ਉਹ ਕਿੰਨੇ ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ ਸਨ ! ਜਦੋਂ ਜਵਾਕਾਂ ਨੇ ਸ਼ਾਮ ਨੂੰ ਨਰਮੇਂ ਦੀਆਂ ਛਿਟੀਆਂ ਉਲਾਰਕੇ ਉੱਡਦੀਆਂ ਚਾਮਚੜਿੱਕਾਂ ਦੇ ਨਿਸ਼ਾਨੇ ਬੰਨ੍ਹਣੇ ਤਾਂ ਕਿਸੇ ਮਾਈ ਨੇ ਕਹਿਣਾ,”ਵੇ ਦਾਦੇ ਮਗਾਉਣਿਉ, ਕੋਈ ਚਿੰਬੜ ਗਈ ਤਾਂ ਮਾਮੇ ਨੂੰ ਸੋਨੇ ਦਾ ਢੋਲ ਵਜਾਉਣਾ ਪੈਣਾ, ਫੇਰ ਲੱਥੂ!” ਹੁਣ ਤੱਕ ਨਹੀਂ ਪਤਾ ਲੱਗਾ ਕਿ ਮਾਮਾ ਸੋਨੇ ਦੇ ਢੋਲ ਲਿਆਊ ਕਿੱਥੋਂ ਅਤੇ ਉਹ ਵੱਜੂ ਕਿਵੇਂ!
ਚਵਾਨੀ ਜਾਂ ਅਠਿਆਨੀ ਦੀ ਚੀਜੀ ਲੈ ਕੇ ਜਵਾਕਾਂ ਨੇ ਦੁਕਾਨਦਾਰ ਤੋਂ ਰੂੰਗਾ ਅਲੱਗ ਮੰਗਣਾ, ਉਹ ਵੀ ਪੂਰੇ ਦਾਅਵੇ ਨਾਲ਼ ਜਿਵੇਂ ਉਧਾਰੀ ਦਿੱਤੀ ਚੀਜ਼ ਹੀ ਵਾਪਸ ਮੰਗ ਰਹੇ ਹੋਣ।
ਕਿਸਮਤ-ਪੁੜੀ ਪੁੱਟਕੇ ਜੇ ਕਦੇ-ਕਦਾਈਂ ਕੋਈ ਪਲਾਸਟਕ ਦੀ ਮੁੰਦਰੀ ਨਿੱਕਲ ਆਉਣੀ ਤਾਂ ਆਪਣੇ-ਆਪ ਨੂੰ ਸਿਕੰਦਰ ਬਾਦਸ਼ਾਹ ਸਮਝਣਾ।
ਨਰਮਾ, ਕਪਾਹ ਚੁਗਣ ਖੇਤ ਜਾਣਾ ਤਾਂ ਅੰਬ ਦੇ ਅਚਾਰ ਨਾਲ਼ ਰੋਟੀ ਖਾਣੀ ਅਤੇ ਗੁੜ ਦੀ ਚਾਹ ਪੀਣੀ। ਉਹ ਸਵਾਦ ਫਿਰ ਕਦੇ ਮਹਿੰਗੇ ਹੋਟਲਾਂ ‘ਚ ਖਾਧੇ ਖਾਣੇ ‘ਚੋਂ ਵੀ ਨਹੀਂ ਆਇਆ। ਝੋਲ਼ੀ ਲਾਹੁਣ ਆਉਣਾ ਤਾਂ ਆਸਾ-ਪਾਸਾ ਜਿਹਾ ਦੇਖ ਕੇ ਮਾਵਾਂ, ਚਾਚੀਆਂ, ਤਾਈਆਂ ਅਤੇ ਹੋਰ ਚੋਣੀਆਂ ਦੀਆਂ ਢੇਰੀਆਂ ‘ਤੋਂ ਥੱਬਾ ਭਰਕੇ ਨਰਮਾਂ ਆਪਣੀ ਢੇਰੀ ‘ਤੇ ਰੱਖ ਲੈਣਾ; ਮਨਸ਼ਾ ਚੋਰੀ ਨਹੀਂ ਹੋਇਆ ਕਰਦੀ ਸੀ ਪਰ ਇਹ ਦਿਖਾਉਣਾ ਹੁੰਦਾ ਸੀ ਕਿ ਮੇਰੀ ਢੇਰੀ ਵੱਡੀ ਹੈ।
ਨਰਮਾਂ ਚੁਗਣ ਤੋਂ ਬਾਅਦ ਅਣਖਿੜੇ ਟੀਂਡੇ ਧੁੱਪੇ ਛੱਤਾਂ ‘ਤੇ ਪਾਉਣੇ। ਦੁਪਹਿਰੇ ਛੱਤ ‘ਤੇ ਬਹਿਕੇ ਨਾਲ਼ੇ ਤਾਂ ਧੁੱਪ ਸੇਕਣੀ ਅਤੇ ਨਾਲ਼ੇ ਸਿੱਕਰੀਆਂ ‘ਚੋਂ ਰੂੰ ਚੁਗਣੀ। ਸਿੱਕਰੀਆਂ ਚੁੱਲ੍ਹੇ ਵਿੱਚ ਅੱਗ ਬਾਲਣ ਲਈ ਸਾਂਭ ਲੈਣੀਆਂ। ਸਿੱਕਰੀਆਂ ਨਾਲ਼ ਅੱਗ ਬੜੀ ਫ਼ਟਾਫਟ ਬਲਦੀ ਸੀ।
ਗਰਮੀਆਂ ਦੀਆਂ ਰਾਤਾਂ ਨੂੰ ਘਰਾਂ ਦੀਆਂ ਛੱਤਾਂ ‘ਤੇ ਸੌਣਾ। ਜਿਨ੍ਹਾਂ-ਜਿਨ੍ਹਾਂ ਦੇ ਕੋਠੇ ਜੁੜਦੇ ਹੋਣੇ ਉਹਨਾਂ ਨੇ ਸੌਣ ਤੋਂ ਪਹਿਲਾਂ ਇਕੱਠੇ ਹੋ ਕੇ ਗੱਲਾਂ ਕਰਨੀਆਂ, ਬਾਤਾਂ ਪਾਉਣੀਆਂ, ਬੇਬੇ-ਅੰਮਾਂ ਦੀਆਂ ਗੱਲਾਂ ਸੁਣਨੀਆਂ, ਕਈਆਂ ਨੇ ਤਾਸ਼ ਵੀ ਖੇਡਣੀ, ਜੇ ਹਵਾ ਨਾ ਚੱਲਦੀ ਹੁੰਦੀ ਤਾਂ ਪੁਰੇ ਗਿਣਨੇ। ਜੇਕਰ ਰਾਤ ਨੂੰ ਮੀਂਹ ਆ ਜਾਣਾ ਤਾਂ ਭਾਜੜ ਮੱਚ ਜਾਣੀ, ਮੰਜੇ, ਬਿਸਤਰੇ ਹੇਠਾਂ ਲਾਹੁਣੇ।
ਪਿਉ ਦੀ ਪੈਂਟ ਕੱਟਕੇ ਮਾਂ ਨੇ ਮੁੰਡੇ ਦੀ ਪੈਂਟ ਬਣਾ ਦੇਣੀ। ਫਿਰ ਉਸ ਨੂੰ ਪਹਿਨਣ ਦੀ ਵਾਰੀ ਛੋਟੇ ਭਰਾ ਦੀ ਆ ਜਾਣੀ ਜਾਂ ਉਸਦਾ ਬਸਤਾ ਜਾਂ ਪੋਣਾ ਬਣਨਾ ਅਤੇ ਅਖ਼ੀਰ ਵਿੱਚ ਸੈਕਲ ਸਾਫ਼ ਕਰਨ ਲਈ ਲੀਰਾਂ-ਟੱਲੀਆਂ ਬਣਨੀਆਂ ਜਾਂ ਫ਼ਰਸ਼ ‘ਤੇ ਲਾਉਣ ਵਾਲ਼ਾ ਪੋਚਾ।
ਨਿਮਾਣੀ ਵਾਲ਼ੇ ਪਾਣੀ ਲਈ ਡੋਲੂ ਚੱਕ ਦੋ-ਦੋ ਕਿਲੋਮੀਟਰ ਤੱਕ ਪਿੰਡ ਗਾਹ ਆਉਣਾ। ਇਹੀ ਹਾਲ਼ ਜੱਗ ਵਾਲ਼ੇ ਰੰਗ-ਬਰੰਗੇ ਚੌਲਾਂ ਲਈ ਹੁੰਦਾ ਸੀ।
ਪੰਛੀਆਂ ਲਈ ਕੋਠੇ ‘ਤੇ ਦੌਰਾ ਪਾਣੀ ਦਾ ਭਰਕੇ ਰੱਖਣਾ ਅਤੇ ਦਾਣਿਆਂ ਦੀ ਚੋਗ ਪਾਉਣੀ। ਬੇਹੀਆਂ ਰੋਟੀਆਂ ਵੀ ਟੁੱਕ ਕੇ ਪਾਉਣੀਆਂ। ਸੁਬਹਾ-ਸਾਰ ਮੋਰ ਦੇ ਖੰਭ ਇਕੱਠੇ ਕਰਨ ਲਈ ਕੋਠੇ ‘ਤੇ ਗੇੜਾ ਮਾਰਨਾ। ਪਤੰਗ ਉਡਾਉਣੇ, ਪਤੰਗ ਲੁੱਟਣੇ, ਬਹੁਤ ਬੇਪ੍ਰਵਾਹ ਜ਼ਮਾਨੇ ਸਨ।
ਘਰੇ ਸਾਗ ਬਣਨਾ ਤਾਂ ਸਾਰੇ ਮੁਹੱਲੇ ਵਿੱਚ ਬਾਟੀਆਂ ‘ਚ ਪਾ ਕੇ ਉੱਤੇ ਮਖਣੀ ਸਜ਼ਾਕੇ ਦੇ ਕੇ ਆਉਣਾ। ਪੱਬਾਂ ਭਾਰ ਹੋ ਕੇ ਨੀਂਵੀਆਂ ਕੰਧਾਂ ਦੇ ਉੱਤੋਂ ਦੀ ਚਿਰਾਂ ਤੱਕ ਗੱਲਾਂ ਕਰੀ ਜਾਣੀਆਂ, ਮਨ ਹੌਲ਼ਾ ਕਰ ਲੈਣਾ। ਕਈ ਘਰਾਂ ਨੇ ਸਾਂਝੀ ਕੰਧ ਵਿੱਚ ਬਾਰ, ਬਾਰੀ ਵੀ ਰੱਖੀ ਹੁੰਦੀ ਸੀ। ਮੁੰਡੇ ਜੇਕਰ ਆਪਣੇ ਬੇਲੀਆਂ ਅਤੇ ਕੁੜੀਆਂ ਆਪਣੀਆਂ ਸਹੇਲੀਆਂ ਦੇ ਘਰ ਰਾਤ ਠਹਿਰ ਜਾਇਆ ਕਰਦੀਆਂ ਸਨ ਤਾਂ ਬੁਰਾ ਨਹੀਂ ਮੰਨਿਆ ਜਾਂਦਾ ਸੀ।
ਲੋਹੜੀ ‘ਤੇ ਕਿਸੇ ਬਜ਼ੁਰਗ ਦੇ ਹੱਥ ਲਵਾਕੇ ਮੂੰਗਫਲੀ, ਗੱਚਕ, ਗੁੜ ਅਤੇ ਰਿਉੜੀਆਂ ਵਰਤਾਉਣੀਆਂ। ਔਰਤਾਂ ਸਿਰ ‘ਤੇ ਕੱਦੂ ਟਿਕਾ ਕੇ ਬਿਨਾਂ ਹੱਥ ਲਾਇਆਂ ਦੂਰ ਤੱਕ ਤੁਰ ਲਿਆ ਕਰਦੀਆਂ ਸਨ। ਬੁੜ੍ਹੀਆਂ ਨੇ ਕੰਧਾਂ, ਬਨੇਰੇ ਲਿੱਪਣੇ ਅਤੇ ਕੱਚੇ ਵਿਹੜਿਆਂ ‘ਚ ਗੋਹਾ ਤੇ ਲਾਲ਼ ਮਿੱਟੀ ਰਲ਼ਾਕੇ ਫੇਰਨੀ; ਚੁੱਲ੍ਹਿਆਂ, ਹਾਰਿਆਂ ਨੂੰ ਪਾਂਡੂ ਮਿੱਟੀ ਦਾ ਪੋਚਾ ਫੇਰਨਾ ਤਾਂ ਉਹ ਨਵੇਂ-ਨਕੋਰ ਲੱਗਣ ਲੱਗ ਜਾਣੇ।
ਨਵੇਂ ਬੁਣੇ ਵਾਣ ਦੇ ਮੰਜੇ ‘ਤੇ ਢੂਈ ਖੁਰਕਣ ਦਾ ਆਪਣਾ ਹੀ ਅਨੰਦ ਸੀ ਅਤੇ ਪਹਿਲਾਂ ਆਪ ਪੈਣ ਲਈ ਜ਼ਿੱਦ ਕਰਨੀ। ਸੂਤ ਦਾ ਬੁਣਿਆ, ਸਾਂਭਿਆ ਮੰਜਾ ਪੰਜਾਹ-ਸੱਠ ਸਾਲ ਕੱਢ ਜਾਂਦਾ ਸੀ।
ਖੇਤ ਖੂਹ ਜਾਂ ਬੋਰ ਦੇ ਦੁਆਲ਼ੇ ਲੱਗੇ ਦਰਖ਼ਤਾਂ ‘ਤੇ ਕੱਦੂਆਂ, ਤੋਰੀਆਂ, ਕਰੇਲਿਆਂ ਦੀਆਂ ਵੇਲਾਂ ਚੜ੍ਹਾਉਣੀਆਂ ਅਤੇ ਵਿਹਲੀ ਥਾਂ ਰੱਖਕੇ ਹੋਰ ਸਬਜ਼ੀਆਂ ਬੀਜਣੀਆਂ। ਉਡੀਕ ਕਰਨੀ ਕਿ ਜਦੋਂ ਬਾਪੂ ਖੇਤੋਂ ਪਰਤੇਗਾ ਗੰਨੇ ਅਤੇ ਛੱਲੀਆਂ ਭੰਨ ਲਿਆਵੇਗਾ।
ਅੱਜ ਦੀਆਂ ਖੇਡਾਂ ਵਾਂਗ ਚੋਰ-ਸਿਪਾਹੀ, ਛੂਣ-ਛੁਹਾਈ, ਕੋਟਲ਼ਾ-ਛਪਾਕੀ, ਮਾਰ-ਕੁਟਾਈ, ਚਿੜੀ-ਉੱਡ, ਕਾਂ-ਉੱਡ, ਬਾਂਦਰ-ਕਿੱਲਾ, ਸੱਕਰ-ਭਿੱਜੀ, ਕੜ੍ਹਕਾਲਾ-ਲੱਕੜ ਜਾਂ ਡੰਡਾ-ਡੁੱਕ, ਗੁੱਡੀਆਂ-ਪਟੋਲੇ, ਗੀਟੇ-ਗੁੱਡੇ ‘ਤੇ ਕੋਈ ਖ਼ਰਚ ਨਹੀਂ ਹੁੰਦਾ ਸੀ, ਭਰਪੂਰ ਮਨੋਰੰਜਨ ਅਤੇ ਕਸਰਤ ਵੀ ਹੁੰਦੀ ਸੀ। ਸੱਥਾਂ ਵਿੱਚ ਭਾਰ ਰੱਖੇ ਹੁੰਦੇ ਸਨ। ਜਵਾਨ ਮੁੰਡੇ ਸ਼ਾਮ ਨੂੰ ਭਾਰ ਚੱਕ ਕੇ ਜ਼ੋਰ-ਅਜ਼ਮਾਈ ਕਰਿਆ ਕਰਦੇ ਸਨ।
ਖੇਤ ਗਿਆ ਕੋਈ ਭੁੱਖਾ ਨਹੀਂ ਮਰਦਾ ਸੀ। ਮੂਲ਼ੀ, ਸ਼ਲਗਮ ਪੁੱਟ ਕੇ ਮਿੱਟੀ ਝਾੜਕੇ ਖਾ ਲਿਆ ਜਾਂਦਾ ਸੀ। ਚਿੱਬੜ ਖਾ ਕੇ ਬੇਸ਼ੱਕ ਮੂੰਹ ਪੱਕ ਜਾਂਦਾ ਸੀ ਪਰ ਕੋਈ ਪ੍ਰਵਾਹ ਨਹੀਂ ਕਰਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ