ਇੱਕ ਅਮਲੀ ਨੇ ਪਿੰਡ ‘ਚ ਛੋਟਾ ਜਿਹਾ ਕੋਠਾ ਛੱਤਿਆ ਹੋਇਆ ਸੀ, ਇੱਕ ਮੰਜਾ ਸੀ ਕੋਲ਼ ਤੇ ਇੱਕ ਬੱਕਰੀ ਰੱਖੀ ਹੋਈ ਸੀ। ਪਿੰਡ ਆਲ਼ੇ ਉਹਨੂੰ ਨੰਗ, ਨੰਗ ਕਹਿੰਦੇ ਸੀ। ਪਰ ਉਹਨੂੰ ਪਿੰਡ ਆਲਿਆਂ ਦਾ ਇਉਂ ਬੁਲਾਉਣਾ ਚੰਗਾ ਨੀ ਸੀ ਲੱਗਦਾ, ਅਮਲੀ ਭਾਵੇਂ ਕੋਈ ਲੱਖ ਕਹਿ ਲੈਂਦਾ। ਇੱਕ ਵਾਰ ਸਾਉਣ ਦੇ ਮਹੀਨੇ ਮੀਂਹ ਬਾਹਲ਼ਾ ਪੈ ਗਿਆ। ਪਿੰਡ ਨੀਵੇਂ ਥਾਂ ਵਸਿਆ ਹੋਣ ਕਰਕੇ, ਪਾਣੀ ਪਿੰਡ ਵੱਲ ਨੂੰ ਹੋ ਤੁਰਿਆ ਤੇ ਪਿੰਡ ਡੁੱਬਣ ‘ਤੇ ਆ ਗਿਆ। ਅਮਲੀ ਨੇ ਮੰਜਾ ਚੁੱਕਿਆ ਸਿਰ ‘ਤੇ ਉੱਤੇ ਬੈਠਾ ਲਈ ਬੱਕਰੀ ਤੇ ਜਾ ਟਿੱਬੇ ‘ਤੇ ਡੇਰਾ ਲਾ ਲਿਆ। ਬਾਕੀ ਸਾਰਾ ਪਿੰਡ ਸੁਬਹਾ ਤੋਂ ਸ਼ਾਮ ਤੱਕ ਸੁੱਕੇ ਥਾਂ ਤਾਈਂ ਆਪਣਾ ਸਮਾਨ ਕੋਈ ਸਿਰ ‘ਤੇ ਤੇ ਕੋਈ ਗੱਡੇ ‘ਤੇ ਢੋਂਦਾ ਰਿਹਾ ਤੇ ਰੱਬ ਨੂੰ ਗਾਲ਼ ‘ਤੇ ਗਾਲ਼ ਵਰ੍ਹਾਉਂਦਾ ਰਿਹਾ।
ਇਹ ਸਾਰਾ ਤਮਾਸ਼ਾ ਦੇਖ ਕੇ ਅਮਲੀ ਕਹਿੰਦਾ,”ਅੱਜ ਆਇਆ ਨਜ਼ਾਰਾ, ਨੰਗ ਹੋਣ ਦਾ!”
ਮੇਜਰ ਡੱਬੇ ਕਾ ਚਾਚਾ ਲੱਗਦਾ ਸੀ ਸਾਡਾ, ਛੜਾ-ਛਾਂਟ, ਨਾ ਕੋਈ ਅੱਗੇ ਨਾ ਕੋਈ ਪਿੱਛੇ, ਨਾ ਪੁੱਤ ਵਿਆਹੁਣਾ ਸੀ, ਨਾ ਧੀ ਤੋਰਨੀ ਸੀ, ਡੱਕਾ ਨੀ ਸੀ ਦੂਹਰਾ ਕਰਨ ਨੂੰ, ਸ਼ਕੀਨ ਸੀ, ਸਾਰਾ ਜ਼ੋਰ ਦਾੜ੍ਹੀ-ਮੁੱਛਾਂ ਦੇ ਖ਼ਤ ਕੱਢਣ ‘ਤੇ ਲਾਈ ਰੱਖਦਾ ਸੀ, ਡੱਬੀਆਂ ਆਲ਼ਾ ਪਰਨਾ ਸਿਰ ‘ਤੇ ਵਲ਼ਿਆ ਹੁੰਦਾ ਤੇ ਤੇੜ ਉਸੇ ਕੱਪੜੇ ਦਾ ਚਾਦਰਾ ਲਾਇਆ ਹੁੰਦਾ ਸੀ, ਪਤਲਾ ਸਰੀਰ, ਭਾਅ ਮਾਰਦਾ ਮੁਖੜਾ, ਇੱਜਤਾਂ ਦਾ ਸਾਂਝੀਦਾਰ ਸੀ, ਮੁੱਲ ਦਾ ਈ ਹੱਸਦਾ ਸੀ, ਗੱਲ ਘੱਟ ਕਰਦਾ ਸੀ ਪਰ ਜਦੋਂ ਕਰਦਾ ਸੀ ਤੱਥਾਂ ਦਾ...
ਵੀ ਨਿਚੋੜ ਕੱਢ ਦਿੰਦਾ ਸੀ। ਸਾਰੀ ਉਮਰ ਨਾ ਕਿਸੇ ਦੀ ਹਿੜਕ ਝੱਲੀ, ਨਾ ਝਿੜਕ ਸੁਣੀ। ਪੂਰੀ ਫੰਨੇ ਖਾਂ ਜ਼ਿੰਦਗੀ ਜਿਉਂਕੇ ਤੁਰਦਾ ਬਣਿਆ।
ਜੇ ਜ਼ਿੰਦਗੀ ਇਉਂ ਵੀ ਜਿਉਂਈ ਜਾ ਸਕਦੀ ਏ ਫਿਰ ਏਨਾ ਪਸਾਰਾ ਪਸਾਰਨ ਦੀ ਕੀ ਲੋੜ ਏ? ਜਿੰਨੀ ਪੰਜਾਲ਼ੀ ਛੋਟੀ ਪਾਲ਼ਾਂਗੇ ਮਗਰ, ਸੌਖੇ ਰਹਾਂਗੇ। ਬਜ਼ਾਰ ਨੇ ਤਾਂ ਠਾਣੀ ਹੋਈ ਏ ਸਟੇਟਸ ਜਾਂ ਟੌਹਰ ਦੇ ਨਾਂ ‘ਤੇ ਬੇਲੋੜੀਆਂ ਚੀਜ਼ਾਂ ਸਾਨੂੰ ਵੇਚਣ ਦੀ, ਅੱਗੇ ਸਾਡੇ ‘ਤੇ ਏ ਕਿ ਬਜ਼ਾਰ ਦੀਆਂ ਚਤਰਾਈਆਂ ‘ਚ ਆਉਂਦੇ ਆਂ ਕਿ ਨਹੀਂ।
ਗੱਡੀ ਖਰੀਦ ਕੇ ਅਸੀਂ ਗੱਡੀ ਦੇ ਤੇਲ ਖਰਚੇ ਅਤੇ ਖ਼ਰਾਬ ਹੋਣ ‘ਤੇ ਮੁਰੰਮਤ ਦੀ ਚਿੰਤਾ ਵੀ ਨਾਲ਼ ਈ ਮੁੱਲ ਲੈ ਆਉਂਦੇ ਆਂ।
ਜਦੋਂ ਬਾਬੇ ਆਦਮ ਨੇ ਪਹਿਲੀ ਰੋਟੀ ਪਕਾਈ ਸੀ ਤਾਂ ਰੋਟੀ ਉੱਠ ਭੱਜ ਤੁਰੀ ਸੀ। ਰੋਟੀ ਮੂਹਰੇ ‘ਤੇ ਬਾਬਾ ਪਿੱਛੇ। ਤਦ ਗ਼ੈਬ ‘ਚੋਂ ਅਵਾਜ਼ ਆਈ ਸੀ,”ਐ ਆਦਮ, ਤੂੰ ਰੋਟੀ ਪਿੱਛੇ ਭੱਜ ਕੇ ਬਹੁਤ ਵੱਡੀ ਖ਼ਤਾ ਖਾਧੀ ਏ, ਤੇਰੀ ਉੱਮਤ ਰੋਟੀ ਮਗਰ ਭੱਜਦੀ-ਭੱਜਦੀ ਖਪਦੀ ਰਹੇਗੀ ਪਰ ਰੋਟੀ ਡਾਅ ਨਹੀਂ ਦੇਵੇਗੀ!”
ਚਲੋ, ਰੋਟੀ ਤੱਕ ਦੀ ਦੌੜ ਫਿਰ ਵੀ ਜਾਇਜ਼ ਏ ਪਰ ਬੇਵਜ੍ਹਾ ਦੇ ਸਹੇੜੇ ਖ਼ਰਚੇ ਪਤਾ ਨੀਂ ਹੋਰ ਕਿੰਨਿਆਂ ਨੂੰ ਲੈ ਬੈਠਣ ਗੇ!
ਬਲਜੀਤ ਖ਼ਾਨ ਸਪੁੱਤਰ ਜਨਾਬ ਬਿੱਲੂ ਖ਼ਾਨ। ਪਹਿਲੀ ਅਪ੍ਰੈਲ, ਦੋ ਹਜ਼ਾਰ ਇੱਕੀ।
Access our app on your mobile device for a better experience!