ਤੇਰੀ ਦੁਨੀਆਂ
ਉਹ ਜ਼ਿੰਦਗੀ ਵਿਚੋਂ ਤੇ ਚਲੀ ਗਈ,ਪਰ ਮੇਰੇ ਖਿਆਲਾਂ ਵਿਚ ਆ ਉਲਝ ਗਈ,ਉਹ ਦੂਰ ਤੇ ਹੋ ਗਈ,ਪਰ ਮੇਰੇ ਵਿੱਚੋਂ ਦੂਰ ਨਾ ਹੋਈ, ਮੈਨੂੰ ਨਾ ਚਾਹੁੰਦੇ ਵੀ ਉਹਦੀ ਯਾਦ ਆ ਜਾਂਦੀ,ਜੋ ਦੇਰ ਰਾਤ ਤੀਕ ਮੇਰੇ ਕੋਲ ਕਿਸੇ ਆਪਣੇ ਵਾਂਗ ਬੈਠੀ ਰਹਿੰਦੀ ਤੇ ਪੂੰਝ ਦੀ ਰਹਿੰਦੀ, ਕਣੀਆਂ ਵਾਂਗ ਡੁੱਲ੍ਹਦੇ ਹੰਝੂਆਂ ਨੂੰ, ਮੈਂ ਉਹਦੇ ਸ਼ਹਿਰ ਗਿਆ,ਪੂਰੇ ਇੱਕ ਸਾਲ ਮਗਰੋਂ, ਮੈਂ ਬੱਸ ਵਿੱਚੋਂ ਉਤਰਿਆਂ ਹੀ, ਅੱਖਾਂ ਬੰਦ ਕਰਿਆ ਤੇ ਕਿਹਾ… ਹੇ ਰੱਬ ਜੀ, ਐਨਾ ਕਾ ਹੌਂਸਲਾ ਦੇਣਾਂ ਕਿ ਜੇ ਉਹ ਸਾਹਮਣੇ ਵੀ ਆਵੇ, ਮੈਨੂੰ ਤਾਂ ਵੀ ਕੋਈ ਫ਼ਰਕ ਨਾ ਪਵੇ,ਹੋਇਆ ਵੀ ਉਹੀ, ਉਸੇ ਦਿਨ ਤੇਜੀ ਦਾ ਫ਼ੋਨ ਆਇਆ ਉਸਨੇ ਦੱਸਿਆ ਕਿ ਮੈਂ ਵੀ ਸ਼ਹਿਰ ਹੀ ਆ, ਆਪਾਂ ਚੱਲਦੇ ਆਂ, ਮੈਂ ਵੇਖਿਆ ਉਹ ਉਸੇ ਦੁਕਾਨ ਤੇ ਸੀ, ਪਹਿਲਾਂ ਨਾਲੋਂ ਜ਼ਿਆਦਾ ਖੁਸ਼,ਵਿਆਹੀ ਹੋਈ ਤੇ ਜ਼ਿਆਦਾ ਨਰੋਈ ਵੀ, ਮੈਂ ਆਪਣੀਆਂ ਅੱਖਾਂ ਸਾਫ਼ ਕਰ ਰਿਹਾ ਸੀ,
ਮੈਂ : ਉਏ ਤੇਜੀ,ਆ ਨੂਰ ਦੇ ਵਰਗੀ ਨਹੀਂ ਲੱਗਦੀ
ਤੇਜੀ : ਉਏ ਤੂੰ ਪੀ ਰੱਖੀ ਆ
ਮੈਂ : ਨਹੀਂ ਸੱਚੀਂ, ਓਵੇਂ ਹੀ ਲੱਗਦੀ ਆ
ਤੇਜੀ : ਉਸਤਾਦ ਜੀ ਇਹ ਨੂਰ ਹੀ ਆ
ਮੈਂ : ਸੱਚੀਂ,ਇਹਦਾ ਵਿਆਹ ਹੋ ਗਿਆ
ਤੇਜੀ : ਹੋਰ ਕੀ , ਨਾਲ਼ੇ ਆਂਟੀ ਦੇ ਮੁੰਡੇ ਨਾਲ ਹੀ ਤੇ ਹੋਇਆ, ਮੈਂ ਤੇ ਇਹ ਵੀ ਸੁਣਿਆ ਕਿ ਇਹਦੀ ਗੱਲ ਬਾਤ ਸੀ ਉਹਦੇ ਨਾਲ਼, ਯਰ ਕੁੜੀ ਵੇਖਣ ਨੂੰ ਤਾਂ ਸ਼ਰੀਫ ਸੀ, ਚੱਲ ਆਪਾਂ ਕੀ ਲੈਣਾ…
ਮੈਂ : ਤੇਜੀ ਇੱਕ ਗੱਲ ਦੱਸਾਂ
ਤੇਜੀ : ਹਾਂ ਬੋਲ
ਮੈਂ : ਮੈਂ ਉਹਨੂੰ ਸੱਚਾ ਪਿਆਰ ਕਰਦਾ ਸੀ
ਤੇਜੀ : ਫ਼ੇਰ ਕੀ ਆ, ਹੁਣ ਕੋਈ ਹੋਰ ਲੱਭ ਲਾ
ਮੈਂ : ਨਹੀਂ ਉਹ ਵੀ ਕਰਦੀ ਸੀ
ਤੇਜੀ : ਉਏ ਕੀ ਮਤਲਬ ਤੇਰਾ
ਮੈਂ : ਸਾਡੀ ਗੱਲ ਬਾਤ ਵੀ ਹੁੰਦੀ ਰਹੀ ਆ
ਤੇਜੀ : ਉਏ ਮੈਨੂੰ ਕਿਉਂ ਨਹੀਂ ਦੱਸਿਆ ਪਹਿਲਾਂ ( ਹੈਰਾਨੀ ਨਾਲ )
ਮੈਂ : ਬੱਸ ਯਰ ਡਰ ਜਾ ਲੱਗਦਾ ਸੀ।
ਤੇਜੀ : ਚੱਲ ਕੋਈ ਨਾ, ਕੁੜੀਆਂ ਤਾਂ ਹੁੰਦੀਆਂ ਹੀ ਐਵੇਂ ਦੀਆਂ ਨੇ
ਮੈਂ : ਨਹੀਂ ਯਰ ਨੂਰ ਨਹੀਂ ਸੀ ਐਵੇਂ ਦੀ
ਤੇਜੀ : ਤਾਂ ਹੀ ਤਾਂ ਵਿਆਹ ਕਰਵਾ ਲਿਆ,ਉਹ ਵੀ ਆਪਣੀ ਮਰਜ਼ੀ ਨਾਲ
ਮੈਂ : ਯਰ ਤੂੰ ਐਵੇਂ ਨਾ ਮਾਰ, ਤੈਨੂੰ ਕੀ ਪਤਾ,ਉਈਂ ਮਾਰੀ ਜਾਣਾਂ ਆਵਦੇ ਕੋਲੋਂ
ਤੇਜੀ : ਹੈਲੋ, ਮੈਨੂੰ ਪੂਰੀ ਸੁਰਤ ਆ,ਪਰ ਮੈਨੂੰ ਤੂੰ ਹੀ ਸੈੱਟ ਲੱਗਦਾ, ਨਾਲ਼ੇ ਲੱਗਜੂ ਪਤਾ ਤੈਨੂੰ ਵੀ, ਦੋ ਮਹੀਨੇ ਰੁੱਕ ਜਾ
( ਤੇਜੀ ਨੇ ਹੌਲੀ ਜਿਹੇ ਮੇਰੇ ਕੰਨ ਵਿੱਚ, ਇੱਕ ਅਜਿਹੀ ਗੱਲ ਦੱਸੀ ਕਿ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਮੈਂ ਅੱਗੇ ਕੁਝ ਬੋਲ ਹੀ ਨਾ ਸਕਿਆ )
ਇਹ ਸੀ ਮੇਰੀ ਪਹਿਲੀ ਮੁਹੱਬਤ, ਜਿੱਥੇ ਪਤਾ ਹੀ ਨਾ ਲੱਗਾ, ਕਿਸਮਤ ਨੇ ਧੋਖਾ ਦਿੱਤਾ ਹੈ ਜਾਂ ਮੁਹੱਬਤ ਜਿਹੀ ਕੁੜੀ ਨੇ, ਫ਼ੇਰ ਮੈਂ ਲਿਖਣਾਂ ਸ਼ੁਰੂ ਕਰ ਦਿੱਤਾ ,ਦਿਨ ਬੀਤਦੇ ਗਏ, ਫ਼ੇਰ ਸਾਲ ਬੀਤ ਗਏ, ਮੈਂ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸੀ, ਜਿੱਥੇ ਇੱਕ ਮੋੜ ਆਇਆ ਕਿ ਡੇਢ ਸਾਲ ਬਾਅਦ ਇੱਕ ਕੁੜੀ ਫ਼ੇਰ ਮੇਰੀ ਜਿੰਦਗੀ ਵਿੱਚ ਆਈ,ਜਿਸਦੇ ਨਾਮ ਦੇ ਅੱਖਰ ਬਿਲਕੁਲ ਮੇਰੇ ਨਾਮ ਨਾਲ ਮਿਲਦੇ ਸੀ, ਹਾਂਜੀ ਉਹਦਾ ਨਾਮ ਸੀ ਬਿਲਕੁਲ ਮੇਰੇ ਨਾਂ ਦੇ ਵਰਗਾ , ਬਿਲਕੁਲ ਅਲਫ਼ਨੂਰ ਦੇ ਵਰਗੀ, ਮੈਂ ਇਸ ਨੂੰ ਨਾ ਚਾਹੁੰਦਿਆਂ ਵੀ ਆਪਣੀ ਜ਼ਿੰਦਗੀ ਵਿਚ ਆਉਣ ਤੋਂ ਨਾ ਰੋਕ ਸਕਿਆ, ਗੱਲ ਸੂਰਜ ਦੇ ਉੱਗਣ ਨਾਲ ਸ਼ੁਰੂ ਹੁੰਦੀ ਤੇ ਸਾਰੀ ਦੁਨੀਆਂ ਸੌਂ ਜਾਣ ਮਗਰੋਂ ਖ਼ਤਮ, ਕਿੰਨੀਆਂ ਰਾਤਾਂ ਕਿੰਨੇਂ ਦਿਨ ਅਸੀਂ ਦੂਰ ਹੁੰਦਿਆਂ ਵੀ, ਬਿਲਕੁਲ ਕੋਲ਼ ਵਾਂਗ ਕੱਢੇ, ਉਹਨੂੰ ਬੇਸ਼ੱਕ ਮੈਂ ਮਿਲਿਆ ਕਦੇ ਨਹੀਂ, ਪਰ ਫੇਰ ਵੀ ਅਸੀਂ ਇੱਕ ਦੂਸਰੇ ਦੇ ਐਨੇ ਕੋਲ਼ ਹੋ ਗਏ ਕਿ ਇੱਕ ਪਲ਼ ਵੀ ਇੱਕ ਦੂਸਰੇ ਤੋਂ ਦੂਰ ਰਹਿਣਾਂ ਔਖ਼ਾ ਲੱਗਣ ਲੱਗਾ, ਨਿੱਕੀ ਨਿੱਕੀ ਗੱਲ ਤੇ ਲੜਨਾ,ਉਹਨੇ ਰੁੱਸਣਾ ਮੈਂ ਮਨਾਉਣਾ,ਇਹੀ ਚੱਲਦਾ ਰਿਹਾ, ਫ਼ੇਰ ਇੱਕ ਦਿਨ ਕੀ ਹੋਇਆ, ਉਸਦਾ ਅਚਾਨਕ ਮੈਸਜ਼ ਆਇਆ ਕਿ ਮੈਂ ਅੱਜ ਤੋਂ ਬਾਅਦ ਗੱਲ ਨਹੀਂ ਕਰ ਸਕਦੀ, ਜਦੋਂ ਮੈਂ ਮੈਸਜ਼ ਵੇਖਿਆ ਉਹ ਬਲੌਕ ਕਰ ਚੁੱਕੀ ਸੀ, ਮੈਂ ਉਸਨੂੰ ਟੈਕਸਟ ਮੈਸਜ਼ ਕਰਨਾ ਚਾਹਿਆ , ਪਰ ਉਸਦੀ ਮਨ ਮਰਜ਼ੀ ਸਮਝ ਕੇ ਰੁੱਕ ਗਿਆ, ਕੁਝ ਦਿਨ ਬਾਅਦ ਹੀ ਮੈਨੂੰ ਕਿਸੇ ਇੱਕ ਅਣਜਾਣ ਕੁੜੀ ਨੇ ਮੈਸਜ਼ ਕਰਿਆ,ਜਿਸ ਦਾ ਨਾਮ ਸੀ ਸੰਧੂ ਸਾਬ,ਜਿਸ ਨਾਲ਼ ਮੇਰੀ ਥੋੜ੍ਹੀ ਬਹੁਤ ਗੱਲ ਬਾਤ ਹੋਣੀਂ ਸ਼ੁਰੂ ਹੋ ਗਈ,ਬਸ ਫੇਰ ਇੱਕ ਅਜਿਹੀ ਗ਼ਲਤੀ ਹੋਈ, ਜਿਸਦਾ ਪਿਛਤਾਵਾ…..!!!! ਅੱਜ ਵੀ ਖ਼ੁਦ ਨੂੰ ਕੋਸਦਾ ਹੈ,ਕਹਿ ਸਕਦੇ ਹੋ ਇਹ ਇਨਸਾਨ ਮੁਹੱਬਤ ਦੇ ਕਾਬਿਲ ਨਹੀਂ , ਪਰ ਹਾਂ ਇਹ ਵੀ ਸੱਚ ਹੈ, ਸਜ਼ਾ ਵੀ ਜ਼ਰੂਰ ਮਿਲਦੀ ਹੈ ਪਾਪ ਕੀਤੇ ਦੀ,ਬਸ ਫ਼ੇਰ ਕੀ ਹੋਇਆ ,ਜੋ ਚਲੇ ਗਏ ਸੀ ਹਮੇਸ਼ਾ ਲਈ, ਉਹ ਵਾਪਿਸ ਆ ਗਏ ਆਏ ਵੀ ਏਦਾਂ ਕਿ ਆਪਣਾ ਆਪ ਆਉਂਦੇ ਸਾਰ ਹੀ ਸਾਡੇ ਉੱਪਰੋਂ ਵਾਰ ਦਿੱਤਾ, ਏਦਾਂ ਲੱਗਿਆ ਸ਼ਾਇਦ ਜ਼ਿੰਦਗੀ ਹੀ ਇਹ ਹੈ, ਪਹਿਲਾਂ ਤਾਂ ਸਿਰਫ਼ ਸ਼ੁਰੂਆਤ ਸੀ,ਸਾਰਾ ਦਿਨ ਖੁੱਭੇ ਰਹਿਣਾਂ ਇੱਕ ਦੂਸਰੇ ਵਿੱਚ, ਮੈਂ ਭੁੱਲ ਗਿਆ ਕੁਝ ਵਕ਼ਤ ਲਈ ਕਿ ਸਜ਼ਾ ਅਜੇ ਬਾਕੀ ਹੈ, ਫ਼ੇਰ ਕੀ ਹੋਇਆ ਤੜਾਕ ਹੋਇਆ,ਚੰਨ ਤਾਰੇ ਸਭ ਮੁੱਕਰ ਗਏ,ਕੀਤੇ ਹੋਏ ਵਾਅਦੇ,ਉਹ ਜੋ ਸਾਹਾਂ ਵਿੱਚ ਸਾਹ ਲੈਂਦੇ ਸੀ, ਅੱਜ ਹੋਰਾਂ ਦੀ ਧੜਕਣ ਬਣ ਗਏ ਤੇ ਜਾਂਦੇ ਜਾਂਦੇ ਕਹਿੰਦੇ… ਖੁਸ਼ ਰਹੀਂ ਅਸੀਂ ਵੀ ਖੁਸ਼ ਆ…
ਲੱਗਿਆ ਹੁਣ ਤੇ ਕੁਝ ਬਚਿਆ ਹੀ ਨਹੀਂ , ਕੀ ਕਰਾਂਗਾ ਜ਼ਿੰਦਗੀ ਨੂੰ ਬਿਨਾਂ ਮਕਸਦ ਜਿਉਂ ਕੇ, ਫੇਰ ਉਹ ਪਲ਼ ਯਾਦ ਆਏ,ਜੋ ਉਸ ਇਨਸਾਨ ਤੇ ਬੀਤੇ ਹੋਣੇ,ਜਿਸ ਦੀ ਸਜ਼ਾ ਮੈਨੂੰ ਹੁਣ ਮਿਲ਼ੀ,ਪਰ ਤੁਰਨਾ ਚਾਹਿਆ,ਤੁਰਿਆ ਹੌਲ਼ੀ ਹੌਲ਼ੀ ਸਭ ਪਹਿਲਾਂ ਵਰਗਾ ਹੁੰਦਾ ਗਿਆ, ਪਿਆਰ, ਮੁਹੱਬਤ ਸ਼ਬਦ ਮੇਰੇ ਲਈ ਨਫ਼ਰਤ ਬਣਕੇ ਰਹਿ ਗਿਆ,ਮੁੜ ਛੱਤ ਤੇ ਬੈਠ ਇੱਕਲਤਾ ਨੂੰ ਹਾਕਾਂ ਮਾਰਨ ਲੱਗਾ,ਹਵਾ ਵਿੱਚ ਤਰਦੀਆ ਰੰਗ ਬਰੰਗੀਆਂ ਗੁਲਿਸਤਾਂ ਨੂੰ ਮੁੱਠੀ ਵਿਚ ਭਰਨ ਲੱਗਾ।
ਕਹਾਣੀਆਂ ਦੀ ਦੁਨੀਆਂ ਵਿੱਚੋਂ ਤੁਰਨ ਲੱਗਾ, ਹੌਲ਼ੀ ਹੌਲ਼ੀ ਕਵਿਤਾਵਾਂ ਵੀ ਉਹਦੇ ਵਾਂਗੂੰ ਸਾਥ ਛੱਡਣ ਲੱਗੀਆ, ਗੀਤਾਂ ਦੀ ਕੰਨੀਂ ਵੀ ਹੱਥ ਆਈ ਆਈ ਸੁੱਟ ਗਈ,ਲੱਗਾ ਸਭ ਕੁਝ ਤਬਾਹ ਹੋ ਗਿਆ, ਹੁਣ ਕੀ ਕਰਾਂਗਾ ਮੈਂ, ਫ਼ੇਰ ਮੁੜ ਨਰਮਾ ਬੋਇਆ ਗਿਆ,ਮੁੜ ਤੰਦ ਪਰੁੰਨੇ ਗਏ,ਮੁੜ ਲੱਗੀਆਂ ਬੂਕੀਆਂ ਤੇ ਫੁੱਟੀ ਫੁੱਟੀ ਕਰੀ ਗਈ ਇੱਕਠੀ, ਲਈ ਗਈ ਪਿੰਜ ਫ਼ੇਰ, ਫ਼ੇਰ ਬਣਾ ਲਈ ਇੱਕ ਚਿੱਟੇ ਰੰਗ ਦੀ ਚੁੰਨੀ,ਜੋ ਦਲਾਲਾਂ ਦੀਆਂ ਕਾਟਾਂ ਤੋਂ ਭਾਰੂ ਹੁੰਦੀ ਹੁੰਦੀ, ਆ ਲਮਕਦੀ ਇਬਾਦਤ ਨੂਰ ਦੀ ਦੁਕਾਨ ਦੇ ਸੱਜੇ ਹੱਥ ਵਾਲੇ ਪਾਸੇ ਦੇ ਤੀਸਰੇ ਹੈਂਗਰ ਉੱਪਰ, ਜਿਸਦੇ ਓਹਲੇ ਹੋਇਆ ਚਿਹਰਾ , ਫ਼ੇਰ ਸ਼ਾਇਰ ਨੂੰ ਧਕੇਲ ਕੇ ਲੈ ਗਿਆ, ਬਲ਼ਦੀ ਹੋਈ ਮੋਮਬੱਤੀ ਦੇ ਵੱਲ, ਜਿੱਥੇ ਪਹੁੰਚ ਲੱਗ ਪਏ ਚੰਦ ਨੂੰ ਪੰਖ, ਹਨੇਰੇ ਨੂੰ ਤਿਲਕ,ਤੇ ਹਵਾ ਨੂੰ ਸੁਨੇਹੇ
ਪੋਹ ਦੇ ਮਹੀਨੇ ਵੀ ਅੰਤਾਂ ਦਾ ਮੁੜ੍ਹਕਾ, ਨਜ਼ਰਾਂ ਵਿਚ ਨਜ਼ਰ ਖੁੱਭੀ, ਖ਼ਾਲੀ ਅੰਬਰ ਪੰਛੀਆਂ ਨੇ ਲਕੋ ਲਿਆ,ਹਵਾ ਇਕਾਂਤ ਵੱਸ ਹੋ ਗਈ, ਰੁੱਖਾਂ ਨੂੰ ਆ ਗਈ ਨੀਂਦ,ਸੂਰਜ ਨੇ ਧਰ ਲਿਆ ਉੱਚੇ ਨੀਵੇਂ ਪੈਰ,ਲੱਗ ਗਈ ਨਜ਼ਰ ਧਰਤੀ ਦੀ ਮੜਕ ਨੂੰ ਤੇ ਅਸੀਂ ਖੁੱਭੇ ਹੋਏ ਸਾਂ ਇੱਕ ਦੂਸਰੇ ਦੀਆਂ ਅੱਖਾਂ ਦੇ ਵਿਚ, ਕਿੰਨਾਂ ਚਿਰ ਹੀ ਨਾ ਉਹਨੇ ਅੱਖ ਫੜਕਾਈ ਤੇ ਨਾ ਰਤੀ ਭਰ ਵੀ ਪਰੇ ਕਰੀ ਤੇ ਨਾ ਹੀ ਮੈਂ,ਪਤਾ ਨਹੀਂ ਕਿਹੜਾ ਰਾਗ ਸੀ, ਨਵੇਕਲੀ ਜਿਹੀ ਧੁਨ ਵਾਲ਼ਾ ਜਿਸ ਪਿੱਛੇ ਸਹਿਜੇ ਸਹਿਜੇ ਸਰੰਗੀ ਬੋਲ ਰਹੀ ਸੀ ਤੇ ਵੱਜ ਰਿਹਾ ਸੀ ਮਲਵਈ ਗੀਤ…
ਟਿੱਬਿਆਂ ਦੀ ਰੇਤ ਉੱਤੇ ਲੱਭੇ ਸਾਨੂੰ, ਕਲੀਰੇ ਤੇਰੇ ਮੇਚਦੇ
ਕਣਕਾਂ ਨੂੰ ਲੱਗੇ ਪਾਣੀਂ ਵੱਟਾਂ ਉੱਤੋ,ਤੋਰ ਤੇਰੀ ਵੇਖਦੇ
ਹਾਣੀਆਂ ਨੂੰ ਮਿਲੇ ਹਾਣ ਜਿਵੇਂ, ਸਾਨੂੰ ਤੇਰੀ ਦੀਦ ਨੀਂ
ਛੱਡ ਮੁਲਕਾਂ ਦੇ ਰੌਲਿਆਂ ਨੂੰ,ਦੱਸ ਕਦ ਆਉਂਣੀ ਈਦ ਨੀਂ
ਵਰਕੇ ਮੈਂ ਭਰਾਂ ਲਿਖ ਲਿਖ ਰਾਤ, ਤੇਰੀਆਂ ਹੀ ਯਾਦਾਂ ਨੂੰ
ਕਿਤੇ ਕਰਦੇ ਹਵਾਲੇ ,ਕੋਈ ਲਵੇ ਨਾ ਨੀ ਡੱਕ ਇਹ ਕਮਾਦਾਂ ਨੂੰ
ਕੰਬਣੀ ਜਿਹੀ ਛੜੀ, ਦੱਸਾਂ ਨੈਣਾਂ ਰੱਤੀਆਂ ਨੂੰ ਵੇਖ ਕੇ
ਨੀਂ ਮੈਂ ਤੇਰੇ ਪਿੰਡ ਆਜੂ ਏਥੇ ਸਭ ਕੁਝ ਨੀ ਓ ਵੇਚ ਕੇ
ਤੇਰੇ ਹਾਸਿਆਂ ਨੂੰ ਰੱਖਲਾਂਗਾ ਵਿਚ ਸਾਂਭ ਨੀਂ ਪਟਾਰੀਆਂ
ਤੂੰ ਵੀ ਉਡੀਕ ਮੇਰੀ ਵਿਚ ,ਖੋਲ ਖੋਲ ਰੱਖੇ ਕੁੜੇ ਵਾਰੀਆਂ
ਹੋਰ ਨੀਂ ਮੈਂ ਦੱਸ ਕਿਹੜੇ,ਲਿਆ ਤਾਰੇ ਦੱਸ ਤੇਰੀ ਝੋਲੀ ਵਿਚ ਭਰਦਾ
ਚੰਨ ਜਿਹੀ ਕੁੜੀਏ ਨੀਂ, ਸ਼ਾਇਰ ਇੱਕ ਤੇਰੀ ਵੱਸ ਦੀਦ ਉੱਤੇ ਮਰਦਾ
ਭੁੱਲਿਆ ਹੈ ਬੰਦਿਸ਼ਾਂ ਤੇ ਤਾਲ ਮੇਲਾਂ ਦੇਆਂ ਗੱਡਿਆਂ ਨੂੰ
ਹੋਣ ਲੈਣ ਦੇ ਉਡਾਰ,ਪੰਛੀ ਖੁੱਲੇ ਛੱਡਿਆ ਨੂੰ
ਗੀਤਾਂ ਚ ਪਰੋਵਾਂ ਚਿੱਤ ਕਰੇ, ਝਾਂਜਰਾਂ ਦਾ ਸ਼ੋਰ ਨੀਂ
ਸੋਹਣੇ ਤਾਂ ਨੇ ਲੱਖ,ਪਰ ਸੱਚੀ ਜਿਹਾ ਨਾ ਹੋਰ ਨੀਂ
ਇੱਕ ਪਤਾ ਨਹੀਂ ਕਿੱਥੋਂ ਸਾਧ ਦੀ ਸਮਾਧੀ ਭੰਗ ਕਰਨ ਲਈ,ਹਵਾ ਦਾ ਬੁੱਲ੍ਹਾ ਬੋਹੜਿਆ ਤੇ ਲੰਮੀਂ ਜਿਹੀ ਵਾਲ਼ਾਂ ਦੀ ਲਟ ਉਹਦੇ ਅੱਖਾਂ ਅੱਗੇ ਆ ਗਈ,ਉਹ ਮਿੰਨਾ ਜਿਹੀ ਮੁਸਕਾਰੀ ਜਿਵੇਂ ਕਹਿ ਰਹੀ ਹੋਵੇ…ਕੀ ਵੇਖ ਰਿਹਾਂ ਹੈਂ, ਮੈਂ ਤਾਂ ਕੁੜੀਆਂ ਵਰਗੀ ਕੁੜੀ ਹੀ ਹਾਂ, ਮਨੋ ਮਨੀਂ ਮੈਂ ਵੀ ਜਵਾਬ ਦਿੱਤਾ…ਹੈਂ ਤੇ ਕੁੜੀਆਂ ਵਰਗੀ ਕੁੜੀ ਹੀ ਪਰ ਪਹਿਲਾਂ ਕਦੇ ਕਿਸੇ ਵੱਲ ਵੇਖਣ ਨੂੰ ਐਨਾ ਦਿਲ ਹੀ ਕਰਿਆ ਤੇ ਹੁਣ ਰੁੱਕ ਹੀ ਨਹੀਂ ਰਿਹਾ
ਐਦਾਂ ਜਾਪਿਆ ਜਿਦਾਂ ਉਹਨੇ ਕਿਹਾ ਹੋਵੇ…ਅੱਛਾ, ਫ਼ੇਰ ਕੋਲ਼ ਆ ਕੋਈ ਗੱਲ ਕਿਉਂ ਨਹੀਂ ਤੋਰ ਲੈਂਦੇ
ਉਹਨੂੰ ਕਿਸੇ ਨੇ ਹਾਕ ਮਾਰੀ…ਉਸਨੇ ਇਕਦਮ ਮੇਰੇ ਤੋਂ ਹਟਾਈ ਤੇ ਟੇਢਾ ਜਿਹਾ ਮੇਰੇ ਵੱਲ ਵੇਖਦਿਆਂ , ਅੰਦਰ ਚਲੀ ਗਈ
ਮੈਂ ਕਿੱਧਰ ਨੂੰ ਤੁਰ ਪਿਆ ਸਾਂ,ਪੁੱਛ ਰਿਹਾ ਸੀ ਖ਼ੁਦ ਨੂੰ ਖ਼ੁਦ ਕੋਲ਼ੋਂ ਕੀ ਤੂੰ ਇਹ ਸਹੀ ਕਰ ਰਿਹਾ ਹੈ, ਤੈਨੂੰ ਪਤਾ ਹੈ,ਕਿ ਤੇਰੀ ਜਿੰਦਗੀ ਵਿੱਚ ਕੀ ਹੋਇਆ ਫ਼ੇਰ ਵੀ ਕਿਉਂ…ਪਰ ਦਿਲ ਕਹਿ ਰਿਹਾ ਸੀ ਸਾਰੇ ਇੱਕੋ ਜਿਹੇ ਵੀ ਨਹੀਂ ਹੁੰਦੇ ਪਾਗਲਾ ਤੂੰ ਯਕੀਨ ਤੇ ਕਰਕੇ ਵੇਖ ਨਾਲ਼ੇ ਯਕੀਨ ਤੇ ਕਰਨ ਲਈ ਹੁੰਦਾ,ਜੇ ਹਰ ਵਾਰ ਹੀ ਯਕੀਨ ਤੋੜਿਆ ਜਾਣਾ ਸੀ, ਫ਼ੇਰ ਕੀ ਲੋੜ ਪਈ ਸੀ,ਇਸ ਸ਼ਬਦ ਨੂੰ ਘੜਨ ਦੀ , ਫੇਰ ਸਹੀ ਸੀ ਨਾ ਧੋਖਾ ਸ਼ਬਦ…ਸੁਪਨਾ ਟੁੱਟ ਗਿਆ, ਉਸਨੂੰ ਮੁੜ ਵਾਪਿਸ ਤੱਕਣ ਦੀ ਹਿੰਮਤ ਮੇਰੀ ਵਿਚ ਨਾ ਆਈ,ਉਹ ਵਾਪਿਸ ਚਲਾ ਗਿਆ
ਮੇਰਾ ਅੱਜ ਵੀ ਦੋ ਚਿੱਤੀ ਵਿਚ ਧੜਕਦਾ ਸੀ ਦਿਲ, ਕਿ ਇੱਕ ਅਜਿਹਾ ਸੂਰਜ ਉੱਗੇਗਾ,ਜਿਸ ਦਿਨ ਕੋਈ ਆਵੇਗਾ ਤੇ ਕਹੇਗਾ,ਸੁਣੋ ਜੀ ਜੋ ਹੋਇਆ ਉਹ ਸਭ ਝੂਠ ਸੀ, ਤੁਹਾਡੇ ਆਪਣੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ