ਓਹਨੀ ਦਿੰਨੀ ਮੈਂਨੂੰ ਕਈ ਵਾਰ ਪੱਠੇ ਵੱਢਣ ਮਗਰੋਂ ਸਿਰ ਤੇ ਪੰਡ ਚੁਕਾਉਣ ਵਾਲਾ ਕੋਈ ਨਾ ਮਿਲਿਆ ਕਰਦਾ..
ਮੈਂ ਕਿੰਨਾ ਚਿਰ ਕੋਲੋਂ ਲੰਘਦੀ ਸੜਕ ਤੇ ਆ ਕਿਸੇ ਲੰਘਦੇ ਆਉਂਦੇ ਨੂੰ ਉਡੀਕਦਾ ਰਹਿੰਦਾ..
ਉਹ ਕੋਈ ਪੰਜਾਹਾਂ ਕੂ ਵਰ੍ਹਿਆਂ ਦੀ ਮੇਰੀ ਮਾਂ ਦੀ ਉਮਰ ਦੀ ਹੋਵੇਗੀ..ਮੇਰੇ ਨਾਲ ਹੀ ਪੱਠਿਆਂ ਦਾ ਟੱਕ ਮੁੱਲ ਲਿਆ ਹੁੰਦਾ ਸੀ..!
ਡੰਗਰ ਜਿਆਦਾ ਹੋਣ ਕਰਕੇ ਸ਼ਾਇਦ ਉਸਨੂੰ ਦੋ ਪੰਡਾਂ ਵੱਢਣੀਆਂ ਪੈਂਦੀਆਂ..ਇੱਕ ਸੁਵੇਰੇ ਤੇ ਦੂਜੀ ਮੇਰੇ ਨਾਲ ਸ਼ਾਮਾਂ ਨੂੰ..!
ਮੈਂ ਇੱਕ ਵਾਰ ਪੁੱਛ ਲਿਆ ਚਾਚੀ ਕੋਈ ਮੁੰਡਾ ਹੈਨੀ ਘਰੇ..?
ਆਖਣ ਲੱਗੀ “ਹੈਗਾ ਏ ਤੇਰੇ ਵਰਗਾ ਇੱਕ ਗੱਬਰੂ ਪੁੱਤ ਪਰ ਨਾ ਤੇ ਸਕੂਲੇ ਜਾਂਦਾ ਤੇ ਨਾ ਕਿਸੇ ਕੰਮ ਧੰਦੇ ਹੀ ਲੱਗਦਾ..”
ਉਹ ਆਪਣਾ ਟੱਕ ਬਚਾਉਣ ਖਾਤਿਰ ਅੱਧੇ ਪੱਠੇ ਵੱਡਿਆ ਕਰਦੀ ਤੇ ਅੱਧਾ ਪੰਡ ਘਾਹ ਦੀ ਕਰ ਲਿਆ ਕਰਦੀ..!
ਇੱਕ ਦਿਨ ਕੋਲ ਬੈਠੀ ਪੱਠੇ ਵੱਢ ਰਹੀ ਸੀ ਕੇ ਮੁੰਡਾ ਓਥੇ ਆ ਗਿਆ..ਆਖਣ ਲੱਗਾ ਪੈਸੇ ਚਾਹੀਦੇ ਨੇ..ਕਿਧਰੇ ਜਾਣਾ ਏ”
ਉਹ ਅੱਗਿਓਂ ਆਖਣ ਲੱਗੀ “ਮੇਰੇ ਕੋਲ ਹੈਨੀ ਕੁਝ ਵੀ ਪੁੱਤ..”
ਪਰ ਉਹ ਉਸਦੀ ਰਗ ਰਗ ਤੋਂ ਵਾਕਿਫ ਸੀ..
ਉਸਨੇ ਅਗਾਂਹ ਹੋ ਕੇ ਉਸਦੀ ਚੁੰਨੀ ਦੀ ਨੁੱਕਰ ਨਾਲ ਬੰਨੇ ਹੋਏ ਸਾਰੇ ਪੈਸੇ ਖੋਲ ਲਏ ਤੇ ਗਾਇਬ ਹੋ ਗਿਆ!
ਉਹ ਪਿੱਛੋਂ ਏਨਾ ਹੀ ਆਖਦੀ ਰਹੀ “ਵੇ ਰਾਤੀ ਆਟਾ ਕਾਹਦਾ ਲਿਆਉਣਾ ਈ..ਮੁੜਕੇ ਤੁਰੇ ਜਾਦੇ ਵੱਲ ਨੂੰ ਵੇਖ ਉਸਦਾ ਰੋਣ ਨਿੱਕਲ ਗਿਆ”
ਮੁੜਕੇ ਕਿੰਨੇ...
ਦਿਨ ਉਹ ਨਜ਼ਰੇ ਨਾ ਪਈ..ਸ਼ਾਇਦ ਇੱਕ ਪੰਡ ਸੁਵੇਰੇ ਹੀ ਵੱਢ ਕੇ ਲੈ ਜਾਇਆ ਕਰਦੀ ਸੀ!
ਫੇਰ ਇੱਕ ਦਿਨ ਸ਼ਾਮੀਂ ਦਿੱਸੀ..ਟੁੱਟੀ ਹੋਈ..ਬੁਰੀ ਤਰਾਂ ਪ੍ਰੇਸ਼ਾਨ..
ਵਜਾ ਪੁੱਛੀ ਤਾਂ ਆਖਣ ਲੱਗੀ ਕੇ ਮੁੰਡੇ ਨੂੰ ਪੁਲਸ ਨੇ ਚੁੱਕ ਲਿਆ ਏ..ਲੁੱਟਾ-ਖੋਹਾਂ ਦਾ ਕੇਸ ਪਾ ਦਿੱਤਾ..”
ਮੈਨੂੰ ਅੰਦਾਜਾ ਹੋ ਗਿਆ ਕੇ ਹੁਣ ਨੀ ਵਾਪਿਸ ਆਉਂਦਾ..
ਓਹਨਾ ਵੇਲਿਆਂ ਵਿਚ ਫੜੇ ਗਏ ਦਾ ਕਸੂਰ ਭਾਵੇਂ ਕੋਈ ਵੀ ਹੋਵੇ..ਹੱਥ ਆਏ ਹਰੇਕ ਨੂੰ ਅਕਸਰ ਹੀ ਗਿਣਤੀ ਵਧਾਉਣ ਲਈ ਖਾੜਕੂਵਾਦ ਵਾਲੇ ਖਾਤੇ ਵਿਚ ਪਾ ਦਿੱਤਾ ਜਾਂਦਾ ਸੀ..!
ਫੇਰ ਓਹੀ ਗੱਲ ਹੋਈ..ਉਹ ਆਪ ਵੀ ਫੇਰ ਕਦੀ ਨਜਰ ਨਾ ਆਈ ਤੇ ਸ਼ਾਇਦ ਉਸਦਾ ਮੁੰਡਾ ਵੀ ਕਦੀ ਨਾ ਮੁੜਿਆ!
ਅੱਜ ਬਾਲਣ ਦੀ ਪੰਡ ਚੁਕੀ ਤੁਰੀਆਂ ਜਾਂਦੀਆਂ ਦੋ ਔਰਤਾਂ ਦੀ ਤਸਵੀਰ ਵੇਖੀ ਤਾਂ ਤਿੰਨ ਦਹਾਕੇ ਪਹਿਲਾ ਵਾਲਾ ਉਹ ਮੰਜਰ ਅੱਖਾਂ ਅੱਗੇ ਘੁੰਮ ਗਿਆ..
ਕੁਝ ਵੀ ਤਾਂ ਨਹੀਂ ਬਦਲਿਆ..ਸਾਰਾ ਕੁਝ ਓਹੀ ਏ..ਬਸ ਆਪਣੀ ਗਰਜ ਖਾਤਿਰ ਜਵਾਨ ਔਲਾਦਾਂ ਦੇ ਮਾਪਿਆਂ ਕੋਲੋਂ ਪੈਸੇ ਵਸੂਲਣ ਦੇ ਤੌਰ ਤਰੀਕੇ ਬਦਲ ਗਏ ਨੇ..!
ਜਿੰਦਗੀ ਦੇ ਸਫ਼ਰ ਵਿਚ ਕਈ ਵਾਰ ਬੰਦੇ ਦਾ ਵਜੂਦ ਨਹੀਂ ਸਗੋਂ ਅੱਖੀਆਂ ਥੱਕ ਜਾਇਆ ਕਰਦੀਆਂ ਨੇ..ਕਿਸੇ ਦੇ ਇੰਤਜਾਰ ਵਿਚ!
ਹਰਪ੍ਰੀਤ ਸਿੰਘ ਜਵੰਦਾ
Rekha Rani
nice and right paji