ਕੁਝ ਹਫਤਿਆਂ ਤੋਂ ਮੈਂ ਇਕੱਲਾ ਨਹੀਂ ਰਹਿੰਦਾ। ਇਕੱਲਾ ਹੋਵਾਂ ਤਾਂ ਮੈਨੂੰ ਜਮੀਲ ਦੀ ਯਾਦ ਆ ਜਾਂਦੀ ਹੈ। ਮੈਂ ਪ੍ਰੇਸ਼ਾਨ ਹੁੰਦਾ ਹਾਂ। ਜ਼ਖ਼ਮੀ ਹੋਇਆ ਜਮੀਲ ਮੇਰੇ ਸਾਹਮਣੇ ਆ ਖੜਦਾ ਹੈ। ਮੇਰੇ ਵੱਲ ਸਿੱਧਾ ਹੀ ਦੇਖਦਾ ਹੋਇਆ ਪੁੱਛਦਾ ਹੈ, ‘‘ਤ੍ਹਾਡੇ ਮਜ਼ਹਬੀ ਗ੍ਰੰਥ ਮੌਤ ਬਾਰੇ ਕੀ ਆਂਹਦੇ ਨੇ?’’ ਮੈਨੂੰ ਇਸ ਗੱਲ ਦਾ ਪਤਾ ਨਹੀਂ ਲੱਗਦਾ ਕਿ ਉਹ ਇਹੀ ਸਵਾਲ ਵਾਰ-ਵਾਰ ਮੈਥੋਂ ਕਿਉਂ ਪੁੱਛਦਾ ਹੈ। ਮੈਂ ਉਸ ਦਿਨ ਉਸ ਨੂੰ ਦੱਸਿਆ ਤਾਂ ਸੀ। ਉਸ ਦੀ ਤਸੱਲੀ ਕਰਵਾਈ ਸੀ। ਮੈਂ ਉਹਨੂੰ ਇਹ ਵੀ ਦੱਸਿਆ ਸੀ ਕਿ ਜਦੋਂ ਮੈਂ ਪੰਮੇ ਨੂੰ ਰੱਸਿਆਂ ਉਪਰੋਂ ਦੀ ਪੁੱਠਾ ਹੋ ਕੇ ਡਿਗਦਿਆਂ ਹੋਇਆਂ ਦੇਖਿਆ ਸੀ ਤਾਂ ਮੈਨੂੰ ਪਹਿਲੀ ਵਾਰ ਮੌਤ ਦਾ ਖੌਫ਼ ਆਇਆ ਸੀ। ਮੈਨੂੰ ਪਤਾ ਲੱਗਾ ਸੀ ਕਿ ਮੌਤ ਆਹ ਹੁੰਦੀ ਹੈ।
ਪੰਮਾ ਮੇਰਾ ਦੋਸਤ ਸੀ। ਅਸੀਂ ਇਕੱਠੇ ਭਰਤੀ ਹੋਏ ਸੀ। ਲਾਗਲੇ ਪਿੰਡਾਂ ਦੇ ਸੀ। ਇਕ ਦੂਜੇ ਦੇ ਹਮਰਾਜ਼ ਸੀ। ਦੁੱਖ-ਸੁੱਖ ਦੀ ਸਾਂਝ ਸੀ। ਉਸ ਜ਼ੋਰ ਦੇ ਕੇ ਆਪਣਾ ਨਾਂ ਮੇਰੀ ਕੰਪਨੀ ’ਚ ਪਵਾਇਆ ਸੀ। ਉਸ ਦੀ ਮੌਤ ਨੇ ਮੈਨੂੰ ਬੁਰੀ ਤਰ੍ਹਾਂ ਹਿਲਾਇਆ ਸੀ। ਪਰ ਲੜਾਈ ਦਾ ਮੈਦਾਨ ਹੋਣ ਕਰਕੇ ਮੈਂ ਉਸ ਬਾਰੇ ਬਹੁਤਾ ਕੁਝ ਸੋਚ ਨਹੀਂ ਸਕਿਆ ਸੀ। ਮੈਂ ਤਾਂ ਅੱਗੋਂ ਆਉਂਦੀਆਂ ਗੋਲੀਆਂ ਤੋਂ ਬਚਣ ਲਈ ਆਪਣੀ ਸਾਰੀ ਤਾਕਤ ਲਗਾ ਰੱਖੀ ਸੀ। ਗੋਲੀਆਂ ਚਲਾਉਣ ਬਾਰੇ ਇਕਾਗਰਚਿਤ ਹੋਇਆ ਸੀ। ਪਰ ਜਦੋਂ ਵੀ ਕਿਸੇ ਜੁਆਨ ਦੀ ਲਾਸ਼ ਦੇਖਦਾ ਸੀ ਤਾਂ ਮੈਨੂੰ ਪੰਮਾ ਦਿੱਸ ਪੈਂਦਾ ਸੀ। ਮੈਂ ਗੁੱਸੇ ਨਾਲ ਭਰ ਜਾਂਦਾ ਸੀ। ਦੁਸ਼ਮਣ ਨੂੰ ਡਿਗਦਿਆਂ ਦੇਖ ਮੈਨੂੰ ਸਤੁੰਸ਼ਟੀ ਹੁੰਦੀ ਸੀ।.. ਮੈਨੂੰ ਪੰਮੇ ਦਾ ਗੋਲੀਆਂ ਨਾਲ ਉਡਿਆ ਸਿਰ ਅਕਸਰ ਦਿੱਸਦਾ ਰਹਿੰਦਾ ਹੈ।
ਲੜਾਈ ਦੀਆਂ ਹੋਈਆਂ ਬੀਤੀਆਂ ਯਾਦ ਆਉਣ ਲੱਗਦੀਆਂ ਹਨ ਤਾਂ ਮੈਂ ਯਕਦਮ ਆਪਣਾ ਧਿਆਨ ਹੋਰ ਪਾਸੇ ਮੋੜਨ ਦੀ ਕੋਸ਼ਿਸ਼ ਕਰਦਾ ਹਾਂ। ਕੁਲਵੰਤ ਨੂੰ ਆਵਾਜ਼ ਮਾਰ ਲੈਂਦਾ ਹਾਂ ਜਾਂ ਟ੍ਰਾਂਜਿਸਟਰ ਉੱਚੀ ਆਵਾਜ਼ ’ਚ ਲਾ ਦਿੰਦਾ ਹਾਂ। ਘਰ ’ਚ ਮੇਰੇ ਕਰਨ ਗੋਚਰਾ ਕੋਈ ਕੰਮ ਨਹੀਂ ਹੈ। ਜੇ ਕਿਤੇ ਹੋਵੇ ਵੀ ਤਾਂ ਕੁਲਵੰਤ ਕਰਨ ਨਹੀਂ ਦਿੰਦੀ। ਝੱਟ ਅਗਾਂਹ ਹੋ ਕੇ ਆਪ ਕਰਨ ਲੱਗ ਜਾਂਦੀ ਹੈ। ਮੇਰਾ ਮੁੱਖ ਕੰਮ ਤਾਂ ਅਖ਼ਬਾਰਾਂ ’ਚ ਐਕਸ ਸਰਵਿਸਮੈਨ ਜਾਂ ਹੈਂਡੀਕੈਪਿਡਾਂ ਲਈ ਖਾਲੀ ਥਾਵਾਂ ਦੇਖਣ ਦਾ ਹੈ।
ਮੈਂ ਕਈ ਥਾਵਾਂ ’ਤੇ ਅਪਲਾਈ ਕੀਤਾ ਹੋਇਆ ਹੈ। ਦੋ-ਚਾਰ ਥਾਵਾਂ ’ਤੇ ਇੰਟਰਵਿੳੂ ਵੀ ਦੇ ਆਇਆ ਹਾਂ। ਅਜੇ ਤਾਈਂ ਕਿਸੇ ਪਾਸਿਉਂ ਕੋਈ ਜਵਾਬ ਨਹੀਂ ਆਇਆ। ਸ਼ਾਮ ਨੂੰ ਮੈਂ ਲੰਬੀ ਸੈਰ ਕਰਨ ਦੀ ਰੁਟੀਨ ਬਣਾ ਲਈ ਹੈ। ਮੇਰੇ ਕੁੜਤੇ ਦੀ ਜੇਬ ’ਚ ਹਮੇਸ਼ਾ ਹੀ ਛੋਟਾ ਟ੍ਰਾਂਜਿਸਟਰ ਰਹਿੰਦਾ ਹੈ। ਆਉਂਦਾ ਜਾਂਦਾ ਕੋਈ ਨਾ ਕੋਈ ਮਿਲ ਜਾਂਦਾ ਹੈ ਤਾਂ ਮੈਂ ਟ੍ਰਾਂਜਿਸਟਰ ਦੀ ਆਵਾਜ਼ ਮੱਧਮ ਕਰ ਦਿੰਦਾ ਹਾਂ। ਅਗਾਂਹ ਜਾ ਕੇ ਆਵਾਜ਼ ਵਧਾ ਦਿੰਦਾ ਹਾਂ। ਕਦੇ ਕਦਾਈਂ ਨਾਨਕ ਸਰ ਗੁਰਦਵਾਰੇ ਵੱਲ ਵੀ ਜਾਂਦਾ ਹਾਂ। ਉਧਰੋਂ ਗੁਰਬਾਣੀ ਦੀ ਆਵਾਜ਼ ਆਉਂਦੀ ਹੈ। ਜਿਵੇਂ-ਜਿਵੇਂ ਮੈਂ ਗੁਰਦਵਾਰੇ ਦੇ ਨੇੜੇ ਹੁੰਦਾ ਜਾਂਦਾ ਹਾਂ ਇਹ ਆਵਾਜ਼ ਉੱਚੀ ਹੁੰਦੀ ਜਾਂਦੀ ਹੈ। ਮੇਰਾ ਇਕ ਘੰਟਾ ਵਧੀਆ ਬੀਤ ਜਾਂਦਾ ਹੈ। ਮੇਰੀਆਂ ਸੋਚਾਂ ਕਿਸੇ ਪਾਸੇ ਵੀ ਨਹੀਂ ਜਾਂਦੀਆਂ। ਇਸ ਪਾਸੇ ਵੱਲ ਜਾਂਦਿਆਂ ਮੈਨੂੰ ਕੋਈ ਨਹੀਂ ਮਿਲਦਾ। ਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ