More Gurudwara Wiki  Posts
ਦਸਵੰਧ


ਗਰੀਬ ਦਾ ਮੂੰਹ ਗੁਰੂ ਕੀ ਗੋਲਕ
‘ਦਸਵੰਧ’ ਸ਼ਬਦ, ਇੱਕ ਅਜਿਹੀ ਸੋਚ ਵਿੱਚੋਂ ਉਪਜਿਆ ਹੋਇਆ ਨਾਮ ਹੈ, ਜਿਸ ਨੂੰ ਵਿਸ਼ਵ ਭਰ ਦੀਆਂ ਤਮਾਮ ਸਰਕਾਰਾਂ ਨੇ ਸਮਾਜ ਸੇਵਾ (Charitable Trust) ਦੇ ਨਾਮ ਹੇਠ ਹਰ ਪ੍ਰਕਾਰ ਦੀਆਂ ਸੁਵਿਧਾਵਾਂ (ਟੈਕਸਾਂ ਵਿਚ ਰਿਆਇਤਾਂ) ਦਿੱਤੀਆਂ ਹੁੰਦੀਆਂ ਹਨ ਕਿਉਂਕਿ ਇਹ ਲੋਕ ਸਮਾਜਿਕ ਸੁਧਾਰਾਂ ਲਈ ਸਰਕਾਰਾਂ ਦੇ ਹੀ ਮਦਦਗਾਰ ਬਣਦੇ ਹਨ। ਮੁਸਲਿਮ ਧਾਰਮਿਕ ਗ੍ਰੰਥ ‘ਕੁਰਾਨ’ ਅਨੁਸਾਰ ਜ਼ਕਾਤ (40% ਦਾਨ ਜਾਂ ਟੈਕਸ) ਦੇਣਾ ਜ਼ਰੂਰੀ ਹੁੰਦਾ ਹੈ ਪਰ ਸਮਾਜ ਸੇਵਾ ਦੇ ਕੰਮਾਂ ਵਿੱਚ ਆਉਣ ਵਾਲੇ ਜਾਨਵਰ (ਘੋੜਿਆਂ, ਖੱਚਰਾਂ ਆਦਿ) ਤੋਂ ਜ਼ਕਾਤ ਨਹੀਂ ਲਿਆ ਜਾਂਦਾ ਕਿਉਂਕਿ ਇਹ ਲੜਾਈਆਂ (ਯੁੱਧਾਂ) ਦੌਰਾਨ ਕੰਮ ਆਉਂਦੇ ਹਨ ਅਤੇ ਗੱਡੀਆਂ ਵਿੱਚ ਜੋਤੇ ਭੀ ਜਾਂਦੇ ਹਨ, ਜੋ ਕਿ ਮਾਨਵਤਾ ਦੀ ਸ਼ਾਂਤੀ ਲਈ ਹੈ।
ਪਰ ਕੁਝ ਲੋਕ ਇਨ੍ਹਾਂ ਰਿਆਇਤਾਂ ਦਾ ਨਜਾਇਜ ਫਾਇਦਾ ਭੀ ਉਠਾਉਂਦੇ ਰਹਿੰਦੇ ਹਨ ਕਿਉਂਕਿ ਟੈਕਸਾਂ ’ਚ ਰਿਆਇਤਾਂ ਹੋਣ ਕਾਰਨ, ਚਲਤ (ਲੈਣ-ਦੇਣ) ਦਾ ਬਹੁਤਾ ਹਿਸਾਬ ਕਿਤਾਬ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ। ਜਿਵੇਂ ਕਿ ਜਨਤਾ ਦੇ ਪੈਸੇ ਰਾਹੀਂ ਪੰਜਾਬ ਵਿੱਚ ਚੱਲ ਰਹੇ ਜ਼ਿਆਦਾਤਰ ਡੇਰੇ, ਗੁਰਦੁਆਰੇ, ਮੰਦਿਰ ਆਦਿ ਹਰ ਪ੍ਰਕਾਰ ਦੀਆਂ ਸੁਵਿਧਾਵਾਂ ਦਾ ਆਨੰਦ, ਸਰਕਾਰਾਂ ਨੂੰ ਹਿਸਾਬ ਕਿਤਾਬ ਦੇਣ ਤੋਂ ਬਿਨਾ ਹੀ ਭੋਗ ਰਹੇ ਹੁੰਦੇ ਹਨ। ਖ਼ੂਨ-ਪਸੀਨੇ ਦੀ ਕਮਾਈ ਤੋਂ ਬਿਨਾ ਹੀ ਮਿਲ ਰਹੀਆਂ ਇਨ੍ਹਾਂ ਤਮਾਮ ਸਮਾਜਿਕ ਸੁਵਿਧਾਵਾਂ ਨੂੰ ਵੇਖ ਕੇ ਹਰ ਇੱਕ ਵਿਹਲੜ (ਲਾਲਚ ਬਿ੍ਰਤੀ) ਮਨੁੱਖ ਦੇ ਮੂੰਹ ਵਿੱਚ ਪਾਣੀ ਆਉਣਾ ਸੁਭਾਵਕ ਹੈ। ਇਸ ਲਈ ਹੀ ਧਾਰਮਿਕ ਅਦਾਰਿਆਂ ’ਤੇ ਆਏ ਦਿਨ ਖ਼ੂਨ-ਖ਼ਰਾਬੇ ਹੁੰਦੇ, ਵੇਖਣ ਨੂੰ ਆਏ ਦਿਨ ਮਿਲਦੇ ਰਹਿੰਦੇ ਹਨ। ਇਨ੍ਹਾਂ ਧਾਰਮਿਕ ਸੰਸਥਾਂਵਾਂ ’ਤੇ ਨਿਰੰਤਰ ਕਾਬਜ਼ ਰਹਿਣ ਲਈ ਕੁਝ ਕੇਸ ਅਦਾਲਤਾਂ ਤੱਕ ਵੀ ਪੁੱਜ ਗਏ ਹਨ ਜਿਸ ਦੇ ਸਬੰਧ ’ਚ ਅਦਾਲਤੀ ਖ਼ਰਚਾ ਭੀ ‘ਦਸਵੰਧ’ ਵਿੱਚੋਂ ਹੀ ਕੀਤਾ ਜਾਂਦਾ ਹੈ।
ਧਾਰਮਿਕ ਅਤੇ ਰਾਜਨੀਤਿਕ ਅਖਵਾਉਣ ਵਾਲੇ ਜ਼ਿਆਦਾਤਰ ਲੋਕ, ਵਿਰੋਧੀ ਧਿਰ ਨੂੰ ਨੀਵਾਂ ਵਿਖਾ ਕੇ, ਕਮੇਟੀਆਂ ’ਤੇ ਸਦਾ ਕਾਬਜ਼ ਰਹਿਣ ਲਈ ਅਤੇ ਆਪਣੀ ਸੁਆਰਥੀ ਸੋਚ ਨੂੰ ਦੂਸਰਿਆਂ ’ਤੇ ਲਾਗੂ ਕਰਨ (ਥੋਪਣ) ਲਈ (ਸਾਮ, ਦਾਮ, ਦੰਡ, ਭੇਦ ਨੀਤੀ ਨੂੰ ਸਫਲ ਬਣਾਉਣ ਵਾਸਤੇ) ਭੀ ਇਸ ‘ਦਸਵੰਧ’ ਵਿੱਚੋਂ ਹੀ ਮਾਇਆ ਦਾ ਪ੍ਰਯੋਗ ਕਰਦੇ ਹਨ, ਪਰ ਫਿਰ ਭੀ ਭੋਲੀ-ਭਾਲੀ ਜਨਤਾ ਸਮਾਜਿਕ ਸੁਧਾਰਾਂ ਦੇ ਨਾਮ ’ਤੇ ਜਾਂ ਆਪਣੇ ਗੁਰੂ ਦੇ ਨਾਮ ’ਤੇ, ਆਪਣੀ ਹੱਕ-ਸੱਚ ਦੀ ਕਮਾਈ ਇਨ੍ਹਾਂ ਲੋਕਾਂ ਦੇ ਹਵਾਲੇ ਕਰਦੀ ਰਹਿੰਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਅਜਿਹੀ ਸੋਚ ਨੂੰ ਸਮਾਜ ਸੇਵਾ ਦੀ ਬਜਾਏ ਸ਼ੈਤਾਨੀ ਗੱਲਾਂ ਆਖਿਆ ਹੈ ਅਤੇ ਆਪਣਾ ਦਾਨ (ਦਸਵੰਧ) ਹਮੇਸ਼ਾ ਸੋਚ-ਵੀਚਾਰ ਕੇ ਦੇਣ ਲਈ ਬਚਨ ਕੀਤਾ ‘‘ਅਕਲੀ ਪੜਿ੍ ਕੈ ਬੁਝੀਐ, ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ, ਹੋਰਿ ਗਲਾਂ ਸੈਤਾਨੁ॥’’ (ਮ:੧/੧੨੪੫) ਭਾਵ ਅਕਲ ਇਹ ਹੈ (ਕਿ ਗੁਰਬਾਣੀ) ਪੜ੍ਹ ਕੇ (ਚੰਗੀ ਤਰ੍ਹਾਂ) ਵੀਚਾਰੀਏ ਅਤੇ ਹੋਰਾਂ ਨਾਲ (ਤਨ, ਮਨ, ਧਨ ਰਾਹੀਂ) ਸਾਂਝ ਕਰੀਏ। ਗੁਰੂ ਨਾਨਕ ਆਖਦਾ ਹੈ ਕਿ ਇਹੀ ਅਸਲ ਜ਼ਿੰਦਗੀ ਦਾ ਮਾਰਗ ਹੈ ਇਸ ਤੋਂ ਬਿਪ੍ਰੀਤ ਸਭ ਕੁਝ ਵਿਕਾਰੀ ਭਾਵਨਾ (ਬਦੀ) ਪੈਦਾ ਕਰਨ ਵਾਲਾ ਹੈ।
ਦਰਅਸਲ, ਧਰਮੀ (ਰੱਬੀ ਡਰ-ਅਦਬ ’ਚ ਰਹਿਣ ਵਾਲੇ ਅਤੇ ਖੁਲ੍ਹਦਿਲੀ) ਵਿਅਕਤੀ ਆਪਣੇ ਗੁਰੂ (ਪੀਰ ਆਦਿ) ਦੀ ਸੋਚ (ਫ਼ਿਲਾਸਫ਼ੀ, ਸਿਧਾਂਤ) ’ਤੇ ਪਹਿਰਾ ਦਿੰਦਿਆਂ ਅਤੇ ਆਪਣੇ ਹੱਥੀਂ ਕੀਤੀ ਗਈ ਹੱਕ-ਸੱਚ ਦੀ ਕਿਰਤ ਕਮਾਈ ਵਿੱਚੋਂ ਕੱਢੇ ਗਏ ਦਸਮੇ ਹਿੱਸੇ (10%, ਦਸਵੰਧ) ਦੀ ਮਾਇਆ ਰਾਹੀਂ ਲੋੜਵੰਦਾਂ ਦੀ ਮਦਦ ਕਰਦੇ ਹੋਏ ਸਮਾਜ ਲਈ ‘ਮਾਰਗ ਦਰਸ਼ਕ’ ਬਣਦੇ ਹਨ, ਜਿਨ੍ਹਾਂ ਤੋਂ ਪ੍ਰਭਾਵਤ ਹੋ ਕੇ ਇੱਕ ਆਮ ਵਿਅਕਤੀ ਉਨ੍ਹਾਂ ਆਦਰਸ਼ ਜੀਵਨਾਂ ਦੇ ਮੂਲ ਸਰੋਤ (ਗੁਰੂ, ਪੀਰ ਆਦਿ) ਦੀ ਵਿਚਾਰਧਾਰਾ ਨੂੰ ਅਪਣਾਉਂਦਾ ਹੈ। ਜਿਤਨਾ ਜ਼ਿਆਦਾ ਕਿਸੇ ਵਿਅਕਤੀ ਦਾ ਜੀਵਨ ਆਦਰਸ਼ਵਾਦੀ ਹੋਵੇਗਾ ਉਤਨਾ ਹੀ ਜ਼ਿਆਦਾ ਲੋਕ ਉਸ ਸਿਧਾਂਤ ਨੂੰ ਅਪਣਾਉਂਗੇ, ਅਪਣਾਉਂਦੇ ਰਹਿੰਦੇ ਹਨ। ਇਸ ਲਈ ਦੀਰਘ ਸੋਚ ਵਾਲੇ ਗੁਰੂ (ਪੀਰ) ਆਪਣੇ ਅਨੁਆਈਆਂ ਨੂੰ ਇਸ ਨੇਕ ਕਾਰਜਾਂ ਬਾਰੇ ‘ਦਸਵੰਧ’ ਦੇਣ ਲਈ ਪ੍ਰੇਰਦੇ ਰਹਿੰਦੇ ਹਨ ਤਾਂ ਜੋ ਸਮਾਜਿਕ ਸਦਭਾਵਨਾ ਬਣੀ ਰਹੇ ਅਤੇ ਮਿਲ ਕੇ ਬੁਰਾਈਆਂ ਦਾ ਮੁਕਾਬਲਾ ਵੀ ਕੀਤਾ ਜਾ ਸਕੇ।
ਸੰਨ 1590 ਵਿੱਚ ਜਦ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਦਾ ਕੰਮ ਉਸਾਰੀ ’ਤੇ ਚੱਲ ਰਿਹਾ ਸੀ ਤਾਂ ਗੁਰੂ ਅਰਜੁਨ ਦੇਵ ਜੀ ਨੇ ਭਾਈ ਕਲਿਆਣਾ ਜੀ ਨੂੰ ਜਿਲ੍ਹਾ ਮੰਡੀ (ਹਿਮਾਚਲ ਪ੍ਰਦੇਸ਼) ਵਿੱਚ ਲਕੜੀ ਅਤੇ ਦਸਵੰਧ ਇਕੱਠਾ ਕਰਨ ਲਈ ਭੇਜਿਆ ਜਿੱਥੇ ਕ੍ਰਿਸ਼ਨ ਜਨਮਅਸਟਮੀ ਕਾਰਨ ਚੁੱਲ੍ਹੇ ’ਚ ਅੱਗ ਜਲਾਉਣਾ ਮਨ੍ਹਾ ਸੀ ਭਾਵ ਪੂਰਨ ਤੌਰ ’ਤੇ ਬ੍ਰਤ ਰੱਖਣ ਦੇ ਸਰਕਾਰੀ ਆਦੇਸ਼, ਰਾਜੇ (ਹਰੀਸੈਨ) ਵੱਲੋਂ ਜਾਰੀ ਹੋ ਚੁੱਕੇ ਸੀ ਪਰ ਭਾਈ ਕਲਿਆਣਾ ਜੀ ਨੇ ਅੱਗ ਜਲਾ ਕੇ ਲੰਗਰ ਤਿਆਰ ਕੀਤਾ ਅਤੇ ਜਨਤਾ ਨੂੰ ਬ੍ਰਤ ਨਾ ਰੱਖਣ ਲਈ ਪ੍ਰੇਰਿਤ ਕੀਤਾ, ਜੋ ਕਿ ਸਰਕਾਰੀ ਆਦੇਸ਼ਾਂ ਦਾ ਉਲੰਘਣ ਸੀ। ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਰਾਜੇ ਕੋਲ ਪੇਸ਼ ਕੀਤਾ ਗਿਆ। ਰਾਜਾ ਹਰੀਸੈਨ, ਭਾਈ ਸਾਹਿਬ ਜੀ ਦੇ ਆਤਮ ਗਿਆਨ ਤੋਂ ਇਤਨਾ ਪ੍ਰਭਾਵਤ ਹੋਇਆ ਕਿ ਉਸ ਨੇ ਗੁਰੂ ਦੇ ਬਿਬੇਕੀ ਸਿੱਖ ਦੇ ਚਰਨਾਂ ’ਤੇ ਡਿੱਗ ਕੇ ਮਾਫ਼ੀ ਮੰਗੀ ਅਤੇ ਉਸ ਦੇ ਆਤਮ ਗਿਆਨ ਦੇ ਮੂਲ ਸਰੋਤ ਗੁਰੂ ਅਰਜੁਨ ਸਾਹਿਬ ਜੀ ਨੂੰ ਮਿਲਣ ਲਈ ਅੰਮ੍ਰਿਤਸਰ ਆਇਆ ਤੇ ਸਿੱਖ ਸਜਿਆ, ਇਹ ਸੀ ਆਦਰਸ਼ ਜੀਵਨ ਦੀ ਇੱਕ ਉਦਾਹਰਨ।
ਸਨਾਤਨੀ (ਹਿੰਦੂ) ਸੋਚ ਅਨੁਸਾਰ ਦਸਵੰਧ ਦੇਣ ਦੀ ਕੋਈ ਪ੍ਰਥਾ ਨਹੀਂ ਹੈ ਬਲਕਿ ਇੱਕ ਵਿਹਲੜ ਸ਼੍ਰੇਣੀ (ਵਰਗ ਭਾਵ ਪੰਡਿਤ, ਪੂਜਾਰੀ) ਹੀ ਆਪਣੇ ਜਜਮਾਨਾਂ ਪਾਸੋਂ ਦਾਨ-ਦਛਣਾ, ਆਪਣੀਆਂ ਸਮਾਜਿਕ ਲੋੜਾਂ ਦੀ ਪੂਰਤੀ ਲਈ ਉਮਰ ਦੇ ਅੰਤ ਤੱਕ ਮੰਗਦਾ/ਲੈਂਦਾ ਰਹਿੰਦਾ ਹੈ ਅਤੇ ਉਸ ਦੇ ਜਜਮਾਨਾਂ ਲਈ ਵੀ ਸਮਾਜ ਸੇਵਾ ਦੇ ਨਾਮ ’ਤੇ ਇਹੀ ਉੱਤਮ ਸੇਵਾ ਹੈ। ਲੋਕਤੰਤ੍ਰ ਪ੍ਰਣਾਲੀ (System) ਵਿੱਚ ਵੋਟ-ਸ਼ਕਤੀ ਲਈ ਸਰਕਾਰਾਂ ਵੀ ਇਨ੍ਹਾਂ ਵਿਹਲੜਾਂ (ਸਮਾਜ ’ਤੇ ਭਾਰਾਂ, ਬੋਝਲਾਂ) ਨੂੰ ਟੈਕਸਾਂ ’ਚ ਰਿਆਇਤਾਂ ਦਿੰਦੀਆਂ ਰਹਿੰਦੀਆਂ ਹਨ। ਇਨ੍ਹਾਂ ਨੇ ਆਪਣੀ ਇਸ ਕੂਟਨੀਤੀ ਨੂੰ ਬਣਾਏ ਰੱਖਣ ਲਈ ਜਜਮਾਨਾਂ ਅੰਦਰ, ਦਿੱਤੇ ਹੋਏ ਦਾਨ ਬਦਲੇ ਹਜ਼ਾਰਾਂ ਗੁਣਾਂ ਵੱਧ ਮਾਇਆ ਮਿਲਣ ਦੀ ਲਾਲਸਾ ਵੀ ਭਰੀ ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਨ੍ਹਾਂ ਪ੍ਰਥਾਏ ਪਾਵਨ ਵਾਕ ਹੈ ‘‘ਸਤੀਆ ਮਨਿ ਸੰਤੋਖੁ ਉਪਜੈ, ਦੇਣੈ ਕੈ ਵੀਚਾਰਿ॥ ਦੇ ਦੇ ਮੰਗਹਿ ਸਹਸਾ ਗੂਣਾ, ਸੋਭ ਕਰੇ ਸੰਸਾਰੁ॥’’ (ਮ:੧) ੪੬੬) ਭਾਵ ਦਾਨੀ ਮਨੁੱਖ ਅੰਦਰ ਪਰਉਪਕਾਰ ਕਰਨ ਦੀ ਮਨਸ਼ਾ ਕਾਰਨ ਸਬਰ (ਆਨੰਦ) ਪੈਦਾ ਹੁੰਦਾ ਹੈ ਪਰ (ਕੁਝ ਦਾਨੀ, ਦਾਨ) ਕਰ ਕਰ ਕੇ ਮਾਲਕ ਪਾਸੋਂ (ਇਸ ਬਦਲੇ ਹੋਰ) ਹਜ਼ਾਰਾਂ ਗੁਣਾਂ ਵਧੀਕ (ਮਾਇਆ) ਵੀ ਮੰਗਦੇ ਹਨ ਅਤੇ (ਆਪਣੇ ਵੱਲੋਂ ਕੀਤੇ ਗਏ ਦਾਨ ਬਦਲੇ) ਸਮਾਜਿਕ ਜੀਵਾਂ ਪਾਸੋਂ ਸਤਿਕਾਰ ਵੀ ਚਾਹੁੰਦੇ ਹਨ।
ਹਿੰਦੂ ਗ੍ਰੰਥਾਂ ਅਨੁਸਾਰ ਇੱਕ ਪਰਾਸ਼ਰ ਰਿਸ਼ੀ ਹੋਇਆ ਹੈ ਜਿਸ ਨੇ ਖੱਤ੍ਰੀ ਰਾਜਿਆਂ (ਜਜਮਾਨਾਂ) ਨੂੰ ਆਪਣੀ ਕੁਲ ਕਮਾਈ ਵਿੱਚੋਂ 21% ਦਾਨ ਬ੍ਰਾਹਮਣਾਂ ਵਾਸਤੇ ਅਤੇ 31% ਦਾਨ ਦੇਵਤਿਆਂ ਵਾਸਤੇ ਦੇਣ ਲਈ ਪ੍ਰੇਰਿਆ ਸੀ। ਸ਼ਾਇਦ ਇਸ ਲਈ ਬ੍ਰਾਹਮਣ (ਪੂਜਾਰੀ) 52% ਹਿੱਸਾ (ਅੱਧ ਤੋਂ ਵਧੀਕ) ਆਪ ਲੈਣ ਲਈ ਪ੍ਰੇਰਨਾ ਕਰਦਾ ਹੋਵੇ ਜਦਕਿ ਜੈਨ ਧਰਮ ਅਨੁਸਾਰ ਪੂਜਾਰੀਆਂ ਨੂੰ ਕੇਵਲ ਭੋਜਨ ਹੀ ਛਕਾਇਆ ਜਾ ਸਕਦਾ ਹੈ। ਨਕਦ ਮਾਇਆ ਲੈਣ ਵਾਲੇ ਪੂਜਾਰੀ ਨੂੰ ਜੈਨ ਧਰਮ ਵਿੱਚੋਂ ਕੱਢ ਦਿੱਤਾ ਜਾਂਦਾ ਹੈ।
(ਬ੍ਰਾਹਮਣ ਅਤੇ ‘‘ਦੇ ਦੇ ਮੰਗਹਿ ਸਹਸਾ ਗੂਣਾ..॥’’ ਵਾਲੇ ਜਜਮਾਨਾਂ ਵਾਂਙ ਲਾਲਚੀ ਸ਼੍ਰੇਣੀ ਨੂੰ) ਇਸ ਸੁਆਰਥੀ ਲਾਲਸਾ ਤੋਂ ਆਜ਼ਾਦ ਕਰਵਾਉਣ ਲਈ ਹੀ ਗੁਰੂ ਅਮਰਦਾਸ ਜੀ ਬਚਨ ਕਰ ਰਹੇ ਹਨ ਕਿ ਇਹ ਸੁਆਰਥੀ ਦਾਨੀ (ਜਜਮਾਨ) ਅਤੇ ਸੁਆਰਥੀ ਸੋਚ ਵਾਲੇ ਪੂਜਾਰੀ (ਪੰਡਿਤ) ਸਾਰੇ ਹੀ ਆਪਣੀ ਕੀਤੀ ਹੋਈ ਦਾ ਫਲ ਜ਼ਰੂਰ ਭੋਗਣਗੇ ‘‘ਪੁੰਨ ਦਾਨੁ ਜੋ ਬੀਜਦੇ, ਸਭ ਧਰਮ ਰਾਇ ਕੈ ਜਾਈ॥’’ (ਮ:੩/੧੪੧੪)
ਸਿੱਖਾਂ ਲਈ ਸਭ ਤੋਂ ਵਧੀਕ ‘ਦਸਵੰਧ’ ਦੇਣ ਦੀ ਜ਼ਰੂਰਤ, ਪੰਜਵੇਂ ਪਾਤਿਸ਼ਾਹ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸਮੇਂ ਤਦ ਪਈ, ਜਦ ਸ੍ਰੀ ਦਰਬਾਰ ਸਾਹਿਬ ਜੀ ਦੀ ਉਸਾਰੀ ਦਾ ਕੰਮ ਵੱਡੇ ਪੱਧਰ ’ਤੇ ਚੱਲ ਰਿਹਾ ਸੀ ਅਤੇ ਦੇਸ਼ ਵਿੱਚ ਕਾਲ ਤੇ ਮਹਾਂਮਾਰੀ ਫੈਲੀ ਹੋਈ ਸੀ, ਜਿਸ ਕਾਰਨ ਗੁਰੂ ਜੀ ਨੇ ਸਿੱਖਾਂ ਨੂੰ ਫ਼ੁਰਮਾਨ ਕੀਤਾ ਹੋਇਆ ਸੀ ਕਿ ‘‘ਸੇਵਾ ਕਰਤ, ਹੋਇ ਨਿਹਕਾਮੀ॥ (ਮ:੫/੨੮੭) ਭਾਵ ਦਿੱਤੇ ਹੋਏ ‘ਦਸਵੰਧ’ ਬਦਲੇ ਲਾਲਚ ਬਿ੍ਰਤੀ ਨਹੀਂ ਹੋਣੀ ਚਾਹੀਦੀ।
ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ ਤੋਂ ਉਪਰੰਤ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਅਤੇ ਸਿੱਖਾਂ ਨੂੰ ਆਪਣਾ ‘ਦਸਵੰਧ’ ਚੰਗੀ ਨਸਲ ਦੇ ਅਰਬੀ ਘੋੜਿਆਂ ’ਤੇ ਖਰਚ ਕਰਨ ਲਈ ਕਿਹਾ। ਜ਼ਮੀਨੀ ਹਾਲਾਤਾਂ ਕਾਰਨ ਇਹੀ ਸਿਲਸਿਲਾ (ਭਾਵ ‘ਦਸਵੰਧ’ ਨੂੰ ਜੰਗੀ ਸਾਜੋ-ਸਾਮਾਨ ਖਰੀਦਣ ਬਾਬਤ ਖਰਚ ਕਰਨ ਵਾਲਾ ਹੁਕਮ) ਦਸਮੇਸ਼ ਪਿਤਾ ਜੀ ਤੱਕ ਨਿਰੰਤਰ ਚੱਲਦਾ ਰਿਹਾ।
ਇਸ (ਗੁਰੂ ਕਾਲ) ਸਮੇਂ ਦੌਰਾਨ ‘ਮਸੰਦਾਂ’ ਨੂੰ ਭੀ ਇਸ ਆਰਾਮ ਦਾਇਕ ਕਮਾਈ ਨੇ ਅਜਿਹਾ ਭਿ੍ਰਸ਼ਟ ਬਣਾਇਆ ਕਿ ਉਹ ਦੂਸਰੇ (ਮਸੰਦ) ਭਰਾਵਾਂ ਨੂੰ ਵੀ ਨੀਵਾਂ ਵਿਖਾਉਣ ਤੱਕ ਚਲੇ ਜਾਂਦੇ ਤਾਂ ਜੋ ਇਹ ‘ਦਸਵੰਧ’ ਭੇਟਾ ਦੂਸਰੇ ਮਸੰਦ ਪਾਸ ਨਾ ਚਲੀ ਜਾਵੇ ‘‘ਜੋ ਕਰਿ ਸੇਵ ਮਸੰਦਨ ਕੀ ਕਹੈ, ਆਨਿ ਪ੍ਰਸਾਦਿ(ਘਰੋਂ ਲਿਆ ਕੇ) ਸਬੈ ਮੋਹਿ ਦੀਜੈ॥ ਜੋ ਕਛੁ ਮਾਲ ਤਵਾਲਯ ਸੋ (ਘਰ ਵਿੱਚ ਹੈ); ਅਬ ਹੀ ਉਠਿ, ਭੇਟ ਹਮਾਰੀ ਹੀ ਕੀਜੈ॥ ਮੇਰੋ ਈ ਧਯਾਨ ਧਰੋ ਨਿਸਿ ਬਾਸੁਰ (ਦਿਨ-ਰਾਤ), ਭੂਲ ਕੈ ਅਉਰ ਕੋ ਨਾਮੁ ਨ ਲੀਜੈ॥ ਦੀਨੇ (ਦਾਨ) ਕੋ ਨਾਮੁ ਸੁਨੈ ਭਜਿ ਰਾਤਹਿ (ਰਾਤ ਨੂੰ ਹੀ), ਲੀਨੇ (ਲਏ) ਬਿਨਾ, ਨਹਿ ਨੈਕੁ ਪ੍ਰਸੀਜੈ (ਨਾ ਰਤਾ ਭਰ ਖੁਸ਼ ਹੁੰਦੇ)॥੨੯॥’’ (੩੩ ਸਵੈਯੇ/ ਦਸਮ ਗ੍ਰੰਥ)
ਜਦ ‘ਮਸੰਦਾਂ’ ਦੀਆਂ ਇਹ ਹਰਕਤਾਂ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਪਾਸ ਪੁੱਜੀਆਂ ਕਿ ਗੁਰੂ ਘਰ ਦੇ ਪ੍ਰਚਾਰਕ ‘ਮਸੰਦ’, ਆਪਣੀਆਂ ਅੱਖਾਂ ’ਚ ਤੇਲ ਦੀਆਂ ਸਲਾਈਆਂ ਪਾ ਕੇ ਨਕਲੀ ਹੰਝੂ ਕੱਢ-ਕੱਢ ਕੇ ਲੋਕਾਂ ਨੂੰ ਲੁੱਟ ਰਹੇ ਹਨ: ‘‘ਆਖਨ (ਅੱਖਾਂ) ਭੀਤਰਿ ਤੇਲ ਕੌ ਡਾਰ, ਸੁ ਲੋਗਨ ਨੀਰੁ ਬਹਾਇ ਦਿਖਾਵੈ॥ ਜੋ ਧਨਵਾਨੁ ਲਖੈ (ਚੰਗਾ ਦਾਨੀ ਵਿਖਾਈ ਦਿੰਦਾ) ਨਿਜ ਸੇਵਕ, ਤਾਹੀ ਪਰੋਸਿ ਪ੍ਰਸਾਦਿ ਜਿਮਾਵੈ (ਛਕਾਉਂਦੇ)॥ (ਪਰ) ਜੋ ਧਨਹੀਨ ਲਖੈ(ਗ਼ਰੀਬ ਦਿਖਾਈ ਦੇਵੇ) ਤਿਹ ਦੇਤ ਨ, ਮਾਗਨ ਜਾਤ ਮੁਖੋ ਨ ਦਿਖਾਵੈ॥ ਲੂਟਤ ਹੈ ਪਸੁ ਲੋਗਨ ਕੋ, ਕਬਹੂੰ ਨ ਪ੍ਰਮੇਸੁਰ ਕੇ ਗੁਨ ਗਾਵੈ॥੩੦॥ (੩੩ ਸਵੈਯੇ/ਦਸਮ ਗ੍ਰੰਥ) ਤਾਂ ਗੁਰੂ ਜੀ ਨੇ ਸੰਗਤਾਂ ਨੂੰ ਹੁਕਮ ਕੀਤਾ ਕਿ ਜੋ ‘ਮਸੰਦ’, ਸੰਗਤਾਂ ਤੋਂ ਇਕੱਠਾ ਕੀਤਾ ਹੋਇਆ ‘ਦਸਵੰਧ’ ਗੁਰੂ ਘਰ ਵਿੱਚ ਜਮਾ ਨਹੀਂ ਕਰਵਾਉਂਦੇ, ਉਨ੍ਹਾਂ ਨੂੰ ਦਾੜ੍ਹੀ ਤੋਂ ਫੜ੍ਹ ਕੇ ਲਿਆਂਦਾ ਜਾਵੇ। ਗੁਰੂ ਘਰ ਮਾਇਆ ਜਮਾ ਨਾ ਕਰਵਾਉਣ ਵਾਲੇ ਇਨ੍ਹਾਂ ‘ਮਸੰਦਾਂ’ ਵਿੱਚੋਂ ਇੱਕ (ਨੱਕੇ ਸ਼ਹਿਰ ਦਾ)‘ਮਸੰਦ’ ਭਾਈ ‘ਸੰਗਤ’ ਜੀ ਭੀ ਸੀ (ਜੋ ‘ਦਸਵੰਧ’ ਦੀ ਪੂਰੀ ਰਕਮ ਆਪਣੇ ਹੀ ਇਲਾਕੇ ਵਿੱਚ ‘ਸਮਾਜ ਸੇਵਾ’ ਦੇ ਕੰਮਾਂ ’ਤੇ ਖਰਚ ਕਰ ਦਿਆ ਕਰਦੇ ਸਨ, ਇਨ੍ਹਾਂ ਦਾ ਜਨਮ ਸੰਨ 1640 ਈ: ਵਿੱਚ ਹੋਇਆ ਅਤੇ ਵਪਾਰ ਲਈ ਫੇਰੀ ਪਾਉਂਦੇ ਹੋਏ, ਸੰਨ 1656 ਈ: (16 ਸਾਲ ਦੀ ਉਮਰ) ’ਚ ਗੁਰੂ ਹਰਿ ਰਾਇ ਸਾਹਿਬ ਜੀ ਦੇ ਦਰਬਾਰ ਵਿੱਚ ਆ ਕੇ ਸਿੱਖ ਬਣੇ। ਵਪਾਰ ਲਈ ਫੇਰੀ ਪਾਉਣਾ, ਕਿੱਤਾ ਹੋਣ ਕਾਰਨ, ਗੁਰੂ ਜੀ ਨੇ ਇਨ੍ਹਾਂ ਦਾ ਨਾਮ ਹੀ ‘ਫੇਰੂ’ ਰੱਖ ਦਿੱਤਾ ਸੀ।) ਸੰਗਤਾਂ ਇਸ ਦੇ ਆਦਰਸ਼ (ਇਮਾਨਦਾਰ) ਜੀਵਨ ਤੋਂ ਬਹੁਤ ਪ੍ਰਭਾਵਤ ਸਨ, ਜਿਸ ਕਾਰਨ ਇਸ ਦੀ ਦਾੜ੍ਹੀ ਕਿਸੇ ਨੇ ਨਾ ਫੜ੍ਹੀ ਪਰ ਇਹ ਆਪ ਹੀ ਆਪਣੀ ਦਾੜ੍ਹੀ ਫੜ੍ਹ ਕੇ (ਬੜੀ ਨਿਮਰਤਾ ਨਾਲ) ਦਸਮੇਸ਼ ਪਿਤਾ ਜੀ ਦੇ ਸਨਮੁਖ ਆਇਆ, ਗੁਰੂ ਜੀ ਇਸ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)