ਵੀ ਖਿੜੇ ਮੱਥੇ ਲਿਆ ਕਰਦੇ ਸਨ, ਬੱਸ ਇੱਕ ਟੀਕੇ ਦਾ ਡਰ ਜ਼ਰੂਰ ਤ੍ਰਾਹ ਕੱਢ ਦਿੰਦਾ ਸੀ। ਬਰੈੱਡ, ਦਲੀਆ, ਖਿਚੜੀ ਬਿਮਾਰਾਂ ਦਾ ਖਾਈਆ ਸਮਝਿਆ ਜਾਂਦਾ ਸੀ।
ਲੀੜਿਆਂ ‘ਚੋਂ ਵਲ਼ ਕੱਢਣ ਲਈ ਸਿਰ੍ਹਾਣੇ ਹੇਠ ਤਹਿ ਲਾ ਕੇ ਰੱਖ ਲਏ ਜਾਂਦੇ ਸਨ।
ਸਿਆਲ਼ ਆਉਣ ‘ਤੇ ਪੇਟੀ ‘ਚੋਂ ਕੱਢੀਆਂ ਰਜ਼ਾਈਆਂ ਦੀ ਮਹਿਕ ਕੌਣ ਭੁੱਲ ਸਕਦਾ ਏ?
ਗਰੁੱਪ ਫੋਟੋ ਲਈ ਸਾਰੇ ਪਾੜ੍ਹੇ ਪੱਗਾਂ ਬੰਨ੍ਹ ਸਕੂਲ ਜਾਇਆ ਕਰਦੇ ਸਨ।
ਵਿਆਹ ‘ਤੇ ਦਰਜ਼ੀ ਨੇ ਵਿਆਹ ਵਾਲ਼ੇ ਘਰੇ ਹੀ ਫੱਟਾ ਡਾਹ ਲੈਣਾ ਅਤੇ ਨਿੱਕੇ ਤੋਂ ਲੈ ਕੇ ਵੱਡੇ ਤੱਕ ਦੀਆਂ ਪੁਸ਼ਾਕਾਂ ਸਿਉਂ ਦੇਣੀਆਂ। ਵਿਆਹ ‘ਤੇ ਮੰਜੇ-ਬਿਸਤਰੇ ਇਕੱਠੇ ਕਰਨੇ, ਨੰਬਰ ਲਾਉਣੇ। ਵਿਆਹ ਵਾਲ਼ੀ ਕਾਰ ਉੱਤੋਂ ਸੁੱਟੀ ਭਾਨ ਚੁਗਣੀ, ਦੋਵੇਂ ਹੱਥਾਂ ਦਾ ਘੁੱਗੂ ਜਿਹਾ ਬਣਾਕੇ ਵਿੱਚ ਸਿੱਕੇ ਖੜਕਾਉਣੇ।
ਲੋਕ ਕਿੱਕਰ ਜਾਂ ਨਿੰਮ ਦੀ ਦਾਤਣ ਸੁਬਹਾ ਉੱਠਕੇ ਕਰ ਲੈਂਦੇ ਸਨ ਨਾ ਹਿੰਗ ਲੱਗਦੀ ਸੀ ਨਾ ਫ਼ਟਕੜੀ। ਹਰ ਟੁੱਥਪੇਸਟ ਕੌਲਗੇਟ ਹੋਇਆ ਕਰਦੀ ਸੀ। ਜਦੋਂ ਨਵੀਂ ਪੇਸਟ ਪੈਪਸੂਡੈਂਟ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
ਵਾਹ,ਲਾਜਵਾਬ।
kiniya puraniya galan yaad krva ditiya tuhada dhanwaad