ਅੱਜ ਅਜੀਬ ਵਰਤਾਰਾ ਵੇਖਿਆ..
ਖੇਤੀ ਬਿੱਲਾਂ ਦਾ ਵਿਰੋਧ ਕਰਦਾ ਕੁਰਬਾਨੀ ਦਾ ਪੁੰਜ ਨਿੱਕਾ ਬਾਦਲ ਸਾਮਣਿਓਂ ਤੁਰੇ ਆਉਂਦੇ ਖੇਤੀ ਮੰਤਰੀ ਤੋਮਰ ਨੂੰ ਵੇਖ ਪਹਿਲਾਂ ਵਿਰੋਧ ਵਾਲੀ ਫੜੀ ਤਖ਼ਤੀ ਪ੍ਰੈਸ ਦੇ ਕੈਮਰੇ ਤੋਂ ਟੇਡੀ ਜਿਹੀ ਕਰ ਲੈਂਦਾ ਤੇ ਫੇਰ ਓਹਲੇ ਜਿਹੇ ਨਾਲ ਚਿੱਤੜਾਂ ਪਿੱਛੇ ਦੇ ਕੇ ਪੂਰੀ ਤਰਾਂ ਲੁਕੋ ਲੈਂਦਾ..!
ਸ਼ਾਇਦ ਹਰਿਆਣੇ ਵਾਲੇ ਫਾਰਮ ਹਾਊਸ..ਗੁੜਗਾਵਾਂ ਵਾਲੇ ਹੋਟਲ ਅਤੇ ਰਾਜਿਸਥਾਨ ਯੂ.ਪੀ ਵਾਲੀਆਂ ਮਿੱਲਾਂ ਤੇ ਫਾਰਮ ਹਾਊਸ ਅੱਖਾਂ ਅੱਗੇ ਘੁੰਮ ਗਏ ਹੋਣੇ!
ਮਜਬੂਰੀਆਂ ਅਤੇ ਮਨ ਦੇ ਵਲਵਲੇ ਸਾਫ ਝਲਕ ਰਹੇ ਸਨ..
ਸੋਚ ਰਿਹਾ ਹੋਣਾ ਇਹ ਧਰਨੇ ਪ੍ਰਦਰਸ਼ਨ ਅੱਜ ਹੈਣ..ਕੱਲ ਨੂੰ ਪਤਾ ਨੀ ਹੋਣੇ ਕੇ ਨਹੀਂ..
ਪਰ ਨਹੁੰ ਮਾਸ ਦੇ ਰਿਸ਼ਤੇ ਵਾਲਿਆਂ ਨਾਲ ਕਦੋਂ ਸਮਝੌਤਾ ਕਰਨਾ ਪੈ ਜਾਵੇ..
ਕੋਈ ਨੀ ਜਾਣਦਾ!
ਅਮ੍ਰਿਤਸਰ ਇੱਕ ਕੁਲੀਗ ਅਕਸਰ ਆਖਿਆ ਕਰਦਾ ਕੇ ਇੱਕ ਕਾਰੋਬਾਰੀ ਨੂੰ ਕਦੇ ਵੀ ਕਿਸੇ ਨਾਲ ਵਿਗਾੜਨੀ ਨਹੀਂ ਚਾਹੀਦੀ..ਪਤਾ ਨੀ ਕਿਸ ਦੀ ਕਦੋਂ ਲੋੜ ਪੈ ਜਾਵੇ!
ਕਦੀ ਵਿਚਾਰਕ ਵਖਰੇਵਿਆਂ ਕਾਰਨ ਵਿਰੋਧ ਕਰਨਾ ਵੀ ਪੈ ਜਾਵੇ ਤਾਂ ਦੁਆ-ਸਲਾਮ ਜਰੂਰ ਕਰਦੇ ਰਹਿਣਾ ਚਾਹੀਦਾ..
ਵਾਪਸੀ ਲਈ ਇੱਕ “ਚੋਰ ਮੋਰੀ” ਜਰੂਰ ਰੱਖ ਲੈਣੀ ਚਾਹੀਦੀ!
ਪਦਾਰਥਵਾਦ ਦੀ ਹਨੇਰੀ ਨੇ ਵਾਪਸੀ ਦੀ ਇਹ ਚੋਰ ਮੋਰੀ ਰੱਖਣੀ ਹਰੇਕ ਦੀ ਮਜਬੂਰੀ ਜਿਹੀ ਬਣਾ ਦਿੱਤੀ ਏ..!
ਤਖਤਾਂ ਦੇ ਜਥੇਦਾਰ ਤੱਕ ਅਸੂਲਾਂ ਦੀ ਜੈਕਟ ਪਾਸੇ ਰੱਖ ਨਿੱਕੀਆਂ ਨਿੱਕੀਆਂ ਗਰਜਾਂ ਖਾਤਿਰ ਟਕੇ-ਟਕੇ ਦੇ ਲੀਡਰਾਂ ਸਾਹਵੇਂ ਕੌਢੇ ਹੁੰਦੇ ਆਮ ਵੇਖੇ ਗਏ..!
ਅਕਸਰ ਸੋਚਦਾ ਅਸੀਂ ਆਮ ਲੋਕ ਇਹਨਾਂ ਤੋਂ ਕਿੰਨੇ ਬੇਹਤਰ ਹਾਂ..ਰੋਜ ਰੋਜ ਮਰ ਮਰ ਕੇ ਜੀਣਾ ਤਾਂ ਨਹੀਂ ਪੈਂਦਾ..ਥੁੱਕ ਕੇ ਚੱਟਣਾ ਵੀ ਨਹੀਂ ਪੈਂਦਾ..ਤੇ ਨਾ ਹੀ ਗੁਟਕਿਆਂ ਤੇ ਹੱਥ ਰੱਖ ਝੂਠੀਆਂ ਸਹੁੰਆਂ ਹੀ ਖਾਣੀਆਂ ਪੈਂਦੀਆਂ!
ਸੰਤ ਦਿੱਲੀ ਨੂੰ ਵੰਗਾਰਦਾ ਅਕਸਰ ਆਖਿਆ ਕਰਦਾ ਸਿੰਘੋ ਜੇ ਮੈਂ ਜਿਉਂਦੇ ਜੀ ਅਕਾਲੀ ਦਲ ਦਾ ਪ੍ਰਧਾਨ ਬਣਾ..ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਲਵਾਂ ਤੇ ਜਾ ਫੇਰ ਐਮ.ਐੱਲ.ਏ ਜਾਂ ਐੱਮ.ਪੀ ਚੁਣਿਆ ਜਾਵਾਂ..ਤਾਂ ਸੰਗਤ ਜੀ ਤੁਹਾਡੀਆਂ ਜੁੱਤੀਆਂ ਤੇ ਮੇਰਾ ਸਿਰ..ਏਨੀ ਗੱਲ ਆਖ ਰਿਹਾ ਹੁੰਦਾ ਤਾਂ ਸਟੇਜ ਤੇ ਬੈਠੇ ਕਈਆਂ ਦੀਆਂ ਨੀਵੀਆਂ ਪੈ ਜਾਂਦੀਆਂ..ਕਿਧਰੇ ਦਿੱਲੀ ਸਾਨੂੰ...
ਵੀ ਇਸਦਾ ਸਾਥੀ ਹੀ ਨਾ ਸਮਝ ਲਵੇ!
ਦੱਸਦੇ ਤਿੰਨ ਜੂਨ ਨੂੰ ਜਦੋਂ ਕੰਮ ਐਨ ਕੰਢੇ ਤੇ ਤਾਂ ਜਥੇਦਾਰ ਟੋਹੜਾ ਕੋਲ ਗਿਆ..
ਆਖਣ ਲੱਗਾ ਸੰਤ ਜੀ ਸਰਕਾਰਾਂ ਦੇ ਹੱਥ ਬਹੁਤ ਲੰਮੇ ਹੁੰਦੇ ਨੇ..ਟੱਕਰ ਲੈਣ ਵਿਚ ਸਿਆਣਪ ਨਹੀਂ..
ਦਿੱਲੀ ਸਮਝੌਤੇ ਦੀ ਰੋਂ ਵਿਚ ਹੈ..
ਭਾਈ ਅਮਰੀਕ ਸਿੰਘ ਨੂੰ ਵਜੀਰੀ ਤੇ ਸਾਡੇ ਵਿਚੋਂ ਕਿਸੇ ਨੂੰ ਮੁਖ ਮੰਤਰੀ ਦੀ ਕੁਰਸੀ ਦੇਣੀ ਮੰਨ ਗਈ ਹੈ..ਕੁਝ ਮੰਗਾਂ ਮੰਨ ਲਈਆਂ ਜਾਣਗੀਆਂ ਅਤੇ ਬਾਕੀਆਂ ਲਈ ਕਮਿਸ਼ਨ ਬਿਠਾ ਦਿੱਤਾ ਜਾਵੇਗਾ!
ਵਿਚੋਂ ਟੋਕ ਕੇ ਆਖਣ ਲੱਗਾ ਟੋਹੜਾ ਸਾਬ ਇਹ ਧਰਮ ਯੁੱਧ ਮੋਰਚਾ ਵਜੀਰੀਆਂ ਲਈ ਨਹੀਂ ਸੀ ਲਾਇਆ..ਬੋਝੇ ਵਿਚੋਂ ਅਨੰਦਪੁਰ ਦਾ ਮਤਾ ਕੱਢ ਅੱਗੇ ਕਰ ਦਿੱਤਾ ਤੇ ਆਖਿਆ ਕੇ ਜੇ ਹੁਣ ਐਨ ਮੌਕੇ ਤੇ ਆਣ ਲੱਤਾਂ ਭਾਰ ਨਹੀਂ ਝੱਲਦੀਆਂ ਤਾਂ ਲਾਂਬੇ ਹੋ ਜਾਵੋ..ਬਾਕੀ ਮੈਂ ਜਾਣਾ ਤੇ ਸਰਕਾਰ ਜਾਣੇ!
ਫੇਰ ਬਾਹਵਾਂ ਖੜੀਆਂ ਕਰਕੇ ਬਾਹਰ ਆਏ ਤਾਂ ਸਭ ਤੋਂ ਪਹਿਲਾਂ ਸਵਾਲ ਸੀ..
ਬਘਿਆੜ ਜਿਉਂਦਾ ਕੇ ਮਰ ਗਿਆ?”
ਝੂਠ ਨੂੰ ਸੱਚ ਹਮੇਸ਼ਾਂ ਹੀ ਬਘਿਆੜ ਵਾਂਙ ਡਰਾਉਂਦਾ ਪ੍ਰਤੀਤ ਹੁੰਦਾ!
ਇਤਿਹਾਸ ਦੇ ਵਰਕੇ ਇਸ ਲਈ ਫਰੋਲੇ ਜਾ ਰਹੇ ਨੇ ਕਿਓੰਕੇ ਅੱਜ ਵੀ ਓਹੀ ਮਾਹੌਲ ਸਿਰਜਿਆ ਜਾ ਰਿਹਾ..ਵਾਕਿਆ ਹੀ ਕਿਸੇ ਸਹੀ ਆਖਿਆ..
ਆਪਣੇ ਘਰਾਂ ਵਿਚ ਸੇਫ ਹਾਂ..ਅਸੀਂ ਵੱਡੇ ਦੁਨੀਆ ਦਾਰ..ਪਰ ਬੜੀ ਬਰੀਕ ਹੈ ਸਮਝਣੀ..ਇਹ ਧਰਮ ਯੁਧਾਂ ਦੀ ਕਾਰ..!
ਵਾਕਿਆ ਹੀ ਬੜੀ ਗੁੰਝਲਦਾਰ ਤੇ ਟੇਢੀ ਏ ਇਹ ਧਰਮ ਯੁਧਾਂ ਦੀ ਕਾਰ..
ਸਰੀਰਕ ਤੇ ਮਾਨਸਿਕ ਤਸ਼ੱਦਤ ਸਹਿਣਾ ਪੈਂਦਾ..ਘਰ ਫੂਕ ਤਮਾਸ਼ੇ ਵੇਖਣੇ ਪੈਂਦੇ..ਹੱਸਦੇ-ਵੱਸਦੇ ਘਰਾਂ ਵਿਚੋਂ ਬੇਘਰ ਹੋਣਾ ਪੈਂਦਾ..ਕਈ ਪੀੜੀਆਂ ਗਰਕ ਹੋ ਜਾਂਦੀਆਂ ਤੇ ਅਖੀਰ ਕਈ ਵਾਰ ਗੱਦਾਰ ਦੇ ਤਮਗੇ ਵੀ ਗਲਾਂ ਵਿਚ ਪੈਂਦੇ ਵੇਖੇ ਨੇ!
ਨਹੀਂ ਵਿਸ਼ਵਾਸ ਤਾਂ ਤਿਹਾੜ ਜੇਲ ਵਿਚ ਬੈਠੇ ਜਥੇਦਾਰ ਹਵਾਰੇ ਦੀ ਜੀਵਨੀ ਪੜ ਕੇ ਵੇਖੀ ਜਾ ਸਕਦੀ ਏ!
ਹਰਪ੍ਰੀਤ ਸਿੰਘ ਜਵੰਦਾ