ਬਸ਼ੀਰ ਪੰਦਰਾਂ ਸਾਲਾਂ ਦਾ ਮੁੱਛ ਫੁੱਟ ਗੱਭਰੂ ਸੀ ਜਦੋਂ ਉਹਨੂੰ ਪਿੰਡ ਛੱਡ ਕੇ ਨਵੇਂ ਬਣੇ ਮੁਲਕ ਪਾਕਸਤਾਨ ਜਾਣਾ ਪਿਆ। ਪੜ੍ਹਿਆ-ਲਿਖਿਆ ਸੀ, ਸਾਰੀ ਉਮਰ ਗੁਰਮੁਖੀ ‘ਚ ਚਿੱਠੀਆਂ ਲਿਖਦਾ ਰਿਹਾ, ਪਿੰਡ ਤੇ ਪਿੰਡ ਵਾਲ਼ਿਆਂ ਦਾ ਹਾਲ਼ ਪੁੱਛਦਾ ਰਿਹਾ। ਗੇੜਾ ਮਾਰਨਾ ਚਾਹੁੰਦਾ ਸੀ ਪਰ ਪਾਕਸਤਾਨ ਦੀ ਫੌਜ ਵਿੱਚ ਕਿਸੇ ਉੱਚੇ ਅਹੁਦੇ ‘ਤੇ ਹੋਣ ਕਰਕੇ ਕਈ ਵਾਰ ਟੱਕਰਾਂ ਦੇ ਬਾਵਜੂਦ ਵੀਜ਼ਾ ਨਾ ਮਿਲਿਆ। ਰਿਟਾਇਰਮੈਂਟ ਮਗਰੋਂ ਸਿਹਤ ਨੇ ਇਜਾਜ਼ਤ ਨਹੀਂ ਦਿੱਤੀ, ਸਾਲਾਂ ਦੇ ਸਾਲ਼ ਬੀਤ ਗਏ। ਉਹ ਮਰਨ ਤੋਂ ਪਹਿਲਾਂ ਇੱਕ ਵਾਰ ਆਪਣੀ ਜੰਮਣਭੋਂਇ ਨੂੰ ਨਤਮਸਤਕ ਹੋਣ ਨੂੰ ਤੇ ਜਿੱਥੇ ਉਹਦੇ ਵੱਡੇ-ਵਡੇਰੇ ਦਫ਼ਨ ਸਨ ਓਥੇ ਜਾ ਕੇ ਫ਼ਾਤਿਹਾ ਪੜ੍ਹਣ ਨੂੰ ਕਿਸੇ ਫ਼ਰਜ਼ ਵਾਂਗ ਲਾਜ਼ਮ ਸਮਝਦਾ ਸੀ, ਨਿੱਤ ਦੁਆਵਾਂ ਕਰਦਾ ਕਿਤੇ ਜ਼ਿੰਦਗੀ ਪਹਿਲਾਂ ਈ ਜਵਾਬ ਨਾ ਦੇ ਜਾਵੇ। ਅੰਤ ਸੱਠਾਂ ਸਾਲਾਂ ਬਾਅਦ ਜਦੋਂ ਪੰਝੱਤਰਾਂ ਦਾ ਹੋ ਗਿਆ ਤਾਂ ਮਹਿਮਾਨ ਬਣਕੇ ਪਿੰਡ ਨੂੰ ਗੇੜਾ ਮਾਰਨਾ ਨਸੀਬ ਹੋਇਆ। ਅਸੀਂ ਅਟਾਰੀ ਬਾਡਰ ਤੋਂ ਰਾਤ ਨੂੰ ਬਾਰਾਂ ਵਜੇ ਉਹਨੂੰ ਲੈ ਕੇ ਪਿੰਡ ਪਰਤੇ। ਉਹ ਗੱਡੀ ਦਿਆਂ ਸ਼ੀਸ਼ਿਆਂ ਵਿੱਚੋਂ ਬਾਹਰ ਨਿੱਕਲ-ਨਿੱਕਲ ਜਾਵੇ।
“ਘਰ ਕੱਚੇ ਸਨ, ਪੱਕੇ ਹੋ ਗਏ ਆ ਪਰ ਰਾਹ-ਰਸਤੇ ਉਹੀ ਨੇ, ਉਹੀ ਮੋੜ ਨੇ !”
ਰਾਤ ਸ਼ਾਇਦ ਦੋ ਘੰਟੇ ਸੁੱਤਾ, ਸਵੇਰੇ ਚਾਰ ਵਜੇ ਉੱਠਿਆ ਫਿਰੇ, ਕਹਿੰਦਾ,”ਛੇਤੀ ਚੱਲੋ, ਮੈਂ ਆਪਣਾ ਘਰ ਦੇਖਣਾ ਏ, ਮੈਂ ਸੌਂ ਨੀਂ ਸਕਿਆ ਰਾਤ ਭਰ!”
“ਚਾਚਾ, ਚੱਲਦੇ ਆਂ ਘਰ ਕਿਤੇ ਭੱਜ ਨੀਂ ਚੱਲਿਆ”
“ਪੁੱਤਰਾ, ਮੇਰੇ ਮਨ ਨੂੰ ਰਮਾਨ ਨੀਂ ਆਉਂਦਾ ਪਿਆ! ਰੂਹ ਤਰਸੀ ਪਈ ਏ! ਮੇਰੀ ਇੱਕ ਯਾਦਗਾਰ ਏ ਓਥੇ, ਜੇ ਸਹੀ-ਸਲਾਮਤ ਹੋਵੇ, ਕਿਸੇ ਨੇ ਨਾ ਛੇੜੀ ਹੋਵੇ!”
ਤੇ ਅਸੀਂ ਸਾਢੇ ਕੁ ਛੇ ਵਜੇ ਆਖ਼ਰ ਚੱਲ ਈ ਪਏ।
ਬਸ਼ੀਰ ਕਾ ਘਰ ਬਸੰਤ ਸਿਆਂ ਕਿਆਂ ਨੂੰ ਅਲਾਟ ਹੋ ਗਿਆ ਸੀ। ਲਾਹੌਰੀ ਇੱਟ ਦਾ ਬਣਿਆ ਦਲਾਨ ਉਹਨਾਂ ਨੇ ਬਹੁਤ ਸਾਂਭ ਕੇ ਰੱਖਿਆ ਸੀ।
“ਓਏ, ਦਲਾਨ ਤਾਂ ਬਿਲਕੁਲ ਉਵੇਂ ਦਾ ਉਵੇਂ ਪਿਆ ਏ!”
ਪਸੂ-ਡੰਗਰਾਂ ਨੂੰ ਪੱਠੇ ਪਾਉਣ ਲਈ ਜਿਮੀਂਦਾਰ ਮੂੰਹ-ਹਨੇਰੇ ਜਾਗ ਪੈਂਦੇ ਨੇ ਸੋ ਦਰਵਾਜ਼ਾ ਖੜਕਾਉਣ ਦੀ ਦੇਰ ਈ ਸੀ ਕਿ ਚਾਚੇ ਬਸੰਤ ਦੇ ਵੱਡੇ ਮੁੰਡੇ ਨੇ ਅੰਦਰੋਂ ਬੂਹਾ ਖੋਲ੍ਹ ਦਿੱਤਾ।
ਜਿਹੜੀਆਂ ਗ਼ਲੀਆਂ ਦੇ ਨਕਸ਼ੇ ਪੈਰਾਂ ਦੀਆਂ ਤਲ਼ੀਆਂ ‘ਤੇ ਉੱਕਰੇ ਹੋਣ ਉਹਨਾਂ ‘ਤੇ ਮੁੱਦਤਾਂ ਬਾਅਦ ਖੂੰਡੀ ਫੜ੍ਹਕੇ ਪੈਰ ਪਾਉਣਾ ਕੈਸੀ ਵੈਰਾਗ ਦੀ ਘੜੀ ਹੁੰਦੀ ਏ, ਦੱਸੀ ਨਈਂ ਜਾ ਸਕਦੀ! ਆਪਣੇ ਘਰਾਂ ‘ਚ ਵੜਣ ਲਈ ਜਦੋਂ ਇਜਾਜ਼ਤਾਂ ਲੈਣੀਆਂ ਪੈਣ ਤਾਂ ਉਸ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ