ਗੁਰੂ ਸਾਹਿਬ ਨੇ ਇਸ ਅਚਨਚੇਤ ਹਮਲੇ ਦਾ ਮੁਕਾਬਲਾ ਕਰਨ ਲਈ ਜਿਤਨਾ ਕੁਝ ਇੰਤਜ਼ਾਮ ਹੋ ਸਕਦਾ ਸੀ ਤੁਰੰਤ ਫੁਰੰਤ ਕਰ ਲਿਆ। ਸਿਖਾਂ ਦੇ ਛੋਟੇ ਛੋਟੇ ਜਥੇ ਚਾਰੋ ਤਰਫ਼ ਤਾਇਨਾਤ ਕਰ ਦਿਤੇ ਗਏ। ਭਾਈ ਆਲਮ ਸਿੰਘ ਤੇ ਭਾਈ ਮਾਨ ਸਿੰਘ ਨੂੰ ਪਹਿਰਾ ਦੇਣ ਲਈ ਖੜਾ ਕਰ ਦਿਤਾ। ਗੁਰੂ ਸਾਹਿਬ, ਦੋਨੋ ਵੱਡੇ ਸਾਹਿਬਜ਼ਾਦੇ, ਭਾਈ ਦਇਆ ਸਿੰਘ ਤੇ ਭਾਈ ਸੰਗਤ ਸਿੰਘ ਨੇ ਉਪਰਲੀ ਮੰਜਿਲ ਤੇ ਮੋਰਚੇ ਸੰਭਾਲ ਲਏ। ਨਵਾਬ ਨੇ ਡੋੰਡੀ ਪਿਟਵਾ ਦਿਤੀ ਕਿ ਜੇਕਰ ਗੁਰੂ ਆਪਣੇ ਸਾਥੀਆਂ ਸਮੇਤ ਆਪਣੇ ਆਪ ਨੂੰ ਪੇਸ਼ ਕਰ ਦੇਣ ਤਾਂ ਉਨ੍ਹਾ ਦੀ ਜਾਨ ਬਖਸ਼ ਦਿਤੀ ਜਾਵੇਗੀ, ਜਿਸਦਾ ਜਵਾਬ ਗੁਰੂ ਸਾਹਿਬ ਨੇ ਤੀਰਾਂ ਨਾਲ ਦਿਤਾ। ਓਧਰੋਂ ਵੀ ਤੀਰਾਂ ਤੇ ਗੋਲੀਆਂ ਦੀ ਬੁਛਾੜ ਸ਼ੁਰੂ ਹੋ ਗਈ ਪਰ ਗੜੀ ਦੀ ਦੀਵਾਰ ਦੇ ਨੇੜੇ ਆਓਣ ਦੀ ਕਿਸੇ ਦੀ ਹਿੰਮਤ ਨਾ ਹੋਈ। ਨਾਹਰ ਖਾਨ ਤੇ ਗੈਰਤ ਖਾਨ, ਸਰਹੰਦ ਦੇ ਦੋ ਜਰਨੈਲਾਂ ਨੇ ਦੀਵਾਰ ਤੋਂ ਉਪਰ ਸਿਰ ਚੁਕਣ ਦੀ ਹਿੰਮਤ ਕੀਤੀ, ਦੋਨੋ ਗੁਰੂ ਸਾਹਿਬ ਦੇ ਤੀਰਾਂ ਨਾਲ ਮਾਰੇ ਗਏ। ਪਰ ਖਵਾਜਾ ਮਰਦੂਦ ਗੜੀ ਦੀ ਦੀਵਾਰ ਦੇ ਨਾਲ ਛੁਪਕੇ ਬਚ ਨਿਕਲਿਆ। ਰਾਤ ਪੈ ਗਈ, ਪੋਹ ਦੀ ਕਾਲੀ ਬੋਲੀ ਠੰਡੀ ਤੇ ਹਨੇਰੀ ਰਾਤ। ਬਾਰਸ਼ ਵਿਚ ਭਿਜੇ ਕਪੜੇ, ਕਚੀ ਗੜੀ ਦਾ ਕਚਾ ਫਰਸ਼। ਸਿੰਘ ਤੇ ਸਾਹਿਬਜ਼ਾਦੇ ਭੁੰਜੇ ਟਿਕਾਣਾ ਕਰ ਲੈਂਦੇ ਹਨ। ਭਾਈ ਦਾਇਆ ਸਿੰਘ, ਭਾਈ ਧਰਮ ਸਿੰਘ ਗੁਰੂ ਸਾਹਿਬ ਨਾਲ ਸਵੇਰ ਦੀ ਲੜਾਈ ਦੀ ਵਿਓਂਤ ਗੁੰਦਦੇ ਹਨ। ਚਮਕੌਰ ਦੀ ਗੜੀ ਵਿਚ ਬਾਕੀ ਸਿੰਘ ਤਾਂ ਥਕੇ ਹਾਰੇ ਸੋ ਜਾਂਦੇ ਹਨ ਪਰ ਗੁਰੂ ਗੋਬਿੰਦ ਸਿੰਘ ਜੀ ਗੜੀ ਦੀ ਦੀਵਾਰ ਦੀ ਇਕ ਇਕ ਇਟ ਨੂੰ ਬੜੇ ਧਿਆਨ ਨਾਲ ਦੇਖਦੇ ਹਨ ਤੇ ਸੋਚਦੇ ਹਨ, ਇਹ ਥਾਂ ਤੇ ਅਜ ਓਹ ਕੁਝ ਹੋਣਾ ਹੈ ਜੋ ਰਹਿੰਦੀ ਦੁਨਿਆ ਤਕ ਲੋਗ ਯਾਦ ਰਖਣਗੇ।
ਇਕ ਪਾਸੇ 43 ਕੁ ਸਿੰਘ, ਭੁਖੇ ਭਾਣੇ ਬੇਸਰੋ – ਸਮਾਨ ਦੀ ਹਾਲਤ ਵਿਚ ਤੇ ਦੂਸਰੇ ਪਾਸੇ 10 ਲਖ ਤੋ ਵਡੀ ਫੌਜ਼। ਸਵੇਰੇ ਇਕ ਇਕ ਕਰਕੇ ਸਿਖ ਬਾਹਰ ਨਿਕਲਦਾ ਹੈ ਤੇ ਸੂਰਮਗਤੀ ਦੇ ਨਵੇਂ ਕਿਆਮ ਸਥਾਪਤ ਕਰਕੇ ਸ਼ਹੀਦੀ ਪ੍ਰਾਪਤ ਕਰ ਲੈਂਦਾ। ਰਾਤ ਪਈ, ਸਿੰਘਾਂ ਨੇ ਗੁਰੂ ਸਾਹਿਬ ਅਗੇ ਬੇਨਤੀ ਕੀਤੀ ਕਿ ਤੁਸੀਂ ਦੋਨੋ ਸਾਹਿਬਜ਼ਾਦਿਆਂ ਨੂੰ ਲੈਕੇ ਨਿਕਲ ਜਾਓ। ਗੁਰੂ ਸਾਹਿਬ ਨੇ ਉਤਰ ਦੇਕੇ ਸਭ ਨੂੰ ਚੁਪ ਕਰਾ ਦਿਤਾ , ” ਤੁਸੀਂ ਕੇਹੜੇ ਸਾਹਿਬਜਾਦਿਆਂ ਦੀ ਗਲ ਕਰਦੇ ਹੋ, ਤੁਸੀਂ ਸਾਰੇ ਹੀ ਮੇਰੇ ਸਾਹਿਬਜ਼ਾਦੇ ਹੋ”। ਸਿਖ ਆਪਣੇ ਘੋੜਿਆਂ ਦੇ ਕਪੜੇ ਬਿਛਾ ਭੂੰਜੇ ਹੀ ਲੇਟ ਜਾਂਦੇ ਹਨ। ਦੋ ਦਿਨ ਦੇ ਧਕੇ ਹਾਰੇ ਭੁਖ਼ੇ ਭਾਣੇ ਸਿੰਘ ਜਲਦੀ ਹੀ ਸੋ ਜਾਂਦੇ ਹਨ। ਗੁਰੂ ਸਾਹਿਬ ਬੜੇ ਪਿਆਰ ਨਾਲ ਇਕ ਇਕ ਨੂੰ ਨਿਹਾਰਦੇ ਹਨ, ਉਹਨਾਂ ਦੀਆਂ ਦਸਤਾਰਾਂ ਠੀਕ ਕਰਦੇ ਹਨ, ਕਦੀ ਉਨ੍ਹਾ ਦੇ ਮੂੰਹ ਤੇ ਕਦੀ ਪੈਰਾਂ ਵਲ ਦੇਖਦੇ ਹਨ। ਚਮਕੌਰ ਦੀ ਗੜੀ ਦੇ ਇਕ ਤੰਬੂ ਵਿਚ ਦੋਨੋ ਸਾਹਿਬਜ਼ਾਦਿਆਂ ਨੂੰ ਸੁਤਿਆਂ ਦੇਖਦੇ ਹਨ। ਉਨਾ ਦਾ ਸਿਰ ਆਪਣੀ ਗੋਦੀ ਵਿਚ ਲੇਕੇ ਪਿਆਰ ਕਰਦੇ ਹਨ। ਅਲਾ ਯਾਰ ਜੋਗੀ ਇਸ ਵਕਤ ਉਨ੍ਹਾ ਦੇ ਅੰਦਰ ਉਠ ਰਹੇ ਵਲਵਲਿਆਂ ਦਾ ਅੰਦਾਜ਼ਾ ਲਗਾਕੇ ਬਿਆਨ ਕਰਦਾ ਹੈ।
ਥੇ ਚਾਰ ਅਬ ਦੋ ਹੀ, ਸਾਇਦ ਏਹ ਭੀ ਨਾਂ ਹੋਗੇਂ।
ਹਮ ਸਬਰ ਕਰੇਂਗੇ ਜੁ ਅਗਰ ਏਹ ਭੀ ਨਾਂ ਹੋਂਗੇ।
ਸਵੇਰ ਹੋਈ, ਪਹਿਲੇ ਤੀਰ ਚਲੇ, ਤੀਰ ਮੁਕੇ ਤੇ ਪੰਜ ਪੰਜ ਸਿਖਾਂ ਦੇ ਜਥੇ ਹਥੋਂ ਹਥ ਬਰਛਿਆਂ ਤੇ ਤਲਵਾਰਾਂ ਨਾਲ ਮੈਦਾਨ ਵਿਚ ਉਤਰੇ। ਗੁਰੂ ਸਾਹਿਬ ਨੇ ਆਪਣੇ ਦੋਨੋ ਪੁਤਰਾਂ ਨੂੰ ਆਪਣੇ ਹਥੀਂ ਤਿਆਰ ਕੀਤਾ ਤੇ ਨਿਕੇ ਨਿਕੇ ਜਥਿਆਂ ਦੀ ਜਿਮੇਵਾਰੀ ਸੋਂਪੀ। ਇਕ ਇਕ ਜਥਾ ਗੜੀ ਤੋ ਬਾਹਰ ਨਿਕਲਦਾ ਤੇ ਸ਼ਹੀਦੀ ਸੂਰਬੀਰਤਾ ਦਾ ਨਵਾਂ ਕਿਆਮ ਸਥਾਪਿਤ ਕਰਕੇ ਵੀਰਗਤੀ ਨੂੰ ਪ੍ਰਾਪਤ ਹੋ ਜਾਂਦੇ। ਹੁਣ ਅਜੀਤ ਸਿੰਘ ਦੇ ਜਥੇ ਦੀ ਵਾਰੀ ਆਉਂਦੀ ਹੈ। 18 ਸਾਲ ਦਾ ਪੁਤਰ ਆਪਣੇ ਪਿਤਾ ਤੋਂ ਇਜਾਜ਼ਤ ਮੰਗਣ ਲਈ ਆਉਂਦਾ ਹੈ ਤੇ ਪਿਤਾ ਦੇ ਦਿਲ ਦੀ ਗਲ ਸਮਝ ਕੇ ਕਹਿੰਦਾ ਹੈ। ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ।। ਜੀਤਾ ਜੋ ਗਿਆ ਖੈਰ ਜੀਤਾ ਨਾ ਆਊਂਗਾ।। ਪਿਤਾ ਦੇ ਦਿਲ ਤੇ ਕੀ ਗੁਜਰੀ ਹੋਵੇਗੀ ? ਜਦ ਪਤਾ ਹੋਵੇ ਕੀ ਮੁੜ ਕੇ ਵਾਪਸ ਨਹੀਂ ਆਉਣਾ। ਪੁਤਰ ਨੂੰ ਅਸੀਸ ਦਿਤੀ, ਜੰਗ ਵਿਚ ਜੂਝਦੇ ਦੇਖਿਆ। ਇਨ੍ਹਾ ਦੇ ਚੇਹਰੇ ਦਾ ਜਲਾਲ ਦੇਖਕੇ ਇਕ ਵਾਰੀ ਤਾਂ ਮੁਗਲ ਫੌਜ਼ ਘਬਰਾ ਗਈ, ਵਡੇ ਵਡੇ ਜਿਗਰੇ ਵਾਲੇ ਡੋਲ ਗਏ। ਅਜੀਤ ਸਿੰਘ ਨੇ ਐਸੇ ਜੋਹਰ ਦਿਖਾਏ ਕੀ ਵੈਰੀ ਤਰਾਹ ਤਰਾਹ ਕਰ ਉਠਿਆ। ਜਿਸ ਬਹਾਦਰੀ ਨਾਲ ਉਹਨਾ ਨੇ ਵੈਰੀਆਂ ਦਾ ਮੁਕਾਬਲਾ ਕੀਤਾ ਉਹ ਇਤਿਹਾਸ ਵਿਚ ਇਕ ਅਮਿਟ ਘਟਨਾ ਬਣ ਕੇ ਰਹਿ ਗਈ ਹੈ। ਤੀਰ ਅਜਿਹੀ ਫੁਰਤੀ ਨਾਲ ਚਲਾਏ ਕੀ ਕੁਝ ਚਿਰ ਲਈ ਤਾਂ ਵੈਰੀ ਵੀ ਪਿਛੇ ਹਟਣ ਲਈ ਮਜਬੂਰ ਹੋ ਗਿਆ। ਤੀਰਾਂ ਦਾ ਭਠਾ ਖਾਲੀ ਹੋਇਆ ਤਾਂ ਨੇਜੇ ਨਾਲ ਵਾਰ ਸ਼ੁਰੂ ਕਰ ਦਿਤਾ। ਜਦ ਨੇਜਾ ਮੁਗਲ ਸਰਦਾਰ ਦੀ ਛਾਤੀ ਤੋਂ ਕਢਣ ਵੇਲੇ ਟੁਟਿਆ ਤਾਂ ਤਲਵਾਰ ਪਕੜ ਲਈ। ਪੰਜੇ ਸਿਖ ਸਹੀਦ ਹੋ ਗਏ। ਇਕੱਲਾ ਜਾਣ ਕੇ ਸਾਰੇ ਵੈਰੀ ਇਕਠੇ ਹੋ ਉਨ੍ਹਾ ਤੇ ਟੁਟ ਪਏ ਅਖਿਰ ਜੁਰਤ ਤੇ ਸੂਰਮਤਾਈ ਦੇ ਨਵੈ ਪੂਰਨੇ ਪਾਂਦੇ ਸ਼ਹੀਦ ਹੋ ਗਏ। ਗੁਰੂ ਸਹਿਬ ਨੇ ਪੁਤਰ ਨੂੰ ਸ਼ਹੀਦ ਹੁੰਦਿਆਂ ਦੇਖਿਆ, ਡੋਲੇ ਨਹੀਂ, ਫਿਰ ਵੀ ਚੜਦੀ ਕਲਾ ਵਿਚ ਸਨ। ਪੁਤਰ ਨੂੰ ਅਵਾਜ਼ ਦਿਤੀ , ” ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ, ਹਾਂ ਕਿਉ ਨਾ ਹੋ ਗੋਬਿੰਦ ਕੇ ਫਰਜੰਦ ਬੜੇ ਹੋ ” ਬੋਲੇ ਸੋ ਨਿਹਾਲ ਦਾ ਨਾਹਰਾ ਲਗਾਇਆ ਤੇ ਅਕਾਲ ਪੁਰਖ ਦਾ ਧੰਨਵਾਦ ਕੀਤਾ, ” ਰਬਾ ਤੇਰਾ ਸ਼ੁਕਰਿਆ, ਦੇਸ਼, ਕੌਮ, ਧਰਮ, ਤੇ ਮਨੁਖਤਾ ਵਾਸਤੇ ਇਕ ਹੋਰ ਅਮਾਨਤ ਅਦਾ ਹੁਈ। ਅਲਾ ਯਾਰ ਜੋਗੀ ਗੁਰੂ ਸਾਹਿਬ ਦੇ ਇਹਨਾਂ ਦੇ ਵਲਵਲਿਆਂ ਦਾ ਅੰਦਾਜ਼ਾ ਲਗਾਕੇ ਲਿਖਦਾ ਹੈ:
ਬੇਟੋ ਕੋ ਸ਼ਹਾਦਤ ਮਿਲੀ ਦੇਖਾ ਜੋ ਪਿਦਰ ਨੇ।
ਤੂਫਾਂ ਗਮ ਕਾ ਕੀਆ ਦੀਦਾ-ਏ -ਤਰ ਨੇ।
ਇਤਨੇ ਨੂੰ ਛੋਟਾ ਸਾਹਿਬਜ਼ਾਦਾ ਸਾਮਣੇ ਆਇਆ। ਵਡੇ ਭਰਾ ਨੂੰ ਦੇਖਕੇ ਉਸ ਨੂੰ ਵੀ ਸ਼ਹਾਦਤ ਦਾ ਚਾਅ ਚੜਿਆ। ਜੰਗ ਵਿਚ ਜਾਣ ਦੀ ਇਜਾਜ਼ਤ ਮੰਗੀ। ਗੁਰੂ ਸਾਹਿਬ ਨੇ ਕਿਹਾ। ਤੇਰੀ ਉਮਰ ਤਾਂ ਅਜੇ ਛੋਟੀ ਹੈ, ਤੂੰ ਤਾਂ ਕਦੇ ਜੰਗ ਲੜਿਆ ਨਹੀਂ, ਤੂੰ ਕਿਵੈ ਇਤਨੀ ਵਡੀ ਫੌਜ ਨਾਲ ਮੁਕਾਬਲਾ ਕਰੇਂਗਾ। ਮੈਂ ਆਪਣੇ ਭਰਾ ਦੇ ਕੋਲ ਜਾਣਾ ਹੈ, ਮੈ ਤਾਂ ਕਦੇ ਉਸਤੋ ਬਿਨਾ ਕਦੇ ਰਿਹਾ ਨਹੀਂ। ਇਹ ਸੁਣਕੇ ਗੜੀ ਦੇ ਸਿੰਘਾਂ ਦੀਆਂ ਅਖਾਂ ਤਰ ਹੋ ਗਈਆਂ। ਅੱਲਾ ਯਾਰ ਜੋਗੀ ਲਿਖਦੇ ਹਨ :
ਇਸ ਵਕਤ ਕਹਾ ਨਨੇ ਨੇ, ਮਾਸੂਮ ਪਿਸਰ ਨੇ
ਰੁਖਸਤ ਹਮੇ ਦਿਲਵਾਓ ਪਿਤਾ ਜਾਏਂਗੇ ਮਰਨੇ ਹਮ
ਮਰਨੇ ਕੇ ਲੀਏ ਕਹਨੇ ਲਗੇ ਜਾਈਏ ਜੰਮ ਜੰਮ
ਰੂਠੋ ਨਾ ਖੁਦਾਰਾ, ਨਹੀਂ ਰੋਕੇਗੇ ਕਬੀ ਹਮ
ਹਮਨੇ ਕਹਾ ਬਾਪ ਕੋ ਜਾਂ ਦੀਜੇ ਧਰਮ ਪੈ
ਲਓ ਕਹਤੈ ਅਬ ਆਪ ਕੋ ਜਾਂ ਦੀਜੇ ਧਰਮ ਪੈ।
ਲੋ ਜਾਉ ਸਿਧਾਰੋ ਤੁਮੇ ਕਰਤਾਰ ਕੋ ਸੋਂਪਾ
ਮਰ ਜਾਉ ਯਾ ਮਾਰੋ ਤੁਮੇ ਕਰਤਾਰ ਕੋ ਸੋਂਪਾ
ਬੇਟੇ ਹੋ ਤੁਮ ਹੀ ਪੰਥ ਕੇ ਬੇੜੇ ਕੇ ਖਵਇਆ
ਸਰ ਭੇਟ ਕਰੋ ਤਾਕਿ ਧਰਮ ਕੀ ਚਲੇ ਨਇਆ।
ਪਿਤਾ ਦੇ ਇਨਾ ਲਫਜਾਂ ਨਾਲ ਆਗਿਆ ਦਿਤੀ, ਧਰਤੀ ਤੇ ਜਲਜਲਾ ਆ ਗਿਆ ਆਸਮਾਨ ਨੇ ਨਜਰ ਝੁਕਾ ਲਈ। ਗੁਰੂ ਸਾਹਿਬ ਚੁਬਾਰੇ ਤੇ ਖੜੇ ਹੋਕੇ ਆਪਣੇ ਛੋਟੇ ਸਾਹਿਬਜ਼ਾਦੇ ਨੂੰ ਜੂਝਦਿਆ ਵੇਖ ਰਹੇ ਸਨ ਜੋ ਆਪਣੇ ਵਡੇ ਭਰਾ ਤੋਂ ਇਕ ਕਦਮ ਅਗੇ ਸੀ। ਅਖ਼ਿਰ ਇਹ ਅਮਾਨਤ ਵੀ ਅਕਾਲ ਪੁਰਖ ਨੂੰ ਭੇਟ ਹੋ ਗਈ। ਗੁਰੂ ਸਾਹਿਬ ਨੇ ਜੈਕਾਰਾ ਛਡਿਆ, ” ਪਰਾਈ ਅਮਾਨ ਕਿਓ ਰਖੀਏ ਦਿਤੇ ਹੀ ਸੁਖ ਹੋਏ – ਤੇਰੀ ਅਮਾਨ ਤੇਰੇ ਹਵਾਲੇ – ਗੁਰੂ ਪਿਤਾ ਤੇਗ ਬਹਾਦਰ ਦੀ ਕੁਰਬਾਨੀ ਸਦਕਾ ਮੈਨੂੰ ਸ਼ਹੀਦ ਦੇ ਪੁਤਰ ਹੋਣ ਦਾ ਮਾਣ ਮਿਲਿਆ ਹੈ। ਅਜ ਇਨ੍ਹਾ ਯੋਧਿਆਂ ਦੀ ਕਰਨੀ ਸਦਕਾ ਸ਼ਹੀਦਾਂ ਦਾ ਪਿਤਾ ਹੋਣ ਦਾ ਹਕਦਾਰ ਬਣਿਆ ਹਾਂ। ਅਰਦਾਸ ਪ੍ਰਵਾਨ ਹੋਵੇ ਜੀ ਤੇਰਾ ਲਖ ਲਖ ਧੰਨਵਾਦ।
ਮੁਝ ਪਰ ਸੇ ਆਜ ਤੇਰੀ ਆਮਾਨਤ ਅਦਾ ਹੂਈ
ਬੇਟੋ ਕੀ ਜਾਨ ਧਰਮ ਖਾਤਿਰ ਫ਼ਿਦਾ ਹੁਈ।
ਅਵਤਾਰਾਂ, ਰਸੂਲਾਂ, ਪੈਗ੍ਮਰਾਂ ਵਿਚ ਕੋਈ ਐਸਾ ਸਾਬਰ ਨਹੀਂ ਹੋਇਆ ਜਿਸਨੇ ਆਪਣੇ ਪੁਤਰਾਂ ਨੂੰ ਆਪ ਜੰਗ ਤੋਰਕੇ, ਸ਼ਹੀਦ ਕਰਵਾਕੇ ਇਕ ਹੰਜੂ ਵੀ ਨਾ ਕੇਰਿਆ ਹੋਵੇ ਤੇ ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ ਹੋਵੇ। ਗੁਰੂ ਸਾਹਿਬ ਨੇ ਆਪਣੇ ਪੁਤਰਾਂ ਨੂੰ ਦੇਸ਼ ਤੇ ਕੌਮ ਤੋਂ ਵਾਰਕੇ ਦੇਸ਼ ਵਾਸੀਆਂ ਦੀ ਰੂਹ ਨੂੰ ਪੁਨਰ ਜੀਵਤ ਕਰ ਦਿਤਾ।
ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਨਾ ਕੇ
ਰੂਹ ਫੂਕ ਦੀ ਗੋਬਿੰਦ ਨੇ ਔਲਾਦ ਕਟਾਕੇ।
ਇਥੇ ਹੀ ਭਗਤੀ ਤੇ ਸ਼ਕਤੀ ਦਾ ਮੇਲ ਹੋਇਆ। ਦੋਨੋ ਦੀਆ ਹਦਾਂ ਨੇ ਇਕ ਦੂਸਰੇ ਨੂੰ ਜਫੀਆਂ ਪਾਈਆਂ ਪੰਜ ਸਤ ਸਿਖ ਰਹਿ ਗਏ। ਹੁਣ ਸਭ ਦੀ ਸ਼ਹੀਦੀ ਯਕੀਨਨ ਸੀ। ਸਿੰਘਾਂ ਨੂੰ ਫਿਕਰ ਪੈ ਗਿਆ ਕਿ ਜੇਕਰ ਗੁਰੂ ਸਾਹਿਬ ਸ਼ਹੀਦ ਹੋ ਗਏ ਤਾਂ ਸਿਖ ਕੌਮ ਨੂੰ ਜਿੰਦਾ ਰਖਣ ਲਈ ਸਿਖਾਂ ਦੀ ਅਗਵਾਈ ਕੋਣ ਕਰੇਗਾ ? ਇਸ ਵਕਤ ਜੋ ਗੁਰੂ ਸਾਹਿਬ ਨੇ ਖਾਲਸਾ ਸਿਰਜਣਾ ਦੇ ਵਕ਼ਤ ਪੰਜ ਪਿਆਰਿਆ ਨੂੰ ਤਾਕਤ ਬਖਸ਼ੀ ਸੀ, ਦਾ ਚੇਤਾ ਆਇਆ। ਪੰਜ ਸਿਖ ਖਾਲਸਾ ਸਜ ਕੇ ਗੁਰੂ ਸਾਹਿਬ ਕੋਲ ਆਓਂਦੇ ਹਨ ਤੇ ਹੁਕਮ ਦਿੰਦੇ ਹਨ ਕੀ ਤੁਸੀਂ ਗੜੀ ਛਡ ਕੇ ਚਲੇ ਜਾਓ। ਕਲਗੀਧਰ ਨੇ ਉਤਰ ਦਿਤਾ,
ਹੈ ਸ਼ੌਕ ਸ਼ਹਾਦਤ ਕਾ ਹਮੇ ਸਭ ਸੇ ਜਿਆਦਾ
ਸੋ ਸਰ ਭੀ ਹੋ ਕੁਰਬਾਨ ਨਹੀਂ ਰਬ ਸੇ ਜਿਆਦਾ।
ਪੰਜ ਪਿਆਰਿਆਂ ਨੇ ਗੁਰੂ ਸਾਹਿਬ ਨੂੰ ਬਖਸ਼ੀ ਤਾਕਤ ਦੀ ਯਾਦ ਦਿਲਾਈ ਤੇ ਕਿਹਾ ਇਹ ਸਾਡਾ ਹੁਕਮ ਹੈ। ਖਾਲਸੇ ਦਾ ਹੁਕਮ ਟਾਲਿਆ ਨਹੀਂ ਜਾ ਸਕਦਾ, ਨਾ ਦਿਲ ਹੁੰਦਿਆ ਵੀ ਉਨਾਂ ਨੂੰ ਗੜੀ ਵਿਚੋਂ ਨਿਕਲਣਾ ਪਿਆ। ਬੁਰਜ ਤੇ ਖੜੇ ਹੋਕੇ ਨਰਸਿਮਾ ਵਜਾਇਆ। ਤਿੰਨ ਵਾਰੀ ਤਾੜੀ ਵਜਾਈ, ਤਿੰਨ ਵਾਰੀ ਉਚੀ ਅਵਾਜ਼ ਵਿਚ ਕਿਹਾ, ” ਪੀਰ-ਏ- ਹਿੰਦ ਮੇ ਰਵਦ, ਪੀਰ -ਏ-ਹਿੰਦ ਮੇ ਰਵਦ, ਪੀਰ-ਏ-ਹਿੰਦ ਮੇ ਰਵਦ, ਜੈਕਾਰਾ ਛਡਿਆ ਤੇ ਤਾਰਿਆਂ ਦੀ ਛਾਂਵੇ ਗੜੀ ਵਿਚੋਂ ਬਾਹਰ ਨਿਕਲ ਗਏ। ਆਪਣਾ ਚੋਗਾ ਤੇ ਕਲਗੀ ਸੰਗਤ ਸਿੰਘ ਨੂੰ ਦੇ ਗਏ, ਜਿਨਾਂ ਦਾ ਮੁਹਾਂਦਰਾ ਤੇ ਕਦ ਕਾਠ ਉਨਾਂ ਨਾਲ ਮਿਲਦਾ ਸੀ ਤੇ ਜਿਸਦੀ ਅਗਵਾਈ .ਬਹਾਦਰੀ ਤੇ ਵਫਾਦਾਰੀ ਦਾ ਗੁਰੂ ਜੀ ਨੂੰ ਪੂਰਾ ਪੂਰਾ ਭਰੋਸਾ ਸੀ ਕਿਓਂਕਿ ਭਾਈ ਸੰਗਤ ਸਿੰਘ ਤੇ ਭਾਈ ਸੰਤ ਸਿੰਘ ਦੋਨੋ ਭਰਾਵਾਂ ਨੇ ਸ਼ਾਦੀ ਨਹੀ ਕੀਤੀ ਤੇ ਸ਼ੁਰੂ ਤੋ ਹੀ ਗੁਰੂ ਸਾਹਿਬ ਦੇ ਪਵਿਤਰ ਉਦੇਸ਼ ਦੀ ਪੂਰਤੀ ਖਾਤਿਰ ਆਪਣਾ ਤਨ-ਮੰਨ-ਧੰਨ ਗੁਰੂ ਸਾਹਿਬ ਦੇ ਹਵਾਲੇ ਕਰ ਦਿਤਾ ਗੁਰੂ ਸਾਹਿਬ ਨੇ। 4 ਲੜਾਈਆਂ ਲੜੀਆਂ,। 3 ਲੜਾਈਆਂ ਦੇ ਦੋਰਾਨ ਓਹ ਗੁਰੂ ਸਾਹਿਬ ਨਾਲ ਸਨ। ਸਿਰਫ ਆਖਰੀ ਲੜਾਈ ਖਿਦਰਾਨੇ ਦੀ ਢਾਬ ਵੇਲੇ ਉਹ ਨਹੀਂ ਸਨ ਕਿਓਂਕਿ ਚਮਕੌਰ ਦੀ ਗੜੀ ਵਿਚ ਉਹ ਸ਼ਹੀਦ ਹੋ ਚੁਕੇ ਸਨ।
ਦੋ ਪਿਆਰੇ ਤੇ ਭਾਈ ਮਾਨ ਸਿੰਘ ਗੁਰੂ ਸਾਹਿਬ ਦੇ ਨਾਲ ਸੀ। ਜਦੋਂ ਬਾਹਰ ਨਿਕਲੇ ਤਾਂ ਦਇਆ ਸਿੰਘ ਦੀ ਨਜਰ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਤੇ ਪਈ। ਓਹ ਗੁਰੂ ਸਾਹਿਬ ਨੂੰ ਕਹਿਣ ਲਗੇ ਕਿ ਮੇਰਾ ਦਿਲ ਕਰਦਾ ਹੈ ਮੈਂ ਆਪਣੀ ਅਧੀ ਅਧੀ ਦਸਤਾਰ ਦੋਨੋ ਸਾਹਿਬਜਾਦਿਆਂ ਤੇ ਪਾ ਦਿਆਂ,। ਗਰੀਬ ਤੋਂ ਗਰੀਬ ਪੁਤਰ ਵੀ ਬਿਨਾ ਕਫਨ-ਦਫਨ ਤੋਂ ਇਸ ਦੁਨੀਆਂ ਤੋਂ ਨਹੀਂ ਜਾਂਦੇ ਗੁਰੂ ਸਾਹਿਬ ਹੋਰ ਸਭ ਲਾਸ਼ਾਂ ਵਲ ਇਸ਼ਾਰਾ ਕੀਤਾ ਤੇ ਕਿਹਾ, “ਇਹ ਵੀ ਸਭ ਮੇਰੇ ਬਚੇ ਹਨ, ਜੇ ਤੇਰੇ ਕੋਲ ਸਭ ਵਾਸਤੇ ਇੰਤਜ਼ਾਮ ਹੈ ਤਾਂ ਤੇਰੀ ਇਛਾ ਪੂਰੀ ਹੋ ਸਕਦੀ ਹੈ, ਇਹ ਕਹਿਕੇ ਓਹ ਅਗੇ ਨੂੰ ਤੁਰ ਪਏ।
ਅਗਲੇ ਦਿਨ ਬਾਕੀ ਸਿੰਘ ਇਕ ਇਕ ਕਰਕੇ ਸ਼ਹੀਦ ਹੋ ਗਏ ਪਰ ਈੰਨ ਨਹੀ ਮੰਨੀ, ਹਥਿਆਰ ਨਹੀਂ ਸੁਟੇ ਸਵਾ ਲਖ ਸੇ ਏਕ ਲੜਾਊਂ ਦਾ ਮਹਾਂ ਵਾਕ ਪੂਰਾ ਹੋਇਆ। ਗੁਰੂ ਸਾਹਿਬ ਦਾ ਚੋਲਾ ਤੇ ਕਲਗੀ ਦੇਖ ਕੇ ਹਕੂਮਤ ਨੂੰ ਭਰੋਸਾ ਹੋ ਗਿਆ ਕਿ ਗੁਰੂ ਸਾਹਿਬ ਸ਼ਹੀਦ ਗਏ ਹਨ ਤੇ ਇਹ ਭੁਲੇਖਾ ਕਈ ਦਿਨ ਤਕ ਰਿਹਾ।
ਸਮੁਚਾ ਸੰਸਾਰ ਇਸ ਜੰਗ ਦੇ ਜੁਝਾਰੂਆਂ ਦੇ ਸਿਦਕ, ਅਡੋਲਤਾ, ਤੇ ਜਾਂਬਾਜ਼ੀ ਦੇਖਕੇ ਅਸ਼ ਅਸ਼ ਕਰਦਾ ਹੈ। ਅੱਲਾ ਯਾਰ ਜੋਗੀ ਨੇ ਚਮਕੌਰ ਨੂੰ ਹਿੰਦੂਆਂ ਦਾ ਇਕੋ ਇਕ ਤੀਰਥ ਮੰਨਿਆ ਹੈ। ਮੁਲ੍ਮਾਨਾਂ ਨੇ ਇਸ ਸ਼ਾਇਰ ਨੂੰ ਇਸਲਾਮ ਤੋਂ ਕਢ ਦਿਤਾ, ਕਾਫ਼ਿਰ ਕਰਾਰ ਕਰ ਦਿਤਾ ਕਿਓਂਕਿ ਉਸਦੀ ਸਾਰੀ ਸ਼ਾਇਰੀ ਹੀ ਗੁਰੂ ਗੋਬਿੰਦ ਸਿੰਘ ਦੇ ਨਾਮ ਸੀ ਜਦੋਂ ਓਹ ਮੌਤ ਦੇ ਬਿਸਤਰ ਤੇ ਸੀ ਤਾਂ ਕਾਜ਼ੀ ਮਾਫੀਨਾਮਾ ਲੇਕੇ ਆਇਆ। ਸਾਰੀ ਓਮਰ ਤੂੰ ਇਕ ਕਾਫ਼ਿਰ ਦੀਆਂ ਸਿਫਤਾਂ ਕਰਦਾ ਰਿਹਾਂ ਹੈ, ਤੈਨੂੰ ਮੁਹੰਮਦ ਸਾਹਿਬ ਦਾ ਖ਼ਿਆਲ ਤਕ ਨਹੀ ਆਇਆ ? ਹੁਣ ਤੂੰ ਮੌਤ ਦੇ ਬਿਸਤਰ ਤੇ ਪਿਆਂ ਹੈ ਹੁਣ ਤਾਂ ਇਸ ਮਾਫ਼ੀਨਾਮੇ ਤੇ ਦਸਤਖਤ ਕਰਦੇ ਤਾਕਿ ਤੇਰੀ ਨਾਮਾਜ਼ੇ ਮਯੀਤ ਤੇ ਨਾਮਾਜ਼ੇ ਜਨਾਜ਼ਾ ਪੜਿਆ ਜਾ ਸਕੇ। ਅੱਲਾ ਯਾਰ ਜੋਗੀ ਦਾ ਜਵਾਬ ਸੀ ਮੈਨੂੰ ਨ੍ਮਾਜ਼ੇ ਮਯੀਤ ਤੇ ਨਾਮਾਜ਼ੇ ਜਨਾਜ਼ੇ ਦੀ ਲੋੜ ਨਹੀ, ਨਾ ਹੀ ਇਸਲਾਮੀ ਕਾਇਦੇ ਨਾਲ ਕਫਨ -ਦਫਨ ਦੀ ਲੋੜ ਹੈ ਮੇਰੇ ਲਈ ਜਨਤ ਦੇ ਦਰਵਾਜ਼ੇ ਬੇਸ਼ਕ ਨਾ ਖੋਲੇ ਜਾਣ, ਕਿਓਂਕਿ ਮੇਰਾ ਕਲਗੀਧਰ ਪਾਤਸ਼ਾਹ ਮੈਨੂੰ ਦਰਵਾਜ਼ੇ ਖੋਲ ਕੇ ਉਡੀਕ ਰਿਹਾ ਹੈ। ਇਤਨਾ ਪਿਆਰ, ਸਤਕਾਰ ਤੇ ਸ਼ਰਧਾ ਸੀ ਉਸ ਮੁਸਲਮਾਨ ਸ਼ਾਇਰ ਨੂੰ ਗੁਰੂ ਸਾਹਿਬ ਲਈ।
ਗੜੀ ਤੋਂ ਬਾਹਰ ਨਿਕਲਣ ਵੇਲੇ ਆਪਜੀ ਦੇ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਸਨ ਪਰ ਹਨੇਰੇ ਵਿਚ ਤਿਨੋਂ ਨਿਖੜ ਗਏ। ਗੁਰੂ ਸਾਹਿਬ ਕਿੜੀ ਪਿੰਡ ਦੇ ਕੋਲ ਜਦ ਪਹੁੰਚੇ ਤਾਂ ਦੋ ਗੁਜਰਾਂ ਅਲਫੂ ਤੇ ਗਾਮੂ ਨੇ ਗੁਰੂ ਸਾਹਿਬ ਨੂੰ ਪਹਿਚਾਨ ਲਿਆ, ਇਨਾਮ ਦੇ ਲਾਲਚ ਕਰਕੇ ਉਨ੍ਹਾ ਨੂੰ ਪਕੜਵਾਨਾ ਚਾਹਿਆ। ਗੁਰੂ ਸਾਹਿਬ ਨੇ ਉਨ੍ਹਾ ਦੋਨੋ ਨੂੰ ਨੂੰ ਉਥੇ ਹੀ ਮੌਤ ਦੇ ਘਾਟ ਉਤਾਰ ਦਿਤਾ। ਉਥੋਂ ਰਾਤੋ -ਰਾਤ ਸਫਰ ਕਰਕੇ ਮਾਛੀਵਾੜੇ ਪੁਜੇ, ਥੋੜਾ ਆਰਾਮ ਕਰਨ ਲਈ ਇਕ ਬਾਗ ਵਿਚ ਗਏ, ਕਈ ਦਿਨਾਂ ਪਿਛੋਂ ਖੂਹ ਦੀਆਂ ਟਿੰਡਾ ਦਾ ਪਾਣੀ ਪੀਤਾ, ਨੰਗੇ ਪੈਰੀਂ ਚਲਦਿਆ ਪੈਰਾਂ ਵਿਚ ਛਾਲੇ ਪਏ ਹੋਏ ਸੀ, ਚਰਨ ਕੰਡਿਆਂ ਨਾਲ ਪ੍ਛੇ ਹੋਏ ਸੀ, ਝਾੜੀਆਂ ਨਾਲ ਅੜ ਅੜ ਕੇ ਜਾਮਾ ਲੀਰੋ ਲੀਰ ਹੋਇਆ ਸੀ, ਵਿਛੋੜਾ, ਭੁਖ, ਧਕੇਵਾਂ, ਉਨੀਦਰਾ ਆਤਮਾ ਭਾਵੇਂ ਚੜਦੀ ਕਲਾ ਵਿਚ ਸੀ ਪਰ ਸਰੀਰ ਨਿਢਾਲ ਹੋ ਚੁਕਾ ਸੀ। ਓਹ ਬੜੇ ਸ਼ਾਂਤ ਚਿਤ ਹੋਕੇ ਥੋੜਾ ਆਰਾਮ ਕਰਨ ਲਈ ਢਿੰਡ ਦਾ ਸਰ੍ਹਾਣਾ ਲੇਕੇ ਜਮੀਨ ਤੇ ਲੇਟ ਜਾਂਦੇ ਹਨ। ਗੁਰੂ ਸਾਹਿਬ ਦਾ ਹੌਸਲਾ ਵੀ ਕਮਾਲ ਦਾ ਸੀ। ਬਹੁਤ ਕੁਝ ਵਾਪਰ ਜਾਂਦਾ ਹੈ ਪਰ ਅਜੇ ਵੀ ਓਹ ਮਾਲਿਕ ਦਾ ਸ਼ੁਕਰ ਅਦਾ ਕਰਦੇ ਗੁਨਗੁਨਾ ਰਹੇ ਸਨ। ,
ਮਿਤਰ ਪਿਆਰੇ ਨੂੰ, ਹਾਲ ਮੁਰੀਦਾ ਦਾ ਕਹਿਣਾ
ਯਾਰੜੇ ਦਾ ਸਾਨੂੰ ਸਥਰ ਚੰਗਾ ਭਠ ਖੇੜਿਆਂ ਦਾ ਰਹਿਣਾ
ਇਥੇ ਹੀ ਤਿੰਨ ਸਿੰਘ ਆਪ ਜੀ ਨੂੰ ਆਣ ਮਿਲੇ। ਗੁਰੂ ਸਾਹਿਬ ਦੀ ਹਾਲਤ ਦੇਖਕੇ ਉਨਾਂ ਦੀਆਂ ਭੁਬਾਂ ਨਿਕਲ ਗਈਆਂ। ਗੁਰੂ ਸਾਹਿਬ ਨੇ ਅਖਾਂ ਖੋਲੀਆਂ, ਓਨ੍ਹਾ ਨੂੰ ਸ਼ਾਂਤ ਕੀਤਾ ਤੇ ਰਬ ਦੇ ਭਾਣੇ ਵਿਚ ਰਹਿਣ ਦੀ ਤਾਕੀਦ ਕੀਤੀ। ਉਨ੍ਹਾ ਨੇ ਦਸਿਆ ਕੀ ਵੈਰੀਆਂ ਦੀਆ ਫੌਜ਼ਾ ਵਾਹੋ ਦਾਹੀ ਆਪਜੀ ਦਾ ਪਿਛਾ ਕਰਦੀਆਂ ਆ ਰਹੀਆਂ ਹਨ। ਗੁਰੂ ਸਾਹਿਬ ਜਿਥੇ ਠਹਿਰੇ ਹੋਏ ਸੀ ਓਹ ਪੰਜਾਬ ਦੇ ਮਸੰਦ, ਗੁਲਾਬੇ ਦਾ ਬਾਗ ਸੀ ਉਸਨੇ ਸੇਵਾ ਤਾਂ ਬੜੀ ਕੀਤੀ ਪਰ ਜਦ ਮੁਗਲ ਫੌਜਾਂ ਦੇ ਆਣ ਦਾ ਸੁਣਿਆ ਤਾਂ ਡਰ ਗਿਆ ਕਿ ਜੇ ਹਕੂਮਤ ਨੂੰ ਪਤਾ ਚਲ ਗਿਆ ਤਾਂ ਉਸਦੇ ਪਰਿਵਾਰ ਦਾ ਕੀ ਬਣੇਗਾ। ਸਵੇਰੇ ਹੀ 5 ਮੋਹਰਾਂ ਰਖ ਕੇ ਮਥਾ ਟੇਕ ਦਿਤਾ।
ਇਸੇ ਪਿੰਡ ਦੇ ਨਬੀ ਖਾਨ ਤੇ ਗਨੀ ਖਾਨ, ਪਠਾਨ ਜੋ ਘੋੜਿਆ ਦੇ ਸੁਦਾਗਰ ਸਨ ਤੇ ਆਪਣੇ ਘੋੜੇ ਗੁਰੂ ਸਾਹਿਬ ਨੂੰ ਵੇਚਦੇ ਵੇਚਦੇ ਉਨ੍ਹਾ ਦੇ ਮੁਰੀਦ ਬਣ ਗਏ ਸਨ, ਜਦ ਉਨ੍ਹਾ ਨੂੰ ਖਬਰ ਹੋਈ ਤਾਂ ਗੁਰੂ ਸਾਹਿਬ ਨੂੰ ਲੈਣ ਵਾਸਤੇ ਗੁਲਾਬੇ ਦੇ ਘਰ ਆਏ। ਸਤਿਗੁਰੁ ਨੂੰ ਦੇਖਕੇ ਖੁਸ਼ ਵੀ ਹੋਏ ਤੇ ਉਦਾਸ ਵੀ। ਉਨ੍ਹਾ ਦੀ ਹਾਲਤ ਇਕ ਆਮ ਫਕੀਰ ਵਰਗੀ ਦੇਖਕੇ, ਨਾ ਤਖਤ, ਨਾ ਤਾਜ, ਨਾ ਸੈਨਾ, ਸੇਵਕ, ਪਰਿਵਾਰ, ਹਾਥੀ ਘੋੜੇ, ਗੁਰੂ ਕੇ ਲੰਗਰ, ਮੇਲੇ ਦੀਆਂ ਰੋਣਕਾਂ, ਇਹ ਸਭ ਦੇਖਿਆ ਨਹੀਂ ਗਿਆ। ਆਨੰਦਪੁਰ ਦੀਆਂ ਬੀਤੀਆਂ ਵਾਰਤਾਵਾਂ ਓਹ ਸੁਣ ਚੁਕੇ ਸਨ। ਸੂਬਾ ਸਰਹੰਦ ਤੇ ਉਸਦੀਆਂ ਵਧੀਕੀਆਂ ਬਾਰੇ ਵੀ ਓਹ ਸੁਣ ਚੁਕੇ ਸਨ। ਹਥ ਜੋੜਕੇ ਪੁਛਣ ਲਗੇ ਕੋਈ ਸੇਵਾ ਦਸੋ, ਇਸ ਵੇਲੇ ਅਸੀਂ ਤੁਹਾਡੇ ਕਿਹੜੇ ਕੰਮ ਆ ਸਕਦੇ ਹਾਂ ? ਬੜੇ ਪ੍ਰੇਮ ਭਾਵ ਨਾਲ ਆਪਣੇ ਘਰ ਲੈ ਗਏ ਤੇ ਸੇਵਾ ਕੀਤੀ। ਉਨ੍ਹਾ ਨੂੰ ਲਗਾ ਕੀ ਇਹ ਜਗਹ ਗੁਰੂ ਸਾਹਿਬ ਲਈ ਖਤਰੇ ਤੋਂ ਖਾਲੀ ਨਹੀਂ ਹੈ। ਸ਼ਾਹੀ ਫੌਜ਼ ਚਪਾ ਚਪਾ ਧਰਤੀ ਤੇ ਖਲੋਤੀ ਹੈ, ਘਰ ਘਰ ਲਭਦੇ ਫਿਰਦੇ ਹਨ, ਜੀ ਜੀ ਤੋਂ ਪੁਛਿਆ ਜਾ ਰਿਹਾ ਹੈ। ਤਲਾਸ਼ੀਆਂ ਲਈਆਂ ਜਾ ਰਹੀਆਂ ਹਨ ਉਨ੍ਹਾ ਨੇ ਗੁਰੂ ਸਾਹਿਬ ਨੂੰ ਸਲਾਹ ਦਿਤੀ, ਤੁਸੀਂ ਨੀਲਾ ਬਾਣਾ ਤਾਂ ਪਾਂਦੇ ਹੀ ਹੋ। ਅਸੀਂ ਤੁਹਾਨੂੰ ਉਚ ਸ਼ਰੀਫ਼ ਦੇ ਪੀਰ ਬਣਾਕੇ ਹੇਹਰ ਪਿੰਡ ਜਾਂ ਜਿਥੇ ਤੁਸੀਂ ਕਹੋ ਛਡ ਦਿੰਦੇ ਹਾਂ, ਅਗਰ ਤੁਹਾਡੇ ਲਈ ਜਾਨ ਵੀ ਦੇਣੀ ਪਈ ਤਾਂ ਖੁਸ਼ਕਿਸਮਤ ਸਮਝਾਂਗੇ ਆਪਣੇ ਆਪ ਨੂੰ।
ਰਿਆਸਤ ਭਾਗਲ ਪੁਰ ਵਿਚ ਇਕ ਥਾਂ ਹੈ ਜਿਥੋਂ ਦੇ ਪੀਰ ਬੜੇ ਪ੍ਰਸਿਧ ਹਨ ਜੋ ਅਕਸਰ ਮੁਰੀਦਾਂ ਕੋਲ ਆਇਆ ਜਾਇਆ ਕਰਦੇ ਸੀ। ਸੋ ਗੁਰੂ ਸਾਹਿਬ ਲਈ ਨੀਲੇ ਵਸਤਰ ਬਣਵਾਏ, ਪਾਲਕੀ ਬਨਵਾਈ ਤੇ ਗੁਰੂ ਸਾਹਿਬ ਨੂੰ ਉਚ ਸ਼ਰੀਫ਼ ਦਾ ਪੀਰ ਬਣਾਕੇ ਪਾਲਕੀ ਵਿਚ ਬਿਠਾ ਦਿਤਾ। ਅਗ੍ਲੇ ਪਾਸਿਓ ਦੋਨੋ ਭਰਾਵਾਂ ਨੇ ਚੁਕ ਲਈ ਤੇ ਪਿਛੋਂ ਦੋ ਪਿਆਰਿਆਂ ਨੇ ਧਰਮ ਸਿੰਘ ਤੇ ਮਾਨ ਸਿੰਘ ਨੇ। ਭਾਈ ਦਯਾ ਸਿੰਘ ਪਾਲਕੀ ਦੇ ਪਿੱਛੇ ਚਵਰ ਲੇਕੇ, ਮਾਛੀਵਾੜੇ ਦੇ ਘੇਰੇ ਤੋ ਨਿਕਲ ਕੇ ਪਿੰਡ ਹੇਹਰ ਵਲ ਨੂੰ ਰਵਾਨਾ ਹੋਏ। ਰਾਹ ਵਿਚ ਗਸ਼ਤੀ ਫੌਜ਼ ਨਾਲ ਟਕਰ ਹੋ ਗਈ। ਪਾਲਕੀ ਰੁਕਵਾਈ, ਪੁਛ ਗਿਛ ਕੀਤੀ। ਪਠਾਨ ਭਰਾਵਾਂ ਨੇ ਉਨ੍ਹਾ ਦੀ ਤਸਲੀ ਕਰਵਾ ਦਿਤੀ। ਵਧੇਰੇ ਪਕਿਆਂ ਕਰਨ ਵਾਸਤੇ ਕਾਜ਼ੀ ਪੀਰ ਮੁਹੰਮਦ ਨੂੰ ਜੋ ਗੁਰੂ ਸਾਹਿਬ ਦੇ ਇਕ ਵਕ਼ਤ ਫਾਰਸੀ ਦੇ ਅਧਿਆਪਕ ਸੀ, ਬੁਲਾ ਲਿਆ। ਉਨ੍ਹਾ ਨੇ ਗੁਰੂ ਸਾਹਿਬ ਨੂੰ ਦੇਖਿਆ ਤੇ ਕਿਹਾ, ” ਇਨ੍ਹਾ ਮਹਾਂ ਪੁਰਸ਼ਾਂ ਨੂੰ ਰੋਕੋ ਨਹੀਂ ਇਹ ਤਾਂ ਉਚ ਸ਼ਰੀਫ਼ ਦੇ ਉਚੇ ਪੀਰ ਹਨ।
ਹੇਹਰ ਪਿੰਡ ਮਹੰਤ ਕਿਰਪਾਲ ਕੋਲ ਪੁਜੇ ਜਿਸਨੇ ਕਦੀ ਭੰਗਾਣੀ ਦੇ ਯੁਧ ਵਿਚ ਬਹੁਤ ਬਹਾਦਰੀ ਦਿਖਾਈ ਸੀ। ਇਥੇ ਉਨ੍ਹਾ ਨੇ ਨਬੀ ਖਾਨ ਤੇ ਗਨੀ ਖਾਨ ਨੂੰ ਆਸ਼ੀਰਵਾਦ ਦੇਕੇ ਵਿਦਾ ਕੀਤਾ। ਕਿਰਪਾਲ ਕਮਜ਼ੋਰ ਤੇ ਡਰਪੋਕ ਨਿਕਲਿਆ ਗੁਰੂ ਸਾਹਿਬ ਸਮਝ ਗਏ ਤੇ ਉਥੋਂ ਚਲ ਪਏ। ਪਿੰਡ ਲਲ-ਪਿੰਡ ਲਮਾ-ਜਟਪੁਰਾ-ਰਾਇ ਕੋਟ ਜੋ ਲੁਧਿਆਣੇ ਤੋਂ 27 ਮੀਲ ਦੀ ਦੂਰੀ ਤੇ ਹੈ ਇਕ ਟਾਹਲੀ ਹੇਠ ਬੇਠਕੇ ਰਾਤ ਕਟੀ। ਕਿਸੇ ਚਰਵਾਹੇ ਨੇ ਜਾਕੇ ਰਾਇ ਕਲਾ ਨੂੰ ਦਸਿਆ। ਓਹ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ। ਗੁਰੂ ਸਾਹਿਬ ਦੇ ਪਰਿਵਾਰ ਦਾ ਹਾਲ ਸੁਣਕੇ ਬਹੁਤ ਦੁਖੀ ਹੋਇਆ, ਕਹਿਣ ਲਗਾ ਕੋਈ ਸੇਵਾ ਦਸੋ। ਗੁਰੂ ਸਾਹਿਬ ਨੇ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਲੈਣ ਨੂੰ ਕਿਹਾ। ਰਾਇ ਕਲਾ ਨੇ ਓਸੇ ਵੇਲੇ ਮਾਹੀ ਨਾਮ ਦੇ ਇਕ ਆਦਮੀ, ਜਿਸ ਨੂੰ ਨੂਰਾਂ ਕਹਿੰਦੇ ਸੀ, ਸਦਿਆ ਜੋ ਇਕ ਚੰਗਾ ਘੋੜ ਸਵਾਰ ਤੇ ਹੁਸ਼ਿਆਰ ਆਦਮੀ ਸੀ, ਸਰਹੰਦ ਜਾਣ ਵਾਸਤੇ ਕਹਿ ਦਿਤਾ। ਨੂਰਾਂ ਸਰਹੰਦ ਪੁਜਾ, ਸਾਰਾ ਹਾਲ ਦੇਖਿਆ ਤੇ ਸੁਣਿਆ, ਅਗਲੇ ਦਿਨ ਜੀਊਂ ਦਾ ਤਿਊਂ ਗੁਰੂ ਸਾਹਿਬ ਨੂੰ ਸੁਣਾ ਦਿਤਾ। ਗੁਰੂ ਸਾਹਿਬ ਨੇ ਸਾਕਾ ਸਰਹੰਦ ਬੜੇ ਸ਼ਾਂਤ, ਅਡੋਲ ਤੇ ਧੀਰਜ ਨਾਲ ਸੁਣਿਆ। ਓਸ ਵਕਤ ਓਹ ਰਾਇ ਕਲਾ ਦੇ ਖੇਤ ਵਿਚ ਬੇਠੇ ਸੀ। ਓਠੇ ਇਕ ਦਬ ਦਾ ਬੂਟਾ ਜੜਾਂ ਸਮੇਤ ਪੁਟਿਆ ਤੇ ਕਿਹਾ ” ਮੁਗਲ ਰਾਜ ਦੀਆਂ ਜੜਾਂ ਹੁਣ ਪੁਟੀਆਂ ਗਈਆਂ ਹਨ। ਜਿਸ ਰਾਜ ਵਿਚ ਮਾਸੂਮਾਂ ਤੇ ਬੇਗੁਨਾਹਾਂ ਨੂੰ ਇਸ ਤਰਹ ਕਤਲ ਕੀਤਾ ਜਾਵੇ ਓਹ ਕੌਮ ਅਵਸ਼ ਨਾਸ਼ ਹੁੰਦੀ ਹੈ। ਇਥੇ ਉਨ੍ਹਾ ਨੇ ਬਚਨ ਕੀਤੇ ” ਮੁਗਲ ਜੋ ਇਤਨੇ ਹੰਕਾਰੇ ਹਨ। ਪਾਪ ਤੇ ਜ਼ੁਲਮ ਕਰ ਰਹੇ ਹਨ ਇਕ ਦਿਨ ਘਸਿਆਰੇ ਤੇ ਮੰਗਤੇ ਬਣਨਗੇ। ਇਸੇ ਭਾਰਤ ਭੂਮੀ ਵਿਚ ਮੇਰੇ ਸਿਖਾਂ ਦੇ ਘਰ ਉਸਾਰਿਆ ਕਰਨਗੇ “।
ਸਾਕਾ ਸਰਹੰਦ
ਮਾਤਾ ਗੁਜਰੀ ਘੋੜੇ ਤੇ ਸਵਾਰ ਸਨ, ਅਗੇ ਛੋਟਾ ਤੇ ਪਿਛੇ ਵਡਾ ਸਾਹਿਬਜ਼ਾਦਾ ਸੀ। ਹਨੇਰੀ, ਝਖੜ ਤੇ ਘਣੇ ਜੰਗਲਾਂ ਵਿਚੋਂ ਬਾਣੀ ਦਾ ਪਾਠ ਤੇ ਸਾਖੀਆਂ ਸੁਣਾਦੇ ਲੰਘ ਰਹੇ ਸਨ। ਇਕ ਝੁਗੀ ਦਿਖੀ, ਕੁਮੈਂ ਮਾਸ਼ਕੀ ਦੀ ਝੁਗੀ ਸੀ। ਜਦ ਉਸਨੇ ਮਾਤਾ ਜੀ ਨਾਲ ਸਾਹਿਬਜਾਦਿਆਂ ਨੂੰ ਆਉਂਦਿਆਂ ਦੇਖਿਆ ਤਾਂ ਖੁਸ਼ ਹੋ ਗਿਆ। ਬੇਨਤੀ ਕੀਤੀ ਕੀ ਹਨੇਰਾ ਪੈ ਗਿਆ ਹੈ, ਜੰਗਲ ਵਿਚ ਖਤਰਨਾਕ ਜਾਨਵਰ ਹਨ। ਅਜ ਦੀ ਰਾਤ ਤੁਸੀਂ ਇਥੇ ਰਹਿ ਜਾਓ। ਰਾਤ ਮਾਤਾ ਜੀ ਨੇ ਕੁਮੇ ਮਾਸ਼ਕੀ ਦੀ ਝੁਗੀ ਵਿਚ ਕਟੀ ਜਿਸਨੇ ਬੜੇ ਪਿਆਰ ਤੇ ਸਤਕਾਰ ਨਾਲ ਸੇਵਾ ਕੀਤੀ। ਜਦ ਗੰਗੂ ਬ੍ਰਹਮਣ ਜੋ ਕਿਸੇ ਵਕ਼ਤ ਗੁਰੂ ਘਰ ਲੰਗਰ ਦਾ ਸੇਵਾਦਾਰ ਸੀ, ਸੂਹ ਮਿਲੀ ਤਾਂ ਓਹ ਓਨ੍ਹਾ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ। ਰਾਤ ਵੇਲੇ ਜਦ ਉਸਨੇ ਮੋਹਰਾਂ ਦੀ ਥੈਲੀ ਮਾਤਾ ਜੀ ਕੋਲ ਦੇਖੀ ਤਾ ਉਸਦਾ ਮਨ ਲਲਚਾ ਗਿਆ। ਰਾਤੀਂ ਸੁਤਿਆਂ ਮਾਤਾ ਜੀ ਦੇ ਸਰਹਾਣੇ ਹੇਠੋਂ ਮੋਹਰਾਂ ਦੀ ਥੈਲੀ ਕਢ ਲਈ। ਸਵੇਰ ਹੋਈ ਮਾਤਾ ਗੁਜਰੀ ਨੇ ਜਦ ਥੈਲੀ ਬਾਰੇ ਪੁਛਿਆ ਤਾਂ ਭੜਕ ਉਠਿਆ। ਮੈਨੂੰ ਕੀ ਪਤਾ। ਤੁਸੀਂ ਮੇਰੇ ਤੇ ਇਲ੍ਜ਼ਾਮ ਲਗਾ ਰਹੇ ਹੋ, ਮੈ ਆਪਣੀ ਜਾਨ ਖਤਰੇ ਵਿਚ ਪਾਕੇ ਤੁਹਾਡੀ ਰਖਿਆ ਕੀਤੀ ਹੈ। ਭੁੜਕਦਾ ਭੁੜਕਦਾ ਬਾਹਰ ਨਿਕਲ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ