ਇੱਕ ਕੁੜੀ

ਇਹ ਕਹਾਣੀ
ਹਰ ਮੁੰਡੇ ਕੁੜੀ ਦੀ
ਇੱਕ ਜੋਬਤ ਰੁੱਤੇ
ਅਧੂਰੀ ਰਹੀ ਖਵਾਇਸ਼
ਨਾ ਭਰਨ ਵਾਲੀ
ਖ਼ਾਲੀ ਜਗਾਹ ਦੇ
ਨਾਮ ਹੈ
ਤਕਰੀਬਨ ਰਾਤ ਦੇ ਦਸ ਵੱਜ ਗਏ ਸੀ,ਘਰ ਵਿੱਚ ਸਾਰੇ ਸੁੱਤੇ ਪਏ ਸਨ,ਪਰ ਇੱਕ ਮੈਂ ਹੀ ਸੀ,ਜੋ ਏਧਰ ਤੋਂ ਓਧਰ ਪਾਸੇ ਲੈ ਰਿਹਾ ਸੀ ਤੇ ਪਲ਼ ਪਲ਼ ਪਿੱਛੋਂ ਸਿਰਹਾਣੇ ਪੲੇ ਫੋਨ ਨੂੰ ਚੁੱਕ ਕੇ ਵੇਖਦਾ ਤੇ ਫੇਰ ਮੁੜ ਵਾਪਿਸ ਉਥੇ ਹੀ ਧਰ ਦੇਂਦਾ, ਕਿੰਨੀਂ ਘਰ ਕਰ ਜਾਂਦੀ ਹੈ ਨਾ, ਕਿਸੇ ਦੀ ਉਡੀਕ… ਦਰਅਸਲ ਵਿਚ ਮੈਂ ਕਿਸੇ ਦੇ ਮੈਸਜ਼ ਦਾ ਇੰਤਜ਼ਾਰ ਕਰ ਰਿਹਾ ਸੀ, ਪਰ ਉਸਦਾ ਆਨਲਾਈਨ ਹੁੰਦੇ ਹੋਏ ਵੀ ਮੈਸਜ਼ ਨਹੀਂ ਸੀ ਆ ਰਿਹਾ ਆ, ਮੈਂ ਉਡੀਕਦਾ ਰਿਹਾ ਪਰ ਮੈਸਜ਼ ਨਾ ਆਇਆ, ਮੈਂ ਫੇਰ ਫੋਨ ਸਿਰਹਾਣੇ ਧਰ ਦਿੱਤਾ ਤੇ ਕੁਝ ਸਮੇਂ ਬਾਅਦ ਫੇਰ ਉਹੀ ਉਡੀਕ ਨਾਲ ਫੋਨ ਚੁੱਕ ਵੇਖਿਆ ਅਜੇ ਵੀ ਮੈਸਜ਼ ਨਹੀਂ ਸੀ ਆਇਆ,ਪਰ ਹਾਂ ਹੁਣ ਉਹ ਆਨਲਾਈਨ ਵੀ ਨਹੀਂ ਸੀ , ਮੈਂ ਫੋਨ ਨੂੰ ਫ਼ਲਾਈਟ ਮੂਡ ਤੇ ਲਾਇਆ ਤਾਂ ਵੇਖਿਆ ਤਾਂ ਗਿਆਰਾਂ ਵੱਜ ਚੁੱਕੇ ਸਨ, ਮੈਂ ਫੋਨ ਧਰਨ ਲੱਗਾ ਬਾਪੂ ਨੂੰ ਪਤਾ ਲੱਗ ਗਿਆ ਕਿ ਹਲੇ ਮੁੰਡਾ ਸੁੱਤਾ ਨਹੀਂ ਆ, ਫੇਰ ਕੀ ਹੋਣਾ ਸੀ,ਬਾਪੂ ਲੱਗ ਗਿਆ ਗਾਲਾਂ ਦੇਣ…
ਬਾਪੂ : ਨਾ ਪਿਆ ਨੀਂ ਜਾਂਦਾ ਤੇਰੇ ਤੋਂ…ਅੱਧੀ ਰਾਤ ਹੋਈ ਪਈ ਆ… ਤੜਕੇ ਤਾਂ ਗਿਆਰਾਂ ਵਜੇ ਤੀਕ ਪਾਸਾ ਨੀਂ ਮੱਲਦਾ…ਹੁਣ ਆ ਧੀ ਦੇ ਖ਼ਸਮਾਂ ਦੇ ਨੂੰ ਧਰਦਾ ਨੀਂ ਹੈਗਾ… ਕਿਸੇ ਦਿਨ ਕੰਧ ਚ ਮਾਰ ਕੇ ਭੰਨ ਦੇਣਾ ਮੈਂ… ਨਾਲ਼ੇ ਦੱਸਾਂ ਤੈਨੂੰ…ਨਾ ਪੈਣਾਂ ਕਿ ਨਾ ਹੁਣ…ਕਿ ਹੋਵਾਂ ਮੈਂ ਖੜ੍ਹਾ
ਮੈਂ : ਨਹੀਂ ! ਨਹੀਂ ! , ਬਸ ਬਾਪੂ ਧਰ ਦਿੱਤਾ
ਬਾਪੂ : ਠੀਕ ਐ…ਪੈ ਜਾ ਹੁਣ
ਐਨੇ ਵਿਚ ਹੀ ਮਾਂ ਨੂੰ ਜਾਗ ਆ ਗੲੀ,ਨਾ ਕਿਉਂ ਮੁੰਡੇ ਨੂੰ ਲੜੀ ਜਾਣਾਂ…ਅੱਧੀ ਰਾਤ ਹੋਈ ਪਈ ਆ…ਨਿਆਣਾ ਹਲੇ… ਸਾਰਾ ਦਿਨ ਤਾਂ ਕੰਮ ਕਰਦਾ ਰਹਿੰਦਾ… ਤੜਕੇ ਵੀ ਤੇਰੇ ਤੋਂ ਪਹਿਲਾਂ ਉੱਠ ਖੜਦਾ ਹੈ… ਕਿਉਂ ਤੂੰ ਐਵੇਂ ਜਵਾਕ ਨੂੰ ਲੜੀ ਜਾਣਾਂ…ਆਪੈ ਸੌਂ ਜਾਊਗਾ…ਬਸ ਤੂੰ ਪੈਜਾ
ਬਾਪੂ : ਹਾਂ ਹਾਂ, ਮੈਂ ਪੈ ਜਾਵਾਂ… ਉਹਨੂੰ ਚੰਗੀ ਮੱਤ ਨਾ ਦੇਈਂ ਕੋਈ
ਮਾਂ : ਮੈਥੋਂ ਨੀਂ ਬੋਲਿਆ ਜਾਂਦਾ… ਤੇਰੇ ਨਾ
ਦੋਵੇਂ ਚੁੱਪ ਕਰ ਗਏ, ਮੈਂ ਅਸਮਾਨ ਵੱਲ ਵੇਖਦਾ ਰਿਹਾ ਤੇ ਕਿੰਨਾ ਚਿਰ ਸੋਚਦਾ ਰਿਹਾ,ਕਿ ਭਲਾਂ ਉਹਨੇ ਮੈਸਜ਼ ਕਿਉਂ ਨਹੀਂ ਕਰਿਆ,ਕੀ ਵਜ੍ਹਾ ਹੋ ਸਕਦੀ ਹੈ, ਫੇਰ ਆਪਣੇ ਹੀ ਆਪ ਨੂੰ ਕਹਿਣ ਲੱਗਾ… ਛੱਡ ਸੁਖ ਸਿਆਂ ਕਿਉਂ ਕਿਸੇ ਬਾਰੇ ਸੋਚ ਸੋਚ ਆਪਣਾ ਦਿਮਾਗ ਨਾਲ਼ੇ ਵਕ਼ਤ ਖ਼ਰਾਬ ਕਰਿਆ ਏ, ਜਦੋਂ ਉਹਨੂੰ ਤੇਰੀ ਕੋਈ ਫ਼ਿਕਰ ਨਹੀਂ ਆ, ਫੇਰ ਤੂੰ ਕਿਉਂ ਐਵੇਂ ਹੀ ਸੋਚੀਂ ਜਾਣਾਂ, ਨਾਲ਼ੇ ਕੀ ਪਤਾ ਕੋਈ ਹੋਰ ਹੋਵੇ ਉਸਦੀ ਜ਼ਿੰਦਗੀ ਵਿਚ… ਤਾਹੀਂ ਜਵਾਬ ਨਾ ਦਿੱਤਾ ਹੋਵੇ ਮੈਸਜ਼ ਦਾ, ਫੇਰ ਸੋਚਦਾ ਨਹੀਂ..ਨਹੀਂ,ਏਵੇਂ ਥੋੜ੍ਹਾ ਹੁੰਦਾ… ਅੱਜ ਤੀਕ ਹਰ ਵਾਰ ਪਹਿਲਾਂ ਮੈਸਜ਼ ਉਸਨੇ ਹੀ ਕੀਤਾ ਹੈ,ਕੀ ਪਤਾ ਕੋਈ ਕੰਮ-ਕਾਜ ਕਰ ਰਹੀ ਹੋਵੇ, ਨਾਲ਼ੇ ਪਹਿਲਾਂ ਵੀ ਹਰਰੋਜ਼ ਮੈਸਜ਼ ਕਰਦੀ ਹੀ ਆ,ਕੀ ਹੋਇਆ ਜੇ ਇੱਕ ਦਿਨ ਨਾ ਕੀਤਾ… ਫੇਰ ਸੋਚਦਾ ਲੈ ਐਵੇਂ ਕਿਵੇਂ ਨਾ ਕੀਤਾ… ਚੱਲ ਛੱਡ ਸੁਖ ਸਿਆਂ ਕੱਲ੍ਹ ਕਰਦੇ ਆਂ ਗੱਲ… ਨਾਲ਼ੇ ਪੁਛਾਂਗੇ ਕਿ ਮੈਸਜ਼ ਕਿਉਂ ਨਹੀਂ ਕਰਿਆ, ਨਾਲ਼ੇ ਦੱਸਾਂਗੇ ਕਿ ਕਿੰਨੀ ਉਡੀਕ ਕੀਤੀ… ਇਹ ਸੋਚਦੇ ਸੋਚਦੇ ਪਤਾ ਹੀ ਨਾ ਲੱਗਾ ਸੁਖ ਨੂੰ ਕਦ ਨੀਂਦ ਆ ਗੲੀ।
ਘੱਗਰ ਤੋਂ ਦੋ ਮੀਲ ਦੀ ਦੂਰੀ ਉਰਾਂ ਇੱਕ ਨਿੱਕਾ ਜਿਹਾ ਪਿੰਡ ਉੱਚਾ ਟਿੱਲਾ ਜੋ ਕਿ ਬਿਲਕੁਲ ਹਰਿਆਣੇ ਦੇ ਨਾਲ ਹੀ ਪੈ ਜਾਂਦਾ ਸੀ ਤੇ ਪੰਜਾਬ ਦੇ ਮਾਨਸੇ ਜ਼ਿਲ੍ਹੇ ਵਿੱਚ ਆਉਂਦਾ ਸੀ, ਉਥੋਂ ਦੇ ਇੱਕ ਆਮ ਜਿਹੇ ਪਰਿਵਾਰ ਦਾ ਮੁੰਡਾ ਜਿਸ ਨੂੰ ਸਾਰੇ ਸੁਖ.. ਸੁਖ ਆਖਦੇ ਸਨ,ਪਰ ਜਿਸਦਾ ਪੂਰਾ ਨਾਮ ਸੀ ਸੁਖਦੀਪ ਸਿੰਘ,ਵੇਖਣ ਵਿਚ ਨਰਮ ਜਿਹੇ ਸੁਭਾਅ ਦਾ ਮੁੰਡਾ ਸੀ,ਕੱਦ ਕਾਠ ਠੀਕ ਠਾਕ ਹੀ ਸੀ, ਰੰਗ ਰੂਪ ਵੀ ਵੱਤ ਦਾ ਸੀ, ਮਾਪਿਆਂ ਦਾ ਇਕਲੌਤਾ ਪੁੱਤਰ ਹੋਣ ਦੇ ਬਾਵਜੂਦ ਵੀ ਬੜਾ ਸਿਆਣਾ ਸੀ, ਜਦੋਂ ਉਹ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ, ਉਦੋਂ ਉਸਦੇ ਬਾਪੂ ਦੀ ਤਾਏ ਨਾਲ ਲੜਾਈ ਹੋ ਗਈ ਸੀ,ਜਿਸ ਕਰਕੇ ਸੁਖਦੀਪ ਦੇ ਬਾਪੂ ਨੇ ਖੇਤ ਜਾ ਘਰ ਪਾ ਲਿਆ, ਪਿੰਡ ਤੋਂ ਜ਼ਿਆਦਾ ਦੂਰ ਤੇ ਨਹੀਂ ਸੀ, ਪਰ ਹਾਂ ਕੋਲ਼ ਨੇੜੇ ਤੇੜੇ ਘਰ ਵੀ ਕੋਈ ਨਹੀਂ ਸੀ, ਜ਼ੱਦੀ ਪੈਲੀ ਸੀ,ਪੰਜ ਕੁ ਕਿੱਲੇ ਉਸ ਨਾਲ ਹੀ ਚਲਦੀ ਸੀ ਸਾਰੀ ਕਬੀਲਦਾਰੀ, ਉਂਝ ਮੱਝਾਂ ਵੀ ਰੱਖੀਆਂ ਹੋਈਆਂ ਸਨ, ਜਿਹਨਾਂ ਦਾ ਦੁੱਧ ਡਾਇਰੀ ਵਿਚ ਪਾਉਣ ਕਰਕੇ, ਵਧੀਆ ਆਈ ਚਲਾਈ ਚੱਲਦੀ ਸੀ, ਫਿਲਹਾਲ ਘਰ ਵਿਚ ਕਿਸੇ ਚੀਜ਼ ਦੀ ਕੋਈ ਵੀ ਤੰਗੀ ਪੇਸ਼ੀ ਨਹੀਂ ਸੀ, ਸੁਖਦੀਪ ਨੇ ਬਾਰਵੀਂ ਜਮਾਤ ਤੀਕ ਦੀ ਪੜ੍ਹਾਈ ਆਪਣੇ ਪਿੰਡ ਆਲੇ ਸਰਕਾਰੀ ਸਕੂਲ ਵਿੱਚ ਹੀ ਕੀਤੀ ਸੀ ਤੇ ਬਾਰਵੀਂ ਤੋਂ ਬਾਅਦ ਉਹ ਨਾਲਦੇ ਸ਼ਹਿਰ ਮਾਨਸੇ ਹੀ ਇੱਕ ਸਰਕਾਰੀ ਕਾਲਜ ਵਿੱਚ ਬੀ.ਏ ਕਰ ਰਿਹਾ ਸੀ।
ਕੁਝ ਮਹੀਨੇ ਕਾਲਜ ਜਾਣ ਤੋਂ ਬਾਅਦ ਉਸ ਦੀ ਸੰਗਤ ਵਧੀਆ ਮੁੰਡਿਆਂ ਨਾਲ ਹੋ ਗੲੀ,ਜਿਸਦੇ ਨਾਲ ਸੁਖ ਦੀ ਸੋਚ ਉੱਪਰ ਬਹੁਤ ਹੀ ਜ਼ਿਆਦਾ ਫ਼ਰਕ ਪਿਆ,ਸੁਖ ਨੂੰ ਲਾਇਬ੍ਰੇਰੀ ਵਿਚੋਂ ਕਿਤਾਬਾਂ ਲੈ ਕੇ ਪੜ੍ਹਨ ਦਾ ਸ਼ੌਕ ਸੀ,ਇਹ ਸ਼ੌਕ ਉਸਦਾ ਸਕੂਲ ਸਮੇਂ ਤੋਂ ਹੀ ਸੀ,ਪਰ ਉਸਦਾ ਇਹ ਸ਼ੌਕ ਹੌਲੀ-ਹੌਲੀ ਲਿਖਣ ਵਿਚ ਤਬਦੀਲ ਹੋਣ ਲੱਗਿਆ,ਉਸਨੇ ਅਕਸਰ ਬੀਤੇ ਦਿਨ ਤੇ ਚਾਰ ਲਾਈਨਾਂ ਜੋੜ ਕੁਝ ਨਾ ਕੁਝ ਸੋਸ਼ਲ ਮੀਡੀਆ ਉੱਪਰ ਪਾ ਦੇਣਾ, ਹੌਲ਼ੀ ਹੌਲ਼ੀ ਉਸਨਾਲ ਇਸ ਤਰ੍ਹਾਂ ਕਾਫੀ ਲੋਕ ਜੁੜ ਗੲੇ,ਉਸਦੀ ਲਿਖਣਾ ਆਦਤ ਜਿਹੀ ਬਣ ਗਿਆ,ਸੁਖ ਕਹਾਣੀਆਂ ਪੜ੍ਹਨੀਆਂ ਬੜੀਆਂ ਪਸੰਦ ਸਨ,ਉਹ ਅਕਸਰ ਸੋਚਿਆ ਕਰਦਾ ਸੀ,ਕਿ ਉਹ ਵੀ ਇੱਕ ਦਿਨ ਜ਼ਰੂਰ ਕਹਾਣੀ ਲਿਖੇਗਾ, ਉਸਨੇ ਇਹ ਗੱਲ ਆਪਣੇ ਦੋਸਤਾਂ ਨਾਲ ਵੀ ਸਾਂਝੀ ਕੀਤੀ, ਤਾਂ ਉਸਦੇ ਇੱਕ ਦੋਸਤ ਨੇ ਉਸਨੂੰ ਉਸਦੀ ਪਿਆਰ ਕਹਾਣੀ ਤੇ ਕਹਾਣੀ ਲਿਖਣ ਲਈ ਕਿਹਾ,ਸੁਖ ਨੇ ਵਕ਼ਤ ਤੇ ਉਸ ਗੱਲ ਨੂੰ ਜ਼ਿਆਦਾ ਤਰਜੀਹ ਨਾ ਦਿੱਤੀ,ਤੇ ਗੱਲ ਟਾਲੇ ਪਾ ਦਿੱਤੇ, ਪਰ ਕੲੀ ਮਹੀਨੇ ਬੀਤ ਗਏ,ਕਾਲਜ ਵਿੱਚ ਛੁੱਟੀਆਂ ਸਨ, ਕਣਕਾਂ ਦਾ ਕੰਮ ਨਿਬੇੜ ਕੇ ਲੋਕ ਵੀ ਵਿਹਲੇ ਸਨ,ਝੋਨਾ ਲਗਾਉਣ ਵਿਚ ਹਲੇ ਕਾਫ਼ੀ ਸਮਾਂ ਬਾਕੀ ਸੀ।
ਸ਼ਾਮ ਕੁ ਸੱਤ ਵਜੇ ਦਾ ਸਮਾਂ ਸੀ,ਸੁਖ ਛੱਤ ਤੇ ਬੈਠਾ, ਕੁਝ ਲਿਖਣ ਬਾਰੇ ਸੋਚ ਰਿਹਾ ਸੀ, ਅਚਾਨਕ ਉਸਨੇ ਮਨ ਵਿਚ ਖਿਆਲ ਆਇਆ ਕਿ ਕਿਉਂ ਨਾ ਇੱਕ ਕਹਾਣੀ ਲਿਖੀ ਜਾਏ, ਫੇਰ ਸੋਚਿਆ ਕਿ ਲਿਖੀ ਕਿਸ ਵਿਸ਼ੇ ਤੇ ਜਾਵੇ ਤਾਂ ਸੁਖ ਨੂੰ ਆਪਣੇ ਦੋਸਤ ਦੀ ਕਹੀ ਗੱਲ ਚੇਤੇ ਆ ਗੲੀ, ਸੁਖ ਨੇ ਹੂਬਹੂ ਜਿਦਾਂ ਉਸਦੇ ਦੋਸਤ ਨਾਲ ਬੀਤੀ ਸੀ, ਓਦਾਂ ਕਹਾਣੀ ਲਿਖ ਦਿੱਤੀ ਤੇ ਮੁਹੱਬਤ ਦੇ ਰੰਗ ਸਿਰਨਾਮਾ ਰੱਖ ਕੇ ਉਸਨੂੰ ਆਪਣੇ ਨਾਲ ਜੁੜੇ ਦੋਸਤਾਂ ਮਿੱਤਰਾਂ ਨੂੰ ਭੇਜ ਦਿੱਤਾ, ਸਾਰਿਆਂ ਨੇ ਕਹਾਣੀ ਨੂੰ ਬਹੁਤ ਹੀ ਪਿਆਰ ਦਿੱਤਾ,ਸੁਖ ਨੂੰ ਖੁਦ ਯਕੀਨ ਨਹੀਂ ਸੀ ਹੋ ਰਿਹਾ ਕਿ ਲੋਕ ਉਸ ਦੁਬਾਰਾ ਲਿਖੀ ਕਹਾਣੀ ਦੀ ਪ੍ਰੰਸ਼ਸਾ ਕਰ ਰਹੇ ਨੇ, ਅਖੀਰਕਾਰ ਉਸਦੇ ਦੋਸਤਾਂ ਨੇ ਸੁਖ ਦੀ ਉਹ ਕਹਾਣੀ ਇੱਕ ਦੋ ਕਹਾਣੀਆਂ ਵਾਲੀਆਂ ਐੱਪਸ ਉੱਪਰ ਵੀ ਪਾ ਦਿੱਤੀ ,ਜਿਸ ਨਾਲ ਸੁਖ ਦੀ ਕ਼ਲਮ ਨੂੰ ਪੜਨ ਵਾਲਿਆ ਦੀ ਗਿਣਤੀ ਹੋਰ ਵੱਧਣ ਲੱਗ ਪੲੀ… ਉਸਦੇ ਦੋਸਤਾਂ ਨੇ ਵੀ ਭਰਮਾ ਹੁੰਗਾਰਾ ਦਿੱਤਾ ਤੇ ਕਿਹਾ ਕਿ ਉਹ ਸੱਚਮੁੱਚ ਹੀ ਇੱਕ ਚੋਟੀ ਦਾ ਕਹਾਣੀ ਕਾਰ ਹੈ…ਅੱਗੇ ਜਾ ਇਹ ਹੋਰ ਜ਼ਿਆਦਾ ਵਧੀਆ ਕਹਾਣੀਆਂ ਲਿਖੇਗਾ…
ਉਸਦੀ ਕਹਾਣੀ ਪੜ੍ਹ ਕੇ ਕਿਸੇ ਅਣਜਾਣ ਜਿਹੇ ਨੰਬਰ ਤੇ ਇੱਕ ਮੈਸਜ਼ ਆਇਆ,ਸੁਖ ਲਈ ਹੁਣ ਏਦਾਂ ਮੈਸਜ਼ ਆਉਣਾ ਕੋਈ ਵੱਡੀ ਗੱਲ ਤੇ ਨਹੀਂ ਸੀ,ਉਸ ਮੈਸਜ਼ ਵਿਚ ਵੀ ਹੋਰਾਂ ਵਾਂਗ ਹੀ ਲਿਖਿਆ ਹੋਇਆ ਸੀ
ਅਣਜਾਣ ਨੰਬਰ : ਹੈਲੋ ਸਰ, ਮੈਂ ਆਪ ਜੀ ਦੀ ਮੁਹੱਬਤ ਉੱਪਰ ਲਿਖੀ ਕਹਾਣੀ ਪੜੀ,ਜੋ ਕੇ ਕਾਬਿਲ ਏ ਤਾਰੀਫ਼ ਹੈ,ਸਰ ਅਸੀਂ ਹੋਰ ਵੀ ਬਹੁਤ ਕਹਾਣੀਆਂ ਪੜ੍ਹੀਆਂ,ਪਰ ਇਹ ਸਭ ਤੋਂ ਵਧੀਆ ਲੱਗੀ,ਕੀ ਸਰ ਸਾਨੂੰ ਇਸ ਕਹਾਣੀ ਦਾ ਅਗਲਾ ਭਾਗ ਮਿਲ਼ ਸਕਦਾ ਹੈ।
ਸੁਖ ਉਸ ਦਿਨ ਸਾਰਾ ਦਿਨ ਕੰਮ ਕਾਜ ਵਿਚ ਰੁੱਝਿਆ ਹੋਇਆ ਸੀ,ਜਿਸ ਕਰਕੇ ਉਹ ਉਸ ਦਿਨ ਮੈਸਜ਼ ਨਾ ਵੇਖ ਸਕਿਆ, ਦੂਸਰੇ ਦਿਨ ਉਹ ਆਪਣੇ ਬਾਪੂ ਨਾਲ ਸ਼ਹਿਰ ਚਲਾ ਗਿਆ, ਬਾਪੂ ਨਾਲ ਹੋਣ ਕਰਕੇ, ਸੁਖ ਦੀ ਫੋਨ ਜੇਬ ਵਿੱਚੋ ਬਾਹਿਰ ਕੱਢਣ ਦੀ ਵੀ ਹਿੰਮਤ ਜਿਹੀ ਨਾ ਪਈਂ ਤੇ ਸ਼ਹਿਰੋਂ ਆਉਂਦੇ ਸਾਰ ਹੀ ਉਹ ਪਸ਼ੂਆਂ ਲਈ ਪੱਠੇ ਵੱਢਣ ਚਲਾ ਗਿਆ,ਪੱਠੇ ਲਿਆ ਕੇ, ਉਹਨਾਂ ਨੂੰ ਕੁੱਟ ਕੇ ਤੇ ਪਸ਼ੂਆਂ ਨੂੰ ਪਾਉਂਦੇ ਸਾਰ ਹੀ ਉਹ ਨਹਾਉਣ ਲਈ ਚਲਾ ਗਿਆ,ਨਹਾ ਕੇ ਜਦੋਂ ਆਇਆਂ ਤੇ ਮਾਂ ਨੇ ਆਉਂਦੇ ਸਾਰ ਹੀ ਕਹਿ ਦਿੱਤਾ, ਪੁੱਤ ਜੇ ਨਹਾ ਆਇਆ ਤਾਂ ਕੂਲਰ ਵਿਚ ਪਾਣੀ ਪਾ ਦੇ ਤੇ ਨਾਲ਼ੇ ਤੇਰੇ ਬਾਪੂ ਦੀ ਰੋਟੀ ਪਾ ਰਹੀ ਆ ਤੂੰ ਫੜਾ ਦੇ , ਮੈਂ ਛੇਤੀ ਛੇਤੀ ਕੰਮ ਨਿਬੇੜ ਲਵਾਂ,ਸੁਖ ਨੇ ਬਾਪੂ ਨੂੰ ਰੋਟੀ ਫੜਾ ਕੇ, ਆਪਣੀ ਰੋਟੀ ਪਾਉਣੀ ਸ਼ੁਰੂ ਕਰ ਦਿੱਤੀ,ਤੇ ਕੂਲਰ ਵਿਚ ਪਾਣੀ ਵੀ ਪਾ ਦਿੱਤਾ, ਐਨੇ ਵਿਚ ਬਾਪੂ ਨੇ ਵੀ ਰੋਟੀ ਖਾ ਲਈ,ਤੇ ਨਾਲ਼ ਦੇ ਨਾਲ ਹੀ ਸੁਖ ਵੀ ਰੋਟੀ ਖਾਣ ਲੱਗ ਪਿਆ,ਰੋਟੀ ਖਾਣ ਤੋਂ ਬਾਅਦ ਸੁਖ ਨੇ ਸਾਰਿਆਂ ਦੇ ਬਿਸਤਰੇ ਕੱਢ ਦਿੱਤੇ ਤੇ ਆਪਣੇ ਬਿਸਤਰ ਸਿੱਧੇ ਕਰ ਲੇਟ ਗਿਆ ਤੇ ਫੋਨ ਚੁੱਕਿਆ ਤਾਂ ਮੈਸਜ਼ ਦਾ ਢੇਰ ਲੱਗਿਆ ਪਿਆ ਸੀ,ਸੁਖ ਨੇ ਜਦੋਂ ਉਹ ਅਣਜਾਣ ਨੰਬਰ ਵਾਲ਼ਾ ਮੈਸਜ਼ ਪੜਿਆ ਤਾਂ ਉਸਨੇ ਸ਼ੁਕਰੀਆ ਲਿਖਦੇ ਸਾਰ ਹੀ ਲਿਖ ਦਿੱਤਾ ਕਿ ਆਪ ਜੀ ਦਾ ਸ਼ੁਭ ਨਾਮ ਤੇ ਇਹ ਲਿਖ ਉਹ ਸਟੇਟਸ ਵੇਖਣ ਵਿਚ ਰੁੱਝ ਗਿਆ,ਉਸ ਅਣਜਾਣ ਨੰਬਰ ਤੋਂ ਨਾਲਦੀ ਨਾਲ ਹੀ ਮੈਸਜ਼ ਆ ਗਿਆ
ਅਣਜਾਣ ਨੰਬਰ : ( ਅਗਲੇ ਭਾਗ ਵਿਚ ਨਾਂ ਦੱਸ ਸਕਦੇ ਹਾਂ ) …ਕੌਰ ਜੀ, ਰਾਵੀ ਦੇ ਕੰਢੇ ਕੋਲ ਪਿੰਡ ਹੈ,ਗੱਗਾ
ਸੁਖ : ਜੀ
ਅਣਜਾਣ ਨੰਬਰ : ਵੈਸੇ ਸਾਰੇ ਮੈਨੂੰ ਆਖਦੇ 🤔(…) ਹੀ ਨੇ
ਸੁਖ : ਜੀ,
ਅਣਜਾਣ : ਤੁਸੀਂ ਲੇਖਕ ਹੀ ਹੋ
ਸੁਖ : ਮਤਲਬ
ਅਣਜਾਣ : ਤੁਸੀਂ ਸਿਰਫ ਲਿਖਦੇ ਹੀ ਹੋ, ਜਾਂ ਕੁਝ ਹੋਰ ਵੀ ਕਰਦੇ ਹੋ
ਸੁਖ : ਹਾਂਜੀ , ਮੈਂ ਬੀ.ਏ ਵੀ ਕਰ ਰਿਹਾ ਹਾਂ ,ਤੇ ਤੁਸੀਂ…???
ਅਣਜਾਣ : ਮੈਂ ਬਾਰਵੀਂ ਜਮਾਤ ਵਿਚ ਹਾਂ ਦੋ ਪੇਪਰ ਰਹਿੰਦੇ ਨੇ,ਕਰੋਨਾ ਵਾਇਰਸ ਕਰਕੇ
ਸੁਖ : ਚੱਲੋ ਕੋਈ ਨਾ ਜੀ,ਉਹ ਵੀ ਹੋ ਜਾਣਗੇ
ਅਣਜਾਣ : ਤੁਸੀਂ ਕਿੱਥੇ ਰਹਿੰਦੇ ਹੋ
ਸੁਖ : ਧਰਤੀ ਤੇ ( ਮਜ਼ਾਕ ਚ )
ਅਣਜਾਣ : ਨਹੀਂ ਜੀ ਉਹ ਤਾਂ ਪਤਾ ਹੈ,ਮੇਰਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ