ਅਮਨ ਜਦੋਂ ਕਈ ਸਾਲ ਪਹਿਲਾਂ ਆਪਣੀ ਕਜਨ ਨਾਲ ਉਸਦੇ ਐਨਉਲ ਫ਼ੰਕਸ਼ਨ ਚ ਕਾਲਜ ਗਈ ਸੀ ਉਸਦੇ ਮਹੌਲ ਨੇ ਅਚੰਬਿਤ ਕਰ ਦਿੱਤਾ ਸੀ ।ਕੱਲੀ ਹੀ ਉਹ ਖਾਲੀ ਕਲਾਸ ਰੂਮਾਂ ਚ ਘੁੰਮਦੀ ਰਹੀ ਸੀ ।ਉਸਨੇ ਉਦੋਂ ਹੀ ਫੈਸਲਾ ਕੀਤਾ ਸੀ ਕਿ ਪੜ੍ਹਨਾ ਹੈ ਤਾਂ ਇਸੇ ਕਾਲਜ ਵਿੱਚ ।
ਅੱਜ ਜਦੋਂ ਮੌਕਾ ਆਇਆ ਤਾਂ ਇਹ ਅੜਚਨ ਨੇ ਰਸਤਾ ਰੋਕ ਲਿਆ ।ਪਰ ਪ੍ਰਿੰਸ ਦੇ ਸਾਥ ਦਾ ਉਹਨੂੰ ਭਰੋਸਾ ਸੀ ।ਪਰ ਉਸਨੂੰ ਪ੍ਰਿੰਸ ਦੇ ਫੈਸਲੇ ਤੇ ਹੈਰਾਨੀ ਹੋਈ । ਜਦੋਂ ਉਸਨੇ ਕਿਹਾ ਕਿ ਤੂੰ ਪੜ੍ਹਨਾ ਹੀ ਹੈ ਨਾ ਪ੍ਰਾਈਵੇਟ ਪੇਪਰ ਦੇ ਲਾ ਤੈਨੂੰ ਪੜ੍ਹਨ ਤੋਂ ਨਹੀਂ ਕੋਈ ਰੋਕੇਗਾ ।ਪਰ ਰੋਜ ਕਾਲਜ ਕੌਨ ਛੱਡਣ ਜਾਊ ਤੇ ਲੈਣ ਜਾਊ। ਅੱਜ ਕੱਲ ਪੜ੍ਹਾਈ ਵੀ ਕਿਹੜੀ ਏ ਕਾਲਜਾਂ ਚ ਮੁੰਡੇ ਕੁੜੀਆਂ ਦੇ ਪੱਲੇ ਆਸ਼ਕੀ ਹੀ ਹੈ ।
ਪ੍ਰਿੰਸ ਦੀਆਂ ਗੱਲਾਂ ਸੁਣਕੇ ਅਮਨ ਦੇ ਪੈਰਾਂ ਥੱਲਿਓਂ ਜਮੀਨ ਖਿਸਕ ਗਈ ।ਉਸਨੂੰ ਲਗਦਾ ਸੀ ਕਿ ਪ੍ਰਿੰਸ ਐਵੇਂ ਦੀ ਸੋਚ ਦਾ ਨਹੀਂ ਹੈ ਉਹ ਉਸਦੀਆਂ ਖਵਾਇਸ਼ਾ ਦੀ ਕਦਰ ਕਰੇਗਾ। ਪਰ ਉਸਦੀ ਸੋਚ ਵੀ ਉਸੇ ਸੋਚ ਨਾਲ ਰਚਮਿਚ ਗਈ ਜੋ ਉਸਦੇ ਸੱਸ ਸਹੁਰੇ ਦੀ ਸੀ ।ਅਮਨ ਨੇ ਰੋ ਰੋ ਕੇ ਬੁਰਾ ਹਾਲ ਕਰ ਲਿਆ ਕਈ ਦਿਨ ਰੋਟੀ ਨਾ ਖਾਦੀ। ਪ੍ਰਾਈਵੇਟ ਪੜਨ ਤੋਂ ਵੀ ਇਨਕਾਰ ਕਰ ਦਿੱਤਾ । ਸਾਰਾ ਦਿਨ ਕਮਰੇ ਚ ਹੀ ਰਹਿੰਦੀ ਕਿਸੇ ਨੂੰ ਬੁਲਾਂਦੀ ਨਾ । ਪ੍ਰਿੰਸ ਨੂੰ ਵੀ ਕੋਲ ਨਾ ਫਟਕਣ ਦਿੰਦੀ ।ਘਰ ਵੀ ਕਿਸਨੂੰ ਦੱਸਦੀ ਦੱਸਦੀ ਸੀ ਤਾਂ ਸਿਰਫ ਪਿੰਜਰੇ ਚ ਬੰਦ ਤੋਤੇ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ।ਵਧੇਰੇ ਕਿਤਾਬਾਂ ਪੜਨ ਲੱਗੀ ।ਜੰਦਗੀ ਦਾ ਮਕਸਦ ਕੁਝ ਸਮਝ ਨਹੀਂ ਸੀ ਆ ਰਿਹਾ ।ਕੀ ਉਹ ਵਿਆਹ ਕਰਵਾ ਕੇ ਸਿਰਫ ਇਸ ਮਹਿਲਨੁਮਾ ਘਰ ਚ ਕੈਦ ਹੋਣ ਲਈ ਆਈ ਸੀ ? ਜਿਥੋਂ ਬਾਹਰ ਨਿਕਲਣ ਲਈ ਹਰ ਵਾਰ ਉਸਦੇ ਨਾਲ ਕੋਈ ਪਹਿਰੇਦਾਰ ਜਰੂਰੀ ਸੀ ਚਾਹੇ ਸੱਸ ਸੀ ਸਹੁਰਾ ਸੀ ਜਾਂ ਪ੍ਰਿੰਸ ਸੀ ।ਕੀ ਹਰ ਔਰਤ ਦੀ ਇਹੋ ਕਹਾਣੀ ਹੈ ਕਿਉਂ ਇਹ ਸਮਾਜ ਹਰ ਔਰਤ ਨੂੰ ਹਮੇਸ਼ਾਂ ਨਿਗ੍ਹਾਦਾਰੀ ਚ ਹੀ ਰੱਖਦਾ ।ਭਾਵੇਂ ਉਹ ਕਿੱਡੀ ਵੀ ਵਫ਼ਾਦਾਰ ਕਿਉਂ ਨਾ ਹੋਵੇ ।
ਅਮਨ ਨੂੰ ਇੱਕੋ ਰਾਹ ਨਜ਼ਰ ਆਇਆ ਕਿ ਉਹ ਪੜੇਗੀ ਪ੍ਰਾਈਵੇਟ ਹੀ, ਤੇ ਬਾਅਦ ਚ ਕੋਈ ਵਧੀਆ ਨੌਕਰੀ ਲਵੇਗੀ ਤੇ ਆਪਣੀ ਮਾਂ ਦੇ ਕਹਿਣ ਵਾਂਗ ਜ਼ਰੂਰ ਇੱਕ ਦਿਨ ਅਸਲ ਚ ਆਪਣੇ ਪੈਰਾਂ ਤੇ ਖੜੀ ਹੌਏਗੀ।
ਉਸਨੇ ਪ੍ਰਿੰਸ ਨੂੰ ਸਭ ਦੱਸ ਦਿੱਤਾ ਤੇ ਪ੍ਰਿੰਸ ਨੇ ਘਰਦਿਆਂ ਨੂੰ ਵੀ ਨੌਕਰੀ ਆਲੀ ਗੱਲ ਛੱਡਕੇ ਸਭ ਦੱਸ ਦਿੱਤਾ।ਉਹਨੂੰ ਲੱਗਿਆ ਕਿ ਇਹ ਫਤੂਰ ਏ ਨੌਕਰੀ ਦਾ ਜਦੋਂ ਤੱਕ ਸਮਾਂ ਆਊ ਉਦੋਂ ਤੱਕ ਉੱਤਰ ਜਾਊਗਾ ।
ਪਰ ਸਮੱਸਿਆ ਸੀ ਕਿ ਬਾਕੀ ਵਿਸ਼ੇ ਹੋ ਜਾਣਗੇ ਪਰ ਅੰਗਰੇਜ਼ੀ ਦਾ ਔਖਾ ਸੀ ।ਪ੍ਰਿੰਸ ਨੇ ਬਿਨਾਂ ਸਮਾਂ ਲਾਏ ਫੈਸਲਾ ਕੀਤਾ ਕਿ ਜਤਿੰਦਰ ਹੀ ਪੜਾ ਜਾਇਆ ਕਰੇਗਾ ।ਅੰਗਰੇਜ਼ੀ ਵੀ ਤੇ ਬਾਕੀ ਕੋਈ ਵਿਸ਼ਾ ਵੀ ਜਿਥੇ ਲੋੜ ਪਈ । ਪਰ ਇਸ ਵਾਰ ਉਸਨੇ ਤਾੜਨਾ ਕੀਤੀ ਘਰਦਿਆਂ ਨੂੰ ਕਿ ਪਿਛਲੀ ਵਾਰ ਵਾਂਗ ਕੋਈ ਤੰਗ ਨਾ ਕੀਤਾ ਜਾਵੇ । ਇਹ ਗੱਲ ਉਸਨੇ ਅਮਨ ਨੂੰ ਸੁਣਾ ਕੇ ਕਹੀ ਸੀ ਤਾਂ ਜੋ ਉਸਨੂੰ ਯਕੀਨ ਰਹੇ ਕਿ ਪ੍ਰਿੰਸ ਹਮੇਸ਼ਾ ਉਸਦੇ ਨਾਲ ਹੈ ਉਹ ਸੀ ਵੀ ਪਰ ਉਸਦੀ ਉਠਣੀ ਬੈਠਣੀ ਨੇ ਉਸਦੀ ਸੋਚ ਥੋੜੀ ਬਦਲ ਦਿੱਤੀ ਸੀ ਭਾਵੇਂ ਪਿਆਰ ਚ ਕੋਈ ਕਮੀ ਨਹੀਂ ਸੀ ਅਜੇ ਵੀ।ਪਰ ਉਹਦੀ ਕੇਅਰ ਪਹਿਲਾਂ ਵਾਲ਼ੀ ਨਹੀਂ ਸੀ ਉਹ ਕੰਮ ਤੇ ਅਮਨ ਚੋਣ ਕੰਮ ਨੂੰ ਪਹਿਲ ਦਿੰਦਾ ਤੇ ਕਈ ਵਾਰ ਉਸਦੀ ਸਲਾਹ ਤੇ ਹੂੰ ਹਾਂ ਕਰ ਛੱਡਦਾ ।ਪਰ ਜਦੋਂ ਮਿਠੀਆਂ ਗੱਲਾ ਕਰਦਾ ਤਾਂ ਸਿਰੇ ਲਾ ਦਿੰਦਾ ਪਰ ਉਹ ਹਾੜ੍ਹ ਦੀ ਬੱਦਲੀ ਵਾਂਗ ਕਦੇ ਕਦੇ ਹੀ ਹੁੰਦਾ ਹੁਣ ਤਾਂ ।
ਅਮਨ ਨੂੰ ਹੁਣ ਜਤਿੰਦਰ ਮਾਸਟਰ ਪੜਾਉਣ ਆਉਣ ਲੱਗ ਗਿਆ ।ਉਹ ਨੌਜਵਾਨ ਹੀ ਸੀ ਅਜੇ ।ਪਰ ਕਿਤਾਬਾਂ ਪੜ੍ਹਨ ਤੇ ਅਗਾਂਵਧੂ ਸੋਚ ਦਾ ਮਾਲਿਕ ਸੀ । ਅਮਨ ਉਸ ਨਾਲ ਖੁੱਲ ਕੇ ਗੱਲਾਂ ਕਰਦੀ ਆਪਣੀ ਜੰਦਗੀ ਦੀਆਂ ਆਪਣੀ ਸੋਚ ਦੀਆਂ ਆਪਣੇ ਆਉਣ ਆਲੇ ਪਲੈਨ ਦੀਆਂ । ਕਦੇ ਉਹ ਕਿਤਾਬਾਂ ਦੀਆਂ ਗੱਲਾਂ ਕਰਦੇ ਜੋ ਦੋਵਾਂ ਨੇ ਪੜੀਆਂ ਹੁੰਦੀਆਂ ।ਕਦੇ ਕਦੇ ਆਪਨ ਸੋਚਦੀ ਕਾਸ਼ ਪ੍ਰਿੰਸ ਵੀ ਐਵੇਂ ਹੀ ਕਿਤਾਬਾਂ ਪੜ੍ਹਦਾ ਤੇ ਉਸ ਨਾਲ ਗੱਲਾਂ ਕਰਦਾ ।ਉਹਨੂੰ ਸੁਪਨਾ ਆਉਂਦਾ ਕਿ ਜਤਿੰਦਰ ਨੇ ਬੈਠੇ ਬੈਠੇ ਰੂਪ ਵਟਾ ਲਿਆ ਹੋਵੇ ਤੇ ਉਹਨੂੰ ਆਖਦਾ ਕਿ ਮੈਂ ਤਾਂ ਘਰਦਿਆਂ ਤੋਂ ਡਰਦੇ ਨੇ ਐਵੇਂ ਕੀਤਾ ਹੋਇਆ ਮੈਂ ਤੇਰਾ ਪ੍ਰਿੰਸ ਹੀ ਹਾਂ ।ਫਿਰ ਦੋਵੇਂ ਇੱਕ ਦੂਸਰੇ ਦੀਆਂ ਬਾਹਾਂ ਦੇ ਨਿੱਘ ਚ ਕਿਤਾਬ ਪੜ੍ਹਦੇ ਪੜ੍ਹਦੇ ਸੌਂ ਜਾਂਦੇ ।
ਇਹ ਤਾਂ ਸੁਪਨਾ ਸੀ ਪਰ ਇੱਕ ਹਕੀਕਤ ਨੇ ਉਸਦੀ ਨੀਂਦ ਹਰਾਮ ਕਰ ਦਿੱਤੀ ਅਚਾਨਕ ਹੀ ।ਪ੍ਰੋਟੈਕਸਨ ਦੇ ਮਾਮਲੇ ਚ ਪਤਾ ਨੀ ਕਿਥੇ ਖੁੰਝ ਗਈ ।ਕਿ ਉਸਨੂੰ ਮਹੀਨਾ ਚੜੇ ਤੇ ਹੀ ਪਤਾ ਲੱਗਾ ਕਿ ਉਹ ਪ੍ਰੈਗਨੈਂਟ ਹੈ । ਇਸ ਲਈ ਉਹ ਤਿਆਰ ਨਹੀਂ ਸੀ ਭਾਵੇਂ ਪਹਿਲੇ ਸਾਲ ਦੇ ਪੇਪਰ ਦੇ ਦਿੱਤੇ ਸੀ ਪਰ ਉਹਦੀ ਉਮਰ ਅਜੇ ਵੀਹ ਵੀ ਨਹੀਂ ਸੀ ।ਤੇ ਉਹ ਬੱਚਾ ਨਹੀਂ ਸੀ ਚਾਹੁੰਦੀ ।
ਪ੍ਰਿੰਸ ਨੂੰ ਉਹਨੇ ਦੱਸਿਆ ਤਾਂ ਉਹ ਖੁਸ਼ੀ ਨਾਲ ਨੱਚ ਹੀ ਉੱਠਿਆ ।ਉਸਦੀ ਪੂਰੀ ਗੱਲ ਸੁਣੇ ਬਿਨਾਂ ਹੀ ਘਰ ਦੱਸ ਦਿੱਤਾ ਤੇ ਅੱਧੀਆ ਰਿਸ਼ਤੇਦਾਰੀਆਂ ਚ। ਅਮਨ ਕਹਿਣਾ ਤਾਂ ਚਾਹੁੰਦੀ ਸੀ ਕਿ ਉਹ ਅਬਾਰਸ਼ਨ ਕਰਵਾਉਣਾ ਚਾਹੁੰਦੀ ਹੈ ਪਰ ਪ੍ਰਿੰਸ ਦੀ ਖੁਸ਼ੀ ਵੇਖ ਕੇ ਉਹ ਕਹਿ ਨਾ ਸਕੀ ।ਪ੍ਰਿੰਸ ਦੀਆਂ ਅੱਖਾਂ ਚ ਪਿਆਰ ਤੇ ਉਸਦੀ ਕੇਅਰ ਦੇਖ ਕੇ ਉਹਨੇ ਇਹ ਖੁਸ਼ੀ ਉਸਦੇ ਨਾਮ ਕਰਨ ਦੀ ਸੋਚ ਹੀ ਲਈ,ਪ੍ਰਿੰਸ ਨੇ ਵੀ ਤਾਂ ਉਸਦਾ ਸਾਥ ਦਿੱਤਾ ਸੀ ਹਰ ਜਗਾਹ।
ਮਹੀਨੇ ਲੰਘੇ ਤੇ ਅਖੀਰ ਉਸਦੇ ਘਰ ਇੱਕ ਬੜੀ ਹੀ ਪਿਆਰੀ ਬੱਚੀ ਨੇ ਜਨਮ ਲਿਆ ।ਸਭ ਨੂੰ ਜਿਵੇਂ ਇੱਕ ਖਿਲਉਣਾ ਮਿਲ ਗਿਆ ਹੋਵੇ ।ਪ੍ਰਿੰਸ ਨੂੰ ਉਹਦੀ ਸੱਸ ਨੂੰ ਤੇ ਸਹੁਰੇ ਨੂੰ ਬੱਚੀ ਖਿਡਾਉਣ ਤੋਂ ਹੀ ਫੁਰਸਤ ਨਾ ਮਿਲਦੀ ।ਬੱਚੀ ਦਾ ਨਾਮ ਹੀ ਉਹਨਾਂ ਨੇ ਕਿਰਨ ਰਖਿਆ ।ਉਸਦੇ ਜੀਵਨ ਚ ਉਹ ਪਿਆਰ ਦੀਆਂ ਕਿਰਨਾਂ ਲੈ ਕੇ ਜੋ ਆਈ ਸੀ।
ਉਸਦੇ ਸਰੀਰ ਦੇ ਵਧਣ ਤੇ ਲੈ ਕੇ ਮੁੜ ਉਸੇ ਸ਼ੇਪ ਚ ਵਾਪਿਸ ਆਉਣ ਤੱਕ ਜਿਸ ਬੰਦੇ ਨੇ ਉਸਨੂੰ ਸਭ ਤੋਂ ਗੌਰ ਨਾਲ ਦੇਖਿਆ ਸੀ ਉਹ ਮਾਸਟਰ ਜਤਿੰਦਰ ਹੀ ਸੀ । ਦੋਵੇਂ ਜਿਵੇਂ ਇੱਕ ਅਲਗ ਲੈਵਲ ਤੇ ਇੱਕ ਦੂਜੇ ਦੇ ਦੋਸਤ ਹੋ ਚੁੱਕੇ ਹੋਣ ।ਜਤਿੰਦਰ ਹਮੇਸ਼ਾ ਹੀ ਕਹਿੰਦਾ ਸੀ ਕਿ ਕਿਵੇਂ ਕੁੜੀਆਂ ਨੂੰ ਆਪਣੇ ਫੈਸਲੇ ਲੈਣੇ ਚਾਹੀਦੇ ਤੇ ਕਿੰਜ ਜੀਵਨ ਜਿਉਣਾ ਚਾਹੀਦਾ ਉਹ ਉਹਨਾਂ ਔਰਤਾਂ ਦੀਆਂ ਕਹਾਣੀਆਂ ਦੱਸਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ