ਜਦੋਂ ਟਾਂਗੇ ਦਾ ਸਫ਼ਰ ਹੁੰਦਾ ਸੀ ,ਉਦੋ ਜ਼ਹਾਜ਼ਾਂ ਦੇ ਸੁਫਨੇ ਲਏ ਜਾਂਦੇ ਸਨ ਤੇ ਕਾਗਜ਼ ਦੇ ਬਣਾ ਕੇ ਉਡਾਏ ਜਾਂਦੇ ਸਨ .. ਅੱਜ ਜ਼ਹਾਜਾਂ ਗੱਡੀਆਂ ਦਾ ਸਫਰ ਹੋ ਗਿਆ ਹੈ ਤਾਂ ਟਾਂਗੇ ,
ਯੱਕੇ ਦਾ ਸਫ਼ਰ ਕਰਨ ਨੂੰ ਮਨ ਕਰਦਾ ਹੈ ..ਟਾਂਗੇ ਦਾ ਸਫਰ ਨਿੱਘ ਭਰਪੂਰ ਅਨੰਦਮਈ ਸੀ ਜਦੋਂ ਕੇ ਜ਼ਹਾਜ਼ਾ ਦੇ ਮਹਿੰਗੇ ਸਫ਼ਰ ਨੇ ਅਤੇ ਪਦਾਰਥਾਂ ਦੀ ਦੌੜ ਨੇ ਇਕੱਲੇ ਕਰ ਦਿੱਤਾ ਹੈ ।
ਜਦੋਂ ਕਦੇ ਯਾਦਾਂ ਹਲੂਣਦੀਆਂ ਹਨ ਤਾਂ ਚੇਤਿਆਂ ਵਿੱਚ ਕਈ ਕੁਝ ਸਾਹਮਣੇ ਆ ਜਾਂਦਾ ਹੈ ,ਜਦੋਂ ਨਾਨੀ ਟਾਂਗੇ ਤੇ ਇੱਕ ਰੁਪਏ ਦੇ ਭਾੜੇ ਨਾਲ ਮੋਗੇ ਲੈ ਜਾਂਦੀ ਹੁੰਦੀ ਸੀ .. ਮਸੀਂ ਪੰਜ ਸੱਤ ਸਵਾਰੀਆਂ ਤੇ ਟਾਂਗੇ ਦੇ ਚੱਲਣ ਨਾਲ ਟੱਪਕ ਟੱਪਕ ਦੀ ਆਵਾਜ਼ .. ਛਾਂਟਾ ਘੁਮਾਉਂਦਾ ਟਾਂਗੇ ਵਾਲਾ “ਹੱਟ ਭਾਈ ,ਹੱਟ ਭਾਈ “ਵੀ ਕਹਿੰਦਾ ਜਾਂਦਾ .. !
ਕਿੰਨਾ ਸਵਾਰੀਆਂ ਵਿੱਚ ਸਬਰ ਸੰਤੋਖ ਤੇ ਸ਼ਹਿਣਸੀਲਤਾ ਹੁੰਦੀ ਸੀ ?
ਕਿਸੇ ਦਾ ਜਵਾਕ ਬੁੱਕਲ ਵਿੱਚ ਬਿਠਾ ਲੈਣਾ ਤੇ ਕਿਸੇ ਦੀ ਗੱਠੜੀ ਫੜ੍ਹ ਲੈਣੀ …!
ਛੋਟੇ ਹੁੰਦਿਆਂ ਪੰਜਾਬੀ ਦੀ ਕਿਤਾਬ ਵਿੱਚ “ਬੀਰੂ ਟਾਂਗੇ ਵਾਲਾ “ਕਹਾਣੀ ਵੀ ਬਹੁਤ ਨਿਰਾਸ਼ ਕਰ ਦਿੰਦੀ ਸੀ .. !
ਜਿਵੇਂ ਜਿਵੇਂ ਤਰੱਕੀ ਹੋਈ ਸਾਧਨ ਵੱਧਦੇ ਗਏ ਤੇ ਮਨੁੱਖ ਵੀ ਇਕੱਲਾ ਹੁੰਦਾ ਗਿਆ ..ਉੱਲਝ ਬੈਠਾ ਪਦਾਰਥਾਂ ਦੀ ਦੋੜ ਵਿੱਚ .. ਤੇ ਖਤਮ ਕਰ ਲਿਆ ਸਕੂਨ …!
ਹੁਣ ਉਹੀ ਟਾਂਗੇ ਖਿਡੌਣਿਆਂ ਦੇ ਰੂਪ ਵਿੱਚ ਡਰਾਇੰਗ ਰੂਮਾਂ ਦਾ ਸ਼ਿੰਗਾਰ ਬਣੇ ਹੋਏ ਹਨ .. !
ਨਾ ਹੀ ਨਾਨੀਆਂ ਕੋਲ ਵਿਹਲ ਰਹੀ ਤੇ ਨਾ ਹੀ ਦੋਹਤੇ ਦੋਹਤੀਆਂ ਨਾਨਕੇ ਛੁੱਟੀਆਂ ਕੱਟਣ ਜਾਂਦੇ ਹਨ .. ਛੋਟੇ ਪਰਿਵਾਰ ਮਾਸੀਆਂ ਤੋਂ ਸੱਖਣੇ ਸੁੰਨੇ ਤੇ ਬੇਰੌਣਕੇ ਘਰ ਉਦਾਸੀ ਦੀ ਬਾਤ ਪਾਂਉਦੇ ਹਨ .. !
ਸਾਡਾ ਬਚਪਨ ਕਿੰਨਾ ਰੰਗੀਨ ਸੀ , ਜਦੋਂ ਮਿੱਟੀ ਦੇ ਭਾਂਡੇ ਬਣਾਉਣੇ ਤੇ ਇੱਟਾਂ ਦੇ ਘਰ ਬਣਾ ਕੇ ਘਰ ਘਰ ਖੇਡਣਾ .. ਸੂਲਾਂ ਲਾ ਕੇ ਕਾਗਜ਼ ਦੀਆਂ ਭੰਮੀਰੀਆਂ ਬਣਾ ਲੈਣੀਆਂ ..
ਲੋਹੇ ਦੀ ਤਾਰ ਨਾਲ ਦੋ ਪਹੀਆਂ ਵਾਲਾ ਰੇਹੜਾ ਬਣਾ ਲੈਣਾ .. ਸਾਇਕਲ ਦਾ ਟਾਇਰ ਲੈ ਕੇ ਡੰਡੇ ਦੀ ਮੱਦਦ ਨਾਲ ਭਜਾਈ ਜਾਣਾ ..
ਛੋਟੀਆਂ ਕੰਧਾਂ ਤੇ ਚੜ੍ਹ ਮਿੱਟੀ ਵਿੱਚ ਛਾਲਾਂ ਮਾਰਨੀਆਂ , ਕਦੇ ਲੱਤ-ਬਾਂਹ ਟੁੱਟਣ ਦਾ ਵੀ ਡਰ ਨਹੀਂ ਹੁੰਦਾ ਸੀ …ਗਲੀ ਗੁਆਂਢ ਦੇ ਮੁੰਡੇ ਕੁੜੀਆਂ ਨੇ ਇਕੱਠੇ ਹੋ ਕੇ ਲੁੱਕਣ ਮੀਟੀ ਖੇਡਣੀ ਤੇ ਕਈ ਘਰਾਂ ਦੀਆਂ ਛੱਤਾਂ , ਕੰਧਾਂ ਟੱਪ ਕੇ ਲੁੱਕਣਾ ਤੇ ਇੱਕ ਦੂਜੇ ਨੂੰ ਲੱਭਦੇ ਫਿਰਨਾ .. ਕਦੇ ਕੋਟਲਾ ਛਪਾਕੀ ਤੇ ਤੇ ਕਦੇ ਡਿੱਕਰੀ ਖਾਨਾਂ ਖੇਡਦਿਆਂ ਰਾਤ ਪੈ ਜਾਣੀ …ਖੁੱਲ੍ਹੇ ਪਿੜ੍ਹਾਂ ਵਿੱਚ ਵੱਖਰੀਆਂ ਵੱਖਰੀਆਂ ਖੇਡਾਂ ਖੇਡਣੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ