ਹਾਲੈਂਡ ਦੀ ਹਾਕੀ ਟੀਮ..
ਕੋਚਿੰਗ ਦਾ ਇੱਕ ਅਜੀਬ ਢੰਗ ਹੋਇਆ ਕਰਦਾ ਸੀ..
ਜਿਸ ਟੀਮ ਨਾਲ ਮੈਚ ਹੁੰਦਾ..ਇੱਕ ਦਿਨ ਪਹਿਲਾਂ ਉਸ ਵੱਲੋਂ ਖੇਡੇ ਸਾਰੇ ਮੈਚਾਂ ਦੀਆਂ ਝਲਕੀਆਂ ਵੇਖੀਆਂ ਜਾਂਦੀਆਂ..
ਫੇਰ ਕਮਜ਼ੋਰ ਅਤੇ ਮਜਬੂਤ ਪੱਖ ਵਿਚਾਰਿਆ ਜਾਂਦਾ ਹੈ..!
ਚਿੜੀ ਦੇ ਪੌਂਚੇ ਜਿੱਡਾ ਦੇਸ਼ ਅੱਜ ਕਿਥੇ ਅੱਪੜਿਆਂ..ਸ਼ਾਇਦ ਦੱਸਣ ਦੀ ਲੋੜ ਨਹੀਂ!
ਦਿੱਲੀ ਵੀ ਕੁਝ ਏਦਾਂ ਹੀ ਕਰਦੀ ਆਈ ਏ..
ਜਦੋਂ ਹੌਲੀ ਪੈਣ ਲੱਗਦੀ ਏ ਤਾਂ ਅਗਲੀ ਧਿਰ ਦੀਆਂ ਕਮਜ਼ੋਰੀਆਂ ਵਿਚਾਰਦੀ ਏ..
ਤਕੜੇ ਪੱਖ ਨੂੰ ਗੱਲਬਾਤ ਵਿਚ ਉਲਝਾ ਲਿਆ ਜਾਂਦਾ ਤੇ ਕਮਜ਼ੋਰ ਨੂੰ ਤੋੜਿਆ ਥਕਾਇਆਂ ਅਤੇ ਲਾਲਚ ਦੀ ਤਕੜੀ ਵਿਚ ਤੋਲ ਦਿੱਤਾ ਜਾਂਦਾ ਏ..!
ਜੂਨ ਚੁਰਾਸੀ ਮਗਰੋਂ ਵੀ ਕੁਝ ਏਦਾਂ ਹੀ ਹੋਇਆ ਸੀ..
ਜੋਧਪੁਰ ਡੱਕਿਆਂ ਨਾਲ ਵੱਖਰੀ ਗੱਲਬਾਤ ਸ਼ੁਰੂ ਕਰ ਦਿੱਤੀ ਤੇ ਪੰਜਾਬ ਬੈਠੀ ਧਿਰ ਨਾਲ ਵੱਖਰੀ..
ਇੱਕ ਦੂਜੇ ਦੇ ਕੰਨੀ ਪਾਇਆ ਜਾਂਦਾ ਕੇ ਦੂਜੀ ਧਿਰ ਤੇ ਇੰਝ ਆਖਦੀ ਏ..
ਜਦੋਂ ਵਖਰੇਵੇਂ ਗਲਤਫਹਿਮੀਆਂ ਪੈਦਾ ਹੋ ਗਈਆਂ ਤੇ ਫੇਰ ਏਜੰਸੀਆਂ ਰਾਹੀਂ ਛੇਤੀ ਲਿਫ ਜਾਣ ਵਾਲੀ ਕਮਜ਼ੋਰ ਕੜੀ ਤੇ ਹਥੌੜਾ ਮਾਰ ਦਿੱਤਾ ਗਿਆ..
ਸਰਹਿੰਦ ਦੀ ਕਚਹਿਰੀ ਵਿਚ ਵੀ ਏਹੀ ਗੱਲ ਆਖੀ ਗਈ ਸੀ..
ਅਖ਼ੇ ਤੁਹਾਡਾ ਬਾਪ ਲੜਾਈ ਵਿਚ ਮਾਰਿਆ ਜਾ ਚੁਕਾ ਹੈ..ਪਰ ਨਿੱਕੀਆਂ ਜਿੰਦਾਂ ਆਪਣੇ ਬਾਪ ਦੇ ਚਰਿਤ੍ਰ ਤੋਂ ਭਲੀ ਭਾਂਤ ਵਾਕਿਫ ਸਨ!
ਸੂਬੇ ਦੇ ਅਹਿਲਕਾਰਾਂ ਮੂਹੋਂ ਏਨੀ ਗੱਲ ਸੁਣ ਹੱਸ ਪਈਆਂ..!
ਦੁਸ਼ਮਣ ਸਭ ਤੋਂ ਵੱਧ ਓਦੋਂ ਚਿੜਦਾ ਜਦੋਂ ਆਪਣੇ ਘਰ ਵਿਚ ਹੀ ਝੂਠਾ ਪੈ ਰਿਹਾ ਹੋਵੇ..
ਦਿੱਲੀ ਵੀ ਅੱਜ ਇਸੇ ਤਰਾਂ ਆਪਣੇ ਵੇਹੜੇ ਵਿਚ ਝੂਠੀ ਪੈ ਰਹੀ ਏ..!
ਦਿੱਲੀ ਨੇ ਜਦੋਂ ਕਿਸੇ ਆਪਣੇ ਦੀ ਵਿਰੋਧੀ ਖੇਮੇਂ ਵਿਚ ਘੁਸਪੈਠ ਕਰਾਉਣੀ ਹੁੰਦੀ ਏ ਤਾਂ ਸਭ ਤੋਂ ਪਹਿਲਾਂ ਖੁਦ ਉਸਤੋਂ ਦੂਰੀ ਬਣਾਉਂਦੀ ਏ..!
ਕੁੰਬ ਕਰਨੀ ਨੀਂਦ ਸੁੱਤਾ ਅੰਨਾ ਹਜਾਰੇ ਦਾ ਕਿਰਸਾਨੀ ਦੇ ਹੱਕ ਵਿਚ ਬਿਆਨ ਆ ਜਾਣਾ ਮਹਿਜ ਕੋਈ ਸਬੱਬ ਨਹੀਂ!
ਨੀਲੀਆਂ ਚਿੱਟੀਆਂ ਰਵਾਈਤੀ ਪਾਰਟੀਆਂ..
ਬਾਹਰੀ ਤੌਰ ਤੇ ਜੋ ਮਰਜੀ ਆਖੀ ਜਾਣ ਪਰ ਅੰਦਰੋਂ-ਅੰਦਰ ਧੁੜਕੂ ਲੱਗਾ ਪਿਆ ਏ..
ਕਿਧਰੇ ਆਪਣੀ ਹੱਟੀ ਨਾ ਬੰਦ ਹੋ ਜਾਵੇ..ਭਰ ਚੁੱਕੀ ਬੱਸ ਵਿਚ ਧੁੱਸ ਦੇ ਕੇ ਵੜਨ ਦੀ ਕੋਸ਼ਿਸ਼ ਲਗਾਤਾਰ ਜਾਰੀ ਏ..!
ਦੱਸਦੇ...
ਚੁਰਾਸੀ ਤੋਂ ਪਹਿਲਾਂ ਰਵਾਈਤੀ ਲੀਡਰਸ਼ਿਪ ਜਦੋਂ ਵੀ ਦਿੱਲੀਓਂ ਪਰਤਿਆ ਕਰਦੀ ਤਾਂ ਲੱਡੂਆਂ ਦਾ ਡੱਬਾ ਲੈ ਕੇ ਤੀਰ ਵਾਲੇ ਬਾਬੇ ਕੋਲ ਅੱਪੜ ਜਾਇਆ ਕਰਦੀ..ਅਖ਼ੇ ਸੰਤ ਜੀ ਮੂੰਹ ਮਿੱਠਾ ਕਰੋ..ਦਿੱਲੀ ਮੰਗਾ ਮੰਨ ਗਈ ਏ..!
ਅਗਲੇ ਨੇ ਬੋਝੇ ਵਿਚ ਪਾਇਆ ਅਨੰਦਪੁਰ ਸਾਬ ਦਾ ਮਤਾ ਅੱਗੇ ਰੱਖ ਦੇਣਾ ਕੇ ਭਾਈ ਦੱਸ ਕਿਹੜੀ ਮੰਨ ਲਈ ਤੇ ਕਿਹੜੀ ਰਹਿ ਗਈ ਏ..!
ਹਮਾਤੜ ਨੇ ਅਜੇ ਹਿਸਾਬ ਕਿਤਾਬ ਵੀ ਨਹੀਂ ਸੀ ਲਾਇਆ ਹੁੰਦਾ ਕੇ ਦਿੱਲੀਓਂ ਬਿਆਨ ਛਪ ਜਾਇਆ ਕਰਦਾ ਕੇ ਅਕਾਲੀਆਂ ਦੇ ਅੜੀਅਲ ਰਵਈਏ ਕਰਕੇ ਗੱਲਬਾਤ ਦਾ ਅਗਲਾ ਦੌਰ ਫੇਲ..!
ਜਾਂਦਿਆਂ ਜਾਂਦਿਆ ਇੱਕ ਸੱਚੀ ਘਟਨਾ..
ਅਖ਼ੇ ਸਿਆਲ ਨੂੰ ਕੋਠੀ ਦੇ ਕਮਰੇ ਵਿਚ ਹੀਟਰ ਤੋਂ ਬਗੈਰ ਕਦੀ ਨਹੀਂ ਸੀ ਸੁੱਤਾ..
ਦਿੱਲੀ ਬਾਡਰ..ਫੁੱਟ ਪਾਥ ਤੇ ਲੰਮੇ ਪਏ ਨੂੰ ਠੰਡ ਲੱਗੀ ਜਾਵੇ..ਨੀਂਦਰ ਨਾ ਪਵੇ..ਅਖੀਰ ਜਦੋਂ ਅੱਖ ਲੱਗੀ ਤਾਂ ਇੱਕ ਸੁਫਨਾ ਆਇਆ..ਚਮਕੌਰ ਦੀ ਗੜੀ ਵਿੱਚ ਦਸਮ ਪਿਤਾ ਅੱਧੀ ਰਾਤ ਨੂੰ ਥੱਕ ਟੁੱਟ ਕੇ ਪਏ ਇੱਕ ਇੱਕ ਸਿੰਘ ਕੋਲ ਜਾਂਦੇ ਨੇ..
ਉਸਦਾ ਮੱਥਾ ਚੁੰਮਦੇ ਨੇ..ਫੇਰ ਕੇਸ ਸੰਵਾਰਦੇ ਹੋਏ ਅਗਾਂਹ ਨੂੰ ਤੁਰ ਜਾਂਦੇ ਨੇ..!
ਸਵੇਰੇ ਜਦੋਂ ਜਾਗ ਖੁੱਲੀ ਤਾਂ ਕੀ ਵੇਖਿਆ ਕੋਈ ਜਣਾ ਸੁੱਤੇ ਪਏ ਤੇ ਦੂਜਾ ਕੰਬਲ ਪਾ ਗਿਆ ਸੀ..!
ਇਕ ਰਾਤੀ ਵੇਖਿਆ ਸੁਫਨਾ ਤੇ ਦੂਜਾ ਕੰਬਲ ਵਾਲਾ ਇਹ ਕੌਤਕ..ਮੇਰੇ ਮੂਹੋਂ ਆਪਮੁਹਾਰੇ ਉਚੀ ਸਾਰੀ “ਬੋਲੇ ਸੋ ਨਿਹਾਲ” ਨਿੱਕਲ ਗਿਆ..
ਦੂਰ ਰੁੱਖਾਂ ਦੇ ਝੁੰਡ ਵਿਚ ਨੀਲੇ ਬਾਣੇ ਧਾਰਨ ਕੀਤੇੇ ਕੁਝ ਪਰਛਾਵਿਆਂ ਕੋਲੋਂ ਅਵਾਜ ਆਈ..”ਸਤਿ ਸ੍ਰੀ ਅਕਾਲ”!
ਕਿਤਾਬਾਂ ਵਾਲਾ ਰੱਖਣਾ ਚੇਤੇ ਆ ਗਿਆ..
ਤਾਬੜ ਤੋੜ ਨਜਰ ਨੇ ਘੁੰਡ ਚੁੱਕੇ..ਵੱਜੀ ਪੀਪਣੀ ਵੱਡੇ ਜਰਵਾਣਿਆਂ ਦੀ..
ਮੁੰਡੇ ਫੁੱਲਾਂ ਦੇ ਖਪਰਿਆਂ ਨਾਲ ਖਹਿ ਗਏ..ਐਸੀ ਅਦਾ ਸੀ ਨੀਲਿਆਂ ਬਾਣਿਆਂ ਦੀ..!
ਦੱਸਦੇ ਨੀਲੇ ਬਾਣਿਆਂ ਦੀ ਇੱਕ ਝਲਕ ਵੇਖਣ ਖਾਤਿਰ ਪੱਬਾਂ ਭਾਰ ਹੋ ਹੋ ਕੇ ਤੁਰਿਆ ਜਾਂਦਾ ਹਰ ਦਿੱਲੀ ਵਾਸੀ ਅੱਜ ਆਮ ਹੀ ਵੇਖਿਆ ਜਾ ਸਕਦਾ ਏ!
ਹਰਪ੍ਰੀਤ ਸਿੰਘ ਜਵੰਦਾ