ਗੁਰੂ ਸਾਹਿਬ ਨੇ ਇਸ ਅਚਨਚੇਤ ਹਮਲੇ ਦਾ ਮੁਕਾਬਲਾ ਕਰਨ ਲਈ ਜਿਤਨਾ ਕੁਝ ਇੰਤਜ਼ਾਮ ਹੋ ਸਕਦਾ ਸੀ ਤੁਰੰਤ ਫੁਰੰਤ ਕਰ ਲਿਆ। ਸਿਖਾਂ ਦੇ ਛੋਟੇ ਛੋਟੇ ਜਥੇ ਚਾਰੋ ਤਰਫ਼ ਤਾਇਨਾਤ ਕਰ ਦਿਤੇ ਗਏ। ਭਾਈ ਆਲਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਪਹਿਰਾ ਦੇਣ ਲਈ ਖੜਾ ਕਰ ਦਿਤਾ। ਗੁਰੂ ਸਾਹਿਬ, ਦੋਨੋ ਵੱਡੇ ਸਾਹਿਬਜ਼ਾਦੇ, ਭਾਈ ਦਇਆ ਸਿੰਘ ਤੇ ਭਾਈ ਸੰਗਤ ਸਿੰਘ ਨੇ ਉਪਰਲੀ ਮੰਜਿਲ ਤੇ ਮੋਰਚੇ ਸੰਭਾਲ ਲਏ। ਨਵਾਬ ਨੇ ਡੋੰਡੀ ਪਿਟਵਾ ਦਿਤੀ ਕਿ ਜੇਕਰ ਗੁਰੂ ਆਪਣੇ ਸਾਥੀਆਂ ਸਮੇਤ ਆਪਣੇ ਆਪ ਨੂੰ ਪੇਸ਼ ਕਰ ਦੇਣ ਤਾਂ ਉਨ੍ਹਾ ਦੀ ਜਾਨ ਬਖਸ਼ ਦਿਤੀ ਜਾਵੇਗੀ, ਜਿਸਦਾ ਜਵਾਬ ਗੁਰੂ ਸਾਹਿਬ ਨੇ ਤੀਰਾਂ ਨਾਲ ਦਿਤਾ। ਓਧਰੋਂ ਵੀ ਤੀਰਾਂ ਤੇ ਗੋਲੀਆਂ ਦੀ ਬੁਛਾੜ ਸ਼ੁਰੂ ਹੋ ਗਈ ਪਰ ਗੜੀ ਦੀ ਦੀਵਾਰ ਦੇ ਨੇੜੇ ਆਓਣ ਦੀ ਕਿਸੇ ਦੀ ਹਿੰਮਤ ਨਾ ਹੋਈ। ਨਾਹਰ ਖਾਨ ਤੇ ਗੈਰਤ ਖਾਨ, ਸਰਹੰਦ ਦੇ ਦੋ ਜਰਨੈਲਾਂ ਨੇ ਦੀਵਾਰ ਤੋਂ ਉਪਰ ਸਿਰ ਚੁਕਣ ਦੀ ਹਿੰਮਤ ਕੀਤੀ, ਦੋਨੋ ਗੁਰੂ ਸਾਹਿਬ ਦੇ ਤੀਰਾਂ ਨਾਲ ਮਾਰੇ ਗਏ। ਪਰ ਖਵਾਜਾ ਮਰਦੂਦ ਗੜੀ ਦੀ ਦੀਵਾਰ ਦੇ ਨਾਲ ਛੁਪਕੇ ਬਚ ਨਿਕਲਿਆ। ਰਾਤ ਪੈ ਗਈ, ਪੋਹ ਦੀ ਕਾਲੀ ਬੋਲੀ ਠੰਡੀ ਤੇ ਹਨੇਰੀ ਰਾਤ। ਬਾਰਸ਼ ਵਿਚ ਭਿਜੇ ਕਪੜੇ, ਕਚੀ ਗੜੀ ਦਾ ਕਚਾ ਫਰਸ਼। ਸਿੰਘ ਤੇ ਸਾਹਿਬਜ਼ਾਦੇ ਭੁੰਜੇ ਟਿਕਾਣਾ ਕਰ ਲੈਂਦੇ ਹਨ। ਭਾਈ ਦਾਇਆ ਸਿੰਘ, ਭਾਈ ਧਰਮ ਸਿੰਘ ਗੁਰੂ ਸਾਹਿਬ ਨਾਲ ਸਵੇਰ ਦੀ ਲੜਾਈ ਦੀ ਵਿਓਂਤ ਗੁੰਦਦੇ ਹਨ। ਚਮਕੌਰ ਦੀ ਗੜੀ ਵਿਚ ਬਾਕੀ ਸਿੰਘ ਤਾਂ ਥਕੇ ਹਾਰੇ ਸੋ ਜਾਂਦੇ ਹਨ ਪਰ ਗੁਰੂ ਗੋਬਿੰਦ ਸਿੰਘ ਜੀ ਗੜੀ ਦੀ ਦੀਵਾਰ ਦੀ ਇਕ ਇਕ ਇਟ ਨੂੰ ਬੜੇ ਧਿਆਨ ਨਾਲ ਦੇਖਦੇ ਹਨ ਤੇ ਸੋਚਦੇ ਹਨ, ਇਹ ਥਾਂ ਤੇ ਅਜ ਓਹ ਕੁਝ ਹੋਣਾ ਹੈ ਜੋ ਰਹਿੰਦੀ ਦੁਨਿਆ ਤਕ ਲੋਗ ਯਾਦ ਰਖਣਗੇ।
ਇਕ ਪਾਸੇ 43 ਕੁ ਸਿੰਘ, ਭੁਖੇ ਭਾਣੇ ਬੇਸਰੋ – ਸਮਾਨ ਦੀ ਹਾਲਤ ਵਿਚ ਤੇ ਦੂਸਰੇ ਪਾਸੇ 10 ਲਖ ਤੋ ਵਡੀ ਫੌਜ਼। ਸਵੇਰੇ ਇਕ ਇਕ ਕਰਕੇ ਸਿਖ ਬਾਹਰ ਨਿਕਲਦਾ ਹੈ ਤੇ ਸੂਰਮਗਤੀ ਦੇ ਨਵੇਂ ਕਿਆਮ ਸਥਾਪਤ ਕਰਕੇ ਸ਼ਹੀਦੀ ਪ੍ਰਾਪਤ ਕਰ ਲੈਂਦਾ। ਰਾਤ ਪਈ, ਸਿੰਘਾਂ ਨੇ ਗੁਰੂ ਸਾਹਿਬ ਅਗੇ ਬੇਨਤੀ ਕੀਤੀ ਕਿ ਤੁਸੀਂ ਦੋਨੋ ਸਾਹਿਬਜ਼ਾਦਿਆਂ ਨੂੰ ਲੈਕੇ ਨਿਕਲ ਜਾਓ। ਗੁਰੂ ਸਾਹਿਬ ਨੇ ਉਤਰ ਦੇਕੇ ਸਭ ਨੂੰ ਚੁਪ ਕਰਾ ਦਿਤਾ , ” ਤੁਸੀਂ ਕੇਹੜੇ ਸਾਹਿਬਜਾਦਿਆਂ ਦੀ ਗਲ ਕਰਦੇ ਹੋ, ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ”। ਸਿਖ ਆਪਣੇ ਘੋੜਿਆਂ ਦੇ ਕਪੜੇ ਬਿਛਾ ਭੂੰਜੇ ਹੀ ਲੇਟ ਜਾਂਦੇ ਹਨ। ਦੋ ਦਿਨ ਦੇ ਧਕੇ ਹਾਰੇ ਭੁਖ਼ੇ ਭਾਣੇ ਸਿੰਘ ਜਲਦੀ ਹੀ ਸੋ ਜਾਂਦੇ ਹਨ। ਗੁਰੂ ਸਾਹਿਬ ਬੜੇ ਪਿਆਰ ਨਾਲ ਇਕ ਇਕ ਨੂੰ ਨਿਹਾਰਦੇ ਹਨ, ਉਹਨਾਂ ਦੀਆਂ ਦਸਤਾਰਾਂ ਠੀਕ ਕਰਦੇ ਹਨ, ਕਦੀ ਉਨ੍ਹਾ ਦੇ ਮੂੰਹ ਤੇ ਕਦੀ ਪੈਰਾਂ ਵਲ ਦੇਖਦੇ ਹਨ। ਚਮਕੌਰ ਦੀ ਗੜੀ ਦੇ ਇਕ ਤੰਬੂ ਵਿਚ ਦੋਨੋ ਸਾਹਿਬਜ਼ਾਦਿਆਂ ਨੂੰ ਸੁਤਿਆਂ ਦੇਖਦੇ ਹਨ। ਉਨਾ ਦਾ ਸਿਰ ਆਪਣੀ ਗੋਦੀ ਵਿਚ ਲੇਕੇ ਪਿਆਰ ਕਰਦੇ ਹਨ। ਅਲਾ ਯਾਰ ਜੋਗੀ ਇਸ ਵਕਤ ਉਨ੍ਹਾ ਦੇ ਅੰਦਰ ਉਠ ਰਹੇ ਵਲਵਲਿਆਂ ਦਾ ਅੰਦਾਜ਼ਾ ਲਗਾਕੇ ਬਿਆਨ ਕਰਦਾ ਹੈ।
ਥੇ ਚਾਰ ਅਬ ਦੋ ਹੀ, ਸਾਇਦ ਏਹ ਭੀ ਨਾਂ ਹੋਗੇਂ।
ਹਮ ਸਬਰ ਕਰੇਂਗੇ ਜੁ ਅਗਰ ਏਹ ਭੀ ਨਾਂ ਹੋਂਗੇ।
ਸਵੇਰ ਹੋਈ, ਪਹਿਲੇ ਤੀਰ ਚਲੇ, ਤੀਰ ਮੁਕੇ ਤੇ ਪੰਜ ਪੰਜ ਸਿਖਾਂ ਦੇ ਜਥੇ ਹਥੋਂ ਹਥ ਬਰਛਿਆਂ ਤੇ ਤਲਵਾਰਾਂ ਨਾਲ ਮੈਦਾਨ ਵਿਚ ਉਤਰੇ। ਗੁਰੂ ਸਾਹਿਬ ਨੇ ਆਪਣੇ ਦੋਨੋ ਪੁਤਰਾਂ ਨੂੰ ਆਪਣੇ ਹਥੀਂ ਤਿਆਰ ਕੀਤਾ ਤੇ ਨਿਕੇ ਨਿਕੇ ਜਥਿਆਂ ਦੀ ਜਿਮੇਵਾਰੀ ਸੋਂਪੀ। ਇਕ ਇਕ ਜਥਾ ਗੜੀ ਤੋ ਬਾਹਰ ਨਿਕਲਦਾ ਤੇ ਸ਼ਹੀਦੀ ਸੂਰਬੀਰਤਾ ਦਾ ਨਵਾਂ ਕਿਆਮ ਸਥਾਪਿਤ ਕਰਕੇ ਵੀਰਗਤੀ ਨੂੰ ਪ੍ਰਾਪਤ ਹੋ ਜਾਂਦੇ। ਹੁਣ ਅਜੀਤ ਸਿੰਘ ਦੇ ਜਥੇ ਦੀ ਵਾਰੀ ਆਉਂਦੀ ਹੈ। 18 ਸਾਲ ਦਾ ਪੁਤਰ ਆਪਣੇ ਪਿਤਾ ਤੋਂ ਇਜਾਜ਼ਤ ਮੰਗਣ ਲਈ ਆਉਂਦਾ ਹੈ ਤੇ ਪਿਤਾ ਦੇ ਦਿਲ ਦੀ ਗਲ ਸਮਝ ਕੇ ਕਹਿੰਦਾ ਹੈ। ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ।। ਜੀਤਾ ਜੋ ਗਿਆ ਖੈਰ ਜੀਤਾ ਨਾ ਆਊਂਗਾ।। ਪਿਤਾ ਦੇ ਦਿਲ ਤੇ ਕੀ ਗੁਜਰੀ ਹੋਵੇਗੀ ? ਜਦ ਪਤਾ ਹੋਵੇ ਕੀ ਮੁੜ ਕੇ ਵਾਪਸ ਨਹੀਂ ਆਉਣਾ। ਪੁਤਰ ਨੂੰ ਅਸੀਸ ਦਿਤੀ, ਜੰਗ ਵਿਚ ਜੂਝਦੇ ਦੇਖਿਆ। ਇਨ੍ਹਾ ਦੇ ਚੇਹਰੇ ਦਾ ਜਲਾਲ ਦੇਖਕੇ ਇਕ ਵਾਰੀ ਤਾਂ ਮੁਗਲ ਫੌਜ਼ ਘਬਰਾ ਗਈ, ਵਡੇ ਵਡੇ ਜਿਗਰੇ ਵਾਲੇ ਡੋਲ ਗਏ। ਅਜੀਤ ਸਿੰਘ ਨੇ ਐਸੇ ਜੋਹਰ ਦਿਖਾਏ ਕੀ ਵੈਰੀ ਤਰਾਹ ਤਰਾਹ ਕਰ ਉਠਿਆ। ਜਿਸ ਬਹਾਦਰੀ ਨਾਲ ਉਹਨਾ ਨੇ ਵੈਰੀਆਂ ਦਾ ਮੁਕਾਬਲਾ ਕੀਤਾ ਉਹ ਇਤਿਹਾਸ ਵਿਚ ਇਕ ਅਮਿਟ ਘਟਨਾ ਬਣ ਕੇ ਰਹਿ ਗਈ ਹੈ। ਤੀਰ ਅਜਿਹੀ ਫੁਰਤੀ ਨਾਲ ਚਲਾਏ ਕੀ ਕੁਝ ਚਿਰ ਲਈ ਤਾਂ ਵੈਰੀ ਵੀ ਪਿਛੇ ਹਟਣ ਲਈ ਮਜਬੂਰ ਹੋ ਗਿਆ। ਤੀਰਾਂ ਦਾ ਭਠਾ ਖਾਲੀ ਹੋਇਆ ਤਾਂ ਨੇਜੇ ਨਾਲ ਵਾਰ ਸ਼ੁਰੂ ਕਰ ਦਿਤਾ। ਜਦ ਨੇਜਾ ਮੁਗਲ ਸਰਦਾਰ ਦੀ ਛਾਤੀ ਤੋਂ ਕਢਣ ਵੇਲੇ ਟੁਟਿਆ ਤਾਂ ਤਲਵਾਰ ਪਕੜ ਲਈ। ਪੰਜੇ ਸਿਖ ਸਹੀਦ ਹੋ ਗਏ। ਇਕੱਲਾ ਜਾਣ ਕੇ ਸਾਰੇ ਵੈਰੀ ਇਕਠੇ ਹੋ ਉਨ੍ਹਾ ਤੇ ਟੁਟ ਪਏ ਅਖਿਰ ਜੁਰਤ ਤੇ ਸੂਰਮਤਾਈ ਦੇ ਨਵੈ ਪੂਰਨੇ ਪਾਂਦੇ ਸ਼ਹੀਦ ਹੋ ਗਏ। ਗੁਰੂ ਸਹਿਬ ਨੇ ਪੁਤਰ ਨੂੰ ਸ਼ਹੀਦ ਹੁੰਦਿਆਂ ਦੇਖਿਆ, ਡੋਲੇ ਨਹੀਂ, ਫਿਰ ਵੀ ਚੜਦੀ ਕਲਾ ਵਿਚ ਸਨ। ਪੁਤਰ ਨੂੰ ਅਵਾਜ਼ ਦਿਤੀ , ” ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉ ਨਾ ਹੋ ਗੋਬਿੰਦ ਕੇ ਫਰਜੰਦ ਬੜੇ ਹੋ ” ਬੋਲੇ ਸੋ ਨਿਹਾਲ ਦਾ ਨਾਹਰਾ ਲਗਾਇਆ ਤੇ ਅਕਾਲ ਪੁਰਖ ਦਾ ਧੰਨਵਾਦ ਕੀਤਾ, ” ਰਬਾ ਤੇਰਾ ਸ਼ੁਕਰਿਆ, ਦੇਸ਼, ਕੌਮ, ਧਰਮ, ਤੇ ਮਨੁਖਤਾ ਵਾਸਤੇ ਇਕ ਹੋਰ ਅਮਾਨਤ ਅਦਾ ਹੁਈ। ਅਲਾ ਯਾਰ ਜੋਗੀ ਗੁਰੂ ਸਾਹਿਬ ਦੇ ਇਹਨਾਂ ਦੇ ਵਲਵਲਿਆਂ ਦਾ ਅੰਦਾਜ਼ਾ ਲਗਾਕੇ ਲਿਖਦਾ ਹੈ:
ਬੇਟੋ ਕੋ ਸ਼ਹਾਦਤ ਮਿਲੀ ਦੇਖਾ ਜੋ ਪਿਦਰ ਨੇ।
ਤੂਫਾਂ ਗਮ ਕਾ ਕੀਆ ਦੀਦਾ-ਏ -ਤਰ ਨੇ।
ਇਤਨੇ ਨੂੰ ਛੋਟਾ ਸਾਹਿਬਜ਼ਾਦਾ ਸਾਮਣੇ ਆਇਆ। ਵਡੇ ਭਰਾ ਨੂੰ ਦੇਖਕੇ ਉਸ ਨੂੰ ਵੀ ਸ਼ਹਾਦਤ ਦਾ ਚਾਅ ਚੜਿਆ। ਜੰਗ ਵਿਚ ਜਾਣ ਦੀ ਇਜਾਜ਼ਤ ਮੰਗੀ। ਗੁਰੂ ਸਾਹਿਬ ਨੇ ਕਿਹਾ। ਤੇਰੀ ਉਮਰ ਤਾਂ ਅਜੇ ਛੋਟੀ ਹੈ, ਤੂੰ ਤਾਂ ਕਦੇ ਜੰਗ ਲੜਿਆ ਨਹੀਂ, ਤੂੰ ਕਿਵੈ ਇਤਨੀ ਵਡੀ ਫੌਜ ਨਾਲ ਮੁਕਾਬਲਾ ਕਰੇਂਗਾ। ਮੈਂ ਆਪਣੇ ਭਰਾ ਦੇ ਕੋਲ ਜਾਣਾ ਹੈ, ਮੈ ਤਾਂ ਕਦੇ ਉਸਤੋ ਬਿਨਾ ਕਦੇ ਰਿਹਾ ਨਹੀਂ। ਇਹ ਸੁਣਕੇ ਗੜੀ ਦੇ ਸਿੰਘਾਂ ਦੀਆਂ ਅਖਾਂ ਤਰ ਹੋ ਗਈਆਂ। ਅੱਲਾ ਯਾਰ ਜੋਗੀ ਲਿਖਦੇ ਹਨ :
ਇਸ ਵਕਤ ਕਹਾ ਨਨੇ ਨੇ, ਮਾਸੂਮ ਪਿਸਰ ਨੇ
ਰੁਖਸਤ ਹਮੇ ਦਿਲਵਾਓ ਪਿਤਾ ਜਾਏਂਗੇ ਮਰਨੇ ਹਮ
ਮਰਨੇ ਕੇ ਲੀਏ ਕਹਨੇ ਲਗੇ ਜਾਈਏ ਜੰਮ ਜੰਮ
ਰੂਠੋ ਨਾ ਖੁਦਾਰਾ, ਨਹੀਂ ਰੋਕੇਗੇ ਕਬੀ ਹਮ
ਹਮਨੇ ਕਹਾ ਬਾਪ ਕੋ ਜਾਂ ਦੀਜੇ ਧਰਮ ਪੈ
ਲਓ ਕਹਤੈ ਅਬ ਆਪ ਕੋ ਜਾਂ ਦੀਜੇ ਧਰਮ ਪੈ।
ਲੋ ਜਾਉ ਸਿਧਾਰੋ ਤੁਮੇ ਕਰਤਾਰ ਕੋ ਸੋਂਪਾ
ਮਰ ਜਾਉ ਯਾ ਮਾਰੋ ਤੁਮੇ ਕਰਤਾਰ ਕੋ ਸੋਂਪਾ
ਬੇਟੇ ਹੋ ਤੁਮ ਹੀ ਪੰਥ ਕੇ ਬੇੜੇ ਕੇ ਖਵਇਆ
ਸਰ ਭੇਟ ਕਰੋ ਤਾਕਿ ਧਰਮ ਕੀ ਚਲੇ ਨਇਆ।
ਪਿਤਾ ਦੇ ਇਨਾ ਲਫਜਾਂ ਨਾਲ ਆਗਿਆ ਦਿਤੀ, ਧਰਤੀ ਤੇ ਜਲਜਲਾ ਆ ਗਿਆ ਆਸਮਾਨ ਨੇ ਨਜਰ ਝੁਕਾ ਲਈ। ਗੁਰੂ ਸਾਹਿਬ ਚੁਬਾਰੇ ਤੇ ਖੜੇ ਹੋਕੇ ਆਪਣੇ ਛੋਟੇ ਸਾਹਿਬਜ਼ਾਦੇ ਨੂੰ ਜੂਝਦਿਆ ਵੇਖ ਰਹੇ ਸਨ ਜੋ ਆਪਣੇ ਵਡੇ ਭਰਾ ਤੋਂ ਇਕ ਕਦਮ ਅਗੇ ਸੀ। ਅਖ਼ਿਰ ਇਹ ਅਮਾਨਤ ਵੀ ਅਕਾਲ ਪੁਰਖ ਨੂੰ ਭੇਟ ਹੋ ਗਈ। ਗੁਰੂ ਸਾਹਿਬ ਨੇ ਜੈਕਾਰਾ ਛਡਿਆ, ” ਪਰਾਈ ਅਮਾਨ ਕਿਓ ਰਖੀਏ ਦਿਤੇ ਹੀ ਸੁਖ ਹੋਏ – ਤੇਰੀ ਅਮਾਨ ਤੇਰੇ ਹਵਾਲੇ – ਗੁਰੂ ਪਿਤਾ ਤੇਗ ਬਹਾਦਰ ਦੀ ਕੁਰਬਾਨੀ ਸਦਕਾ ਮੈਨੂੰ ਸ਼ਹੀਦ ਦੇ ਪੁਤਰ ਹੋਣ ਦਾ ਮਾਣ ਮਿਲਿਆ ਹੈ। ਅਜ ਇਨ੍ਹਾ ਯੋਧਿਆਂ ਦੀ ਕਰਨੀ ਸਦਕਾ ਸ਼ਹੀਦਾਂ ਦਾ ਪਿਤਾ ਹੋਣ ਦਾ ਹਕਦਾਰ ਬਣਿਆ ਹਾਂ। ਅਰਦਾਸ ਪ੍ਰਵਾਨ ਹੋਵੇ ਜੀ ਤੇਰਾ ਲਖ ਲਖ ਧੰਨਵਾਦ।
ਮੁਝ ਪਰ ਸੇ ਆਜ ਤੇਰੀ ਆਮਾਨਤ ਅਦਾ ਹੂਈ
ਬੇਟੋ ਕੀ ਜਾਨ ਧਰਮ ਖਾਤਿਰ ਫ਼ਿਦਾ ਹੁਈ।
ਅਵਤਾਰਾਂ, ਰਸੂਲਾਂ, ਪੈਗ੍ਮਰਾਂ ਵਿਚ ਕੋਈ ਐਸਾ ਸਾਬਰ ਨਹੀਂ ਹੋਇਆ ਜਿਸਨੇ ਆਪਣੇ ਪੁਤਰਾਂ ਨੂੰ ਆਪ ਜੰਗ ਤੋਰਕੇ, ਸ਼ਹੀਦ ਕਰਵਾਕੇ ਇਕ ਹੰਜੂ ਵੀ ਨਾ ਕੇਰਿਆ ਹੋਵੇ ਤੇ ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ ਹੋਵੇ। ਗੁਰੂ ਸਾਹਿਬ ਨੇ ਆਪਣੇ ਪੁਤਰਾਂ ਨੂੰ ਦੇਸ਼ ਤੇ ਕੌਮ ਤੋਂ ਵਾਰਕੇ ਦੇਸ਼ ਵਾਸੀਆਂ ਦੀ ਰੂਹ ਨੂੰ ਪੁਨਰ ਜੀਵਤ ਕਰ ਦਿਤਾ।
ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਨਾ ਕੇ
ਰੂਹ ਫੂਕ ਦੀ ਗੋਬਿੰਦ ਨੇ ਔਲਾਦ ਕਟਾਕੇ।
ਇਥੇ ਹੀ ਭਗਤੀ ਤੇ ਸ਼ਕਤੀ ਦਾ ਮੇਲ ਹੋਇਆ। ਦੋਨੋ ਦੀਆ ਹਦਾਂ ਨੇ ਇਕ ਦੂਸਰੇ ਨੂੰ ਜਫੀਆਂ ਪਾਈਆਂ ਪੰਜ ਸਤ ਸਿਖ ਰਹਿ ਗਏ। ਹੁਣ ਸਭ ਦੀ ਸ਼ਹੀਦੀ ਯਕੀਨਨ ਸੀ। ਸਿੰਘਾਂ ਨੂੰ ਫਿਕਰ ਪੈ ਗਿਆ ਕਿ ਜੇਕਰ ਗੁਰੂ ਸਾਹਿਬ ਸ਼ਹੀਦ ਹੋ ਗਏ ਤਾਂ ਸਿਖ ਕੌਮ ਨੂੰ ਜਿੰਦਾ ਰਖਣ ਲਈ ਸਿਖਾਂ ਦੀ ਅਗਵਾਈ ਕੋਣ ਕਰੇਗਾ ? ਇਸ ਵਕਤ ਜੋ ਗੁਰੂ ਸਾਹਿਬ ਨੇ ਖਾਲਸਾ ਸਿਰਜਣਾ ਦੇ ਵਕ਼ਤ ਪੰਜ ਪਿਆਰਿਆ ਨੂੰ ਤਾਕਤ ਬਖਸ਼ੀ ਸੀ, ਦਾ ਚੇਤਾ ਆਇਆ। ਪੰਜ ਸਿਖ ਖਾਲਸਾ ਸਜ ਕੇ ਗੁਰੂ ਸਾਹਿਬ ਕੋਲ ਆਓਂਦੇ ਹਨ ਤੇ ਹੁਕਮ ਦਿੰਦੇ ਹਨ ਕੀ ਤੁਸੀਂ ਗੜੀ ਛਡ ਕੇ ਚਲੇ ਜਾਓ। ਕਲਗੀਧਰ ਨੇ ਉਤਰ ਦਿਤਾ,
ਹੈ ਸ਼ੌਕ ਸ਼ਹਾਦਤ ਕਾ ਹਮੇ ਸਭ ਸੇ ਜਿਆਦਾ
ਸੋ ਸਰ ਭੀ ਹੋ ਕੁਰਬਾਨ ਨਹੀਂ ਰਬ ਸੇ ਜਿਆਦਾ।
ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਬਖਸ਼ੀ ਤਾਕਤ ਦੀ ਯਾਦ ਦਿਲਾਈ ਤੇ ਕਿਹਾ ਇਹ ਸਾਡਾ ਹੁਕਮ ਹੈ। ਖਾਲਸੇ ਦਾ ਹੁਕਮ ਟਾਲਿਆ ਨਹੀਂ ਜਾ ਸਕਦਾ, ਨਾ ਦਿਲ ਹੁੰਦਿਆ ਵੀ ਉਨਾਂ ਨੂੰ ਗੜੀ ਵਿਚੋਂ ਨਿਕਲਣਾ ਪਿਆ। ਬੁਰਜ ਤੇ ਖੜੇ ਹੋਕੇ ਨਰਸਿਮਾ ਵਜਾਇਆ। ਤਿੰਨ ਵਾਰੀ ਤਾੜੀ ਵਜਾਈ, ਤਿੰਨ ਵਾਰੀ ਉਚੀ ਅਵਾਜ਼ ਵਿਚ ਕਿਹਾ, ” ਪੀਰ-ਏ- ਹਿੰਦ ਮੇ ਰਵਦ, ਪੀਰ -ਏ-ਹਿੰਦ ਮੇ ਰਵਦ, ਪੀਰ-ਏ-ਹਿੰਦ ਮੇ ਰਵਦ, ਜੈਕਾਰਾ ਛਡਿਆ ਤੇ ਤਾਰਿਆਂ ਦੀ ਛਾਂਵੇ ਗੜੀ ਵਿਚੋਂ ਬਾਹਰ ਨਿਕਲ ਗਏ। ਆਪਣਾ ਚੋਗਾ ਤੇ ਕਲਗੀ ਸੰਗਤ ਸਿੰਘ ਨੂੰ ਦੇ ਗਏ, ਜਿਨਾਂ ਦਾ ਮੁਹਾਂਦਰਾ ਤੇ ਕਦ ਕਾਠ ਉਨਾਂ ਨਾਲ ਮਿਲਦਾ ਸੀ ਤੇ ਜਿਸਦੀ ਅਗਵਾਈ .ਬਹਾਦਰੀ ਤੇ ਵਫਾਦਾਰੀ ਦਾ ਗੁਰੂ ਜੀ ਨੂੰ ਪੂਰਾ ਪੂਰਾ ਭਰੋਸਾ ਸੀ ਕਿਓਂਕਿ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਦੋਨੋ ਭਰਾਵਾਂ ਨੇ ਸ਼ਾਦੀ ਨਹੀ ਕੀਤੀ ਤੇ ਸ਼ੁਰੂ ਤੋ ਹੀ ਗੁਰੂ ਸਾਹਿਬ ਦੇ ਪਵਿਤਰ ਉਦੇਸ਼ ਦੀ ਪੂਰਤੀ ਖਾਤਿਰ ਆਪਣਾ ਤਨ-ਮੰਨ-ਧੰਨ ਗੁਰੂ ਸਾਹਿਬ ਦੇ ਹਵਾਲੇ ਕਰ ਦਿਤਾ ਗੁਰੂ ਸਾਹਿਬ ਨੇ। 4 ਲੜਾਈਆਂ ਲੜੀਆਂ,। 3 ਲੜਾਈਆਂ ਦੇ ਦੋਰਾਨ ਓਹ ਗੁਰੂ ਸਾਹਿਬ ਨਾਲ ਸਨ। ਸਿਰਫ ਆਖਰੀ ਲੜਾਈ ਖਿਦਰਾਨੇ ਦੀ ਢਾਬ ਵੇਲੇ ਉਹ ਨਹੀਂ ਸਨ ਕਿਓਂਕਿ ਚਮਕੌਰ ਦੀ ਗੜੀ ਵਿਚ ਉਹ ਸ਼ਹੀਦ ਹੋ ਚੁਕੇ ਸਨ।
ਦੋ ਪਿਆਰੇ ਤੇ ਭਾਈ ਮਾਨ ਸਿੰਘ ਗੁਰੂ ਸਾਹਿਬ ਦੇ ਨਾਲ ਸੀ। ਜਦੋਂ ਬਾਹਰ ਨਿਕਲੇ ਤਾਂ ਦਇਆ ਸਿੰਘ ਦੀ ਨਜਰ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਤੇ ਪਈ। ਓਹ ਗੁਰੂ ਸਾਹਿਬ ਨੂੰ ਕਹਿਣ ਲਗੇ ਕਿ ਮੇਰਾ ਦਿਲ ਕਰਦਾ ਹੈ ਮੈਂ ਆਪਣੀ ਅਧੀ ਅਧੀ ਦਸਤਾਰ ਦੋਨੋ ਸਾਹਿਬਜਾਦਿਆਂ ਤੇ ਪਾ ਦਿਆਂ,। ਗਰੀਬ ਤੋਂ ਗਰੀਬ ਪੁਤਰ ਵੀ ਬਿਨਾ ਕਫਨ-ਦਫਨ ਤੋਂ ਇਸ ਦੁਨੀਆਂ ਤੋਂ ਨਹੀਂ ਜਾਂਦੇ ਗੁਰੂ ਸਾਹਿਬ ਹੋਰ ਸਭ ਲਾਸ਼ਾਂ ਵਲ ਇਸ਼ਾਰਾ ਕੀਤਾ ਤੇ ਕਿਹਾ, “ਇਹ ਵੀ ਸਭ ਮੇਰੇ ਬਚੇ ਹਨ, ਜੇ ਤੇਰੇ ਕੋਲ ਸਭ ਵਾਸਤੇ ਇੰਤਜ਼ਾਮ ਹੈ ਤਾਂ ਤੇਰੀ ਇਛਾ ਪੂਰੀ ਹੋ ਸਕਦੀ ਹੈ, ਇਹ ਕਹਿਕੇ ਓਹ ਅਗੇ ਨੂੰ ਤੁਰ ਪਏ।
ਅਗਲੇ ਦਿਨ ਬਾਕੀ ਸਿੰਘ ਇਕ ਇਕ ਕਰਕੇ ਸ਼ਹੀਦ ਹੋ ਗਏ ਪਰ ਈੰਨ ਨਹੀ ਮੰਨੀ, ਹਥਿਆਰ ਨਹੀਂ ਸੁਟੇ ਸਵਾ ਲਖ ਸੇ ਏਕ ਲੜਾਊਂ ਦਾ ਮਹਾਂ ਵਾਕ ਪੂਰਾ ਹੋਇਆ। ਗੁਰੂ ਸਾਹਿਬ ਦਾ ਚੋਲਾ ਤੇ ਕਲਗੀ ਦੇਖ ਕੇ ਹਕੂਮਤ ਨੂੰ ਭਰੋਸਾ ਹੋ ਗਿਆ ਕਿ ਗੁਰੂ ਸਾਹਿਬ ਸ਼ਹੀਦ ਗਏ ਹਨ ਤੇ ਇਹ ਭੁਲੇਖਾ ਕਈ ਦਿਨ ਤਕ ਰਿਹਾ।
ਸਮੁਚਾ ਸੰਸਾਰ ਇਸ ਜੰਗ ਦੇ ਜੁਝਾਰੂਆਂ ਦੇ ਸਿਦਕ, ਅਡੋਲਤਾ, ਤੇ ਜਾਂਬਾਜ਼ੀ ਦੇਖਕੇ ਅਸ਼ ਅਸ਼ ਕਰਦਾ ਹੈ। ਅੱਲਾ ਯਾਰ ਜੋਗੀ ਨੇ ਚਮਕੌਰ ਨੂੰ ਹਿੰਦੂਆਂ ਦਾ ਇਕੋ ਇਕ ਤੀਰਥ ਮੰਨਿਆ ਹੈ। ਮੁਲ੍ਮਾਨਾਂ ਨੇ ਇਸ ਸ਼ਾਇਰ ਨੂੰ ਇਸਲਾਮ ਤੋਂ ਕਢ ਦਿਤਾ, ਕਾਫ਼ਿਰ ਕਰਾਰ ਕਰ ਦਿਤਾ ਕਿਓਂਕਿ ਉਸਦੀ ਸਾਰੀ ਸ਼ਾਇਰੀ ਹੀ ਗੁਰੂ ਗੋਬਿੰਦ ਸਿੰਘ ਦੇ ਨਾਮ ਸੀ ਜਦੋਂ ਓਹ ਮੌਤ ਦੇ ਬਿਸਤਰ ਤੇ ਸੀ ਤਾਂ ਕਾਜ਼ੀ ਮਾਫੀਨਾਮਾ ਲੇਕੇ ਆਇਆ। ਸਾਰੀ ਓਮਰ ਤੂੰ ਇਕ ਕਾਫ਼ਿਰ ਦੀਆਂ ਸਿਫਤਾਂ ਕਰਦਾ ਰਿਹਾਂ ਹੈ, ਤੈਨੂੰ ਮੁਹੰਮਦ ਸਾਹਿਬ ਦਾ ਖ਼ਿਆਲ ਤਕ ਨਹੀ ਆਇਆ ? ਹੁਣ ਤੂੰ ਮੌਤ ਦੇ ਬਿਸਤਰ ਤੇ ਪਿਆਂ ਹੈ ਹੁਣ ਤਾਂ ਇਸ ਮਾਫ਼ੀਨਾਮੇ ਤੇ ਦਸਤਖਤ ਕਰਦੇ ਤਾਕਿ ਤੇਰੀ ਨਾਮਾਜ਼ੇ ਮਯੀਤ ਤੇ ਨਾਮਾਜ਼ੇ ਜਨਾਜ਼ਾ ਪੜਿਆ ਜਾ ਸਕੇ। ਅੱਲਾ ਯਾਰ ਜੋਗੀ ਦਾ ਜਵਾਬ ਸੀ ਮੈਨੂੰ ਨ੍ਮਾਜ਼ੇ ਮਯੀਤ ਤੇ ਨਾਮਾਜ਼ੇ ਜਨਾਜ਼ੇ ਦੀ ਲੋੜ ਨਹੀ, ਨਾ ਹੀ ਇਸਲਾਮੀ ਕਾਇਦੇ ਨਾਲ ਕਫਨ -ਦਫਨ ਦੀ ਲੋੜ ਹੈ ਮੇਰੇ ਲਈ ਜਨਤ ਦੇ ਦਰਵਾਜ਼ੇ ਬੇਸ਼ਕ ਨਾ ਖੋਲੇ ਜਾਣ, ਕਿਓਂਕਿ ਮੇਰਾ ਕਲਗੀਧਰ ਪਾਤਸ਼ਾਹ ਮੈਨੂੰ ਦਰਵਾਜ਼ੇ ਖੋਲ ਕੇ ਉਡੀਕ ਰਿਹਾ ਹੈ। ਇਤਨਾ ਪਿਆਰ, ਸਤਕਾਰ ਤੇ ਸ਼ਰਧਾ ਸੀ ਉਸ ਮੁਸਲਮਾਨ ਸ਼ਾਇਰ ਨੂੰ ਗੁਰੂ ਸਾਹਿਬ ਲਈ।
ਗੜੀ ਤੋਂ ਬਾਹਰ ਨਿਕਲਣ ਵੇਲੇ ਆਪਜੀ ਦੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਨ ਪਰ ਹਨੇਰੇ ਵਿਚ ਤਿਨੋਂ ਨਿਖੜ ਗਏ। ਗੁਰੂ ਸਾਹਿਬ ਕਿੜੀ ਪਿੰਡ ਦੇ ਕੋਲ ਜਦ ਪਹੁੰਚੇ ਤਾਂ ਦੋ ਗੁਜਰਾਂ ਅਲਫੂ ਤੇ ਗਾਮੂ ਨੇ ਗੁਰੂ ਸਾਹਿਬ ਨੂੰ ਪਹਿਚਾਨ ਲਿਆ, ਇਨਾਮ ਦੇ ਲਾਲਚ ਕਰਕੇ ਉਨ੍ਹਾ ਨੂੰ ਪਕੜਵਾਨਾ ਚਾਹਿਆ। ਗੁਰੂ ਸਾਹਿਬ ਨੇ ਉਨ੍ਹਾ ਦੋਨੋ ਨੂੰ ਨੂੰ ਉਥੇ ਹੀ ਮੌਤ ਦੇ ਘਾਟ ਉਤਾਰ ਦਿਤਾ। ਉਥੋਂ ਰਾਤੋ -ਰਾਤ ਸਫਰ ਕਰਕੇ ਮਾਛੀਵਾੜੇ ਪੁਜੇ, ਥੋੜਾ ਆਰਾਮ ਕਰਨ ਲਈ ਇਕ ਬਾਗ ਵਿਚ ਗਏ, ਕਈ ਦਿਨਾਂ ਪਿਛੋਂ ਖੂਹ ਦੀਆਂ ਟਿੰਡਾ ਦਾ ਪਾਣੀ ਪੀਤਾ, ਨੰਗੇ ਪੈਰੀਂ ਚਲਦਿਆ ਪੈਰਾਂ ਵਿਚ ਛਾਲੇ ਪਏ ਹੋਏ ਸੀ, ਚਰਨ ਕੰਡਿਆਂ ਨਾਲ ਪ੍ਛੇ ਹੋਏ ਸੀ, ਝਾੜੀਆਂ ਨਾਲ ਅੜ ਅੜ ਕੇ ਜਾਮਾ ਲੀਰੋ ਲੀਰ ਹੋਇਆ ਸੀ, ਵਿਛੋੜਾ, ਭੁਖ, ਧਕੇਵਾਂ, ਉਨੀਦਰਾ ਆਤਮਾ ਭਾਵੇਂ ਚੜਦੀ ਕਲਾ ਵਿਚ ਸੀ ਪਰ ਸਰੀਰ ਨਿਢਾਲ ਹੋ ਚੁਕਾ ਸੀ। ਓਹ ਬੜੇ ਸ਼ਾਂਤ ਚਿਤ ਹੋਕੇ ਥੋੜਾ ਆਰਾਮ ਕਰਨ ਲਈ ਢਿੰਡ ਦਾ ਸਰ੍ਹਾਣਾ ਲੇਕੇ ਜਮੀਨ ਤੇ ਲੇਟ ਜਾਂਦੇ ਹਨ। ਗੁਰੂ ਸਾਹਿਬ ਦਾ ਹੌਸਲਾ ਵੀ ਕਮਾਲ ਦਾ ਸੀ। ਬਹੁਤ ਕੁਝ ਵਾਪਰ ਜਾਂਦਾ ਹੈ ਪਰ ਅਜੇ ਵੀ ਓਹ ਮਾਲਿਕ ਦਾ ਸ਼ੁਕਰ ਅਦਾ ਕਰਦੇ ਗੁਨਗੁਨਾ ਰਹੇ ਸਨ। ,
ਮਿਤਰ ਪਿਆਰੇ ਨੂੰ, ਹਾਲ ਮੁਰੀਦਾ ਦਾ ਕਹਿਣਾ
ਯਾਰੜੇ ਦਾ ਸਾਨੂੰ ਸਥਰ ਚੰਗਾ ਭਠ ਖੇੜਿਆਂ ਦਾ ਰਹਿਣਾ
ਇਥੇ ਹੀ ਤਿੰਨ ਸਿੰਘ ਆਪ ਜੀ ਨੂੰ ਆਣ ਮਿਲੇ। ਗੁਰੂ ਸਾਹਿਬ ਦੀ ਹਾਲਤ ਦੇਖਕੇ ਉਨਾਂ ਦੀਆਂ ਭੁਬਾਂ ਨਿਕਲ ਗਈਆਂ। ਗੁਰੂ ਸਾਹਿਬ ਨੇ ਅਖਾਂ ਖੋਲੀਆਂ, ਓਨ੍ਹਾ ਨੂੰ ਸ਼ਾਂਤ ਕੀਤਾ ਤੇ ਰਬ ਦੇ ਭਾਣੇ ਵਿਚ ਰਹਿਣ ਦੀ ਤਾਕੀਦ ਕੀਤੀ। ਉਨ੍ਹਾ ਨੇ ਦਸਿਆ ਕੀ ਵੈਰੀਆਂ ਦੀਆ ਫੌਜ਼ਾ ਵਾਹੋ ਦਾਹੀ ਆਪਜੀ ਦਾ ਪਿਛਾ ਕਰਦੀਆਂ ਆ ਰਹੀਆਂ ਹਨ। ਗੁਰੂ ਸਾਹਿਬ ਜਿਥੇ ਠਹਿਰੇ ਹੋਏ ਸੀ ਓਹ ਪੰਜਾਬ ਦੇ ਮਸੰਦ, ਗੁਲਾਬੇ ਦਾ ਬਾਗ ਸੀ ਉਸਨੇ ਸੇਵਾ ਤਾਂ ਬੜੀ ਕੀਤੀ ਪਰ ਜਦ ਮੁਗਲ ਫੌਜਾਂ ਦੇ ਆਣ ਦਾ ਸੁਣਿਆ ਤਾਂ ਡਰ ਗਿਆ ਕਿ ਜੇ ਹਕੂਮਤ ਨੂੰ ਪਤਾ ਚਲ ਗਿਆ ਤਾਂ ਉਸਦੇ ਪਰਿਵਾਰ ਦਾ ਕੀ ਬਣੇਗਾ। ਸਵੇਰੇ ਹੀ 5 ਮੋਹਰਾਂ ਰਖ ਕੇ ਮਥਾ ਟੇਕ ਦਿਤਾ।
ਇਸੇ ਪਿੰਡ ਦੇ ਨਬੀ ਖਾਨ ਤੇ ਗਨੀ ਖਾਨ, ਪਠਾਨ ਜੋ ਘੋੜਿਆ ਦੇ ਸੁਦਾਗਰ ਸਨ ਤੇ ਆਪਣੇ ਘੋੜੇ ਗੁਰੂ ਸਾਹਿਬ ਨੂੰ ਵੇਚਦੇ ਵੇਚਦੇ ਉਨ੍ਹਾ ਦੇ ਮੁਰੀਦ ਬਣ ਗਏ ਸਨ, ਜਦ ਉਨ੍ਹਾ ਨੂੰ ਖਬਰ ਹੋਈ ਤਾਂ ਗੁਰੂ ਸਾਹਿਬ ਨੂੰ ਲੈਣ ਵਾਸਤੇ ਗੁਲਾਬੇ ਦੇ ਘਰ ਆਏ। ਸਤਿਗੁਰੁ ਨੂੰ ਦੇਖਕੇ ਖੁਸ਼ ਵੀ ਹੋਏ ਤੇ ਉਦਾਸ ਵੀ। ਉਨ੍ਹਾ ਦੀ ਹਾਲਤ ਇਕ ਆਮ ਫਕੀਰ ਵਰਗੀ ਦੇਖਕੇ, ਨਾ ਤਖਤ, ਨਾ ਤਾਜ, ਨਾ ਸੈਨਾ, ਸੇਵਕ, ਪਰਿਵਾਰ, ਹਾਥੀ ਘੋੜੇ, ਗੁਰੂ ਕੇ ਲੰਗਰ, ਮੇਲੇ ਦੀਆਂ ਰੋਣਕਾਂ, ਇਹ ਸਭ ਦੇਖਿਆ ਨਹੀਂ ਗਿਆ। ਆਨੰਦਪੁਰ ਦੀਆਂ ਬੀਤੀਆਂ ਵਾਰਤਾਵਾਂ ਓਹ ਸੁਣ ਚੁਕੇ ਸਨ। ਸੂਬਾ ਸਰਹੰਦ ਤੇ ਉਸਦੀਆਂ ਵਧੀਕੀਆਂ ਬਾਰੇ ਵੀ ਓਹ ਸੁਣ ਚੁਕੇ ਸਨ। ਹਥ ਜੋੜਕੇ ਪੁਛਣ ਲਗੇ ਕੋਈ ਸੇਵਾ ਦਸੋ, ਇਸ ਵੇਲੇ ਅਸੀਂ ਤੁਹਾਡੇ ਕਿਹੜੇ ਕੰਮ ਆ ਸਕਦੇ ਹਾਂ ? ਬੜੇ ਪ੍ਰੇਮ ਭਾਵ ਨਾਲ ਆਪਣੇ ਘਰ ਲੈ ਗਏ ਤੇ ਸੇਵਾ ਕੀਤੀ। ਉਨ੍ਹਾ ਨੂੰ ਲਗਾ ਕੀ ਇਹ ਜਗਹ ਗੁਰੂ ਸਾਹਿਬ ਲਈ ਖਤਰੇ ਤੋਂ ਖਾਲੀ ਨਹੀਂ ਹੈ। ਸ਼ਾਹੀ ਫੌਜ਼ ਚਪਾ ਚਪਾ ਧਰਤੀ ਤੇ ਖਲੋਤੀ ਹੈ, ਘਰ ਘਰ ਲਭਦੇ ਫਿਰਦੇ ਹਨ, ਜੀ ਜੀ ਤੋਂ ਪੁਛਿਆ ਜਾ ਰਿਹਾ ਹੈ। ਤਲਾਸ਼ੀਆਂ ਲਈਆਂ ਜਾ ਰਹੀਆਂ ਹਨ ਉਨ੍ਹਾ ਨੇ ਗੁਰੂ ਸਾਹਿਬ ਨੂੰ ਸਲਾਹ ਦਿਤੀ, ਤੁਸੀਂ ਨੀਲਾ ਬਾਣਾ ਤਾਂ ਪਾਂਦੇ ਹੀ ਹੋ। ਅਸੀਂ ਤੁਹਾਨੂੰ ਉਚ ਸ਼ਰੀਫ਼ ਦੇ ਪੀਰ ਬਣਾਕੇ ਹੇਹਰ ਪਿੰਡ ਜਾਂ ਜਿਥੇ ਤੁਸੀਂ ਕਹੋ ਛਡ ਦਿੰਦੇ ਹਾਂ, ਅਗਰ ਤੁਹਾਡੇ ਲਈ ਜਾਨ ਵੀ ਦੇਣੀ ਪਈ ਤਾਂ ਖੁਸ਼ਕਿਸਮਤ ਸਮਝਾਂਗੇ ਆਪਣੇ ਆਪ ਨੂੰ।
ਰਿਆਸਤ ਭਾਗਲ ਪੁਰ ਵਿਚ ਇਕ ਥਾਂ ਹੈ ਜਿਥੋਂ ਦੇ ਪੀਰ ਬੜੇ ਪ੍ਰਸਿਧ ਹਨ ਜੋ ਅਕਸਰ ਮੁਰੀਦਾਂ ਕੋਲ ਆਇਆ ਜਾਇਆ ਕਰਦੇ ਸੀ। ਸੋ ਗੁਰੂ ਸਾਹਿਬ ਲਈ ਨੀਲੇ ਵਸਤਰ ਬਣਵਾਏ, ਪਾਲਕੀ ਬਨਵਾਈ ਤੇ ਗੁਰੂ ਸਾਹਿਬ ਨੂੰ ਉਚ ਸ਼ਰੀਫ਼ ਦਾ ਪੀਰ ਬਣਾਕੇ ਪਾਲਕੀ ਵਿਚ ਬਿਠਾ ਦਿਤਾ। ਅਗ੍ਲੇ ਪਾਸਿਓ ਦੋਨੋ ਭਰਾਵਾਂ ਨੇ ਚੁਕ ਲਈ ਤੇ ਪਿਛੋਂ ਦੋ ਪਿਆਰਿਆਂ ਨੇ ਧਰਮ ਸਿੰਘ ਤੇ ਮਾਨ ਸਿੰਘ ਨੇ। ਭਾਈ ਦਯਾ ਸਿੰਘ ਪਾਲਕੀ ਦੇ ਪਿੱਛੇ ਚਵਰ ਲੇਕੇ, ਮਾਛੀਵਾੜੇ ਦੇ ਘੇਰੇ ਤੋ ਨਿਕਲ ਕੇ ਪਿੰਡ ਹੇਹਰ ਵਲ ਨੂੰ ਰਵਾਨਾ ਹੋਏ। ਰਾਹ ਵਿਚ ਗਸ਼ਤੀ ਫੌਜ਼ ਨਾਲ ਟਕਰ ਹੋ ਗਈ। ਪਾਲਕੀ ਰੁਕਵਾਈ, ਪੁਛ ਗਿਛ ਕੀਤੀ। ਪਠਾਨ ਭਰਾਵਾਂ ਨੇ ਉਨ੍ਹਾ ਦੀ ਤਸਲੀ ਕਰਵਾ ਦਿਤੀ। ਵਧੇਰੇ ਪਕਿਆਂ ਕਰਨ ਵਾਸਤੇ ਕਾਜ਼ੀ ਪੀਰ ਮੁਹੰਮਦ ਨੂੰ ਜੋ ਗੁਰੂ ਸਾਹਿਬ ਦੇ ਇਕ ਵਕ਼ਤ ਫਾਰਸੀ ਦੇ ਅਧਿਆਪਕ ਸੀ, ਬੁਲਾ ਲਿਆ। ਉਨ੍ਹਾ ਨੇ ਗੁਰੂ ਸਾਹਿਬ ਨੂੰ ਦੇਖਿਆ ਤੇ ਕਿਹਾ, ” ਇਨ੍ਹਾ ਮਹਾਂ ਪੁਰਸ਼ਾਂ ਨੂੰ ਰੋਕੋ ਨਹੀਂ ਇਹ ਤਾਂ ਉਚ ਸ਼ਰੀਫ਼ ਦੇ ਉਚੇ ਪੀਰ ਹਨ।
ਹੇਹਰ ਪਿੰਡ ਮਹੰਤ ਕਿਰਪਾਲ ਕੋਲ ਪੁਜੇ ਜਿਸਨੇ ਕਦੀ ਭੰਗਾਣੀ ਦੇ ਯੁਧ ਵਿਚ ਬਹੁਤ ਬਹਾਦਰੀ ਦਿਖਾਈ ਸੀ। ਇਥੇ ਉਨ੍ਹਾ ਨੇ ਨਬੀ ਖਾਨ ਤੇ ਗਨੀ ਖਾਨ ਨੂੰ ਆਸ਼ੀਰਵਾਦ ਦੇਕੇ ਵਿਦਾ ਕੀਤਾ। ਕਿਰਪਾਲ ਕਮਜ਼ੋਰ ਤੇ ਡਰਪੋਕ ਨਿਕਲਿਆ ਗੁਰੂ ਸਾਹਿਬ ਸਮਝ ਗਏ ਤੇ ਉਥੋਂ ਚਲ ਪਏ। ਪਿੰਡ ਲਲ-ਪਿੰਡ ਲਮਾ-ਜਟਪੁਰਾ-ਰਾਇ ਕੋਟ ਜੋ ਲੁਧਿਆਣੇ ਤੋਂ 27 ਮੀਲ ਦੀ ਦੂਰੀ ਤੇ ਹੈ ਇਕ ਟਾਹਲੀ ਹੇਠ ਬੇਠਕੇ ਰਾਤ ਕਟੀ। ਕਿਸੇ ਚਰਵਾਹੇ ਨੇ ਜਾਕੇ ਰਾਇ ਕਲਾ ਨੂੰ ਦਸਿਆ। ਓਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ। ਗੁਰੂ ਸਾਹਿਬ ਦੇ ਪਰਿਵਾਰ ਦਾ ਹਾਲ ਸੁਣਕੇ ਬਹੁਤ ਦੁਖੀ ਹੋਇਆ, ਕਹਿਣ ਲਗਾ ਕੋਈ ਸੇਵਾ ਦਸੋ। ਗੁਰੂ ਸਾਹਿਬ ਨੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਲੈਣ ਨੂੰ ਕਿਹਾ। ਰਾਇ ਕਲਾ ਨੇ ਓਸੇ ਵੇਲੇ ਮਾਹੀ ਨਾਮ ਦੇ ਇਕ ਆਦਮੀ, ਜਿਸ ਨੂੰ ਨੂਰਾਂ ਕਹਿੰਦੇ ਸੀ, ਸਦਿਆ ਜੋ ਇਕ ਚੰਗਾ ਘੋੜ ਸਵਾਰ ਤੇ ਹੁਸ਼ਿਆਰ ਆਦਮੀ ਸੀ, ਸਰਹੰਦ ਜਾਣ ਵਾਸਤੇ ਕਹਿ ਦਿਤਾ। ਨੂਰਾਂ ਸਰਹੰਦ ਪੁਜਾ, ਸਾਰਾ ਹਾਲ ਦੇਖਿਆ ਤੇ ਸੁਣਿਆ, ਅਗਲੇ ਦਿਨ ਜੀਊਂ ਦਾ ਤਿਊਂ ਗੁਰੂ ਸਾਹਿਬ ਨੂੰ ਸੁਣਾ ਦਿਤਾ। ਗੁਰੂ ਸਾਹਿਬ ਨੇ ਸਾਕਾ ਸਰਹੰਦ ਬੜੇ ਸ਼ਾਂਤ, ਅਡੋਲ ਤੇ ਧੀਰਜ ਨਾਲ ਸੁਣਿਆ। ਓਸ ਵਕਤ ਓਹ ਰਾਇ ਕਲਾ ਦੇ ਖੇਤ ਵਿਚ ਬੇਠੇ ਸੀ। ਓਠੇ ਇਕ ਦਬ ਦਾ ਬੂਟਾ ਜੜਾਂ ਸਮੇਤ ਪੁਟਿਆ ਤੇ ਕਿਹਾ ” ਮੁਗਲ ਰਾਜ ਦੀਆਂ ਜੜਾਂ ਹੁਣ ਪੁਟੀਆਂ ਗਈਆਂ ਹਨ। ਜਿਸ ਰਾਜ ਵਿਚ ਮਾਸੂਮਾਂ ਤੇ ਬੇਗੁਨਾਹਾਂ ਨੂੰ ਇਸ ਤਰਹ ਕਤਲ ਕੀਤਾ ਜਾਵੇ ਓਹ ਕੌਮ ਅਵਸ਼ ਨਾਸ਼ ਹੁੰਦੀ ਹੈ। ਇਥੇ ਉਨ੍ਹਾ ਨੇ ਬਚਨ ਕੀਤੇ ” ਮੁਗਲ ਜੋ ਇਤਨੇ ਹੰਕਾਰੇ ਹਨ। ਪਾਪ ਤੇ ਜ਼ੁਲਮ ਕਰ ਰਹੇ ਹਨ ਇਕ ਦਿਨ ਘਸਿਆਰੇ ਤੇ ਮੰਗਤੇ ਬਣਨਗੇ। ਇਸੇ ਭਾਰਤ ਭੂਮੀ ਵਿਚ ਮੇਰੇ ਸਿਖਾਂ ਦੇ ਘਰ ਉਸਾਰਿਆ ਕਰਨਗੇ “।
ਸਾਕਾ ਸਰਹੰਦ
ਮਾਤਾ ਗੁਜਰੀ ਘੋੜੇ ਤੇ ਸਵਾਰ ਸਨ, ਅਗੇ ਛੋਟਾ ਤੇ ਪਿਛੇ ਵਡਾ ਸਾਹਿਬਜ਼ਾਦਾ ਸੀ। ਹਨੇਰੀ, ਝਖੜ ਤੇ ਘਣੇ ਜੰਗਲਾਂ ਵਿਚੋਂ ਬਾਣੀ ਦਾ ਪਾਠ ਤੇ ਸਾਖੀਆਂ ਸੁਣਾਦੇ ਲੰਘ ਰਹੇ ਸਨ। ਇਕ ਝੁਗੀ ਦਿਖੀ, ਕੁਮੈਂ ਮਾਸ਼ਕੀ ਦੀ ਝੁਗੀ ਸੀ। ਜਦ ਉਸਨੇ ਮਾਤਾ ਜੀ ਨਾਲ ਸਾਹਿਬਜਾਦਿਆਂ ਨੂੰ ਆਉਂਦਿਆਂ ਦੇਖਿਆ ਤਾਂ ਖੁਸ਼ ਹੋ ਗਿਆ। ਬੇਨਤੀ ਕੀਤੀ ਕੀ ਹਨੇਰਾ ਪੈ ਗਿਆ ਹੈ, ਜੰਗਲ ਵਿਚ ਖਤਰਨਾਕ ਜਾਨਵਰ ਹਨ। ਅਜ ਦੀ ਰਾਤ ਤੁਸੀਂ ਇਥੇ ਰਹਿ ਜਾਓ। ਰਾਤ ਮਾਤਾ ਜੀ ਨੇ ਕੁਮੇ ਮਾਸ਼ਕੀ ਦੀ ਝੁਗੀ ਵਿਚ ਕਟੀ ਜਿਸਨੇ ਬੜੇ ਪਿਆਰ ਤੇ ਸਤਕਾਰ ਨਾਲ ਸੇਵਾ ਕੀਤੀ। ਜਦ ਗੰਗੂ ਬ੍ਰਹਮਣ ਜੋ ਕਿਸੇ ਵਕ਼ਤ ਗੁਰੂ ਘਰ ਲੰਗਰ ਦਾ ਸੇਵਾਦਾਰ ਸੀ, ਸੂਹ ਮਿਲੀ ਤਾਂ ਓਹ ਓਨ੍ਹਾ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ। ਰਾਤ ਵੇਲੇ ਜਦ ਉਸਨੇ ਮੋਹਰਾਂ ਦੀ ਥੈਲੀ ਮਾਤਾ ਜੀ ਕੋਲ ਦੇਖੀ ਤਾ ਉਸਦਾ ਮਨ ਲਲਚਾ ਗਿਆ। ਰਾਤੀਂ ਸੁਤਿਆਂ ਮਾਤਾ ਜੀ ਦੇ ਸਰਹਾਣੇ ਹੇਠੋਂ ਮੋਹਰਾਂ ਦੀ ਥੈਲੀ ਕਢ ਲਈ। ਸਵੇਰ ਹੋਈ ਮਾਤਾ ਗੁਜਰੀ ਨੇ ਜਦ ਥੈਲੀ ਬਾਰੇ ਪੁਛਿਆ ਤਾਂ ਭੜਕ ਉਠਿਆ। ਮੈਨੂੰ ਕੀ ਪਤਾ। ਤੁਸੀਂ ਮੇਰੇ ਤੇ ਇਲ੍ਜ਼ਾਮ ਲਗਾ ਰਹੇ ਹੋ, ਮੈ ਆਪਣੀ ਜਾਨ ਖਤਰੇ ਵਿਚ ਪਾਕੇ ਤੁਹਾਡੀ ਰਖਿਆ ਕੀਤੀ ਹੈ। ਭੁੜਕਦਾ ਭੁੜਕਦਾ ਬਾਹਰ ਨਿਕਲ ਗਿਆ। ਮਾਤਾ ਗੁਜਰੀ ਨੇ ਬਥੇਰਾ ਚੁਪ ਰਹਿਣ ਲਈ ਕਿਹਾ, ਪਰ ਉਸਦਾ ਲਾਲਚ ਹੋਰ ਵਧ ਗਿਆ, ਹਕੂਮਤ ਕੋਲੋਂ ਇਨਾਮ ਦਾ ਲਾਲਚ। ਰੋਲਾ ਪਾਂਦਾ ਪਾਂਦਾ ਪਿੰਡ ਦੇ ਚੌਧਰੀ ਨੂੰ ਦਸ ਆਇਆ। ਮਾਤਾ ਗੁਜਰੀ ਤੇ ਬਚਿਆਂ ਉਤੇ ਪਹਿਰਾ ਲਗਾ ਦਿਤਾ ਗਿਆ।
ਚੋਧਰੀ ਨੇ ਮੁਰਿੰਡੇ ਦੇ ਹਾਕਮ ਨੂੰ ਇਤਲਾਹ ਦਿਤੀ। ਹਾਕਮ 2 ਸਿਪਾਹੀਆਂ ਨੂੰ ਨਾਲ ਲੇਕੇ ਆਇਆ ਤੇ ਤਿੰਨਾ ਨੂੰ ਗ੍ਰਿਫਤਾਰ ਕਰਕੇ ਕੋਤਵਾਲੀ ਲੈ ਗਿਆ। ਦੋ ਦਿਨ ਕੋਤਵਾਲੀ ਵਿਚ ਨਜਰਬੰਦ ਰਖਿਆ। ਸਵੇਰੇ ਬੈਲਗਾੜੀ ਵਿਚ ਬਿਠਾਕੇ ਬਸੀ ਦੇ ਥਾਣੇ ਤੇ ਫਿਰ ਸਰਹੰਦ ਲੈ ਗਏ। ਸਾਰੇ ਸ਼ਹਿਰ ਵਿਚ ਖਬਰ ਫੈਲ ਗਈ। ਲੋਕੀ ਬਚਿਆਂ ਦੇ ਨੂਰਾਨੀ, ਸ਼ਾਂਤ ਤੇ ਅਡੋਲ ਮੁਖੜੇ ਤੇ ਦਾਦੀ ਦਾ ਸਿਦਕ ਦੇਖਕੇ ਅਸ਼ ਅਸ਼ ਕਰਦੇ ਤੇ ਗੰਗੂ ਨੂੰ ਲਾਹਨਤਾਂ ਪਾਂਦੇ।
ਵਜੀਰ ਖਾਨ ਚਮਕੌਰ ਸਾਹਿਬ ਤੇ ਹੋਣ ਵਾਲੀ ਜੰਗ ਦੀ ਨਾਕਾਮਯਾਬੀ ਤੋਂ ਪਹਿਲੇ ਹੀ ਖਿਜਿਆ ਹੋਆ ਸੀ ਸੋਚਿਆ ਚਲੋ ਗੁਰੂ ਨਹੀ ਤਾਂ ਉਸਦੇ ਬਚੇ ਹੀ ਸਹੀ। ਦੋ ਦਿਨ ਭੁਖੇ ਤਿਹਾਏ ਰਖਕੇ ਪੋਹ ਦੀਆਂ ਠੰਡੀਆਂ ਰਾਤਾ ਵਿਚ ਠੰਡੇ ਬੁਰਜ ਵਿਚ ਕੈਦ ਕਰ ਦਿਤਾ। ਅਗਲੇ ਦਿਨ ਉਨ੍ਹਾ ਦੀ ਸੂਬੇ ਸਰਹੰਦ ਅਗੇ ਕਚਿਹਿਰੀ ਵਿਚ ਪੇਸ਼ੀ ਸੀ। ਸਵੇਰ ਹੋਈ, ਮਾਤਾ ਗੁਜਰੀ ਨੇ ਅਕਾਲ ਪੁਰਖ ਤੇ ਆਸੀਮ ਭਰੋਸਾ ਕਰਕੇ ਬੜੀ ਦਲੇਰੀ, ਤੇ ਹਿੰਮਤ ਰਖਦਿਆਂ ਬਚਿਆਂ ਨੂੰ ਤਿਆਰ ਕੀਤਾ, ਪਿਆਰ ਕੀਤਾ, ਚੁੰਮਿਆ ਤੇ ਕਿਹਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਪੁਤਰ ਹੋ ਜਿਨਾਂ ਨੇ 9 ਸਾਲ ਦੀ ਉਮਰ ਵਿਚ ਆਪਣੇ ਪਿਤਾ ਦੀ ਕੁਰਬਾਨੀ ਦਿਤੀ, ਓਸ ਦਾਦੇ ਦੇ ਪੋਤੇ ਹੋ ਜਿਨ੍ਹਾ ਧਰਮ ਦੀ ਰ੍ਖਿਆ ਲਈ ਆਪਣਾ ਸੀਸ ਕੁਰਬਾਨ ਕੀਤਾ ਤੇ ਗੁਰੂ ਅਰਜਨ ਦੇਵ ਜੀ ਦੇ ਅੰਸ ਵਿਚੋਂ ਹੋ ਜੋ ਸਚ ਦੀ ਖਾਤਿਰ, ਤਤੀਆਂ ਲੋਹਾਂ ਤੇ ਬੈਠੇ, ਸੀਸ ਤੇ ਗਰਮ ਰੇਤਾ ਪਵਾਇਆ ਦੇਗਾਂ ਦੇ ਉਬਾਲ ਵੀ ਉਨ੍ਹਾ ਨੂੰ ਡੋਲਾ ਨਹੀ ਸਕੇ। ਤੁਸੀਂ ਵੀ ਮਰਦਾਂ ਵਾਂਗ ਸ਼ਾਂਤ ਤੇ ਅਡੋਲ ਰਹਿਣਾ, ਝੁਕਣਾ ਨਹੀ ਤੇ ਹਰ ਸਵਾਲ ਦਾ ਜਵਾਬ ਬੜੇ ਬੈਖੋਫ਼ ਹੋਕੇ ਦੇਣਾ। ਬਚੇ ਵੈਸੇ ਵੀ ਮਾਤਾ ਜੀਤੋ ਦੇ ਅਕਾਲ ਚਲਾਣੇ ਤੋ ਬਾਅਦ ਮਾਤਾ ਗੁਜਰੀ ਦੀ ਛਤਰ ਛਾਇਆ ਹੇਠ ਪਲੇ ਸੀ, ਜੋ ਖੁਦ ਇਕ, ਪ੍ਰੇਮ ਮਮਤਾ, ਧੀਰਜ, ਤਿਆਗ, ਉਦਾਰਤਾ ਤੇ ਸਹਿਨਸ਼ੀਲਤਾ ਦੀ ਮੂਰਤ ਸੀ। ਬਚਿਆਂ ਤੇ ਦਾਦੀ ਦਾ ਬਹੁਤ ਗਹਿਰਾ ਅਸਰ ਸੀ।
ਵਜੀਰ ਖਾਨ ਦੇ ਸਿਪਾਹੀ ਲੈਣ ਵਾਸਤੇ ਆ ਗਏ। ਸਾਰੇ ਰਸਤੇ ਬਚਿਆਂ ਨੂੰ ਚੇਤਾਵਨੀ ਦਿੰਦੇ ਗਏ ਕੀ ਸੂਬਾ ਸਰਹੰਦ ਨੂੰ ਜਾਂਦੇ ਹੀ ਝੁਕਕੇ ਸਲਾਮ ਕਰਣਾ। ਕਚਿਹਰੀ ਦੇ ਬਾਹਰ ਭੀੜ ਇਕਠੀ ਹੋਈ ਹੋਈ ਸੀ। ਕਚਿਹਰੀ ਦੇ ਸਭ ਦਰਵਾਜੇ ਬੰਦ ਕੀਤੇ ਗਏ ਸੀ। ਇਕ ਛੋਟੀ ਜਹੀ ਖਿੜਕੀ ਰਾਹੀਂ, ਇਤਨੀ ਜਗਹ ਸੀ ਅੰਦਰ ਜਾਣ ਦੀ ਤਾਂਕਿ ਬਚੇ ਸਿਰ ਝੁਕਾ ਕੇ ਅੰਦਰ ਵੜਨ। ਬਚੇ ਉਨਾਂ ਦੇ ਮਕਸਦ ਨੂੰ ਸਮਝ ਗਏ ਓਨ੍ਹਾ ਨੇ ਸਿਰ ਦੀ ਜਗਹ ਪਹਿਲੇ ਪੈਰ ਅਗੇ ਕੀਤੇ। ਦੁਸ਼ਮਨ ਦੀ ਮਕਾਰੀ ਦਾ ਇਹ ਵਾਰ ਖਾਲੀ ਗਿਆ। ਜਦ ਵਜ਼ੀਰ ਖਾਨ ਦੇ ਸਾਮਣੇ ਆਏ ਉਨ੍ਹਾ ਦੇ ਚੇਹਰੇ ਤੇ ਅਜੀਬ ਚਮਕ ਸੀ। ਡਰ ਖਤਰਾ ਕੋਸੋਂ ਦੂਰ ਸੀ। ਆਦਿਆਂ ਸਾਰ ਗਜ ਕੇ ਜੈਕਾਰਾ ਛਡਿਆ “ਵਾਹਿਗੁਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ” ਜਿਸ ਨੂੰ ਸੁਣਕੇ ਇਕ ਵਾਰੀ ਤਾਂ ਨਵਾਬ ਵੀ ਕੰਬ ਗਿਆ। ਪਹਿਲੇ ਸੁਚਾ ਨੰਦ ਨੇ ਸਮਝਾਇਆ ਕਿ ਮੈਂ ਵੀ ਹਿੰਦੂ ਹਾਂ। ਮੈਨੂੰ ਤੁਹਾਡੇ ਨਾਲ ਹਮਦਰਦੀ ਹੈ। ਤੁਹਾਡੇ ਪਿਤਾ ਤੇ ਦੋਨੋ ਵਡੇ ਭਰਾ ਲੜਾਈ ਵਿਚ ਮਾਰੇ ਗਏ ਹਨ। ਗੁਸਤਾਖੀ ਕਰੋਗੇ ਤਾਂ ਤੁਸੀਂ ਵੀ ਮਾਰੇ ਜਾਉਗੇ। ਮਾਫ਼ੀ ਮੰਗੋਗੇ ਤਾਂ ਬਖਸ਼ ਦਿਤੇ ਜਾਉਗੇ।
ਸੂਬਾ ਸਰਹੰਦ ਨੇ ਉਨਾ ਨੂੰ ਇਸਲਾਮੀ ਦਾਇਰੇ ਵਿਚ ਅਉਣ ਲਈ ਪ੍ਰੇਰਨਾ ਲਾਲਚ ਤੇ ਤਾੜਨਾ ਦੇਕੇ ਕਿਹਾ, “ਅਜੇ ਤੁਹਾਡੀ ਖਾਣ ਪੀਣ ਦੀ ਉਮਰ ਹੈ, ਅਸੀਂ ਤੁਹਾਨੂੰ ਜਗੀਰਾਂ ਤੇ ਧੰਨ ਦੋਲਤ ਨਾਲ ਮਾਲੋ ਮਾਲ ਕਰ ਦਿਆਂਗੇ। ਇਥੇ ਵੀ ਤੇ ਅਗਲੇ ਜਨਮ ਵਿਚ ਵੀ ਤੁਹਾਨੂੰ ਜਨਤ ਨਸੀਬ ਹੋਵੇਗੀ। ਬਚਿਆਂ ਨੇ ਬੜੇ ਬੇਖੋਫ਼ ਹੋਕੇ ਜਵਾਬ ਦਿਤਾ, ” ਅਸੀਂ ਗੁਰੂ ਗੋਬਿੰਦ ਸਿੰਘ ਤੇ ਗੁਰੂ ਤੇਗ ਬਹਾਦਰ ਦੀ ਔਲਾਦ ਹਾਂ ਧਰਮ ਲਈ ਸ਼ਹੀਦ ਹੋਣਾ ਜਾਣਦੇ ਹਾਂ ਧਰਮ ਛਡਣਾ ਨਹੀ, ਮੌਤ ਤੋ ਸਾਨੂੰ ਡਰ ਨਹੀ ਲਗਦਾ।
ਤਿੰਨ ਦਿਨ ਤਕ ਪ੍ਰੇਰਨਾ, ਲਾਲਚ ਤੇ ਡਰਾਵੇ ਦਾ ਸਿਲਸਲਾ ਚਲਦਾ ਰਿਹਾ ਪਰ ਬਚੇ ਟਸ ਤੋ ਮਸ ਨਹੀਂ ਹੋਏ। ਅਖਿਰ ਵਜ਼ੀਰ ਖਾਨ ਨੇ ਮਲੇਰ ਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਜੋ ਕਚਹਿਰੀ ਵਿਚ ਹੀ ਬੈਠਾ ਸੀ ਕਿਹਾ ਕਿ ਅਸੀਂ ਇਨ੍ਹਾ ਬਚਿਆਂ ਨੂੰ ਤੁਹਾਡੇ ਹਵਾਲੇ ਕਰਦੇ ਹਾਂ। ਤੁਸੀਂ ਆਪਣੇ ਭਰਾ ਦਾ ਬਦਲਾ ਇਨ੍ਹਾ ਨੂੰ ਮਰਵਾ ਕੇ ਲੈ ਸਕਦੇ ਹੋ। ਸ਼ੇਰ ਮੁਹੰਮਦ ਇਕ ਸੁਲਝੇ ਹੋਏ ਮੁਸਲਮਾਨ ਸਨ ਉਨ੍ਹਾ ਨੇ ਕਿਹਾ ਕਿ ਮੇਰਾ ਭਰਾ ਲੜਾਈ ਦੇ ਮੈਦਾਨ ਵਿਚ ਮਾਰਿਆ ਗਿਆ ਹੈ ਅਗਰ ਬਦਲਾ ਹੀ ਲੈਣਾ ਹੈ ਤਾਂ ਮੈਂ ਗੁਰੂ ਕੋਲੋਂ ਲਵਾਂਗਾ। ਇਨ੍ਹਾ ਮਸੂਮਾ ਨੂੰ ਇਨ੍ਹਾ ਦੇ ਪਿਤਾ ਦੀ ਕਰਨੀ ਦੀ ਸਜਾ ਹਰਗਿਜ਼ ਨਹੀਂ ਦਿਤੀ ਜਾ ਸਕਦੀ। ਇਹ ਬੇਗੁਨਾਹ ਹਨ, ਮਾਸੂਮ ਹਨ, ਇਨ੍ਹਾ ਨੂੰ ਮਾਰਨਾ ਗੁਨਾਹ ਹੈ। ਮੇਰੀ ਰਾਇ ਹੈ ਇਨ੍ਹਾ ਨੂੰ ਛਡ ਦਿਉ। ਸ਼ੇਰ ਮੁਹਮਦ ਕੋਲ ਹੀ ਸੁਚਾ ਨੰਦ ਖੜਾ ਸੀ, ਸਪ ਦੇ ਬਚੇ ਸਪੋਲੀਏ ਹੀ ਹੁੰਦੇ ਹਨ ਇਹ ਆਖਕੇ ਇਨ੍ਹਾ ਦਾ ਸਿਰ ਕੁਚਲਣ ਦੀ ਸ਼ੇਤਾਨੀ ਤਜਵੀਜ਼ ਦਿਤੀ।
ਅਖੀਰ ਨਵਾਬ ਦੀ ਵਾਰੀ ਆਈ ਉਸਨੇ ਪੁਛਿਆ ਅਗਰ ਤੁਹਾਨੂੰ ਅਜਾਦ ਕਰ ਦਿਤਾ ਜਾਏ ਤਾਂ ਤੁਸੀਂ ਕੀ ਕਰੋਗੇ। ਬਚਿਆਂ ਦਾ ਜਵਾਬ ਸੀ ਅਸੀਂ ਸਿਖਾਂ ਨੂੰ ਇਕਠਿਆਂ ਕਰਾਂਗੇ ਉਨ੍ਹਾ ਨੂੰ ਜੰਗੀ ਹਥਿਆਰ ਮੁਹੇਈਏ ਕਰਾਵਾਂਗੇ, ਤੁਹਾਡੇ ਨਾਲ ਲੜਕੇ ਤੁਹਾਨੂੰ ਮਾਰ ਮੁਕਾਵਾਂਗੇ। ਨਵਾਬ ਨੇ ਫਿਰ ਪੁਛਿਆ ਜੇ ਤੁਸੀਂ ਜੰਗ ਵਿਚ ਹਾਰ ਗਏ ਤਾਂ ਫਿਰ ਕੀ ਕਰੋਗੇ ? ਫਿਰ ਫੌਜਾਂ ਇਕਠੀਆਂ ਕਰਾਂਗੇ ਜਾਂ ਤੁਹਾਨੂੰ ਮੁਕਾ ਦਿਆਂਗੇ ਜਾਂ ਸ਼ਹੀਦ ਹੋ ਜਾਵਾਂਗੇ। ਕਾਜ਼ੀ ਨੇ ਨਵਾਬ ਦੀ ਰਮਜ਼ ਨੂੰ ਪਹਿਚਾਣ ਲਿਆ। ਬਚਿਆਂ ਦੇ ਜਵਾਬਾਂ ਤੋਂ ਉਸ ਨੂੰ ਹਿੰਮਤ ਮਿਲ ਗਈ। ਓਸਨੇ ਬਚਿਆਂ ਨੂੰ ਬਾਗੀ ਕਰਾਰ ਦੇਕੇ ਨੀਹਾਂ ਵਿਚ ਚਿਨਣ ਜਾਂ ਮੌਤ ਦੇ ਘਾਟ ਉਤਾਰ ਦੇਣ ਦਾ ਫੈਸਲਾ ਸੁਣਾ ਦਿਤਾ।
ਸ਼ੇਰ ਮੁਹਮਦ ਆਹ ਦਾ ਨਾਹਰਾ ਲਗਾਕੇ ਦਰਬਾਰ ਵਿਚੋ ਉਠ ਖੜਿਆ, ” ਇਹ ਜੁਲਮ ਹੈ, ਸ਼ਰਾ ਦੇ ਉਲਟ ਹੈ, ਬੇਗੁਨਾਹ ਬਚਿਆਂ ਨੂੰ ਮਾਰਨ ਦੀ ਸਜਾ ਕਦੀ ਕੋਈ ਸ਼ਰਾ ਨਹੀਂ ਦੇ ਸ੍ਕਦੀ ” ਇਹ ਕਹਿਕੇ ਕਚਹਿਰੀ ਤੋਂ ਬਾਹਰ ਨਿਕਲ ਗਿਆ ਸਾਹਿਬਜ਼ਾਦਿਆਂ ਦੇ ਚਿੰਨਣ ਵਾਸਤੇ ਕਚਹਿਰੀ ਦੇ ਹਾਤੇ ਵਿਚ ਇੰਤਜ਼ਾਮ ਕੀਤਾ ਗਿਆ। ਇਕ ਇਕ ਇਟ ਲਗਾਣ ਤੋ ਬਾਅਦ ਪੁਛਿਆ ਜਾਂਦਾ ਇਸਲਾਮ ਕਬੂਲ ਕਰ ਲਉ। ਪਰ ਉਨ੍ਹਾ ਦਾ ਮੁਸਕਰਾਂਦਾ ਤੇ ਸ਼ਾਂਤ ਚੇਹਰਾ ਇਸਦਾ ਜਵਾਬ ਦੇ ਰਿਹਾ ਸੀ। ਕੰਧ ਗਰਦਨ ਤਕ ਆ ਗਈ, ਬਚੇ ਬੇਹੋਸ਼ ਹੋ ਗਏ। ਕੰਧ ਡਿਗ ਪਈ, ਬਚਿਆਂ ਨੂੰ ਬੇਹੋਸ਼ੀ ਦੀ ਹਾਲਤ ਵਿਚ ਦਾਦੀ ਕੋਲ ਪੁਚਾ ਦਿਤਾ ਇਸ ਸਨੇਹੇ ਨਾਲ ਕੀ ਕਲ ਦੋਨੋ ਨੂੰ ਕਤਲ ਕਰ ਦਿਤਾ ਜਾਵੇਗਾ, ਇਸ ਉਮੀਦ ਤੇ ਕਿ ਸ਼ਾਇਦ ਦਾਦੀ ਦਾ ਮੰਨ ਬਦਲ ਜਾਏ ਤੇ ਉਨ੍ਹਾ ਦੀ ਆਸ ਪੂਰੀ ਹੋ ਜਾਏ।
ਇਹ ਸੋਚੋ ਉਹ ਅਠ ਪਹਿਰ ਦਾਦੀ ਦੇ ਕਿਸ ਤਰਹ ਬੀਤੇ ਹੋਣਗੇ। ਸਵੇਰ ਹੋਈ ” ਦਾਦੀ ਤੁਸੀਂ ਅਜ ਕਿਹਾ ਨਹੀਂ ਕਿ ਜਲਦੀ ਆਣਾ ਮੈਂ ਤੁਹਾਨੂੰ ਉਡੀਕਾਂਗੀ “ਫਤਹਿ ਸਿੰਘ ਨੇ ਪੁਛਿਆ ? ਤਾਂ ਦਾਦੀ ਨੇ ਭਰੇ ਹੋਏ ਮਨ ਨਾਲ ਜਵਾਬ ਦਿਤਾ, ” ਅਜ ਤੁਸੀਂ ਮੈਨੂ ਉਡੀਕਣਾ ਮੈਂ ਜਲਦੀ ਤੁਹਾਡੇ ਕੋਲ ਆ ਜਾਂਵਾਗੀ “। ਕਤਲ ਦਾ ਹੁਕਮ ਸੁਣਾ ਦਿਤਾ ਗਿਆ। ਕੋਈ ਵੀ ਬਚਿਆਂ ਨੂੰ ਕਤਲ ਕਰਨ ਵਾਸਤੇ ਤਿਆਰ ਨਹੀਂ ਹੋਇਆ। ਅਖੀਰ ਬਾਸ਼ਲਬੇਗ ਤੇ ਸ਼ਾਸ਼ਲਬੇਗ, ਜੋ ਕਿਸੇ ਮੁਕਦਮੇ ਵਿਚ ਫਸੇ ਹੋਏ ਸੀ, ਮੁਕਦਮੇ ਤੋਂ ਬਰੀ ਹੋਣ ਦੀ ਸ਼ਰਤ ਤੇ ਮੰਨ ਗਏ। ਜਿਥੇ ਅਜ ਗੁਰੂਦਵਾਰਾ ਭੋਰਾ ਸਾਹਿਬ ਹੈ, ਦੋਨੋ ਬਚਿਆਂ ਨੂੰ ਸ਼ਹੀਦ ਕਰ ਦਿਤਾ ਗਿਆ। ਲਾਸ਼ਾਂ ਨੂੰ ਲਾਵਾਰਿਸ ਕਰਾਰ ਦੇਕੇ, ਕਿਲੇ ਦੇ ਬਾਹਰ ਇਕ ਉਜਾੜ ਥਾਂ ਤੇ ਸੁਟ ਦਿਤਾ ਗਿਆ ਜਿਥੇ ਅਜ ਗੁਰੂਦਵਾਰਾ ਵਿਮਾਨ ਗੜ ਸਾਹਿਬ ਹੈ। ਜਦੋਂ ਸਰਹੰਦ ਦੇ ਇਲਾਕੇ ਵਿਚ, ਗੁਰੂ ਘਰ ਦੇ ਪ੍ਰੇਮੀਆਂ ਨੂੰ ਪਤਾ ਚਲਿਆਂ ਤਾਂ ਉਨ੍ਹਾ ਨੇ ਖੂਨ ਦੇ ਹੰਜੂ ਕੇਰੇ। ਦਾਦੀ ਨੇ ਸੁਣਦੇ ਸਾਰ ਸਮਾਧੀ ਲੀਨ ਹੋ ਗਏ ਫੌਜੀਆ ਨੇ ਮਾਤਾ ਗੁਜਰ ਕੌਰ ਨੂੰ ਬੁਰਜ ਤੋ ਛੁੱਟ ਦਿਤਾ ਤੇ ਮਾਤਾ ਜੀ ਪ੍ਰਾਣ ਤਿਆਗ ਦਿਤੇ ਤੇ ਆਪਣੀਆਂ ਸਾਰੀਆਂ ਜ਼ਿਮੇਦਾਰੀਆਂ ਤੋਂ ਵਹਿਲੇ ਹੋਕੇ ਪੋਤਿਆਂ ਦੇ ਪਿਛੇ ਪਿਛੇ ਤੁਰ ਗਈ।
ਦੀਵਾਨ ਟੋਡਰ ਮਲ ਤੇ ਉਸਦਾ ਪਰਿਵਾਰ ਵੀ ਗੁਰੂ ਘਰ ਦਾ ਸ਼ਰਧਾਲੂ, ਇਕ ਨੇਕ ਇਨਸਾਨ ਤੇ ਅਸਰ ਰਸੂਖ ਵਾਲਾ ਸਰਕਾਰੀ ਅਧਿਕਾਰੀ ਸੀ, ਜਿਸਦੀ ਪਹੁੰਚ ਦਿਲੀ ਦਰਬਾਰ ਤਕ ਸੀ। ਉਸਨੇ ਵਜ਼ੀਰ ਖਾਨ ਕੋਲੋਂ ਸਿਖੀ ਮਰਯਾਦਾ ਦੇ ਅਨੁਸਾਰ ਸਸਕਾਰ ਕਰਨ ਲਈ ਲਾਸ਼ਾਂ ਦੀ ਮੰਗ ਕੀਤੀ। ਪਹਿਲਾ ਤਾਂ ਓਹ ਮੰਨਿਆ ਨਹੀ ਪਰ ਜਦ ਉਸ ਨੂੰ ਉਸਦੀ ਪਹੁੰਚ ਦੀ ਸੂਹ ਲਗੀ, ਤਾਂ ਉਸਦੇ ਸ਼ਾਤਰੀ ਤੇ ਸ਼ੈਤਾਨੀ ਦਿਮਾਗ ਨੇ ਇਕ ਔਖੀ ਸ਼ਰਤ ਰਖ ਦਿਤੀ, ਜਮੀਨ ਤੇ ਮੋਹਰਾਂ ਵਿਛਾ ਕੇ ਜਮੀਨ ਖਰੀਦਣ ਦੀ। ਇਸ ਨਾਜ਼ਕ ਮੌਕੇ ਤੇ ਟੋਡਰ ਮਲ ਵਾਦ ਵਿਵਾਦ ਵਿਚ ਨਹੀ ਸੀ ਪੈਣਾ ਚਾਹੁੰਦਾ। ਸਸਕਾਰ ਲਈ ਥਾਂ ਦੀਵਾਨ ਟੋਡਰ ਮਲ ਤੇ ਉਸਦੀ ਪਤਨੀ ਨੇ ਆਪਣਾ ਸਭ ਕੁਛ ਵੇਚ ਕੇ ਜਮੀਨ ਤੇ ਮੋਹਰਾਂ ਵਿਛਾ ਦਿਤੀਆਂ। 28 ਦਸੰਬਰ ਨੂੰ ਬੜੇ ਸਤਕਾਰ ਨਾਲ ਸਿਖ ਮਰਿਆਦਾ ਅਨੁਸਾਰ ਦੋਨੋ ਬਚਿਆਂ ਤੇ ਦਾਦੀ ਮਾਂ ਦਾ ਸਸਕਾਰ ਕੀਤਾ। ਦੀਵਾਨ ਟੋਡਰ ਮਲ ਦੇ ਇਸ ਉਪਕਾਰ ਲਈ ਸਿਖ ਕੌਮ ਹਮੇਸ਼ਾਂ ਉਨ੍ਹਾ ਦੀ ਰਿਣੀ ਰਹੇਗੀ। ਗੁਰੂ ਗੋਬਿੰਦ ਸਿੰਘ ਜੀ ਦੀ 300 ਸਾਲਾ ਗੁਰਪੁਰਬ ਤੇ ਉਨ੍ਹਾ ਦੀ ਯਾਦ ਵਿਚ ਸਰਹੰਦ, ਫਤਿਹ ਗੜ ਮਾਰਗ ਤੇ ਇਕ ਬਹੁਤ ਵਡਾ ਗੇਟ ਬਣਵਾਇਆ ਗਿਆ। ਇਨਾਂ ਸ਼ਹਾਦਤਾ ਦਾ ਪੰਜਾਬ ਤੇ ਇਤਨਾ ਗਹਿਰਾ ਅਸਰ ਹੋਇਆ ਕਿ ਅਉਣ ਵਾਲੇ ਸਮੇ ਵਿਚ ਬੰਦਾ ਬਹਾਦਰ ਨੇ ਸਰਹੰਦ ਦੀ ਇਟ ਨਾਲ ਇਟ ਖੜਕਾ ਦਿਤੀ। ਦਬ ਦਾ ਬੂਟਾ ਜੋ ਗੁਰੂ ਗੋਬਿੰਦ ਸਿੰਘ ਨੇ ਇਹ ਖਬਰ ਸੁਣਕੇ ਪੁਟਿਆ ਸੀ ਇਵੇਂ ਮੁਗਲ ਸਮਰਾਜ ਦੀਆ ਜੜਾ ਹਿੰਦੁਸਤਾਨ ਤੋ ਪੁਟੀਆਂ ਗਈਆਂ।
ਲਤੀਫ ਸਾਹਿਬਜ਼ਾਦਿਆਂ ਦੇ ਜਵਾਬਾਂ ਨੂੰ ਨੀਹਾਂ ਵਿਚ ਚਿਨਣ ਦਾ ਮੁਖ ਕਾਰਨ ਮੰਨਦਾ ਹੈ। ਨਵਾਬ ਵਜ਼ੀਰ ਖਾਨ ਨੂੰ ਉਨ੍ਹਾ ਦੇ ਜਵਾਬਾਂ ਵਿਚ ਬਗਾਵਤ ਦਿਸ ਰਹੀ ਸੀ। ਸਚ ਮੁਚ ਵਡੀ ਜੁਰਤ ਵਾਲੇ ਜਵਾਬ ਸਨ ਪਰ ਅਗਰ ਇਨ੍ਹਾ ਨੂੰ ਦੂਸਰੀ ਪਖੋਂ ਵੇਖਿਆ ਜਾਵੇ ਤਾਂ ਇਹ ਜਵਾਬ ਸਿਲਸਿਲੇ ਵਾਰ ਵਾਪਰ ਰਹੇ ਸਨ, ਇਨਕਲਾਬ ਦਾ ਹਿਸਾ ਸਨ, ਜੋਰ ਜਬਰ ਤੇ ਜ਼ੁਲੁਮ ਦੀ ਤਸਬੀਰ ਦੇ ਮੁਕੰਮਲ ਬਦਲਾਵ ਦੀ ਤਜਵੀਜ਼ ਸੀ ਜਿਸ ਲਈ ਗੁਰੂ ਅਰਜਨ ਦੇਵ ਜੀ, ਤੇ ਫਿਰ ਗੁਰੂ ਤੇਗ ਬਹਾਦਰ ਜੀ ਸ਼ਹੀਦ ਹੋਏ ਤੇ ਉਸਤੋਂ ਬਾਅਦ ਸ਼ਹੀਦੀਆਂ ਦਾ ਕੋਈ ਅੰਤ ਹੀ ਨਹੀ। ਮੈਥਲੀ ਸ਼ਰਨ ਗੁਪਤਾ ਲਿਖਦੇ ਹਨ :
ਜਿਸ ਕੁਲ, ਜਾਤ, ਕੌਮ ਕੇ ਬਚੇ ਦੇ ਸਕਤੇ ਹੈਂ ਯੂੰ ਬਲਿਦਾਨ
ਉਸਕਾ ਵਰਤਮਾਨ ਕੁਛ ਭੀ ਹੋ ਭਵਿਸ਼ ਹੈ ਮਹਾਨ।।
ਇਸਤੋਂ ਪਿਛੋਂ ਗੁਰੂ ਸਾਹਿਬ ਕੁਛ ਦਿਨ ਰਾਇ ਕੋਟ ਰਹਿ ਕੇ ਦੀਨੇ ਕਾਂਗੜੇ ਪਹੁੰਚੇ। ਰਾਏ ਕਲਾ ਨੇ ਗੁਰੂ ਸਹਿਬ ਨੂੰ ਵਿਦਾ ਕਰਨ ਵੇਲੇ ਇਕ ਬਹੁਤ ਸੁੰਦਰ ਘੋੜਾ, ਢਾਲ ਤੇ ਸ਼ਸ਼ਤਰ ਭੇਟਾ ਕੀਤੇ। ਦੀਨੇ ਕਾਂਗੜੇ ਉਨ੍ਹਾ ਦੇ ਸ਼ਰਧਾਲੂ ਚੋਧਰੀ ਸ਼ਮਸ਼ੀਰ ਤੇ ਲਖਮੀਰ ਸਨ। ਉਨ੍ਹਾ ਨੇ ਸੁਣਿਆ ਕੀ ਮੁਗਲ ਸਰਕਾਰ ਨੇ ਗੁਰੂ ਸਾਹਿਬ ਨੂੰ ਬਾਗੀ ਤੇ ਭਗੋੜਾ ਕਰਾਰ ਕਰ ਦਿਤਾ ਹੈ। ਚਾਰੋਂ ਸਾਹਿਬਜ਼ਾਦੇ ਸ਼ਹੀਦ ਹੋ ਚੁਕੇ ਹਨ। ਪਿੰਡ ਦੇ ਚੋਧਰੀਆਂ ਨੂੰ ਸਖਤ ਹੁਕਮ ਸੀ ਕੀ ਕੋਈ ਉਨ੍ਹਾ ਦੀ ਸਹਾਇਤਾ ਨਾ ਕਰੇ। ਲਖਮੀਰ ਤੇ ਸ਼ਮਸ਼ੀਰ ਨੇ ਗੁਰੂ ਸਾਹਿਬ ਨੂੰ ਆਪਣੇ ਘਰ ਦੇ ਚੁਬਾਰੇ ਵਿਚ ਬੜੀ ਸ਼ਰਧਾ ਤੇ ਪਿਆਰ ਨਾਲ ਠਹਿਰਾਇਆ, ਉਨ੍ਹਾ ਦੀ ਤਨੋ -ਮਨੋ ਸੇਵਾ ਕੀਤੀ। ਜਦ ਗੁਰੂ ਸਾਹਿਬ ਨੂੰ ਨਿਵਾਸ ਕਰਦਿਆਂ ਕੁਝ ਸਮਾ ਹੋ ਗਿਆ ਤਾਂ ਆਲੇ ਦੁਆਲੇ ਦੀਆਂ ਸੰਗਤਾ ਆਪਜੀ ਦੇ ਦਰਸ਼ਨਾ ਨੂੰ ਅਉਣ ਲਗੀਆਂ। ਜਦ ਇਸ ਗਲ ਦਾ ਪਤਾ ਸੂਬਾ ਸਰਹੰਦ ਨੂੰ ਲਗਾ ਤਾਂ ਉਸਨੇ ਚੋਧਰੀ ਸ਼ਮਸ਼ੀਰ ਨੂੰ ਚਿਠੀ ਲਿਖੀ ਕਿ ਗੁਰੂ ਸਾਹਿਬ ਨੂੰ ਸਾਡੇ ਹਵਾਲੇ ਕਰ ਦਿਉ , ਜਿਸਦਾ ਉਤਰ ਚੋਧਰੀ ਨੇ ਦਿਤਾ, ” ਗੁਰੂ ਸਾਹਿਬ ਸਾਡੇ ਪੀਰ ਹਨ, ਉਨ੍ਹਾ ਦੀ ਸੇਵਾ ਕਰਨਾ ਸਾਡਾ ਧਰਮ ਹੈ ਅਸੀਂ ਉਨ੍ਹਾ ਨੂੰ ਤੁਹਾਡੇ ਹਵਾਲੇ ਹਰਗਿਜ਼ ਨਹੀਂ ਕਰਾਂਗੇ “।
ਇਸ ਵਕ਼ਤ ਔਰੰਗਜ਼ੇਬ ਕਮਜ਼ੋਰ ਤੇ ਢਿਲਾ ਪੈ ਚੁਕਿਆ ਸੀ, ਕੁਝ ਉਮਰ ਦਾ ਤਕਾਜਾ, ਕੁਝ ਪੁਤਰਾਂ ਵਿਚ ਤਖਤ ਲਈ ਆਪਸੀ ਜੰਗ, ਤੀਸਰਾ ਦਖਣ ਵਿਚ ਨਿਤ ਦਿਹਾੜੇ ਬਗਾਵਤਾਂ ਤੇ ਚੋਥਾ ਉਸਦੀ ਧਾਰਮਿਕ ਪਾਲਸੀ ਜਿਸਨੇ ਉਸਦੇ ਰਾਜ ਮਹਲ ਨੂੰ ਖੋਖਲਾ ਕਰ ਦਿਤਾ ਸੀ। ਜੀਉ ਜੀਉ ਉਸਦੀਆਂ ਸਖਤੀਆਂ ਵਧਦੀਆਂ ਜਾਂਦੀਆਂ ਲੋਕ ਉਸਤੋ ਦੂਰ ਹੁੰਦੇ ਚਲੇ ਗਏ। ਇਨਸਾਫ਼ ਪਸੰਦ ਤੇ ਧਰਮੀ ਮੁਸਲਮਾਨ ਉਸ ਨੂੰ ਪਸੰਦ ਨਹੀ ਸੀ ਕਰਦੇ। ਇਰਾਨ ਦਾ ਬਾਦਸ਼ਾਹ ਸ਼ਾਹ ਅਬਾਸ ਉਸ ਨੂੰ ਨਫਰਤ ਕਰਦਾ ਸੀ। ਇਸ ਸਦੀ ਦੇ ਵਿਦਵਾਨ ਮੋਲਾਨਾ ਅਬਦੁਲ ਕਲਾਮ ਅਜਾਦ ਲਿਖਦਾ ਹੈ, ” ਅਸੀਂ ਔਰੰਗਜ਼ੇਬ ਦੀ ਕੀਤੀ ਹਰ ਸਖਤੀ ਦਾ ਉਤਰ ਸ਼ਾਇਦ ਦੇ ਸਕੀਏ ਪਰ ਸਰਮਦ ਜੇਹੇ ਫਕੀਰ ਨੂੰ ਕਿਓਂ ਕਤਲ ਕੀਤਾ ਇਸ ਦਾ ਕੋਈ ਉੱਤਰ ਨਹੀ। ਦਖਣ ਦੀਆਂ ਰਿਆਸਤਾਂ ਬੀਜਾਪੁਰ ਗੋਲਕੁੰਡਾ ਤੇ ਮਰਹਟਿਆਂ ਨੇ ਉਸਦੀ ਨੀਦ ਹਰਾਮ ਕਰ ਦਿਤੀ। ਦਖਣ ਵਿਚ ਖਾਲੀ ਉਸਦੀ ਸਰੀਰਕ ਕਬਰ ਨਹੀਂ ਸੀ ਸਗੋਂ ਮੁਗਲ ਸਮਰਾਜ ਦੀ ਕਬਰ ਬਣੀ। ਜਦ ਉਸ ਨੂੰ ਹੋਸ਼ ਆਇਆ ਤਾਂ ਬਹੁਤ ਦੇਰ ਹੋ ਚੁਕੀ ਸੀ। ਉਸਨੇ ਸਰਹੰਦ ਦੇ ਲਾਗੇ ਜਿਤਨੀ ਫੌਜ਼ ਸੀ ਵਾਪਿਸ ਬੁਲਾ ਲਿਆ। ਗੁਰੂ ਸਾਹਿਬ ਨੂੰ ਮਿਲਣ ਵਾਸਤੇ ਚਿਠੀ ਲਿਖੀ ਤੇ ਭਰੋਸਾ ਦਿਲਾਇਆ ਕੀ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ। ਗੁਰੂ ਸਾਹਿਬ ਨੇ ਉਸ ਚਿਠੀ ਦਾ ਜਵਾਬ ਦਿਤਾ ਜਿਸ ਨੂੰ ਜ਼ਫਰਨਾਮਾ ਤੇ ਗੁਰੂ ਸਾਹਿਬ ਦਾ ਫਤਿਹ -ਨਾਮਾ ਕਿਹਾ ਜਾਂਦਾ ਹੈ।
ਜ਼ਫਰਨਾਮਾ
ਭਾਈ ਦੇਸਾ ਦੇ ਚੁਬਾਰੇ ਵਿਚ, ਦੀਨ ਕਾਂਗੜੇ ਤੋਂ ਫ਼ਾਰਸੀ ਜ਼ੁਬਾਨ ਵਿਚ ਲਿਖਿਆ, ਜੋ ਗੁਰੂ ਸਾਹਿਬ ਦੇ ਬੁਲੰਦ ਹੋਸਲੇ, ਨਿਡਰਤਾ, ਆਤਮ ਸਨਮਾਨ, ਅਣਖ, ਦਲੇਰੀ ਤੇ ਦ੍ਰਿੜਤਾ ਦਾ ਪ੍ਰਤਖ ਪ੍ਰਮਾਣ ਹੈ। ਇਸਦੇ।। 5 ਬੈਂਤ ਹਨ ਪਹਿਲੇ। 3 ਬੈਂਤ ਵਿਚ ਅਕਾਲ ਪੁਰਖ ਦੀ ਉਸਤਤ ਹੈ। ਫਿਰ ਓਹ ਲੜਾਈ ਸਬੰਧੀ ਗਲ ਕਰਦੇ ਹਨ ਕਿ ਕਿਸ ਤਰਹ ਤੇਰੀਆਂ ਫੌਜਾਂ ਲਖਾਂ ਦੀ ਗਿਣਤੀ ਵਿਚ ਮਖੀਆਂ ਦੇ ਝੁੰਡ ਦੀ ਤਰਹ , ਭੁਖੇ- ਤਿਹਾਏ, ਥਕੇ-ਹਾਰੇ, ਬਿਨਾ ਸਾਜੋ ਸਮਾਨ, ਸਿਰਫ ਗਿਣਤੀ ਦੇ 40 ਸਿਖਾਂ ਤੇ ਟੁਟ ਪਏ, ਆਪਣੀਆਂ ਸਾਰੀਆਂ ਕਸਮਾ -ਵਾਹਦਿਆਂ ਨੂੰ ਛਿਕੇ ਤੇ ਟੰਗ, ਚਮਕੌਰ ਦੀ ਕਚੀ ਗੜੀ ਨੂੰ ਘੇਰ ਲਿਆ। ਕਿਸ ਤਰਹ ਤੇਰਾ ਜਰਨੈਲਾ ਨੇ ਛੁਪ ਛੁਪ ਕੇ ਕੰਧਾ ਦੀ ਓਟ ਲੇਕੇ ਗੜੀ ਵਿਚ ਦਾਖਲ ਹੋਣ ਦੇ ਜਤਨ ਕੀਤੇ। 40 ਆਦਮੀ ਕੀ ਕਰ ਸਕਦੇ ਹਨ ਜਦ ਅਚਾਨਕ ਉਨ੍ਹਾ ਤੇ 10 ਲਖ ਦਾ ਲਸ਼੍ਕਰ ਟੁਟ ਪਏ।
ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਟਕੇ ਦਾ ਮੁਰੀਦ ਤੇ ਈਮਾਂ -ਫਿਕਨ ਕਹਿੰਦਿਆ ਲਿਖਿਆ, ਮੈਨੂੰ ਤੇਰੇ ਤੇ ਓਕਾ ਭਰੋਸਾ ਨਹੀਂ ਅਤੇ ਕਿਸੇ ਕਿਸਮ ਦਾ ਯਕੀਨ ਨਹੀਂ। ਉਸ ਉਤੇ ਭਰੋਸਾ ਵੀ ਕਿਵੇਂ ਹੋਵੇ ਜਿਸਦੇ ਬਖਸ਼ੀ, ਦੀਵਾਨ ਸਭ ਝੂਠੇ ਹੋਣ ` ਤੇਰੀ ਕੁਰਾਨ ਦੀ ਕਸਮ ਤੇ ਜੋ ਯਕੀਨ ਕਰੇ, ਓਹ ਅਖੀਰ ਖੁਆਰ ਹੁੰਦਾ ਹੈ। ਰਹੀ ਗਲ ਮੇਰੀ, ਮੇਰੇ ਸਿਰ ਉਤੇ ਅਕਾਲ ਪੁਰਖ ਦਾ ਸਾਇਆ ਹੈ, ਮੇਰਾ ਕੋਈ ਕੁਝ ਨਹੀ ਵਿਗਾੜ ਸਕਦਾ। ਤੂੰ ਤਾਂ ਕੁਰਾਨ ਦੀ ਕਸਮ ਸਰੇਆਮ ਖਾਕੇ ਮੁਕਰ ਗਿਆਂ ਹੈ ਪਰ ਮੇਰਾ ਵਰਗਾ ਦਿਲ ਵਿਚ ਵੀ ਕਸਮ ਖਾਕੇ ਉਸਤੇ ਟਿਕਿਆ ਰਹਿੰਦਾ ਹੈ। ਮੈਨੂੰ ਨਹੀ ਸੀ ਪਤਾ ਕੀ ਅਰੰਗਜੇਬ ਕਸਮਾਂ ਤੋੜਨ ਵਾਲਾ ਕੇਵਲ ਪੈਸੇ ਦਾ ਪੀਰ ਤੇ ਬੇਈਮਾਨ ਹੈ। ਨਾ ਤੂੰ ਦੀਨ ਈਮਾਨ ਤੇ ਕਾਇਮ ਹੈ ਨਾ ਸ਼ਰਾ ਸ਼ਰੀਅਤ ਦਾ ਪਾਬੰਦ। ਨਾ ਤੇਨੂੰ ਰਬ ਦੀ ਪਹਚਾਨ ਹੈ ਨਾ ਹਜਰਤ ਮੁਹੰਮਦ ਤੇ ਭਰੋਸਾ। ਹੁਣ ਭਾਵੇਂ ਤੂੰ ਕੁਰਾਨ ਦੀਆਂ ਸੋ ਕਸਮਾ ਵੀ ਖਾਵੇਂ ਤੇਰੇ ਤੇ ਕੌਣ ਇਤਬਾਰ ਕਰੇ। ਅਜੀਬ ਹੈ ਤੇਰਾ ਇਨਸਾਫ਼, ਤੇਰਾ ਧਰਮ ਪਾਉਣ ਦਾ ਢੰਗ, ਮੇਨੂੰ ਇਕ ਵਾਰੀ ਨਹੀ ਸੋ ਵਾਰੀ ਅਫਸੋਸ ਹੈ ਇਸਤੇ। ਕੀ ਹੋਇਆ ਜੇ ਤੂੰ ਧੋਖੇ ਨਾਲ ਨਿਕੀਆ ਨਿਕੀਆਂ ਚਿੰਗਿਆਰੀਆਂ ਬੁਝਾ ਦਿਤੀਆਂ ਹਨ, ਤੇਰੀ ਕਾਹਦੀ ਬਹਾਦਰੀ, ਅਗ ਦਾ ਭਾਬੜ ਅਜ ਵੀ ਬਲਦਾ ਪਿਆ ਹੈ, ਜਿਸਦੇ ਸ਼ੋਲੇ ਇਕ ਦਿਨ ਮੁਗਲ ਸਮਰਾਜ ਦਾ ਅੰਤ ਕਰਨਗੇ।
ਸਿੰਘਾਂ ਨੇ ਜਦ ਔਰੰਗਜ਼ੇਬ ਦੇ ਹਥ ਵਿਚ ਇਹ ਕਹਿਕੇ ਜ਼ਫਰਨਾਮਾ ਪਕੜਾਇਆ ਕੀ ਗੁਰੂ ਸਾਹਿਬ ਨੇ ਤੁਹਾਡੇ ਲਈ ਇਕ ਬੜਾ ਕੀਮਤੀ ਕੁਰਾਨ ਭੇਜਿਆ ਹੈ ਤਾਂ ਉਸਨੇ ਬੜੀ ਅਕੀਦਤ ਨਾਲ ਉਸਨੂੰ ਸਿਰ ਨਿਵਾ ਕੇ ਖੋਲਿਆ ਤੇ ਜਦ ਪੜਿਆ, ਉਸਦਾ ਰੰਗ ਪੀਲਾ ਪੈ ਗਿਆ, ਚੇਹਰਾ ਦੀਆਂ ਹਵਾਈੰਆਂ ਉਡ ਗਈਆਂ ਉਸ ਨੂੰ ਆਪਣੇ, ਅਹਿਲਕਾਰਾਂ ਦੀਆਂ ਵਧੀਕੀਆਂ ਤੇ ਗਲਤ ਨੀਤੀਆਂ ਦਾ ਪਤਾ ਚਲਿਆ। ਉਸਦੀ ਆਤਮਾ ਝਨਝੋਰ ਉਠੀ ਜਿਸਦਾ ਉਲੇਖ ਉਸਦੇ ਵਸੀਅਤ ਨਾਮੇ ਵਿਚ ਸਾਫ਼ ਨਜਰ ਆਓਂਦਾ ਹੈ ” ਮੈ ਦੁਨਿਆ ਵਿਚ ਖਾਲੀ ਹਥ ਆਇਆ ਸੀ, ਪਾਪਾਂ ਦੀ ਪੰਡ ਲੈਕੇ ਜਾ ਰਿਹਾਂ ਹਾਂ ਮੈ ਇਤਨਾ ਪਾਪ ਕਰ ਚੁਕਾ ਹਾਂ ਕੀ ਪਰਮਾਤਮਾ ਨੂੰ ਮੂੰਹ ਦਿਖਾਣ ਜੋਗਾ ਨਹੀ ਰਿਹਾ “। ਭਾਈ ਦਾਇਆ ਸਿੰਘ ਜੀ ਨੂੰ ਸ਼ਾਹੀ ਸਨਮਾਨਾ ਨਾਲ ਸੁਰਖਿਆ ਦਾ ਪਰਵਾਨਾ ਦੇਕੇ ਭੇਜਿਆ। ਉਸਨੇ ਆਪਣੀ ਕੀਤੀ ਤੇ ਪਛਤਾਵਾ ਜਹਿਰ ਕਰਦਿਆਂ ਆਪਣੇ ਅਹਿਲਕਾਰਾਂ ਨੂੰ ਹੁਕਮਨਾਮਾ ਭੇਜਿਆ ਕਿ ਗੁਰੂ ਸਾਹਿਬ ਜਿਥੇ ਵੀ ਰਹਿਣ, ਜੋ ਵੀ ਕਰਨ ਉਸ ਵਿਚ ਦਖਲ ਅੰਦਾਜੀ ਨਹੀ ਹੋਣੀ ਚਾਹੀਦੀ। ਇਹਨਾ ਹੁਕਮਾ ਤੇ ਅਮਲ ਹੋਣਾ ਵੀ ਸ਼ੁਰੂ ਹੋ ਗਿਆ। ਉਸਨੇ ਗੁਰੂ ਸਾਹਿਬ ਵਲ ਵੀ ਇਕ ਚਿਠੀ ਭੇਜੀ ਜਿਸ ਵਿਚ ਉਸਨੇ ਗੁਰੂ ਸਾਹਿਬ ਨੂੰ ਕਸਮਾਂ ਤਰਲਿਆਂ ਨਾਲ ਸਦਿਆ ਤੇ ਕਿਹਾ ਕਿ, ” ਮੈ ਤੁਹਾਡੇ ਕੋਲ ਖੁਦ ਚਲ ਕੇ ਆਉਂਦਾ ਪਰ ਮਜਬੂਰ ਹਾਂ ਬਿਮਾਰੀ ਮੈਨੂੰ ਇਜਾਜ਼ਤ ਨਹੀਂ ਦੇ ਰਹੀ “। ਗੁਰੂ ਸਾਹਿਬ ਨੇ ਉਸਦੀ ਬਿਮਾਰੀ ਦਾ ਸੁਣਕੇ ਸਭ ਕੁਝ ਭੁਲਾ ਕੇ ਜਾਣ ਦੀ ਤਿਆਰੀ ਕਰ ਲਈ ਪਰ ਉਹ ਅਜੇ ਰਾਹ ਵਿਚ ਹੀ ਸਨ ਕੀ ਔਰੰਗਜ਼ੇਬ ਦੀ ਮੌਤ ਦੀ ਖਬਰ ਆ ਗਈ, ਪਛਤਾਵੇ ਦੀ ਅਗ ਵਿਚ ਸੜਦਾ ਤੇ ਗੁਰੂ ਸਾਹਿਬ ਦੀਆਂ ਫਿਟਕਾਰਾਂ ਦੀ ਤਾਬ ਨਾ ਝਲਦਾ ਸ਼ਹਿਨਸ਼ਾਹ ਔਰੰਗਜੇਬ ਬਿਨਾਂ ਆਪਣੇ ਗੁਨਾਹ ਬਖ਼ਸ਼ਾਏ ਇਸ ਦੁਨਿਆ ਤੋ ਕੂਚ ਕਰ ਗਿਆ।
ਕਾਫੀ ਚਿਰ ਗੁਰੂ ਸਾਹਿਬ ਦੀਨੇ ਰਹੇ। ਇਥੇ ਸੰਗਤਾਂ ਦੀਆ ਰੋਣਕਾਂ ਵੀ ਲਗਦੀਆਂ, ਓਹ ਘੋੜ ਸਵਾਰੀ ਵੀ ਕਰਦੇ, ਸ਼ਿਕਾਰ ਵੀ ਖੇਡਣ ਜਾਂਦੇ। ਉਨ੍ਹਾ ਨੇ ਚੋਖੇ ਬਹਾਦੁਰ ਸਿਪਾਹੀ ਤਨਖਾਹਦਾਰ ਵੀ ਭਰਤੀ ਕਰ ਲਏ। ਗੁਰੂ ਸਾਹਿਬ ਕੋਲ ਫੌਜ਼ ਤੇ ਸ਼ਸ਼ਤਰ ਵੀ ਇਕਠੇ ਹੋ ਗਏ। ਕਾਫੀ ਸਿੰਘ ਜੋ ਆਪਜੀ ਵਾਸਤੇ ਹਰ ਕੁਰਬਾਨੀ ਦੇਣ ਨੂੰ ਤਿਆਰ ਸੀ। ਵਜ਼ੀਰ ਖਾਨ ਦੀਆ ਫੌਜਾਂ ਅਜੇ ਵੀ ਪਿਛਾ ਕਰ ਰਹੀਆਂ ਸਨ। ਦੀਨੇ ਵਿਚ ਗੁਰੂ ਸਾਹਿਬ ਲੜਨਾ ਨਹੀ ਸੀ ਚਾਹੁੰਦੇ। ਵਸੋਂ ਤੋ ਦੂਰ ਅਗਾਹ ਜੰਗਲ ਵਿਚ ਕਿਸੇ ਢੁਕਵੀਂ ਜਗਹ ਤੇ ਲੜਨ ਦਾ ਫੈਸਲਾ ਕੀਤਾ।
ਦੀਨੇ ਤੋਂ ਜਾਕੇ ਬੁਰਜ ਵਿਚ ਜਾ ਡੇਰਾ ਲਾਇਆ। ਸ਼ਰਧਾਲੂਆਂ ਦੀ ਇਥੇ ਵੀ ਕੋਈ ਕਮੀ ਨਹੀ ਸੀ। ਜਦ ਜਵਾਨੀਆਂ ਦੀ ਮੰਗ ਕੀਤੀ ਜੋ ਸਿਰ ਤਲੀ ਤੇ ਧਰ ਕੇ ਧਰਮ ਲਈ ਸ਼ਹੀਦ ਹੋਣਾ ਜਾਣਦੇ ਹੋਣ ਤਾਂ ਬਹੁਤ ਸਾਰੇ ਜਵਾਨ ਇਸ ਧਰਮ ਯੁਧ ਵਿਚ ਸ਼ਾਮਲ ਹੋਣ ਲਈ ਆ ਗਏ। ਗੁਰੂ ਸਾਹਿਬ ਜਲਾਲ -ਭਗਤਾ ਆਦਿ ਪਿੰਡਾਂ ਤੋ ਹੁੰਦੇ ਕਪੂਰੇ ਪਹੁੰਚੇ। ਇਥੇ ਇਕ ਥਾਂ ਢਾਬ ਦੇ ਵਿਚਕਾਰ ਉਚੀ ਥਾਂ ਸੀ। ਕਪੂਰੇ ਨੂੰ ਕਿਹਾ ਸਾਨੂੰ ਇਸ ਗੜੀ ਵਿਚ ਮੋਰਚਾ ਲਗਾਕੇ ਵੈਰੀਆਂ ਨਾਲ ਦੋ ਹਥ ਕਰ ਲੇਣ ਦਿਉ , ਹਾਲਾਕਿ ਉਸਦੀ ਪੂਰੀ ਹਮਦਰਦੀ ਗੁਰੂ ਸਾਹਿਬ ਨਾਲ ਸੀ ਪਰ ਹਕੂਮਤ ਦੇ ਡਰ ਤੋਂ ਮਨਾ ਕਰ ਦਿਤਾ ਤੇ ਕਿਹਾ ਤੁਰਕ ਮੈਨੂੰ ਮਾਰ ਦੇਣਗੇ ਤਾਂ ਗੁਰੂ ਸਾਹਿਬ ਨੇ ਹਸਕੇ ਕਿਹਾ, ” ਕਪੂਰਿਆ ਤੈਨੂੰ ਤੁਰਕਾਂ ਨੇ ਫਿਰ ਵੀ ਨਹੀ ਛਡਣਾ। ਗੁਰੂ ਸਾਹਿਬ ਦਾ ਇਹ ਵਾਕ ਸਚ ਹੋਇਆ ਜਦ ਕਪੂਰੇ ਦੇ ਗੁਆਂਢੀ ਈਸਾ ਖਾਨ ਨੇ ਕਪੂਰੇ ਨੂੰ ਲੁਟਿਆ ਤੇ ਫਾਹੇ ਦੇ ਦਿਤਾ।
ਉਥੋਂ ਢਿਲਵਾਂ ਪਹੁੰਚੇ ਜਿਥੇ ਭਾਈ ਸਾਧੂ ਕੋਲ ਜੋ ਪ੍ਰਿਥੀਏ ਦੀ ਔਲਾਦ ਵਿਚੋਂ ਸੀ ਮਿਲੇ ਓਹ ਗੁਰੂ ਸਾਹਿਬ ਵਾਸਤੇ ਚਿਟੇ ਬਸਤਰ ਲੈਕੇ ਆਇਆ। ਨੀਲੇ ਬਸਤਰ ਗੁਰੂ ਸਾਹਿਬ ਨੇ ਲੀਰਾਂ ਕਰ ਕਰਕੇ ਅਗ ਵਿਚ ਸੁਟੀ ਗਏ, ਕਹਿੰਦੇ ਗਏ ਮੁਗਲ ਰਾਜ ਸੜ ਰਿਹਾ ਹੈ। ਗੁਰੂ ਸਾਹਿਬ ਦੀ ਆਪਣੀ ਚੋਂਣ ਤੇ ਚੌਧਰੀ ਕਪੂਰੇ ਤੇ ਭਾਈ ਕੋਲ ਦੀ ਸਲਾਹ ਅਨੁਸਾਰ ਓਨ੍ਹਾ ਨੇ ਖਿਦਰਾਣੇ ਦੀ ਢਾਬ ਤੇ ਮੁਕਾਬਲਾ ਕਰਨਾ ਠੀਕ ਸਮਝਿਆ ਜਿਸਦੇ ਕਈ ਮੁਖ ਕਾਰਣ ਸੀ। ਸਿਰਫ ਇਥੇ ਹੀ ਪਾਣੀ ਸੀ ਤੇ ਅਗੇ ਕੋਹਾਂ ਦੂਰ ਦੂਰ ਤਕ ਖੁਲੀ ਓਜਾੜ ਤੇ ਜੰਗਲ ਬੀਆਬਾਨ ਸੀ ਤੇ ਇਸ ਤੇ ਗੁਰੂ ਸਾਹਿਬ ਦਾ ਕਬਜਾ ਸੀ। ਚਾਰ ਚੁਫੇਰੇ ਕੰਡਿਆਲੀਆਂ ਝਾੜੀਆਂ ਨੇ ਗੁਰੂ ਦੇ ਸਿੰਘ ਸੂਰਬੀਰਾਂ ਨੂੰ ਲੋੜੀਂਦੀ ਓਟ ਪ੍ਰਦਾਨ ਕੀਤੀ। ਗਰਮੀ ਦਾ ਮੋਸਮ ਹੋਣ ਕਰਕੇ ਰੇਤੀਲੀ ਭੂਮੀ ਦੇ ਉਡਣ ਵਾਲੇ ਰੇਤੇ ਨੇ ਵੇਰੀਆਂ ਨੂੰ ਅਖਾਂ ਨਾ ਪੁਟਣ ਦਿਤੀਆਂ ਤੇ ਥੋੜੇ ਹੀ ਸਮੇ ਵਿਚ ਦੁਸ਼ਮਣ ਤੋਬਾ-ਤੋਬਾ ਪੁਕਾਰ ਉਠੇ। ਗਰਮੀ ਦੀ ਰੁਤ ਤੇ ਲਾਗੇ ਚਾਗੇ ਕੋਈ ਹੋਰ ਜਲ-ਸੋਮਾ ਨਾ ਹੋਣਾ ਵੀ ਵੇਰੀਆਂ ਲਈ ਘਾਤਕ ਸਿਧ ਹੋਇਆ ਤੇ ਉਨ੍ਹਾ ਨੇ ਪਿਛੇ ਹਟ ਆਪਣੀਆ ਜਾਨਾ ਬਚਾਓਣ ਨੂੰ ਤਰਜੀਹ ਦਿਤੀ। ਚਾਹੇ ਸਿੰਘ ਗੁਰੂ ਸਾਹਿਬ ਵਲੋਂ ਬਖਸ਼ੀ ਸੂਰਬੀਰਤਾ ਦੇ ਕਾਰਣ ਹੀ ਲੜਾਈ ਜਿਤੇ ਪਰ ਜਗਾ ਦੀ ਚੋਣ ਨੇ ਵੀ ਇਸ ਜਿਤ ਵਿਚ ਬਹੁਤ ਵਡਾ ਹਿਸਾ ਪਾਇਆ ਜਿਸ ਵਿਚ ਗੁਰੂ ਸਾਹਿਬ ਮਾਹਿਰ ਸਨ।
( ਚਲਦਾ )