ਹਰ ਰਾਤ ਮੈਨੂੰ ਸੁਫ਼ਨਾ ਆਉਂਦਾ ਜਿਵੇਂ ਮੈਂ ਪਰੀ ਹਾਂ , ਮੈਂ ਆਪਣੇ ਸੁੰਦਰ ਖੰਭਾਂ ਨਾਲ ਉੱਡ ਰਹੀ ਹਾਂ ।ਕਦੀ ਸੁੰਦਰ ਮਹਿਲ ਦੀ ਉੱਚੀ ਅਟਾਰੀ ਤੇ ਜਾ ਬੈਠਦੀ ਹਾਂ , ਕਦੀ ਬਰਫ਼ ਲੱਦੇ ਪਹਾੜਾਂ ਤੇ ਹਫ਼ਦੀ ਹਫ਼ਦੀ ਚੜ ਰਹੀ ਹਾਂ , ਕਦੀ ਸਫ਼ੇਦ ਸਾਗਰ ਲਹਿਰਾਂ ਉਪਰ ਦੌੜ ਰਹੀ ਹਾਂ ਅਤੇ ਕਦੀ ਗੋਲ ਪੌੜੀਆ ਤੋਂ ਸੋਨੇ ਦੀਆਂ ਝਾਜਰਾਂ ਪਾਈਂ ਮਟਕ ਨਾਲ ਛੰਮ ਛੰਮ ਕਰਦੀ ਉਤਰ ਰਹੀ ਹਾਂ , ਕਦੀ ਹਰੇ ਭਰੇ ਬਾਗ਼ਾ ‘ਚ ਦਗ਼ੜ ਦਗ਼ੜ ਕਰਦੀ ਦੌੜ ਰਹੀ ਹਾਂ , ਕਦੀ ਕੱਚੀਆ ਅੰਬੀਆਂ ਤੋੜ ਤੋੜ ਕਦੀ ਲਾਲ ਚੈਰੀਆ ਚਟਕਾਰੇ ਲੈ ਲੈ ਖ਼ਾਹ ਰਹੀ ਹਾਂ ।ਕਦੀ ਉੱਚੀ ਉੱਚੀ ਸੰਗੀਤਮਈ ਅਵਾਜ਼ ‘ਚ ਹੱਸਦੀ ਹਾਂ ਤਾਂ ਕਲਕਲ ਕਰਦੇ ਝਰਨੇ ਜਿਵੇਂ ਸੰਗੀਤ ਦਿੰਦੇ ਹੋਣ । ਪਰ ਇਹ ਸਭ ਕੁੱਝ ਅੱਖਾਂ ਬੰਦ ਹੋਣ ਤਾਂ ਆਪਣਾ ਲੱਗਦਾ ਏ ।ਅੱਖਾਂ ਖੁਲਣ ਤੇ ਇਹ ਮੇਰਾ ਸੁਫ਼ਨੇ ਬਣ ਜਾਂਦੇ ਨੇ । ਕੁੜੀਆਂ ਤਾਂ ਸੁਫ਼ਨੇ ਦੇਖ ਕੇ ਹੀ ਜ਼ਿੰਦਗੀ ਜੀਉਂਦੀਆਂ ਹਨ । ਉਹਨਾਂ ਦੇ ਕਈਂ ਸੁਫ਼ਨਿਆ ਨੂੰ ਬੂਰ ਪੈ ਜਾਂਦਾ ਹੈ ਅਤੇ ਕਈਂ ਸੁਫ਼ਨੇ ਮਧੋਲੇ ਜਾਂਦੇ ਨੇ ।
ਮੇਰਾ ਕਨੇਡਾ ਪਹੁੰਚਣਾ ਵੀ ਮੇਰੇ ਸੁਫ਼ਨਿਆਂ ਚੋਂ ਮੇਰਾ ਇੱਕ ਸੁਫ਼ਨਾ ਸੀ । ਮੈਂ ਅੰਬੋ ਤੋਂ ਐਮੀ ਬਣਕੇ ਵਿਦੇਸ਼ੀ ਧਰਤੀ ਨੂੰ ਚੁੰਮਿਆ ਸੀ ।
…ਅੰਬੋ !! ਮਾਂ ਕਹਿੰਦੀ ਸੀ “ਤੂੰ ਪੇਟ ‘ਚ ਸੈਂ ਤਾਂ ਮੈਂ ਕੱਚੀਆਂ ਅੰਬੀਆ ਤੋੜ ਤੋੜ ਕੱਚਰ ਕੱਚਰ ਕਰਕੇ ਖਾਂਦੀ ਸਾਂ। ਹਰੀਆਂ ਮਿਰਚਾਂ ਪਾ ਸਬਜ਼ੀਆਂ , ਮੱਕੀ ਦੀ ਰੋਟੀ ਸਾਗ਼, ਪੇੜਾ ਮੱਖ਼ਣ ਪਾ ਅਤੇ ਹੋਰ ਕਿੰਨਾ ਕੁੱਝ ਖ਼ਾ ਲੈਂਦੀ ਸਾਂ । ਤੇਰੀ ਦਾਦੀ ਕਹਿੰਦੀ ਸੀ , ਹਰ ਵਕਤ ਕੱਚਰ ਕੱਚਰ ਖਾਂਦੀ ਰਹਿੰਦੀ ਏ , ਸਾਗ਼ ਖਾ ਕੇ ਕੁੜੀ ਹੀ ਜੰਮੇਂਗੀ … ਜਦੋਂ ਤੂੰ ਜੰਮੀ ਤਾਂ ਤੇਰੀ ਦਾਦੀ ਬੋਲੀ , ਏਸ ਚੋਂ ਅੰਬੀਆਂ ਦੀ ਖ਼ੁਸ਼ਬੋ ਆਉਂਦੀ ਏ , ਤੂੰ ਤਾਂ ਅੰਬੀ ਹੀ ਜੰਮ ਦਿੱਤੀ ਤੇ ਤੇਰਾ ਨਾਮ ਅੰਬੋ ਹੀ ਰੱਖ਼ ਦਿੱਤਾ
…..ਨਿੱਕੇ ਹੁੰਦਿਆਂ ਤੂੰ ਚਿੱੜੀਆਂ ਵਾਂਙੂੰ ਫ਼ੁਦਕਦੀ ਰਹਿੰਦੀ ।ਬਸ ਹਰ ਵਕਤ ਚੀਂ ਚੀਂ ਚੁਰ ਚੁਰ ਕਰਦੀ ਇੱਕ ਥਾਂ ਤੋਂ ਦੂਜੀ ਥਾਂ ਭੱਜਦੀ ਨੱਠਦੀ ਰਹਿੰਦੀ ਸੈਂ । ਵੱਧਦੀ ਉਮਰ ਨਾਲ ਮੇਰੀ ਚਾਲ ਹੋਰ ਵੀ ਤਿੱਖ਼ੀ ਹੋ ਗਈ ਸੀ। ਚੁਲਬੁਲੀ ਕੁੜੀਆ ਦਾ ਸ਼ਰਾਰਤੀ ਮੈਂ ਗੈਂਗ ਬਣਾਂ ਲਿਆ ਸੀ ਉਸ ਦੀ ਰਿੰਗ ਲੀਡਰ ਬਣ ਗਈ ਸਾਂ।
……..ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਕਦੀ ਵੀ ਮੈਂ ਸਿੱਧੀ ਨਹੀਂ ਪਹੁੰਚਦੀ ਸਾਂ ।ਖ਼ੇਤ ਖ਼ਲਿਆਨ, ਬਾਗ਼ ਅਤੇ ਸੂਏ ਟੱਪਦੀ ਘਰ ਪਹੁੰਚਦੀ ਸਾਂ । ਮੌਸਮ ਮੁਤਾਬਿਕ ਖੇਤਾਂ ਚੋਂ ਗਾਜਰ ਮੂਲੀ ਅਤੇ ਗੰਨੇ ਤੋੜਦੀ ਸਾਂ। ਅੰਬਾਂ ਦੇ ਮੌਸਮ ਅੰਬਾਂ ਦੀ ਚੋਰੀ ਕਰਕੇ ਮਜ਼ਾ ਆਉਂਦਾ ਹੈ।ਅੰਬਾਂ ਦੇ ਦਰਖ਼ਤਾਂ ਤੇ ਚੜ ਤੋਤਿਆਂ ਵਾਂਙੂ ਕੱਚੇ ਅੰਬ ਟੁੱਕ ਟੁੱਕ ਸੁੱਟ ਦਿੰਦੀ ਸਾਂ। ਪੱਕੇ ਅੰਬ ਚੂਪ ਚੂਪ ਗੁੱਠਲੀਆਂ ਦੇ ਢੇਰ ਲਾ ਦਿੰਦੀ । ਰਾਖ਼ੇ ਡੰਡਾ ਲੈਕੇ ਦੌੜਦੇ ਆਉਂਦੇ ਦੇਖ ਮੈਂ ਆਪਣੇ ਗੈਂਗ ਨਾਲ ਰਫ਼ੂਚੱਕਰ ਹੋ ਜਾਂਦੀ ।
ਜੋ ਬੁੱਢੀਆਂ ਕੁੜੀਆਂ ਨੂੰ ਬੁਰਾ ਸਮਝਦੀਆਂ ਸਨ , ਮੈ ਉਹਨਾਂ ਨੂੰ ਤਿੱਖ਼ਾ ਬੋਲਦੀ ਸਾਂ ।ਘਰ ‘ਚ ਮੈਨੂੰ ਦਾਦੀ ਪੱਥਰ ਸਮਝਦੀ, ਇਸ ਲਈ ਮੈਂ ਉਸਦੇ ਨਾਲ ਸਿੱਧੇ ਮੂੰਹ ਨਾ ਬੋਲਦੀ , ਨਾਹੀ ਉਸਦਾ ਕੋਈ ਕੰਮ ਕਰਦੀ ਸਾਂ । ਕਈਂ ਵਾਰੀ ਉਹ ਮੈਨੂੰ ਕਹਿੰਦੀ ਕਿ ਤੇਰਾ ਤਾਂ ਜਲਦੀ ਹੀ ਕੰਨਿਆ ਦਾਨ ਕਰਕੇ ਤੇਰਾ ਫ਼ਾਹਾ ਵੱਡ ਦੇਣਾ । ਤਾਂ ਮੈਂ ਦਾਦੀ ਨੂੰ ਪਲਟ ਕੇ ਜਵਾਬ ਦਿੰਦੀ, ਦਾਦੀ!! ਮੈਂ ਕੋਈ ਵਸਤ ਨਹੀਂ ਹਾਂ ਜੋ ਮੈਨੂੰ ਦਾਨ ਕਰੋਗੇ । ਮਾਂ ਨੂੰ ਵੀ ਕਹਿੰਦੀ ਸਾਂ ਕਿ ਮਾਂ ਤੂੰ ਤਾਂ ਪੁੱਤਰ ਆਸ ‘ਚ ਤਿੰਨ ਧੀਆਂ ਜੰਮ ਦਿੱਤੀਆਂ ।
ਹੁਣ ਮੈਂ ਪਲੱਸ ਟੂ ਕਰ ਰਹੀ ਸਾਂ ਪਰ ਮੇਰੀ ਆਦਤਾਂ ‘ਚ ਰਤਾ ਭਰ ਨਹੀਂ ਫ਼ਰਕ ਪਿਆ ਸੀ । ਮੈਂ ਰਾਣੀ ਝਾਂਸੀ ਬਣ ਘੁੰਮਦੀ ਰਹਿੰਦੀ । ਸੂਰਜ ਵਾਂਙੂੰ ਕੋਈ ਮੇਰੇ ਵਲ ਇੱਕ ਟੱਕ ਕਰਕੇ ਨਹੀਂ ਦੇਖ਼ ਸਕਦਾ ਸੀ ।
…. ਇੱਕ ਦਿਨ ਕਿੱਕਰ ਦੇ ਬਾਗ਼ ‘ਚ ਅਸੀਂ ਅੰਬ ਤੋੜਨ ਲਈ ਚੜ ਗਈਆਂ ।ਤਿੱਖੀ ਧੁੱਪ ਨਾਲ ਮੇਰੀਆਂ ਅੱਖਾਂ ਚੁੰਧਿਆ ਗਈਆਂ , ਅੰਬ ਤੋੜਦਿਆਂ ਟਾਹਣ ਹੱਥੋਂ ਛੁੱਟ ਗਈ , ਸਿਰ ਦੇ ਬੱਲ ਮੈਂ ਹੇਠਾਂ ਗਿਰੀ ।ਸਾਰੀਆਂ ਕੁੜੀਆਂ ਦੌੜ ਗਈਆਂ , ਕਿੱਕਰ ਦੇ ਬਾਗ਼ ‘ਚ ਅੰਬੋ ਦਰਖ਼ਤ ਦੇ ਹੇਠਾਂ ਗਿਰੀ ਬੇਹੋਸ਼ ਪਈ ਸੀ।
ਕਿੱਕਰ ਆਪਣੇ ਬਾਗ਼ਾ ‘ ਚ ਨਿੱਕੇ ਜਿਹੇ ਘਰ ਵਿੱਚ ਰਹਿੰਦਾ ਸੀ …. ਬਾਹਰ ਬੈਠਾ ਤਾੜੀ ਸੁਲਫ਼ਾ ਪੀ ਰਿਹਾ ਸੀ । ਉਸਦਾ ਨਾ ਅੱਗਾ ਨਾ ਪਿੱਛਾ ਸੀ । ਪਿਉ ਅੰਤਾ ਦੀ ਜਾਇਦਾਦ ਛੱਡ ਕੇ ਗਿਆ ਸੀ ਕਿੱਕਰ ਜ਼ਮੀਨ ਦਾ ਇੱਕਾ ਟੁੱਕੜਾ ਸ਼ਾਹੂਕਾਰ ਕੋਲ ਗਿਰਵੀ ਰੱਖ਼ ਪੈਸਾ ਦੋਸਤਾਂ ਨਾਲ ਧੂੰਏਂ ਅਤੇ ਸ਼ਰਾਬ ‘ਚ ਉਡਾ ਦਿੰਦਾ । ਬਸ ਇਹ ਹੀ ਉਸਦੀ ਜ਼ਿੰਦਗੀ ਸੀ ਤੇ ਇਹ ਹੀ ਮਕਸਦ ਸੀ । ਮੁਫ਼ਤ ‘ਚ ਸਭ ਕੁੱਝ ਮਿਲਿਆ ਉਹ ਸੱਭ ਕੁੱਝ ਅਗਨੀ ਭੇਂਟ ਕਰ ਦੇਣਾ ਚਾਹੁੰਦਾ ਸੀ ।
……ਕਿੱਕਰ ਕੁੜੀ ਨੂੰ ਧੜਮ ਕਰਦਾ ਦੇਖ਼ ਨੇੜੇ ਹੋਇਆ । ਹੈਂਅਅਅਅਅ ਅੰਬੋ …..ਇਹ ਤਾਂ ਬੇਹੋਸ਼ ਹੈ …ਉਸਨੇ. ਸ਼ਰਾਬ ਦੀ ਬੋਤਲ ਚੋਂ ਸ਼ਰਾਬ ਬੁੱਕ ਭਰ ਉਸਦੇ ਮੂੰਹ ਤੇ ਛਿੱਟੇ ਮਾਰੇ ਪਰ ਉਹ ਹੋਸ਼ ‘ਚ ਨਾ ਆਈ। ਤਾਂ ਸੀਰੀ ਨੂੰ ਅੰਬੋ ਦੇ ਘਰ ਭੇਜਿਆ । ਜਦੋਂ ਤੱਕ ਅੰਬੋ ਦੇ ਮਾਂ ਬਾਪ ਆਉਂਦੇ ਤਾਂ ਕਿੱਕਰ ਨੇ ਨਸ਼ੇ ਦੇ ਲੌਰ ‘ਚ ਅੰਬੋ ਨੂੰ ਆਪਣੀ ਗੋਦ ‘ਚ ਲਿਟਾ ਲਿਆ । ਉਸਨੂੰ ਜਾਪਿਆ ਜਿਵੇਂ ਉਸਦੀ ਗੋਦ ‘ਤ ਚੰਨ ਆਪ ਉਤਰ ਆਇਆ ਉਸਦਾ ਦਿਲ ਦਿਮਾਗ ਰੋਸ਼ਨ ਰੋਸ਼ਨ ਹੋ ਉੱਠਿਆ । ਉਹ ਉਸਨੂੰ ਫ਼ੁੱਲਾਂ ਵਾਂਙੂੰ ਸੁੰਘਣ ਅਤੇ ਚੁੰਮਣ ਲੱਗਾ ।
ਪਿੰਡ ‘ਚ ਕੋਈ ਦੰਦ ਕਥਾ ਬਣੇ ਮਾਂਪਿਉ ਨੇ ਮੇਰਾ ਪੱਲਾ ਕਿੱਕਰ ਨਾਲ ਬੰਨ ਕੇ ਭਾਰ ਹੌਲਾ ਕਰ ਲਿਆ । ਮੇਰੇ ਜੰਮਦੇ ਸੁਫ਼ਨੇ ਕੁਆਰੇ ਹੀ ਰਹੇ ।ਮੈਂ ਕਿੱਕਰ ਦੀ ਹੋ ਕੇ ਹੀ ਰਹਿ ਗਈ।
ਕਿੱਕਰ ਨੂੰ ਨਾ ਹੀ ਖ਼ਾਣ ਦਾ ਨਾਹੀ ਪਹਿਨਣ ਦਾ ਵੱਲ ਸੀ।ਉਹ ਘਰ ਗੑਹਿਸਥੀ ਦੀ ਗੱਡੀ ਕਿਵੇਂ ਤੋਰ ਸਕਦਾ ਸੀ । ਮੇਰੇ ਚੁਲਬੁਲੇ ਹੋਣ ਦੀ ਸਜ਼ਾ ਮੈਨੂੰ ਇਸ ਤਰਹਾਂ ਦੀ ਮਿਲੇਗੀ, ਸੋਚਿਆ ਨਹੀਂ ਸੀ। ਮੈਂ ਤਾਂ ਅਜੇ ਸੋਲਹਾਂ ਸਤਾਰਾਂ ਵਰੇਹ ਦੀ ਬਾਲੜੀ ਹੀ ਸਾਂ । ਮਾਂ ਨੇ ਕੱਚੀ ਅੰਬੀ ਦਾ ਬੂਟਾ ਕਿੱਕਰ ਦੇ ਵਿਹੜੇ ਲਾ ਦਿੱਤਾ
ਮੈਂ ਅੰਬੋ ਹੁਣ ਅੰਬਾਂ ਦੇ ਬਾਗ਼ਾਂ ਦੀ ਮਾਲਿਕ .. ਬਣ ਗਈ ਸਾਂ । ਹਰ ਪਾਸੇ ਅੰਬ ਹੀ ਅੰਬ ਹੀ ਨਜ਼ਰ ਆਉਂਦੇ ਪਰ ਮੈਨੂੰ ਹੁਣ ਅੰਬਾਂ ਤੋਂ ਨਫ਼ਰਤ ਹੋ ਗਈ ਸੀ ਮੈਨੂੰ ਅੰਬਾਂ ਚੋਂ ਕਿੱਕਰ ਵਾਂਙੂੰ ਸ਼ਰਾਬ ਦੀ ਮੁਸ਼ਕ ਆਉਂਦੀ । ਜੇ ਮੈਂ ਹੁਣ ਭੁਲ ਭੁਲੇਖੇ ਅੰਬ ਚੂਪ ਲੈਂਦੀ ਸਾਂ ਤਾਂ ਮੈਨੂੰ ਗਲੇ ‘ਚ ਕਿੱਕਰ ਦੇ ਰੁੱਖ਼ ਦੇ ਕੰਡੇ ਉੱਗ ਆਉਂਦੇ ਸ਼ਾਇਦ ਚੋਰੀ ਕੀਤੇ ਅੰਬਾਂ ਦਾ ਆਪਣਾ ਹੀ ਸਵਾਦ ਹੁੰਦਾ ਹੈ .
ਕਿੱਕਰ ਨਿਰਾ ਪੁਰਾ ਫ਼ਕਰ ਮਸਤ ਮੌਲਾ ਹਰ ਵਕਤ ਨਸ਼ੇ ‘ਚ ਰੰਗਿਆਂ ਧੁੱਤ ਹੋਇਆ ਮੇਰੇ ਬਾਲਪੁਣੇ ਨੂੰ ਨੋਚਦਾ ਤਾਂ ਮੇਰੀਆਂ ਕੁਲਾਹਟ ਦੀਆਂ ਅਵਾਜ਼ਾਂ ਦੇ ਸ਼ੋਰ ਨਾਲ ਸੁੱਤੇ ਪੰਛੀ ਵੀ ਆਪਣੇ ਖੰਭ ਫ਼ੜ ਫ਼ੜਾਉਣ ਲੱਗਦੇ ਪਰ ਇਨਸਾਨਾਂ ਤੱਕ ਮੇਰੀ ਕੁਰਲਾਹਟ ਨਾਂ ਪਹੁੰਚਦੀ । ਪਰ ਮੈਂ ਰੋਂਦੀ ਕਦ ਤੱਕ … ਬਾਲੜੀ ਤਾਂ ਮੈਂ ਸਾਂ ਪਰ ਮੈਂ ਖ਼ੁਦ ਹੀ ਹੋਂਸਲਾ ਇੱਕਠਾ ਕੀਤਾ ।ਚੀਕਣਾ ਚਿਲਾਉਣਾ ਬੰਦ ਕੀਤਾ ।
ਮਾਂ ਬਾਪ ਮਿਲਣ ਲਈ ਆਏ ਤਾਂ ਮੈਂ ਉਹਨਾਂ ਨੂੰ ਟੁੱਟ ਕੇ ਪੈ ਗਈ , ਹਰਖ਼ ਕੇ ਬੋਲੀ , ਕੁੱਖ਼ ‘ਚ ਤਾਂ ਮੈਂ ਬੱਚ ਕੇ ਆ ਗਈ ਸੀ, ਹੁਣ ਇੱਥੇ ਤੁਸੀਂ ਮਰਨ ਲਈ ਭੇਜ ਦਿੱਤਾ ਹੈ । ਜ਼ਾਲਮੋ!! ਇਸ ਤਰਹਾਂ ਕਰਨ ਨਾਲੋਂ ਤਾਂ ਮੈਨੂੰ ਜ਼ਹਿਰ ਦੇ ਦਿੰਦੇ ਤਾਂ ਵਧੀਆ ਸੀ ।ਹੁਣ ਇੱਥੇ ਤਮਾਸ਼ਾ ਦੇਖ਼ਣ ਆਉਂਦੇ ਹੋ ਕਿ ਮੈਂ ਜਿਉਂਦੀ ਹਾਂ ਜਾਂ ਮਰ ਗਈ ਹਾਂ। ਤੁਸੀਂ ਜੋ ਕਰਨਾ ਸੀ ਕਰ ਦਿੱਤਾ ਹੁਣ ਮੈਨੂੰ ਆਪਣੇ ਹਿਸਾਬ ਨਾਲ ਜੀਉਣ ਦਿਉ ………
ਇੱਕ ਦਿਨ ਮੈਂ ਉਦਾਸ ਜਿਹੀ ਬੈਠੀ ਸੀ ਤਾਂ ਸਕੂਲ ਦੀ ਭੈਣ ਜੀ ਅਮਰ ਕੌਰ ਮੈਨੂੰ ਮਿਲਣ ਲਈ ਆਈ , ਉਦੋਂ ਕਿੱਕਰ ਵੀ ਮੇਰੇ ਕੋਲ ਬੈਠਾ ਸੀ । ਭੈਣ ਜੀ ਨੇ ਕਿੱਕਰ ਨੂੰ ਸਮਝਾਇਆ ਕਿ ਅੰਬੋ ਪੜਾਈ ‘ਚ ਬਹੁਤ ਹੁਸ਼ਿਆਰ ਹੈ , ਭਾਈ ਇਹਨੂੰ ਪੜਨ ਲਈ ਭੇਜ ਦਿਆ ਕਰ। ਮਾਪਿਆਂ ਨੇ ਜੋ ਕਰਨਾ ਕਰ ਦਿੱਤਾ ਪਰ ਤੂੰ ਜ਼ਰਾ ਇਸ ਬੱਚੀ ਤੇ ਤਰਸ ਖਾਹ । ਨਾਬਾਲਿਗ ਬੱਚੀ ਦਾ ਵਿਆਹ ਕਾਨੂੰਨੀ ਅਪਰਾਧ ਹੈ । ਹੁਣ ਜੋ ਹੋਣਾ ਸੀ ਹੋ ਗਿਆ ,ਬਸ ਤੂੰ ਇੰਨਾ ਭੱਲਾ ਖ਼ਟ ਲੈ ਕਿ ਇਹਨੂੰ ਸਕੂਲ ਭੇਜ ਦਿਆ ਕਰ। ਕਿੱਕਰ ਨੇ ਹਾਂ ਕਰ ਦਿੱਤੀ ।
ਸਕੂਲ ਦੀ ਭੈਣਜੀ ਨੇ ਮੇਰੀ ਜ਼ਿੰਦਗੀ ਹੀ ਪਲਟ ਦਿੱਤੀ । ਅਮਰ ਕੌਰ ਵਿਧਵਾ ਸੀ ਅਤੇ ਉਸਦੇ ਕੋਈ ਬੱਚਾ ਨਹੀਂ ਸੀ । ਸ਼ੁਰੂ ਤੋਂ ਹੀ ਮੈਨੂੰ ਕਹਿੰਦੀ ਸੀ ਕਿ ਅੰਬੋ ਤਾਂ ਮੇਰੀ ਬੱਚੀ ਐ । ਇੰਨਾ ਪਿਆਰ ਤਾਂ ਰੱਬ ਦਾ ਕੋਈ ਦੂਤ ਹੀ ਦੇ ਸਕਦਾ ਹੈ ।
….. ਮੈਂ ਰੱਜ ਕੇ ਪੜਨਾ ਸ਼ੁਰੂ ਕੀਤਾ ਭਾਵੇਂ ਮੈਂ ਕਿੱਕਰ ਨੂੰ ਤਾਂ ਸੁਧਾਰ ਨਾ ਸਕੀ ।ਉਹ ਹਰ ਵਕਤ ਪੀਂਦਾ ਹੀ ਰਹਿੰਦਾ ਸੀ ਕਿਉਂਕਿ ਸ਼ਰਾਬ ਉਸਦੇ ਹੱਡਾਂ ‘ਚ ਧੱਸ ਗਈ ਸੀ ।ਹੁਣ ਉਹ ਸ਼ਰਾਬ ਨੂੰ ਨਹੀਂ ਪੀਂਦਾ ਸੀ ਬਲਿਕ ਸ਼ਰਾਬ ਉਸਨੂੰ ਪੀ ਰਹੀ ਸੀ । ਮੈਂ ਘਰ ਦੀ ਵਧੀਆ ਤਰੀਕੇ ਨਾਲ ਸੈਟਿੰਗ ਕਰਕੇ , ਪੈਸਿਆਂ ਨੂੰ ਆਪਣੇ ਕੰਟਰੋਲ ‘ਚ ਕਰ ਲਿਆ ।
ਮੈਂ ਭੈਣ ਜੀ ਦੇ ਆਸਰੇ ਨਾਲ ਸਫ਼ਲਤਾ ਦੀਆਂ ਪੌੜੀਆਂ ਚੜਨੀਆਂ ਸ਼ੁਰੂ ਕਰ ਦਿੱਤੀਆਂ ।ਸਰਪੰਚ ਤੋਂ ਲੈ ਕੇ ਜਵਾਕਾਂ ਤੱਕ ਪਿੰਡ ਦੇ ਲੋਕ ਉਹਨਾਂ ਦਾ ਆਦਰ ਕਰਦੇ ਸਨ । ਪਲੱਸ ਟੂ ਮੈਂ ਪਹਿਲੇ ਦਰਜੇ ‘ਚ ਕਰ ਲਈ ।
ਭੈਣ ਜੀ ਨੇ ਮੈਨੂੰ ਨਰਸਿੰਗ ਦਾ ਕੋਰਸ ਅਤੇ ਕੇਅਰ ਟੇਕਰ , ਪਾਰਲਰ ਅਤੇ ਮਸਾਜਰ ਦੇ ਛੋਟੇ ਮੋਟੇ ਕੋਰਸ ਨਾਲ ਹੀ ਕਰਨ ਦੀ ਸਲਾਹ ਦਿੱਤੀ । ਅਤੇ ਨਾਲ ਮੈਂ ਆਈਲਟਸ ਦੀ ਵੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। ਭੈਣ ਜੀ ਮੇਰਾ ਪੑਛਾਵਾਂ ਬਣ ਕੇ ਮੇਰੇ ਨਾਲ ਰਹਿਣ ਲੱਗ ਗਏ । ਭੈਣ ਜੀ ਨੇ ਮੈਨੂੰ ਅੰਬ ਕੌਰ ਤੋਂ ਐਮੀ ਸਿੰਘ ਨਾਮ ਦੇ ਦਿੱਤਾ ਸੀ , ਸਰਟੀਫ਼ੀਕੇਟਾਂ ਅਤੇ ਪਾਸਪੋਰਟ ‘ਚ ਮੇਰਾ ਇਹੀ ਨਾਮ ਵੱਜਣ ਲੱਗਾ । ਭੈਣ ਜੀ ਮੇਰੇ ਲਈ ਮਸੀਹਾ ਬਣ ਕੇ ਆਏ ਸਨ ਉਹਨਾਂ ਨੇ ਮੇਰਾ ਸਰਰੀਕ ਅਤੇ ਮਾਨਸਿਕ ਤੌਰ ਤੇ ਵਿਕਾਸ ਕੀਤਾ।
ਇੱਥੇ ਮੈਨੂੰ ਕਿਸਮਤ ਨੇ ਮੇਰੀ ਜ਼ਿੰਦਗੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਇਵੇਂ ਕਿ ……..ਮੈਂ ਸਵਸੱਥ ਮੁੰਡੇ ਦੀ ਮਾਂ ਬਣ ਗਈ ।ਪਰ ਮਾਪਿਆਂ ਨੂੰ ਜਦੋਂ ਬੱਚੇ ਬਾਰੇ ਪੱਤਾ ਲੱਗਾ ਉਹ ਵੀ ਮੁੰਡਾ ਤਾਂ ਉਹ ਮੈਨੂੰ ਹੱਥੀਂ ਛਾਵੇਂ ਕਰਨ ਲੱਗੇ । ਮੇਰੇ ਕੋਲ ਛੋਟੀ ਭੈਣ ਨੂੰ ਬੱਚੇ ਦਾ ਧਿਆਨ ਰੱਖਣ ਲਈ ਭੇਜ ਦਿੱਤਾ । ਮੈਂ ਉੱਡਣਾ ਲੋਚਦੀ ਸਾਂ ਇਸ ਲਈ ਮਾਪਿਆਂ ਨਾਲ ਵੀ ਮਿੱਠੀ ਬਣ ਗਈ ਸਾਂ ਇਸ ਵਕਤ ਮੈਨੂੰ ਉਹਨਾਂ ਦੀ ਲੋੜ ਸੀ । ਇਸ ਲਈ ਮੈਂ ਭੈਣ ਨੂੰ ਆਪਣੇ ਕੋਲ ਆਉਣਾ ਵਰਦਾਨ ਸਮਝਿਆ ਸੀ ।ਬੱਚੇ ਨੂੰ ਮਾਪਿਆਂ ਅਤੇ ਉਸਨੂੰ ਸੰਭਾਲ ਲਿਆ ਸੀ ।ਕਿੱਕਰ ਨੂੰ ਤਾਂ ਨਸ਼ਾ ਅਤੇ ਜਿਸਮ ਦੀ ਭੁੱਖ ਤੋਂ ਸਿਵਾ ਹੋਰ ਕਿਸ ਚੀਜ਼ ਨਾਲ ਵਾਸਤਾ ਨਹੀਂ ਸੀ । ਮੈਂ ਫ਼ਿਰ ਜੀਅ ਜਾਨ ਨਾਲ ਪੜਾਈ ਕਰਨੀ ਸ਼ੁਰੂ ਕਰ ਦਿੱਤੀ ਸੀ ।ਪਰ ਮੈਂ ਜਦੋਂ ਤੱਕ ਮੈ ਨਰਸਿੰਗ ਕੋਰਸ ਕਰਕੇ ਆਈਲਟਸ ਵੀ ਪਾਸ ਕਰਦੀ ਤਾ ਉਦੋਂ ਤੱਕ ਮੈਂ ਇੱਕ ਸੁੰਦਰ ਬੱਚੀ ਦੀ ਮਾਣ ਬਣ ਗਈ ਸਾਂ । ਭੈਣ ਜੀ ਨੇ ਮੈਨੂੰ ਦੂਜਾ ਬੱਚਾ ਜੰਮਣ ਤੋਂ ਵਰਜਿਤ ਕੀਤਾ ਸੀ । ਪਰ ਮੈਂ ਬੱਚੇ ਨੂੰ ਕੁੱਖ਼ ‘ਚ ਮਾਰਨਾ ਨਹੀਂ ਚਾਹੁੰਦੀ ਸਾਂ । ਬੇਟੀ ਨੂੰ ਜਨਮ ਦੇਣ ਦੇ ਇੱਕ ਮਹੀਨੇ ਦੇ ਬਾਅਦ ਹੀ ਨੌਂ ਬਰ ਨੌਂ ਹੋ ਗਈ ਸਾਂ ਅਤੇ ਫ਼ਿਰ ਆਪਣੇ ਧਿਆਨੇ ਲੱਗ ਗਈ ਸਾਂ ।
ਕਨੇਡਾ ਜਾਣ ਲਈ ਭੈਣ ਜੀ ਨੇ ਨਰਸਿੰਗ ਪੋਸਟ ਲਈ ਅਪਲਾਈ ਕਰ ਦਿੱਤਾ ।ਏਜੰਟ ਨੇ ਫ਼ਾਰਮ ਭਰ ਦਿੱਤਾ । ਕਿੱਕਰ ਦੇ ਪੈਸੇ ਨਾਲ ਹੀ ਜਿਸ ਤੇ ਮੇਰਾ ਪੂਰਾ ਹੱਕ ਸੀ ਮੈ ਉਡਾਰੀ ਮਾਰਨਾ ਚਾਹੁੰਦੀ ਸਾਂ । ਉਸਦੇ ਦਿੱਤੇ ਨਰਕ ਮੈਂ ਦੂਰ ਭੱਜ ਜਾਣਾ ਚਾਹੁੰਦੀ ਸਾਂ । ਆਖ਼ਿਰ ਮੇਰੀ ਚਾਰ ਵਰਿਆ ਦੀ ਤੱਪਸਿਆ ਪੂਰਨ ਹੋਈ । ਮੇਰੀ ਫ਼ਾਈਲ ਪਾਸ ਹੋ ਗਈ ਸੀ । ਨਰਸਿੰਗ ਲਈ ਮੈਨੂੰ ਵਰਕ ਪਰਮਿਟ ਮਿਲ ਗਿਆ ।ਮੈਂ ਵੀਜ਼ੇ ਲਈ ਐਪਲਾਈ ਕੀਤਾ ਜੋ ਕਿ ਜਲਦੀ ਹੀ ਮਿਲ ਗਿਆ ।
ਭੈਣ ਜੀ ਨੇ ਮੈਨੂੰ ਸਲਾਹ ਦਿੱਤੀ ਕਿ ਕਿੱਕਰ ਤੋਂ ਤਲਾਕ ਲੈ ਲੈ , ਉੱਥੇ ਹੀ ਪਣੇ ਪੈਰ ਪੱਕੇ ਕਰ ਕੇ ਆਪਣਾ ਅੱਗਾ ਸਵਾਰ .. ਪਰ ਮੇਰੇ ਬੱਚੇ … ??ਇਹ ਆਖ਼ ਭੈਣ ਜੀ ਦਾ ਮੂੰਹ ਦੇਖ਼ਣ ਲੱਗ ਗਈ ।ਤੂੰ ਉੱਥੇ ਜਾਕੇ ਸੈਟ ਹੋ ਜਾਹ , ਫ਼ਿਰ ਆਪਣੇ ਬੱਚੇ ਮੰਗਵਾ ਲਈਂ ।
ਟਰਾਂਟੋ ਕਨੇਡਾ ਜਾਣ ਤੋਂ ਪਹਿਲਾਂ ਭੈਣ ਜੀ ਨੇ ਸਰਪੰਚ ਨੂੰ ਨਾਲ ਲੈ ਕੇ ਮੇਰਾ ਅਤੇ ਕਿੱਕਰ ਦਾ ਤਲਾਕ ਕਰਵਾ ਦਿੱਤਾ ਅਤੇ ਕਨੇਡਾ ਜਾਣ ਲਈ ਟਿਕਟ ਅਤੇ ਹਰ ਲੋੜੀਂਦੀ ਚੀਜ਼ ਦਾ ਪੑਬੰਧ ਕਰ ਦਿੱਤਾ।
ਕਨੇਡਾ ਵਲ ਉਡਾਉਣ ਭਰਨ ਤੋਂ ਪਹਿਲਾਂ ਮੈਂ ਭੈਣ ਜੀ ਦੇ ਗੱਲ ਲੱਗ ਕੇ ਖ਼ੂਬ ਰੋਈ ਤੇ ਬੋਲੀ ਤੁਸੀਂ ਮੇਰੀ ਜਸ਼ੋਧਾ ਮਾਂ ਹੋ ਭਾਵੇਂ ਮੈਨੂੰ ਜਨਮ ਨਹੀਂ ਦਿੱਤਾ ਪਰ ਮੇਰੇ ਸਾਹਾਂ ਨੂੰ ਜ਼ਿੰਦਗੀ ਦਿੱਤੀ ਹੈ ।ਭੈਣ ਜੀ ਨੇ ਮੈਨੂੰ ਚੁੱਪ ਕਰਾਉਂਦਿਆਂ ਕਿਹਾ ਕਿ ਝੱਲੀਏ!!ਤੇਰੀ ਮਦਦ ਕਰਨ ਨਾਲ ਮੇਰੀ ਜ਼ਿੰਦਗੀ ਦਾ ਮਕਸਦ ਪੂਰਾ ਹੋ ਗਿਆ ਹੈ , ਮੇਰਾ ਵੀ ਜਨਮ ਸੰਵਰ ਗਿਆ ਹੈ ਮੇਰੀ ਬੱਚੜੀਏ … ਤੂੰ ਪਿੱਛੇਂ ਦਾ ਫ਼ਿਕਰ ਨਾ ਕਰ , ਮੈਂ ਤੇਰੇ ਬੱਚਿਆਂ ਦਾ ਧਿਆਨ ਰੱਖਾਂਗੀ । ਉਹਨਾਂ ਨੇ ਮੈਨੂੰ ਦੋ ਗੁਰੂਦੁਆਰਿਆਂ ਦਾ, ਅਤੇ ਦੂਰੋ ਪਾਰੋ ਲੱਗਦੇ ਭੈਣ ਜੀਜੇ ਦਾ ਐਡਰੈਸ ਅਤੇ ਫ਼ੋਨ ਨੰਬਰ ਦਿੱਤਾ ਅਤੇ ਫ਼ੋਨ ਤੇ ਵੀ ਗੱਲ ਕਰਵਾ ਦਿੱਤੀਂ। ਅਤੇ ਮੇਰੀ ਜ਼ਿੰਦਗੀ ਦੀ ਪਤੰਗ ਨੇ ਵਿਦੇਸ਼ੀ ਧਰਤੀ ਵਲ ਉੜਾਨ ਭਰੀ ।
ਐਮੀ ਬਣ ਕੇ ਅੰਬੀ ਨਾਲ ਸੰਬਧਿਤ ਹਰ ਵਸਤ ਪਿੱਛੇ ਛੱਡ ਕੇ ਮੈਂ ਵਿਦੇਸ਼ ਵਲ ਤਾਂ ਚਲ ਪਈ ਸਾਂ ਪਰ ਬੱਚਿਆਂ ਦੀ ਖ਼ੁਸ਼ਬੂ ਮੇਰੇ ਅੰਦਰ ਰੋਮ ਰੋਮ ਵਿੱਚ ਵੱਸੀ ਹੋਈ ਸੀ ।ਛਾਤੀ ਵਿੱਚ ਨਾੜਾਂ ਨੂੰ ਕੜਵਲ ਪੈਂਦੇ ਸਨ।ਇਵੇਂ ਲੱਗਦਾ ਸੀ ਰੋਮੀ ਅਤੇ ਲਿਜ਼ਾ , ਮੈਨੂੰ ਢੂੰਡ ਰਹੇ ਨੇ , ਰੋ ਰਹੇ ਨੇ । ਉਹਨਾਂ ਦੀਆਂ ਅਵਾਜ਼ਾਂ ਨਾਲ ਮੇਰੀਆਂ ਛਾਤੀਆਂ ‘ਚੋਂ ਦੁੱਧ ਸਿੰਮਣ ਲੱਗਾ । ਮੈਂ ਰੋਂਦਿਆਂ ਹੀ ਸਾਰਾ ਸਫ਼ਰ ਪੂਰਾ ਕੀਤਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ