ਜਦੋਂ ਵੀ ਪੇਕੇ ਮਿਲਣ ਜਾਂ ਦੋ-ਚਿਰ ਦਿਨ ਰਹਿਣ ਜਾਣਾ ਤਾਂ ਤਾਏ ਦੀ ਨੂੰਹ ਨੇ ਘੜੀ-ਮੁੜੀ ਝਾਂਜਰਾਂ ਛਣਕਾਉਂਦੀ ਨੇ ਆਉਣਾ ਤੇ ਮੈਨੂੰ ਚਿੜਾਉਣ ਦੀ ਮਾਰੀ ਨੇ ਗੁਣ-ਗੁਣਾਉਣਾ,”ਮਾਹੀ ਮੇਰਾ ਨਿੱਕਾ ਜਿਹਾ, ਮੈਂ ਖਿੱਚ ਕੇ ਬਰੋਬਰ ਕੀਤਾ!” ਇਹਨਾਂ ਦਾ ਕੱਦ ਛੋਟਾ ਏ ਨਾ!
ਮੈਂ ਪਹਿਲਾਂ ਤਾਂ ਚੁੱਪ ਕਰੀ ਰਹੀ ਪਰ ਉਹ ਟਲਦੀ ਨਾ।
ਸਾਊ ਬਣ ਕੇ ਅੰਦਰ ਵੜਿਆ, ਮੂਰਖ ਸਮਝੇ ਮੈਥੋਂ ਡਰਿਆ।
ਤੇ ਜਿਵੇਂ ਕਹਿੰਦੇ ਨੇ ਹੱਥਾਂ ਬਾਜ ਕਰਾਰਿਆਂ ਵੈਰੀ ਹੋਣ ਨਾ ਮਿੱਤ, ਇੱਕ ਦਿਨ ਮੈਂ ਘੇਰ ਲਈ,”ਭਾਬੀ, ਕਿਸੇ ਨੇ ਲੈਲਾ ਨੂੰ ਵੀ ਕਿਹਾ ਸੀ ‘ਤੇਰਾ ਮਜਨੂੰ ਕਾਲ਼ਾ ਏ’ ਤਾਂ ਉਹਨੇ ਜਵਾਬ ਦਿੱਤਾ ਸੀ ‘ਤੇਰੀ ਦੇਖਣ ਵਾਲ਼ੀ ਅੱਖ ਨਹੀਂ।’ ਊੰ ਤਾਂ ਮੇਰਾ ਭਰਾ ਏ ਪਰ ਜੇ ਤੇਰੇ ਆਲ਼ੇ ਲੰਬੂ ਦੇ ਸਕੂਲ ਦੇ ਕਾਰਨਾਮੇ ਸੁਣਾਵਾਂ ਤਾਂ ਅੱਜੇ ਤਲਾਕ ਭਾਲੇਂਗੀ।” ਉਸ ਤੋਂ ਬਾਅਦ ਉਹ ਬੋਲੇ ਤਾਂ ਕੰਧ ਬੋਲੇ।
ਦਰਅਸਲ ਜਿੰਨ੍ਹਾਂ ਕੁੜੀਆਂ ਨੂੰ ਕੁਦਰਤ ਰੰਗ-ਰੂਪ ਦਿੰਦੀ ਏ ਉਹਨਾਂ ਦੀਆਂ ਰੀਝਾਂ ਕੁਝ ਜ਼ਿਆਦਾ ਈ ਅਸਮਾਨ ਨੂੰ ਛੂੰਹਦੀਆਂ ਹੁੰਦੀਆਂ ਨੇ, ਕੋਈ ਵਿਰਲੀ-ਵਾਂਙੀ ਭਾਵੇਂ ਬਚ ਜਾਵੇ।
ਵਿਆਹ ਤੋਂ ਬਾਅਦ ਪਹਿਲਾਂ-ਪਹਿਲ ਤਾਂ ਮੈਨੂੰ ਵੀ ਲੱਗਦਾ ਸੀ। ਪਰ ਬੰਦੇ ਦਾ ਕਿਰਦਾਰ ਹੋਰ ਸਭ ਊਣਤਾਈਆਂ ਨੂੰ ਕੱਜ ਲੈਂਦਾ ਏ। ਸਾਦਗੀ ਪਸੰਦ, ਘੱਟ ਬੋਲੜਾ ਸੁਭਾਅ ਤੇ ਜਦੋਂ ਬੋਲਣਾ ਮਜ਼ਾਲ ਕੀ ਫੁੱਲ ਨਾ ਕਿਰਨ, ਸਿਆਣੀ ਗੱਲ, ਭੈਣਾਂ-ਭਰਾਵਾਂ ਨਾਲ਼ ਖੜ੍ਹਣ ਦਾ ਮਾਦਾ, ਧੀ-ਭੈਣ ਦੀ ਸ਼ਰਮ ਮੰਨਣ ਵਾਲ਼ੀ ਅੱਖ, ਹੋਰ ਕੀ-ਕੀ ਦੱਸਾਂ? ਬਾਅਦ ਵਿੱਚ ਮੈਂ ਇਹਨਾਂ ਦੀ ਮੁਰੀਦ ਹੋ ਗਈ। ਸ਼ਾਮੀਂ ਜ਼ਰਾ ਲੇਟ ਹੋ ਜਾਣ ਤਾਂ ਮਨ ਖੁੱਸੂੰ-ਖੁੱਸੂੰ ਕਰਨ ਲੱਗ ਜਾਂਦਾ ਏ। ਹੁਣ ਲੱਗਦੈ ਮੈਨੂੰ ਆਪਣੇ ਘਰਵਾਲ਼ੇ ਨਾਲ਼ ਪਿਆਰ ਹੋ ਗਿਆ ਏ। ਇਉਂ ਲੱਗਦੈ ਜਿਵੇਂ ਮਲਬੇ ‘ਚ ਦੱਬੀ ਹੋਈ ਵੇਲ ਦੇ ਕਰੂੰਬਲਾਂ ਫੁੱਟ ਆਈਆਂ ਨੇ ਤੇ ਹੋਰ ਦੋ-ਚਾਰ ਮਹੀਨਿਆਂ ਨੂੰ ਕਲੀਆਂ ਖਿੜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ