ਬਲੈਕਮੇਲ
ਭਾਗ ਪਹਿਲਾ
ਅਚਾਨਕ ਜੇ ਇੱਕ ਦਿਨ ਮਧੂ ਦਾ ਫੋਨ ਆਇਆ, ਉਹ ਫੋਨ ਤੇ ਉੱਚੀ ਉੱਚੀ ਰੋਣ ਲੱਗੀ, ਜਦ ਮੈਂ ਉਹਨੂੰ ਪੁੱਛਿਆ ਮਧੂ ਕੀ ਹੋਇਆ? ਤਾਂ ਉਸ ਦੇ ਮੂੰਹ ਚੋਂ ਇਕੋਂ ਗੱਲ ਵਾਰ ਵਾਰ ਨਿਕਲ ਰਹੀ ਸੀ ਕਿ ਬਲੈਕਮੇਲ ਬਲੈਕਮੇਲ। ਮੈਂ ਜਦ ਮਧੂ ਨੂੰ ਪਿਆਰ ਨਾਲ ਸਮਝਾ ਕੇ ਪੁੱਛਿਆ ਕਿ ਮਧੂ ਕੀ ਹੋਇਆ? ਰੋਣਾ ਬੰਦ ਕਰ ਤੇ ਪੂਰੀ ਗੱਲ ਦੱਸ….
ਮਧੂ ਨੇ ਆਪਣਾ ਗਲਾ ਸਾਫ਼ ਕਰਦਿਆ ਬੋਲਣਾ ਸ਼ੁਰੂ ਕੀਤਾ। ਦੀਪੀ ਤੈਨੂੰ ਪਤਾ ਤਾਂ ਹੈ ਕਮਲ ਨੂੰ ਮੈਂ ਕਿੰਨਾ ਪਿਆਰ ਕਰਦੀ ਹਾਂ। ਹਾਂ ਸ਼ਾਇਦ ਦੱਸਿਆ ਸੀ ਪਹਿਲਾਂ ਤੂੰ ਇੱਕ ਦਿਨ, ਮੈਂ ਸਹਿਜ ਸੁਭਾਵਿਕ ਹੀ ਕਹਿ ਦਿੱਤਾ, ਹਾਂ ਦੀਪੀ ਉਹੀ ਕਮਲ ਕਹਿੰਦਿਆਂ ਹੀ ਮਧੂ ਫਿਰ ਉੱਚੀ ਉੱਚੀ ਰੋਣ ਲੱਗ ਗਈ । ਉਹਦੀ ਰੋਂਦੀ ਦੀ ਹਾਲਤ ਮੇਰੇ ਕੋਲੋਂ ਸਹਿ ਨਹੀਂ ਹੋ ਰਹੀ ਸੀ ਤੇ ਉਹਨੂੰ ਚੁੱਪ ਕਰਾਉਂਦਿਆਂ ਪੁੱਛਿਆ ਕੀ ਹੋਇਆ ਕਮਲ ਨੂੰ? ਉਹਨੇ ਚੁੱਪ ਹੁੰਦੀ ਨੇ ਕਿਹਾ ਕਮਲ ਨੂੰ ਕੁਝ ਨਹੀਂ ਹੋਇਆ । ਦੀਪੀ ਮੈਂ ਤੈਨੂੰ ਸਾਰੀ ਗੱਲ ਦੱਸਦੀ ਹਾਂ । ਹਾਂ ਮਧੂ ਦੱਸ ਮੈਂ ਵੀ ਹੁੰਗਾਰਾ ਭਰਦੀ ਨੇ ਕਿਹਾ।
ਮਧੂ ਨੇ ਗੱਲ ਦੱਸਣੀ ਸ਼ੁਰੂ ਕੀਤੀ । ਦੀਪੀ ਤੈਨੂੰ ਦੱਸਿਆ ਸੀ ਨਾ, ਮੈਂ ਤੇ ਕਮਲ ਗੁਰਦੁਆਰੇ ਚ ਮਿਲੇ ਸੀ। ਹਾਂ ਮਿਲੇ ਸੀ, ਫੇਰ ਕੀ ਹੋਇਆ ਅੱਗੇ ਦੱਸ ਮੈਂ ਕਾਹਲ ਕਰਦਿਆਂ ਕਿਹਾ, ਹਾਂ ਦੀਪੀ ਉਸ ਦਿਨ ਮੈਂ ਗੱਡੀ ਚ ਸਫ਼ਰ ਕਰ ਰਹੀ ਸੀ ਤੇ ਉਸ ਦਿਨ ਕਮਲ ਵੀ ਉਸੇ ਗੱਡੀ ਚ ਸਫ਼ਰ ਕਰ ਰਿਹਾ ਸੀ । ਸ਼ਾਇਦ ਉਹਦੀ ਸ਼ਰਾਬ ਪੀਤੀ ਹੋਈ ਸੀ । ਉਹ ਸ਼ਾਇਦ ਲਾਈਟ ਤੋਂ ਡਿਸਟਰਬ ਹੋ ਰਿਹਾ ਸੀ। ਮੈਂ ਉਸ ਵਕਤ ਸੀਟ ਤੇ ਬੈਠੀ ਕਿਤਾਬ ਪੜ ਰਹੀ ਉਹਨੇ ਮੈਨੂੰ ਸਿੱਧਾ ਹੀ ਕਿਹਾ ਲਾਈਟ ਬੰਦ ਕਰੀਂ, ਮੈਨੂੰ ਮਹਿਸੂਸ ਤਾਂ ਹੋਇਆ ਕਿ ਇਹ ਮੈਨੂੰ ਸਿੱਧਾ ਕਿਉਂ ਬੋਲ ਰਿਹੈ, ਪਰ ਮੈਂ ਉਸ ਨੂੰ ਬੋਲੀ ਕੁਝ ਨਹੀਂ ਬਸ ਚੁੱਪ ਚਾਪ ਲਾਈਟ ਬੰਦ ਕਰ ਦਿੱਤੀ । ਲਾਈਟ ਬੰਦ ਕਰਦਿਆਂ ਹੀ ਮੈਂ ਸੀਟ ਤੇ ਪੈ ਗਈ । ਗੱਡੀ ਦੇ ਝੂਟਿਆਂ ਕਾਰਨ ਮੈਨੂੰ ਪਤਾ ਹੀ ਨਾ ਲੱਗਿਆ ਕਦ ਨੀਂਦ ਆ ਗਈ । ਗੱਡੀ ਦੇ ਜ਼ਿਆਦਾ ਦੇਰ ਰੁਕਣ ਕਾਰਨ ਮੈਨੂੰ ਜਾਗ ਆ ਗਈ , ਜਾਗ ਆਉਂਦਿਆਂ ਹੀ ਸਟੇਸ਼ਨ ਵੱਲ ਦੇਖਿਆ। ਅੰਮਿ੍ਤਸਰ ਦੇ ਪਿੱਛਲੇ ਸਟੇਸ਼ਨ ਤੇ ਰੇਲ ਰੁਕੀ ਹੋਈ ਸੀ, ਕੁਝ ਮਿੰਟਾਂ ਇੱਕ ਤੇਜ਼ ਰੇਲ ਨੂੰ ਲੰਘਾ ਕੇ ਸਾਡੀ ਰੇਲ ਵੀ ਤੁਰ ਪਈ । ਅੱਧੇ ਘੰਟੇ ਪਿੱਛੋਂ ਰੇਲ ਅੰਮਿ੍ਤਸਰ ਦੇ ਸਟੇਸ਼ਨ ਤੇ ਪਹੁੰਚ ਗਈ । ਕਮਲ ਤੇ ਉਸ ਦੇ ਦੋਸਤ ਵੀ ਸਟੇਸ਼ਨ ਤੇ ਉਤਰ ਗਏ । ਮੈਂ ਵੀ ਆਪਣਾ ਬੈਗ ਲੈ ਕੇ ਉਤਰ ਗਈ। ਮੈਂ ਆਪਣੇ ਭਰਾ ਦੀ ਉਡੀਕ ਚ ਸਟੇਸ਼ਨ ਉੱਤੇ ਬੈਠ ਗਈ ਤੇ ਕਮਲ ਮੈਨੂੰ ਜਾਂਦਾ ਜਾਂਦਾ ਬਾਏ ਕਹਿ ਗਿਆ । ਮੈਂ ਉਸ ਵਕਤ ਉਸ ਦੀ ਬਾਏ ਦਾ ਜੁਆਬ ਨਹੀਂ ਦਿੱਤਾ । ਉਹ ਉਥੋਂ ਚਲਾ ਗਿਆ । ਕੁਝ ਵਕਤ ਮਗਰੋਂ ਮੇਰਾ ਭਰਾ ਮੈਨੂੰ ਲੈਣ ਆ ਗਿਆ । ਮੈਂ ਤੇ ਮੇਰਾ ਭਰਾ ਇੱਕ ਧਰਮਸ਼ਾਲਾ ਵਿੱਚ ਠਹਿਰ ਗਏ । ਉਥੋਂ ਨਹਾ ਧੋ ਕੇ ਅਸੀਂ ਮੱਥਾ ਟੇਕਣ ਚੱਲੇ ਗਏ , ਮੱਥਾ ਟੇਕਣ ਬਾਅਦ ਅਸੀਂ ਲੰਗਰ ਛੱਕਣ ਚਲੇ ਗਏ । ਸਭ ਕੰਮ ਨਿਪਟਾ ਕੇ ਅਸੀਂ ਬਜ਼ਾਰ ਚਲੇ ਗਏ । ਵੀਰੇ ਨੇ ਮੈਨੂੰ ਪੁੱਛਿਆ ਕੁਝ ਲੈਣਾ ਤਾਂ ਨਹੀਂ ਮੈਂ ਨਾ ਵਿੱਚ ਜੁਆਬ ਦੇ ਦਿੱਤਾ । ਵੀਰਾ ਆਪਣੇ ਬੱਚਿਆਂ ਲਈ ਖਿਡੋਣੇ ਖਰੀਦਣ ਚਲਾ ਗਿਆ । ਮੈਂ ਬਾਹਰ ਹੀ ਖੜੀ ਹੋ ਗਈ । ਮੈਂ ਬਾਹਰ ਖੜੀ ਇੱਧਰ ਉਧਰ ਦੇਖਦੀ ਰਹੀ । ਉਸੇ ਵਕਤ ਉਧਰੋਂ ਕਮਲ ਆ ਰਿਹਾ ਸੀ । ਕਮਲ ਪਹਿਲਾਂ ਤਾਂ ਸਿੱਧਾ ਚਲਾ ਗਿਆ ਤੇ ਫਿਰ ਵਾਪਸ ਆ ਕੇ ਮੇਰੇ ਕੋਲ ਖੜ ਗਿਆ, ਪੁੱਛਣ ਲੱਗਿਆ ਤੇਰੇ ਨਾਲ ਕੌਣ ਹੈ? ਮੈਂ ਕਿਹਾ ਮੇਰਾ ਭਰਾ ਹੈ । ਕਮਲ ਨੂੰ ਡਰ ਹੋ ਗਿਆ ਸੀ ਕਿ ਕਿਤੇ ਭਰਾ ਦੇਖ ਨਾ ਲਵੇ । ਉਹ ਮੈਨੂੰ ਆਪਣਾ ਨੰਬਰ ਦੇ ਕੇ ਤੇ ਮੇਰਾ ਨੰਬਰ ਲੈ ਕੇ ਚਲਾ ਗਿਆ।
ਕੁਝ ਵਕਤ ਬਾਅਦ ਹੀ ਮੇਰੇ ਕਮਲ ਦਾ ਫੋਨ ਆਇਆ, ਤੇ ਮੈਂ ਚੁੱਕ ਕੇ ਪੁੱਛਿਆ ਕੌਣ ? ਉਹਨੇ ਕਿਹਾ ਮੈਂ ਕਮਲ ਹਾਂ ਜੋ ਹੁਣੇ ਤੇਰੇ ਕੋਲੋਂ ਗਿਆ ਹਾਂ, ਵੀਰਾ ਕੋਲ ਹੋਣ ਕਰਕੇ ਮੈਂ ਇਹੀ ਕਿਹਾ ਹਾਂਜੀ ਕੀ ਕੰਮ ? ਉਹ ਵੀ ਸਮਝ ਗਿਆ ਸੀ ਕਿ ਵੀਰਾ ਕੋਲ ਹੈ । ਉਹਨੇ ਵੀ ਫੋਨ ਕੱਟ ਦਿੱਤਾ । ਅਸੀਂ ਕਾਫ਼ੀ ਰਾਤ ਤੱਕ ਚੈਟ ਤੇ ਗੱਲ ਕਰਦੇ ਰਹੇ । ਸਵੇਰੇ ਦੋ ਵਜੇ ਵੀਰਾ ਨੇ ਉਠ ਕੇ ਨਹਾ ਕੇ ਪਾਲਕੀ ਦੇ ਦਰਸ਼ਨ ਕਰਨ ਜਾਣਾ ਸੀ ਤੇ ਵੀਰੇ ਨੇ ਮੈਨੂੰ ਵੀ ਜਗਾ ਦਿੱਤਾ ਮੈਂ ਫੋਨ ਦੇਖਿਆ ਕਮਲ ਦੇ ਕਾਫ਼ੀ ਮੈਸੇਜ ਆਏ ਪਏ ਸੀ । ਮੈਂ ਰਪਲਾਈ ਵਿੱਚ ਇੰਨਾ ਹੀ ਲਿਖਿਆ ਮੈਂ ਤੇ ਵੀਰਾ ਹਰਮਿੰਦਰ ਸਾਹਿਬ ਆ ਰਹੇ ਹਾਂ । ਕਮਲ ਨੇ ਮੈਸੇਜ ਕੀਤਾ ਮੈਂ ਵੀ ਆ ਰਿਹਾ । ਅਸੀਂ ਨਹਾ ਕੇ ਹਰਮਿੰਦਰ ਸਾਹਿਬ ਚਲੇ ਗਏ । ਮੈਂ ਵੀਰੇ ਨੂੰ ਕਿਹਾ ਕਿ ਵੀਰੇ ਮੈਂ ਅੱਗੇ ਨਹੀਂ ਜਾਣਾ, ਮੈਂ ਤਾਂ ਇੱਥੇ ਹੀ ਬੈਠਣਾ ਹੈ। ਮੈਂ ਉਥੇ ਹੀ ਬੈਠ ਗਈ ਤੇ ਉਦੋਂ ਹੀ ਕਮਲ ਦਾ ਫੋਨ ਆ ਗਿਆ । ਉਹ ਮੇਰੇ ਕੋਲ ਆ ਗਿਆ । ਅਸੀਂ ਦੋਵਾਂ ਨੇ ਮਿਲ ਕੇ ਮੱਥਾ ਟੇਕਿਆ ਤੇ ਦੇਗ ਲੈ ਕੇ ਬਾਹਰ ਆ ਗਏ । ਅਸੀਂ ਦੋਵੇਂ ਅੰਮਿ੍ਤਸਰ ਦੀਆਂ ਗਲੀਆਂ ਚ ਗੇੜੇ ਕੱਢਦੇ ਰਹੇ । ਕਮਲ ਮੇਰੇ ਨਾਲ ਉਵੇਂ ਹੀ ਤੁਰਿਆ ਫਿਰਦਾ ਰਿਹਾ ਜਿਵੇਂ ਪਹਿਲਾਂ ਤੋਂ ਹੀ ਮੈਨੂੰ ਜਾਣਦਾ ਹੋਵੇ । ਫਿਰ ਅਸੀਂ ਇੱਕ ਮੰਦਰ ਅੱਗੇ ਬੈਠ ਗਏ । ਉੱਥੇ ਅਸੀਂ ਕਾਫ਼ੀ ਵਕਤ ਬੈਠ ਕੇ ਗੱਲਾਂ ਕਰਦੇ ਰਹੇ, ਇਹ ਨਹੀਂ ਕਿ ਮੇਰੀ ਜ਼ਿੰਦਗੀ ਚ ਕੋਈ ਇਨਸਾਨ ਨਹੀਂ ਆਇਆ । ਪਰ ਕਮਲ ਮੈਨੂੰ ਸਭ ਤੋਂ ਖਾਸ ਲੱਗਿਆ । ਕਮਲ ਮੇਰੇ ਨਾਲ ਪੰਜ ਛੇ ਘੰਟੇ ਰਿਹਾ, ਪਰ ਕੋਈ ਗਲਤ ਹਰਕਤ ਨਹੀਂ ਕੀਤੀ । ਨਾ ਹੀ ਕੋਈ ਗਲਤ ਗੱਲ ਕੀਤੀ । ਮੇਰੇ ਕੋਲ ਬੈਠਾ ਮੇਰੇ ਘਰਦਿਆਂ ਬਾਰੇ ਤੇ ਆਪਦੇ ਘਰਦਿਆਂ ਵਾਰੇ ਗੱਲਾਂ ਕਰਦਾ ਰਿਹਾ । ਬੈਠੇ ਬੈਠੇ ਕਮਲ ਨੇ ਕਿਹਾ ਆਪਾਂ ਚੱਲੀਏ ਹੁਣ, ਤੇਰਾ ਭਰਾ ਤੈਨੂੰ ਉਡੀਕਦਾ ਹੋਉ । ਮੈਂ ਕਿਹਾ ਹਾਂ । ਇੰਨੇ ਨੂੰ ਵੀਰੇ ਦਾ ਫੋਨ ਆ ਗਿਆ ਕਿ ਕਿੱਥੇ ਐ? ਅਸੀਂ ਗੁਰਦੁਆਰੇ ਨੇੜੇ ਹੀ ਸੀ ਇਸ ਲਈ ਦਰਵਾਰ ਸਾਹਿਬ ਛੇਤੀ ਪਹੁੰਚ ਗਏ । ਕਮਲ ਨੇ ਮੈਨੂੰ ਬਾਏ ਕਿਹਾ ਤੇ ਦਰਵਾਰ ਸਾਹਿਬ ਚਲਾ ਗਿਆ । ਮੈਂ ਵੀਰੇ ਨੂੰ ਆ ਕੇ ਕਿਹਾ ਵੀਰੇ ਮੈਨੂੰ ਭੁੱਖ ਬਹੁਤ ਲੱਗੀ ਐ । ਵੀਰੇ ਨੇ ਕਿਹਾ ਤੂੰ ਖਾ ਆ ਮੈਂ ਦਰਵਾਰ ਸਾਹਿਬ ਚ ਬੈਠ ਕੇ ਕੀਰਤਨ ਸੁਣਦਾ ਹਾਂ । ਵੀਰਾ ਦਰਵਾਰ ਸਾਹਿਬ ਚ ਹੀ ਬੈਠ ਗਿਆ । ਕਮਲ ਜਿਵੇਂ ਮੈਨੂੰ ਹੀ ਦੇਖ ਰਿਹਾ ਸੀ । ਕਮਲ ਲੰਗਰ ਹਾਲ ਚ ਵੀ ਮੇਰੇ ਕੋਲ ਜਾ ਪਹੁੰਚ ਗਿਆ । ਅਸੀਂ ਦੋਵਾਂ ਨੇ ਮਿਲ ਕੇ ਲੰਗਰ ਖਾਧਾ । ਅਗਲੇ ਦਿਨ ਦੁਪਹਿਰ ਨੂੰ ਮੈਂ ਕਮਲ ਨੂੰ ਇੱਕ ਕੜਾ ਲੈਂ ਕੇ ਦਿੱਤਾ ।
ਉਸ ਤੋਂ ਅਗਲੇ ਦਿਨ ਮੈਂ ਤੇ ਵੀਰਾ ਘਰ ਆ ਗਏ । ਮੈਂ ਤੇ ਕਮਲ ਰਾਸਤੇ ਚ ਵੀ ਗੱਲ ਕਰਦੇ ਆਏ। ਮੈਂ ਰੱਬ ਦਾ ਤਹਿ ਦਿਲੋਂ ਸ਼ੁੱਕਰ ਕੀਤਾ ਕਿ ਰੱਬ ਮੇਰੀ ਝੋਲੀ ਚ ਇੱਕ ਵਧੀਆ ਇਨਸਾਨ ਪਾਇਆ ਸੀ । ਕਹਿੰਦੇ ਨੇ ਜਦੋਂ ਅਸੀਂ ਇਨਸਾਨ ਨੂੰ ਬਿਨਾਂ ਜਾਣੇ ਰੱਬ ਮੰਨਣ ਦੀ ਕਰ ਬੈਠਦੇ ਹਾਂ ਤਾਂ ਉਦੋਂ ਰੱਬ ਵੀ ਆਪਣੇ ਨਾਲ ਗਲਤ ਹੀ ਕਰਦਾ ਹੈ । ਇੱਕ ਸਾਲ ਤੱਕ ਕਮਲ ਤੇ ਮੇਰੀ ਗੱਲ ਹੁੰਦੀ ਰਹੀ । ਗੱਲਾਂ ਗੱਲਾਂ ਸਾਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ।
ਠੰਡ ਦਾ ਮੌਸਮ ਸੀ । ਇੱਕ ਰਾਤ ਮੈਂ ਆਪਣੀ ਮਾਂ ਕੋਲ ਪਈ ਸੀ । ਮੈਂ ਕਮਲ ਨਾਲ ਫੋਨ ਤੇ ਗੱਲ ਕਰ ਰਹੀ ਸੀ, ਤੇ ਕਮਲ ਨੇ ਮੇਰੇ ਕਹਿਣ ਤੇ ਪਿਆਰ ਦਾ ਇਜ਼ਹਾਰ ਕੀਤਾ ਸੀ। ਅਸੀਂ ਇੱਕ ਸਾਲ ਤੱਕ ਫੋਨ ਤੇ ਹੀ ਗੱਲਬਾਤ ਕਰਦੇ ਰਹੇ । ਇੱਕ ਸਾਲ ਬਾਅਦ ਅਸੀਂ ਮਿਲੇ, ਮਿਲ ਕੇ ਅਸੀਂ ਮੂਬੀ ਦੇਖੀ । ਕੁਝ ਵਕਤ ਅਸੀਂ ਇੱਕਠੇ ਰਹੇ । ਮੈਂ ਆਪਣੇ ਘਰ ਆ ਗਈ ਤੇ ਉਹ ਆਪਣੇ ਘਰ ਚਲਾ ਗਿਆ । ਸਮਾਂ ਬੀਤਦਾ ਗਿਆ, ਇਸ਼ਕ ਚ ਅੰਨੇ ਹੋਇਆ ਨੇ ਵਕਤ ਦਾ ਵੀ ਨਹੀਂ ਪਤਾ ਹੁੰਦਾ ਕਦੋਂ ਗੁਜਰਦੈ। ਮੇਰੇ ਨਾਲ ਵੀ ਇਸ ਤਰ੍ਹਾਂ ਹੀ ਸੀ ਪਤਾ ਹੀ ਨਹੀਂ ਲੱਗਦਾ ਸੀ ਕਦੋਂ ਦਿਨ ਚੜ ਕਦੋਂ ਛਿਪ ਗਿਆ । ਕਮਲ ਨੇ ਤੇ ਮੈਂ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ । ਮੈਨੂੰ ਵੀ ਖੁਸ਼ੀ ਸੀ ਕਿ ਕਮਲ ਵਰਗਾ ਇਨਸਾਨ ਮੇਰੇ ਨਾਲ ਵਿਆਹ ਕਰਵਾਉਣ ਲਈ ਕਹਿ ਰਿਹੈ। ਮੈਂ ਘਰਦਿਆਂ ਕੋਲ ਇਹ ਗੱਲ ਕਰਨ ਹੀ ਵਾਲੀ ਸੀ । ਮੈਨੂੰ ਆਸ ਸੀ ਕਿ ਮੇਰੇ ਘਰਦੇ ਮੰਨ ਜਾਣਗੇ ਕਿਉਂਕਿ ਕਮਲ ਕਮਾਉ ਸੀ । ਚੰਗੀ ਨੌਕਰੀ ਤੇ ਸੀ ਪਰ ਕਹਿੰਦੇ ਨੇ ਹੋਣੀ ਆਪਣਾ ਕੰਮ ਆਪਣੇ ਹਿਸਾਬ ਨਾਲ ਕਰਦੀ ਹੈ । ਕਮਲ ਅਕਸਰ ਇਹੀ ਗੱਲ ਕਹਿੰਦਾ ਸੀ ਜਦੋਂ ਵੀ ਆਪਾਂ ਮਿਲੇ ਉਦੋਂ ਮੈਂ ਤੇਰੇ ਸੰਧੂਰ ਭਰੂ ਤੇ ਤੈਨੂੰ ਆਪਣੀ ਬਣਾ ਲਿਉ । ਮੈਨੂੰ ਉਸ ਦੇ ਮੂੰਹੋ ਇਹ ਸੁਣ ਬਹੁਤ ਚੰਗਾ ਲੱਗਦਾ ਸੀ।
ਇੱਕ ਦਿਨ ਕਮਲ ਨੌਕਰੀ ਤੋਂ ਘਰ ਆਇਆ ਹੋਇਆ ਸੀ । ਅਸੀਂ ਮਿਲਣ ਦਾ ਫੈਸਲਾ ਕੀਤਾ । ਮੈਂ ਘਰੋਂ ਤਿਆਰ ਹੋ ਕੇ ਕਾਲਜ ਜਾਣ ਦੇ ਬਹਾਨੇ ਕਮਲ ਨੂੰ ਮਿਲਣ ਚਲੀ ਗਈ । ਅਸੀਂ ਕਾਫ਼ੀ ਵਕਤ ਇੱਕਠੇ ਰਹੇ। ਅਚਾਨਕ ਜੇ ਕਮਲ ਨੇ ਮੇਰਾ ਫੋਨ ਮੇਰੇ ਤੋਂ ਫੜ ਕੇ ਚੈੱਕ ਕੀਤਾ ਤੇ ਚੈਟ ਪੜ ਕੇ ਦੇਖਣ ਲੱਗਿਆ । ਮੇਰੇ ਫੋਨ ਵਿੱਚ ਕੁਦਰਤੀ ਕਿਸੇ ਦੋਸਤ ਦੀ ਚੈਟ ਪਈ ਸੀ । ਜਿਸ ਦੀ ਚੈਟ ਸੀ ਉਸ ਨਾਲ ਮੇਰੀ ਕੋਈ ਗੱਲ ਬਾਤ ਨਹੀਂ ਸੀ, ਪਰ ਉਸ ਨੂੰ ਇੱਕ ਝੂਠ ਬੋਲਿਆ ਹੋਇਆ ਸੀ । ਉਹ ਝੂਠ ਵੀ ਗਲਤ ਨਹੀਂ ਸੀ, ਉਹ ਝੂਠ ਕੀ ਸੀ ਮਧੂ ਮੈਂ ਕਹਾਣੀ ਦੇ ਵਿਚੋਂ ਪੁੱਛਿਆ, ਦੀਪੀ ਉਹ ਝੂਠ ਇਹ ਸੀ ਕਿ ਦੀਪੀ ਜਿਸ ਦੀ ਉਹ ਚੈਟ ਸੀ। ਉਹ ਦਾ ਨਾਂ ਰਾਜ ਸੀ ਤੇ ਉਸ ਤੋਂ ਮੈਂ ਕੁਝ ਸਮਾਨ ਲੈਣਾ ਸੀ । ਉਹ ਮੈਨੂੰ ਅਕਸਰ ਲਾਰਾ ਲਗਾਉਂਦਾ ਸੀ ਤੇ ਝੂਠ ਬੋਲਦਾ ਸੀ ਅੱਜ ਨਹੀਂ ਕੱਲ੍ਹ ਕੱਲ੍ਹ ਨਹੀਂ ਕੁੱਝ ਦਿਨਾਂ ਨੂੰ। ਬਸ ਉਸ ਦੇ ਇਹ ਲਾਰਿਆਂ ਤੋਂ ਮੈਂ ਅੱਕ ਗਈ ਸੀ। ਚੈਟ ਚ ਰਾਜ ਨੂੰ ਮੈਂ ਵੀ ਲਾਰਾ ਹੀ ਲਗਾਇਆ ਹੋਇਆ ਸੀ, ਪਰ ਉਸ ਨੂੰ ਕਮਲ ਸੱਚ ਮੰਨ ਬੈਠਿਆਂ । ਕਮਲ ਨੇ ਮੇਰੇ ਤੇ ਕਦੇ ਸ਼ੱਕ ਨਹੀਂ ਕੀਤਾ ਸੀ, ਪਰ ਉਸ ਦਿਨ ਕਮਲ ਨੇ ਮੇਰੀ ਕੋਈ ਗੱਲ ਨਾ ਸੁਣੀ ਤੇ ਮੈਨੂੰ ਛੱਡ ਕੇ ਚਲਾ ਗਿਆ । ਜਾਣ ਲੱਗਿਆ ਉਹਨੇ ਮੇਰੇ ਮੱਥੇ ਚ ਸੰਧੂਰ ਵੀ ਭਰ ਦਿੱਤਾ । ਬਹੁਤ ਮਿੰਨਤਾਂ ਕੱਢੀਆਂ ਮੈਂ ਉਹਦੀਆਂ ਪਰ ਉਹਨੇ ਮੇਰੀ ਇੱਕ ਗੱਲ ਨਾ ਸੁਣੀ । ਮੈਂ ਰੋਂਦੀ ਕੁਰਲਾਉਂਦੀ ਘਰ ਆ ਗਈ । ਜੋ ਨੰਬਰ ਰਾਜ ਕੋਲ ਸੀ ਮੈਂ ਉਹ ਤੋੜ ਦਿੱਤਾ । ਕਮਲ ਨੇ ਦੋ ਤਿੰਨ ਦਿਨ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਪਰ ਉਸ ਨੇ ਆਪਣੇ ਹਿਸਾਬ ਨਾਲ ਮੇਰੇ ਸਾਰੇ ਦੋਸਤਾਂ ਦੇ ਸਹੇਲੀਆਂ ਨੰਬਰ ਲੈ ਕੇ ਮੇਰੇ ਬਾਰੇ ਪਤਾ ਕੀਤਾ । ਉਹਨੇ ਸਭ ਨਾਲ ਗੱਲਬਾਤ ਵੀ ਮੇਰੇ ਨਾਮ ਤੇ ਹੀ ਕੀਤੀ।
ਸਾਡੀ ਹੱਸਦੀ ਖੇਡਦੀ ਜ਼ਿੰਦਗੀ ਅਜੀਬ ਜਿਹਾ ਮੋੜ ਲੈ ਗਈ । ਮੈਨੂੰ ਕਮਲ ਦੀ ਇੰਨੀ ਆਦਤ ਪੈ ਗਈ ਸੀ ਕਿ ਉਸ ਬਿਨਾਂ ਮੇਰੇ ਲਈ ਮੁਸ਼ਕਿਲ ਸੀ । ਮੈਂ ਉਹਦੇ ਗੱਲ ਕਰਨ ਲਈ ਹਾੜੇ ਕੱਢਦੀ ਰਹਿੰਦੀ ਸੀ। ਉਹ ਮਰਜ਼ੀ ਨਾਲ ਇੱਕ ਦੋ ਮਿੰਟ ਅਜਨਬੀਆਂ ਵਾਰ ਗੱਲ ਕਰਦਾ ਤੇ ਫੋਨ ਕੱਟ ਦਿੰਦਾ ਸੀ। ਫਿਰ ਇੱਕ ਅਣਪਛਾਤੇ ਨੰਬਰ ਤੋਂ ਰਾਜ ਦੇ ਨਾਂ ਤੇ ਮੇਰੇ ਕੋਲ ਮੈਸਜ਼ ਆਉਣੇ ਸ਼ੁਰੂ ਹੋਏ । ਮੈਂ ਵੀ ਰਾਜ ਸਮਝ ਕੇ ਗੱਲ ਕਰਦੀ ਰਹੀ ਪਰ ਜੋ ਗੱਲ ਚੈਟ ਚ ਹੁੰਦੀ ਸੀ ਉਸ ਤਰ੍ਹਾਂ ਰਾਜ ਕਦੇ ਨਹੀਂ ਬੋਲਿਆ ਸੀ। ਚੈਟ ਦੇ ਅੰਦਾਜ਼ ਤੋਂ ਮੈਨੂੰ ਸ਼ੱਕ ਹੋਇਆ ਕਿ ਇਹ ਰਾਜ ਨਹੀਂ ਕੋਈ ਹੋਰ ਹੈ । ਬਾਅਦ ਵਿੱਚ ਜਦੋਂ ਇਹ ਗੱਲ ਲਈ ਮੈਂ ਰਾਜ ਨਾਲ ਗੱਲਬਾਤ ਕੀਤੀ ਤਾਂ ਉਹਨੇ ਕਿਹਾ ਕਿ ਇਹ ਨੰਬਰ ਮੇਰਾ ਨਹੀਂ। ਮੈਨੂੰ ਫਿਰ ਸ਼ੱਕ ਹੋਣਾ ਸ਼ੁਰੂ ਹੋਇਆ ਕਿ ਰਾਜ ਨਹੀਂ ਕੋਈ ਹੋਰ ਹੈ । ਫਿਰ ਅਨਪਛਾਤੇ ਨੰਬਰ ਤੇ ਜਦ ਮੈਂ ਕਿਹਾ ਤੁਸੀਂ ਰਾਜ ਨਹੀਂ ਹੋ ਰਾਜ ਨਾਲ ਮੇਰੀ ਗੱਲ ਹੋ ਗਈ ਹੈ, ਤਾਂ ਅਣਪਛਾਤੇ ਵਿਅਕਤੀ ਨੇ ਕਿਹਾ ਕਿ ਤੇਰੇ ਕਿਸੇ ਨੇੜੇ ਦੇ ਪਿੰਡ ਤੋਂ ਹਾਂ । ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਹਾਂ । ਉਸ ਅਣਪਛਾਤੇ ਆਦਮੀ ਨੇ ਮੈਨੂੰ ਬਹੁਤ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ । ਉਸ ਅਣਪਛਾਤੇ ਵਿਅਕਤੀ ਨੇ ਮੇਰੀ ਰਾਤਾਂ ਦੀ ਨੀਂਦ ਉਠਾ ਦਿੱਤੀ । ਰਾਤ ਨੂੰ ਅੱਧੀ ਅੱਧੀ ਰਾਤ ਮੈਂ ਉਭੜਵਾਹੇ ਉਠਣ ਲੱਗ ਪਈ । ਸਾਰੀ ਸਾਰੀ ਰਾਤ ਵਿਹੜੇ ਵਿੱਚ ਬੈਠੀ ਨੇ ਕੱਢ ਦਿੰਦੀ ਸੀ । ਜਦ ਘਰਦਿਆਂ ਨੇ ਮੈਨੂੰ ਡਾਕਟਰ ਕੋਲ ਦਿਖਾਇਆ ਤਾਂ ਡਾਕਟਰ ਨੇ ਕਿਹਾ ਕਿ ਇਹ ਕਿਸੇ ਚਿੰਤਾ ਰਹਿੰਦੀ ਹੈ । ਮੈਨੂੰ ਇੱਕ ਦਮ ਚੱਕਰ ਆਉਣੇ ਸ਼ੁਰੂ ਹੋ ਗਏ ਮੈਂ ਕਦੇ ਬਾਥਰੂਮ ਚ ਕਦੇ ਰਸੋਈ ਚ ਚੱਕਰ ਖਾ ਕੇ ਡਿਗਣ ਲੱਗ ਪਈ । ਕੁਝ ਸਮਝ ਨਹੀਂ ਆ ਰਹੀਂ ਸੀ ਕੀ ਹੋ ਰਿਹੈ।
ਫਿਰ ਇੱਕ ਦਿਨ ਇਹੀ ਗੱਲ ਮੈਂ ਆਪਣੀ ਕਾਲਜ ਦੀ ਕੁੜੀ ਨਾਲ ਸ਼ੇਅਰ ਕੀਤੀ, ਉਸਨੇ ਮੈਨੂੰ ਸਲਾਹ ਦਿੱਤੀ ਕਿ ਤੂੰ ਪੁਲਿਸ ਨੂੰ ਇਤਲਾਹ ਕਰ ਦੇ, ਪੁਲਿਸ ਦੇ ਨਾਂ ਤੋਂ ਇੱਕ ਵਾਰ ਤਾਂ ਮੈਂ ਡਰ ਗਈ ਪਰ ਮੇਰੀ ਸਹੇਲੀ ਨੇ ਮੈਨੂੰ ਹੋਂਸਲਾ ਦਿੱਤਾ ਤੇ ਖੁਦ ਪੁਲਿਸ ਨੂੰ ਫੋਨ ਕਰਕੇ ਮੇਰੇ ਨੰਬਰ ਵਾਰੇ ਜਾਣਕਾਰੀ ਦੇ ਕੇ ਕਿਹਾ ਕਿ ਇਹ ਕੁੜੀ ਦੇ ਘਰਦਿਆਂ ਨੂੰ ਕੁਝ ਪਤਾ ਨਹੀਂ ਲੱਗਣਾ ਚਾਹੀਦਾ । ਪੁਲਿਸ ਵਾਲੇ ਨੇ ਭਰੋਸਾ ਦਿੰਦਿਆਂ ਕਿਹਾ ਕਿ ਸਾਰੀ ਜਾਣਕਾਰੀ ਗੁਪਤ ਰੱਖੀ ਜਾਵੇਗੀ । ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ । ਇੱਕ ਵਾਰ ਤਾਂ ਮੇਰੇ ਦਿਮਾਗ ਤੋਂ ਬੋਝ ਉਤਰ ਗਿਆ । ਮੈਂ ਸਾਰੀ ਗੱਲ ਕਮਲ ਨੂੰ ਦੱਸੀ ਤੇ ਕਮਲ ਨੇ ਉਸ ਵਕਤ ਮੈਨੂੰ ਮਿਲਣ ਲਈ ਕਿਹਾ ਤੇ ਕਮਲ ਕਿਹਾ ਆਪਾਂ ਮਿਲ ਕੇ ਸੋਚਦੇ ਇਸ ਵਿਸ਼ੇ ਤੇ, ਮੈਨੂੰ ਵੀ ਹੌਸਲਾ ਹੋਇਆ ਕਿ ਹੁਣ ਤਾਂ ਕਮਲ ਵੀ ਮੇਰੇ ਨਾਲ ਹੈ ਹੁਣ ਕਿਸ ਗੱਲ ਦਾ ਡਰ । ਦੂਜੇ ਦਿਨ ਮੈਂ ਤੇ ਕਮਲ ਹਸਪਤਾਲ ਵਿੱਚ ਦਵਾਈ ਲੈਣ ਬਹਾਨੇ ਮਿਲੇ। ਉੱਥੇ ਅਸੀਂ ਕਾਫ਼ੀ ਵਕਤ ਬੈਠੇ ਰਹੇ ਤੇ ਬੈਠੇ ਬੈਠੇ ਇੱਕ ਅਣਪਛਾਤੇ ਨੰਬਰ ਤੋਂ ਫੋਨ ਆਇਆ ਤੇ ਉਹ ਅਣਪਛਾਤਾ ਨੰਬਰ ਪੁਲਿਸ ਵਾਲੇ ਦਾ ਸੀ ਤੇ ਉਹਨੇ ਸਾਰਾ ਕੁਝ ਅਣਪਛਾਤੇ ਨੰਬਰ ਤੋਂ ਆਉਂਦੇ ਮੈਸਜ਼ ਵਾਰੇ ਪੁੱਛਿਆ । ਮੈਂ ਸਾਰਾ ਕੁਝ ਉਵੇਂ ਦਾ ਉਵੇਂ ਦੱਸ ਦਿੱਤਾ । ਫੋਨ ਕੱਟਣ ਤੋਂ ਬਾਅਦ ਕਮਲ ਨੇ ਮੈਨੂੰ ਕਿਹਾ ਆਪਣੀ ਕੰਮਪਲੇਟ ਵਾਪਸ ਲੈ ਲੈਂ । ਮੈਂ ਕਿਹਾ ਪਤਾ ਤਾਂ ਲੱਗਣਾ ਚਾਹੀਦੈ ਉਹ ਕੌਣ ਹੈ ਜੋ ਬੇਫਾਲਤੂ ਪ੍ਰੇਸ਼ਾਨ ਕਰ ਰਿਹੈ । ਕਮਲ ਨੇ ਕਿਹਾ ਤੈਨੂੰ ਨਹੀਂ ਪਤਾ ਉਹ ਕੌਣ ਹੈ ਮੈਨੂੰ ਪਤਾ ਹੈ । ਮੈਂ ਪੁੱਛਿਆ ਕੌਣ ਹੈ? ਉਸ ਨੇ ਗੱਲ ਗੋਲਮੋਲ ਕਰਨੀ ਚਾਹੀ ਪਰ ਮੇਰੀ ਜਿੱਦ ਤੇ ਉਸ ਨੇ ਦੱਸ ਦਿੱਤਾ ਕਿ ਮੈਂ ਹੀ ਹਾਂ ਜੋ ਤੈਨੂੰ ਮੈਸਜ਼ ਕਰਕੇ ਪ੍ਰੇਸ਼ਾਨ ਕਰਦਾ ਸੀ । ਸੁਣਦਿਆਂ ਹੀ ਇੱਕ ਦਮ ਮੇਰੇ ਤੇ ਪਹਾੜ ਟੁੱਟ ਪਿਆ । ਕਮਲ ਵੱਲ ਦੇਖਿਆ ਤੇ ਸੋਚਿਆ ਇਹ ਕਿਹੋ ਜਿਹਾ ਪਿਆਰ ਹੈ ਜੋ ਮੈਨੂੰ ਇੰਨੇ ਵਕਤ ਦੁੱਖ ਦੇ ਕੇ ਖੁਸ਼ ਹੋ ਰਿਹਾ ਸੀ । ਮੈਂ ਕੁਝ ਨਹੀਂ ਬੋਲੀ ਤੇ ਚੁੱਪ ਚਾਪ ਉਥੋਂ ਆ ਗਈ। ਬਾਅਦ ਵਿੱਚ ਕਮਲ ਦੇ ਫੋਨ ਆਉਂਦੇ ਰਹੇ ਤੇ ਮੇਰੇ ਦਿਲ ਨੇ ਉਸ ਦਾ ਫੋਨ ਚੁੱਕਣ ਲਈ ਮਨਾ ਕਰ ਦਿੱਤਾ । ਰਾਸਤੇ ਵਿੱਚ ਮੇਰੀ ਕਾਲਜ ਵਾਲੀ ਉਸੇ ਸਹੇਲੀ ਦਾ ਫੋਨ ਆ ਗਿਆ ਉਹਨੇ ਪੁੱਛਿਆ ਕਿ ਕੀ ਬਣਿਆ । ਜਦੋਂ ਮੈਂ ਉਹਨੂੰ ਦੱਸਿਆ ਕਿ ਇਹ ਸਭ ਕਮਲ ਕਰ ਰਿਹੈ ਹੈ ਤਾਂ ਉਹ ਵੀ ਹੈਰਾਨ ਹੋਈ ਕਿ ਕੋਈ ਇਦਾਂ ਵੀ ਕਰ ਸਕਦੈ ਹੈ । ਦੂਜੇ ਦਿਨ ਮੈਂ ਠਾਣੇ ਜਾ ਕੇ ਕੰਮਪਲੇਟ ਵਾਪਸ ਲੈਣ ਚਲੀ ਗਈ । ਪਹਿਲੀ ਵਾਰ ਉਸ ਦਿਨ ਮੈਂ ਠਾਣੇ ਗਈ ਸੀ ਤੇ ਪੁਲਿਸ ਵਾਲੇ ਨਾਲ ਗੱਲਬਾਤ ਕਰਨ ਦਾ ਮੇਰਾ ਪਹਿਲਾ ਅਨੁਭਵ ਸੀ । ਠਾਣੇ ਦੇ ਅੰਦਰ ਜਾਂਦਿਆਂ ਮੇਰੀਆਂ ਲੱਤਾਂ ਕੰਬ ਰਹੀਆਂ ਸੀ। ਕੰਬਦੇ ਕੰਬਾਉਦਿਆਂ ਜਦ ਮੈਂ ਅੰਦਰ ਜਾ ਕੇ ਪੁੱਛਿਆ ਕਿ ਐਸ ਐਚ ਓ ਬਲਵਿੰਦਰ ਸਿੰਘ ਕੌਣ ਹੈ? ਮੈਂ ਉਹਨਾਂ ਨੂੰ ਮਿਲਣਾ ਹੈ ਤਾਂ ਉਹਨਾਂ ਨੇ ਕਿਹਾ ਐਸ ਐਚ ਓ ਬਲਵਿੰਦਰ ਸਿੰਘ ਤਾਂ ਇੱਥੇ ਕੋਈ ਨਹੀਂ ਹੈ। ਮੈਂ ਕਿਹਾ ਕਿ ਉਹਨਾਂ ਨੇ ਆਪਣਾ ਨਾਂ ਮੈਨੂੰ ਬਲਵਿੰਦਰ ਸਿੰਘ ਹੀ ਦੱਸਿਆ ਸੀ ।ਫਿਰ ਇੱਕ ਜਾਣੇ ਨੇ ਕਿਹਾ ਕਿ ਐਸ ਐਚ ਓ ਨਹੀਂ ਬਲਵਿੰਦਰ ਸਿੰਘ ਪੁਲਿਸ ਮੁਲਾਜ਼ਮ ਹੈ ਤਾਂ ਉਹਨਾਂ ਨੇ ਫੋਨ ਕਰਕੇ ਬਲਵਿੰਦਰ ਸਿੰਘ ਨੂੰ ਪੁੱਛਿਆ ਤੇ ਉਹਨਾਂ ਕਿਹਾ ਕਿ ਉਹਨਾਂ ਨੂੰ ਆਉਣ ਚ ਪੰਦਰਾਂ ਮਿੰਟ ਲੱਗਣਗੇ ਤੁਸੀਂ ਬੈਠ ਜਾਓ। ਮੈਨੂੰ ਉਹਨਾਂ ਨੇ ਬਲਵਿੰਦਰ ਸਿੰਘ ਦੇ ਕਮਰੇ ਚ ਬੈਠਣ ਲਈ ਕਹਿ ਦਿੱਤਾ । ਉਹ ਪੰਦਰਾਂ ਮਿੰਟ ਮੇਰੇ ਲਈ ਇੱਕ ਉਮਰ ਦੇ ਅਰਸੇ ਤੋਂ ਵੱਧ ਸੀ । ਉਸ ਵਕਤ ਮੈਂ ਕਦੇ ਘੜੀ ਦੀ ਟਿੱਕ ਟਿੱਕ ਨੂੰ ਤੇ ਲੋਕਾਂ ਦੀ ਪੈੜ ਚਾਲ ਸੁਣਦੀ ਰੱਬ ਰੱਬ ਕਰ ਰਹੀ ਸੀ । ਪੰਦਰਾਂ ਮਿੰਟ ਹੋ ਗਏ ਸੀ ਪਰ ਬਲਵਿੰਦਰ ਸਿੰਘ ਨਾ ਆਏ । ਮੈਨੂੰ ਬੇਚੈਨੀ ਲੱਗਣੀ ਸ਼ੁਰੂ ਹੋ ਗਈ । ਪੰਦਰਾਂ ਦੇ ਵੀਹ ਮਿੰਟ ਵੀ ਹੋ ਗਏ ਪਰ ਬਲਵਿੰਦਰ ਸਿੰਘ ਨਾ ਆਏ । ਮੇਰੀ ਉਡੀਕ ਤੇ ਬੇਚੈਨੀ ਦੋਵੇਂ ਵੱਧਦੇ ਗਏ । ਅੱਧਾ ਘੰਟਾ ਹੋਣ ਤੇ ਵਾਪਸ ਜਾਣ ਦਾ ਸੋਚਿਆ ਇੰਨੇ ਵਿੱਚ 45 ਸਾਲ ਦੇ ਕਰੀਬ ਇੱਕ ਪੁਲਿਸ ਵਾਲਾ ਅੰਦਰ ਆਇਆ ਤੇ ਮੈਨੂੰ ਪੁੱਛਣ ਲੱਗਿਆ ਹਾਂ ਤੁਸੀਂ ਮਧੂ ਹੀ ਹੋ । ਮੈਂ ਹਾਂ ਵਿੱਚ ਜੁਆਬ ਦਿੱਤਾ, ਉਹਨਾਂ ਪੁੱਛਿਆ ਕੀ ਲਉਗੇ ਠੰਡਾ ਗਰਮ… ਮੈਂ ਕੁਝ ਨਹੀਂ ਵਿੱਚ ਜੁਆਬ ਦਿੱਤਾ, ਉਹਨਾਂ ਕਿਹਾ ਇਹ ਤਾਂ ਨਹੀਂ ਗੱਲ ਬਣੀ ਤੁਸੀਂ ਸਾਡੇ ਮਹਿਮਾਨ ਹੋ ਕੁਝ ਤਾਂ ਪੀਣਾ ਹੀ ਪਵੇਗਾ । ਮੈਨੂੰ ਉਹਨਾਂ ਦੀ ਗੱਲ ਸੁਣ ਕੇ ਹੈਰਾਨੀ ਹੋਈ ਕਿ ਠਾਣਿਆਂ ਵਿੱਚ ਵੀ ਮਹਿਮਾਨਨਿਵਾਜ਼ੀ ਹੋ ਸਕਦੀ ਹੈ । ਉਹਨਾਂ ਇੱਕ ਫਾਇਲ ਚੁੱਕੀ ਤੇ ਮੇਰੀ ਕੰਮਪਲੇਟ ਕੱਢ ਕੇ ਕਿਹਾ ਬੰਦਾ ਤੁਹਾਡੇ ਘਰ ਦਾ ਹੀ ਹੋ ਸਕਦਾ ਹੈ। ਮੈਂ ਕਿਹਾ ਮੈਨੂੰ ਪਤਾ ਲੱਗ ਗਿਆ ਹੈ ਬੰਦਾ ਕੌਣ ਹੈ ਤੇ ਮੈਂ ਕੰਮਪਲੇਟ ਵਾਪਸ ਲੈਣ ਆਈ ਹਾਂ । ਉਹਨਾਂ ਕਿਹਾ ਕਿ ਕੌਣ ਹੈ? ਮੈਂ ਠਾਣੇ ਵਿੱਚ ਕਮਲ ਦਾ ਨਾਂ ਨਾ ਲੈਂਦੇ ਹੋਏ ਇਹੀ ਕਿਹਾ ਕਿ ਮੇਰੀ ਸਹੇਲੀ ਸੀ। ਉਹ ਜਾਣ ਬੁੱਝ ਕੇ ਮੈਨੂੰ ਪ੍ਰੇਸ਼ਾਨ ਕਰਨਾ ਚਾਹੁੰਦੀ ਸੀ । ਉਹਨਾਂ ਕਿਹਾ ਮੇਰੇ ਨਾਲ ਗੱਲ ਕਰਵਾਓ ਤੇ ਮੈਂ ਦੱਸਦਾ ਉਹਨੂੰ ਪਤਾ ਕਿਸੇ ਨੂੰ ਪ੍ਰੇਸ਼ਾਨ ਕਿਦਾਂ ਕਰੀਦੈ । ਮੈਂ ਕਿਹਾ ਨਹੀਂ ਜੀ ਉਹ ਡਰਦੀ ਗੱਲ ਨਹੀਂ ਕਰਦੀ । ਉਹਨਾਂ ਕਿਹਾ ਫਿਰ ਵੀ ਤੁਹਾਨੂੰ ਉਹਨਾਂ ਦਾ ਨੰਬਰ ਤਾਂ ਲਿਖਵਾਉਣਾ ਹੀ ਪਵੇਗਾ । ਮੈਂ ਆਪਣਾ ਹੀ ਬੰਦ ਨੰਬਰ ਲਿਖਵਾ ਕੇ ਕੰਮਪਲੇਟ ਵਾਪਸ ਲੈ ਲਈ । ਬਲਵਿੰਦਰ ਸਿੰਘ ਨੇ ਫਿਰ ਕਿਹਾ ਅਗਰ ਕੋਈ ਇਦਾਂ ਫਿਰ ਪ੍ਰੇਸ਼ਾਨ ਕਰਦਾ ਹੈ ਤਾਂ ਤੁਸੀਂ ਬੇਝਿਜਕ ਮੈਨੂੰ ਫੋਨ ਕਰ ਸਕਦੇ ਹੋ ਜਾਂ ਠਾਣੇ ਆ ਕੇ ਕੰਮਪਲੇਟ ਕਰ ਸਕਦੇ ਹੋ । ਤੁਹਾਡੀ ਜਾਣਕਾਰੀ ਬਿਲਕੁਲ ਗੁਪਤ ਰੱਖੀ ਜਾਵੇਗੀ । ਮੈਨੂੰ ਇੱਕ ਹੌਸਲਾ ਹੋਇਆ ਕਿ ਪੁਲਿਸ ਵਾਲੇ ਇੰਨੇ ਮਾੜੇ ਨਹੀਂ ਹੁੰਦੇ ਜਿੰਨੇ ਮੈਂ ਸਮਝਦੀ ਸੀ। ਬਲਵਿੰਦਰ ਸਿੰਘ ਨੇ ਮੇਰੇ ਡਰ ਨੂੰ ਦੇਖਦਿਆਂ ਕਿਹਾ ਇਵੇਂ ਡਰੀਦਾ ਨਹੀਂ ਹੁੰਦਾ ਸਾਨੂੰ ਕੋਈ ਬਲੈਕਮੇਲ ਕਰ ਰਿਹੈ ਤਾਂ ਸਾਡਾ ਹੱਕ ਹੈ । ਉਸ ਵਿਰੁੱਧ ਕਾਰਵਾਈ ਕਰਨ ਦੀ, ਮੈਂ ਕਿਹਾ ਮੈਨੂੰ ਤਾਂ ਜੀ ਪੁਲਿਸ ਵਾਲਿਆਂ ਤੋਂ ਹੀ ਡਰ ਲੱਗਦੈ ਮੈਂ ਕੰਮਪਲੇਟ ਕਿਥੋਂ ਕਰ ਸਕਦੀ ਹਾਂ । ਉਹਨਾਂ ਕਿਹਾ ਕਿ ਕਿਉਂ ਪੁਲਿਸ ਵਾਲੇ ਬੰਦੇ ਨਹੀਂ ਹੁੰਦੇ । ਉਹਨਾਂ ਦਾ ਘਰ ਪਰਿਵਾਰ ਨਹੀਂ ਹੁੰਦਾ ਉਹਨਾਂ ਦੀ ਇੱਜ਼ਤ ਨਹੀਂ ਹੁੰਦੀ । ਮੈਂ ਕਿਹਾ ਇਹ ਗੱਲ ਨਹੀਂ ਪਰ ਮੈਨੂੰ ਪੁਲਿਸ ਵਾਲਿਆਂ ਤੋਂ ਡਰ ਲੱਗਦੈ । ਉਹਨਾਂ ਕਿਹਾ ਡਰਦੇ ਤਾਂ ਬੱਚੇ ਹੁੰਦੇ ਨੇ । ਮੈਂ ਬਚਪਨ ਤੋਂ ਜਿਸ ਤਾਂ ਚੀਜ਼ ਦਾ ਡਰ ਪੈਂਦਾ ਕੀਤਾ ਜਾਂਦਾ ਹੈ । ਉਸ ਦਾ ਡਰ ਅੰਦਰ ਗਹਿਰਾ ਉਤਰ ਜਾਂਦਾ ਹੈ ਤੇ ਉਹ ਡਰ ਮਰਨ ਤੱਕ ਵੀ ਅੰਦਰੋਂ ਨਹੀਂ ਨਿਕਲਦਾ । ਉਹਨਾਂ ਕਿਹਾ ਇਹ ਤਾਂ ਗੱਲ ਹੈ, ਉਹਨਾਂ ਨੇ ਚਾਰ ਲਾਈਨਾਂ ਲਿਖ ਕੇ ਕੰਮਪਲੇਟ ਵਾਪਸੀ ਦੇ ਮੇਰੇ ਕੋਲੋਂ ਦਸਤਖ਼ਤ ਕਰਵਾ ਲਏ ਤੇ ਮੈਂ ਡਰਦੀ ਡਰਦੀ ਘਰ ਆ ਗਈ । ਕਮਲ ਦਾ ਕਰਕੇ ਮੈਂ ਪਹਿਲਾਂ ਵਾਰ ਠਾਣੇ ਗਈ ਸੀ । ਘਰ ਆ ਕਿ ਮੈਂ ਕਮਲ ਨੂੰ ਫੋਨ ਲਗਾਇਆ ਤੇ ਕਿਹਾ ਤੇਰੇ ਕਰਕੇ ਅੱਜ ਮੈਨੂੰ ਠਾਣੇ ਜਾਣਾ ਪਿਆ । ਉਹਨੇ ਕਿਹਾ ਠੀਕ ਐ ਅੱਗੇ ਦਾ ਇਦਾਂ ਦਾ ਕੁਝ ਨਹੀਂ ਹੋਊਗਾ । ਮੈਂ ਕਿਹਾ ਨਹੀਂ ਮੈਂ ਗੱਲ ਨਹੀਂ ਕਰਨੀ । ਬਸ ਇੰਨਾ ਕਹਿ ਕੇ ਮੈਂ ਫੋਨ ਕੱਟ ਦਿੱਤਾ । ਫੋਨ ਕੱਟਣ ਤੋਂ ਬਾਅਦ ਕਮਲ ਦੇ ਫੋਨ ਆਉਂਦੇ ਰਹੇ ਪਰ ਮੈਂ ਚੁਕਿਆਂ ਨਾ ।ਅੱਗਲੇ ਦਿਨ ਕਮਲ ਦੇ ਮੈਸਜ਼ ਆਉਣੇ ਸ਼ੁਰੂ ਹੋ ਗਏ ਕਿ ਮੇਰੇ ਨਾਲ ਗੱਲ ਕਰ ਇਸ ਤੋਂ ਬਾਅਦ ਕੋਈ ਗਲਤੀ ਨਹੀਂ ਹੋਵੇਗੀ । ਬਸ ਇੱਕ ਵਾਰ ਮਾਫ਼ ਕਰਦੇ, ਕਹਿੰਦੇ ਨੇ ਕੁੜੀਆਂ ਦੇ ਦਿਲ ਮੋਮ ਹੁੰਦੇ ਨੇ ਪਿਘਲ ਵੀ ਛੇਤੀ ਜਾਂਦੇ ਨੇ । ਬਸ ਮੇਰੇ ਨਾਲ ਵੀ ਇਦਾਂ ਹੀ ਹੋਇਆ ਤੇ ਮੈਂ ਵੀ ਕਮਲ ਦੀਆਂ ਗੱਲਾਂ ਚ ਪਿਘਲ ਕੇ ਫਿਰ ਤੋਂ ਉਸੇ ਤਰ੍ਹਾਂ ਗੱਲ ਕਰਨ ਲੱਗ ਗਈ । ਜਾ ਕਹਿ ਲਓ ਕਿ ਮੈਂ ਵੀ ਕਮਲ ਬਿਨਾਂ ਨਹੀਂ ਰਹਿ ਸਕਦੀ ਸੀ ਜਿਸ ਨੇ ਕਮਲ ਦੀਆਂ ਸਾਰੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਵਾ ਦਿੱਤਾ, ਮੈਂ ਫਿਰ ਉਸੇ ਤਰ੍ਹਾਂ ਗੱਲ ਕਰਨ ਲੱਗ ਗਈ ਸੀ, ਅਸੀਂ ਫਿਰ ਤੋਂ ਉਵੇਂ ਹੀ ਗੱਲ ਕਰਦੇ ਰਹੇ,
ਬਾਕੀ ਅਗਲੇ ਪਾਰਟ ਵਿੱਚ ਮਧੂ ਦੀ ਜ਼ਿੰਦਗੀ ਦੀਆਂ ਘਟਨਾਵਾਂ ਨੂੰ ਪੇਸ਼ ਕੀਤਾ ਜਾਵੇਗਾ…….
ਵੀਰਪਾਲ ਸਿੱਧੂ ਮੌੜ
ਅਚਾਨਕ ਜੇ ਇੱਕ ਦਿਨ ਮਧੂ ਦਾ ਫੋਨ ਆਇਆ, ਉਹ ਫੋਨ ਤੇ ਉੱਚੀ ਉੱਚੀ ਰੋਣ ਲੱਗੀ, ਜਦ ਮੈਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ