ਪੂਰਾਣੇ ਵੇਲਿਆਂ ਦੀ ਗੱਲ ਏ
ਨਵਾਂ ਨਵਾਂ ਵਿਆਹ ਹੋਇਆ ਸੀ..
ਸ਼ਹਿਰ ਰਹਿੰਦੀ ਦੇ ਪਿੰਡ ਸਹੁਰੇ ਬਣ ਗਏ ਤਾਂ ਕਿੰਨੇ ਸਾਰੀਆਂ ਨਵੀਂ ਗੱਲਾਂ ਦਾ ਪਤਾ ਲੱਗਾ!
ਇੱਕ ਵਾਰ ਪਿੰਡੋਂ ਪੇਕੇ ਜਾਂਦਿਆਂ ਕੁਵੇਲਾ ਹੋਈ ਜਾਵੇ..
ਇਹਨਾਂ ਕੋਲੋਂ ਲੰਘਦੀ ਗੰਨਿਆਂ ਦੀ ਟਰਾਲੀ ਨੂੰ ਹੱਥ ਪਾ ਲਿਆ..ਸਾਈਕਲ ਇੱਕਦਮ ਹੀ ਮੋਟਰਸਾਈਕਲ ਬਣ ਗਿਆ!
ਮੈਂ ਪਹਿਲੀ ਵਾਰ ਏਡੇ ਸੋਹਣੇ ਗੰਨੇ ਵੇਖੇ ਸਨ..ਐਨ ਲੈ ਬੱਧ ਕਰ ਤਰਤੀਬ ਨਾਲ ਲੱਦੇ ਹੋਏ..!
ਜੀ ਕੀਤਾ ਇੱਕ ਚੂਪ ਲਵਾਂ..
ਇਹਨਾਂ ਮਨ ਦੀ ਬੁਝ ਲਈ..ਉੱਤੇ ਬੈਠੇ ਬਾਬਾ ਜੀ ਨੂੰ ਇਸ਼ਾਰਾ ਕਰ ਨਹਿਰ ਦੇ ਉਸ ਪੁਲ ਤੇ ਟਰਾਲੀ ਰੁਕਵਾ ਲਈ ਜਿਥੋਂ ਸਾਡਾ ਰਾਹ ਵੱਖਰਾ ਹੋ ਜਾਣਾ ਸੀ!
ਆਖਣ ਲੱਗੇ ਮੇਰੀ ਨਾਲਦੀ ਸ਼ਹਿਰੋਂ ਏ..ਪਿੱਛੇ ਜਿਹੇ ਹੀ ਵਿਆਹ ਹੋਇਆ..ਇਸਨੇ ਕਦੀ ਪੂਰਾ ਗੰਨਾ ਨੀ ਵੇਖਿਆ..ਇਜਾਜਤ ਹੋਵੇ ਤਾਂ ਕੁਝ ਗੰਨੇ ਲੈ ਲਈਏ!
ਬਾਪੂ ਹੁਰਾਂ ਓਸੇ ਵੇਲੇ ਟਰੈਕਟਰ ਤੇ ਬੈਠੇ ਸੀਰੀ ਨੂੰ ਵਾਜ ਮਾਰ ਲੰਮੀ ਮੱਟੀ ਵਾਲੇ ਕਿੰਨੇ ਸਾਰੇ ਸੋਹਣੇ ਗੰਨੇ ਕੱਢ ਐਨ ਵਿਚਕਾਰੋਂ ਵੱਢ ਮੋਟੀ ਸਾਰੀ ਪੰਡ ਬੰਨ ਦਿੱਤੀ..!
ਸ਼ਹਿਰ ਵਿਚ ਰਹਿੰਦੀ ਨੇ ਹੁਣ ਤੱਕ ਹਰ ਚੀਜ ਮੁੱਲ...
ਹੀ ਵਿਕਦੀ ਵੇਖੀ ਸੀ..
ਨਾਲ ਇਹ ਵੀ ਸੁਣ ਰਖਿਆ ਸੀ ਕੇ ਪਿੰਡਾਂ ਵਾਲੇ ਗੁੜ ਦੀ ਪੇਸੀ ਭਾਵੇਂ ਉਂਝ ਹੀ ਦੇ ਦੇਣ ਪਰ ਗੰਨਾ ਮੁਫ਼ਤ ਨਹੀਂ ਦਿੰਦੇ!
ਪਰਸ ਵਿਚੋਂ ਪੰਜਾਂ ਦਾ ਨੋਟ ਕੱਢਿਆ ਤੇ ਬਾਪੂ ਜੀ ਵੱਲ ਇਹ ਆਖਦਿਆਂ ਵਧਾ ਦਿੱਤਾ ਕੇ..ਆਹ ਲਵੋ ਜੀ ਗੰਨਿਆਂ ਦੀ ਪੰਡ ਦਾ ਮੁੱਲ..!
ਪਰ ਹੈਰਾਨ ਰਹਿ ਗਈ..
ਬਾਪੂ ਹੁਰਾਂ ਉਲਟਾ ਪੱਲਿਓਂ ਪੰਜ ਹੋਰ ਕੱਢ ਤੇ ਦਸ ਬਣਾ ਮੈਨੂੰ ਫੜਾ ਦਿੱਤੇ ਅਖ਼ੇ ਧੀਏ ਤਾਏ ਦਾ ਸ਼ਗਨ ਸਮਝ ਕੇ ਰੱਖ ਲੈ..ਨਾਲ ਹੀ ਸਿਰ ਤੇ ਪਿਆਰ ਦੇ ਕੇ ਟਰਾਲੀ ਤੋਰ ਲਈ!
ਅੱਜ ਏਨੇ ਵਰ੍ਹਿਆਂ ਬਾਅਦ ਅਮਰੀਕਾ ਦੀ ਧਰਤੀ ਤੇ ਬੈਠਿਆਂ ਕੜਾਕੇ ਦੀ ਠੰਡ ਵਿਚ ਦਿੱਲੀ ਸੰਘਰਸ਼ ਕਰਦਾ ਹਰੇਕ ਮਾਈ ਭਾਈ ਮੈਨੂੰ ਓਸੇ ਬਾਬਾ ਜੀ ਦੀ ਅੰਸ਼-ਵੰਸ਼ ਵਿਚੋਂ ਹੀ ਲੱਗਦਾ ਏ!
(ਅਸਲ ਵਿਚ ਵਾਪਰਿਆ ਵਰਤਾਰਾ)
ਹਰਪ੍ਰੀਤ ਸਿੰਘ ਜਵੰਦਾ