ਬੇਹੀ ਰੋਟੀ
ਬਲਵਿੰਦਰ ਸਿੰਘ ਭੁੱਲਰ
ਮੈਂ ਦਰਵਾਜੇ ਮੂਹਰੇ ਖੜਾ ਦੁੱਧ ਵਾਲੇ ਦੀ ਉਡੀਕ ਕਰ ਰਿਹਾ ਸੀ, ਕਿ ਦੁੱਧ ਵਾਲਾ ਆਵੇ ਤਾਂ ਚਾਹ ਬਣਾਵਾਂ, ਕਿਉਂਕਿ ਰਾਤ ਦਾ ਲਿਆ ਹੋਇਆ ਦੁੱਧ ਖਰਾਬ ਹੋ ਗਿਆ ਸੀ। ਦੁੱਧ ਵਾਲਾ ਅਜੇ ਨਹੀਂ ਆਇਆ ਸੀ, ਪਰੰਤੂ ਮੈਨੂੰ ਇੱਕ ਪਤਲੂ ਜਿਹਾ ਲੜਕਾ ਦਿਖਾਈ ਦਿੱਤਾ, ਜੋ ਉਮਰ ’ਚ ਚੌਦਾਂ ਕੁ ਸਾਲ ਦਾ ਜਾਪਦਾ ਸੀ। ਉਸਦਾ ਰੰਗ ਕਾਲਾ, ਸਿਰ ਮੁਨਿਆ ਹੋਇਆ, ਪੈਰਾਂ ਤੋਂ ਨੰਗਾ ਭਾਵ ਉਸਦੀ ਗਰੀਬੀ ਦਾ ਲਾਇਸੰਸ ਦੂਰੋਂ ਹੀ ਦਿਸ ਰਿਹਾ ਸੀ। ਉਹ ਕਾਹਲੀ ਕਾਹਲੀ ਤੁਰਿਆ ਆਇਆ ਤੇ ਇੱਕ ਕੂੜੇ ਦੇ ਢੇਰ ਕੋਲ ਬੈਠ ਕੇ ਕੂੜਾ ਫਰੋਲਣ ਲੱਗ ਪਿਆ। ਜਿਸ ਵਿੱਚੋ ਉਸਨੇ ਇੱਕ ਕਾਗ਼ਜ ਹੀ ਚੁੱਕਿਆ ਤੇ ਖੜਾ ਹੋ ਗਿਆ, ਉਸਨੂੰ ਕੂੜੇ ਵਿੱਚੋਂ ਹੋਰ ਕੋਈ ਚੀਜ਼ ਨਹੀਂ ਲੱਭੀ ਜੋ ਉਸਦੇ ਕੰਮ ਦੀ ਹੋਵੇ। ਲੜਕੇ ਨੇ ਉਹ ਕਾਗ਼ਜ ਫਰੋਲਿਆ ਤਾਂ ਉਸ ਵਿੱਚ ਦੋ ਬਰੈੱਡ ਦੇ ਪੀਸ ਸਨ, ਉਸਨੇ ਉਹ ਕੱਢ ਲਏ ਤੇ ਖਾਣ ਲੱਗ ਪਿਆ। ਬਰੈੱਡ ਖਾਂਦਾ ਖਾਂਦਾ ਉਹ ਮੇਰੇ ਕੋਲ ਦੀ ਲੰਘਣ ਲੱਗਾ ਤਾਂ ਮੈਨੂੰ ਉਸਦੇ ਬਰੈੱਡ ਖਾਣ ਦੀ ਕਰੜ ਕਰੜ ਸੁਣਾਈ ਦਿੱਤੀ, ਜਿਸਤੋਂ ਸਪਸ਼ਟ ਹੋ ਗਿਆ ਕਿ ਇਹ ਪੀਸ ਕਈ ਦਿਨਾਂ ਦੇ ਹੋਣਗੇ ਜੋ ਸੁੱਕ ਚੁੱਕੇ ਸਨ। ਉਸਨੂੰ ਸਾਇਦ ਇਹ ਪਤਾ ਵੀ ਨਹੀਂ ਸੀ ਕਿ ਮੈਂ ਉਸਨੂੰ ਗਹੁ ਨਾਲ ਤੱਕ ਰਿਹਾ ਹਾਂ, ਕਿਉਂਕਿ ਉਸਦੀ ਨਿਗਾਹ ਤਾਂ ਬੱਸ ਗਲੀ ਜਾਂ ਉਸਦੇ ਆਸ ਪਾਸ ਖਿੰਡੇ ਹੋਏ ਕੂੜੇ ਵੱਲ ਹੀ ਸੀ, ਜਿਸ ਚੋਂ ਉਸਨੂੰ ਕੁਝ ਹੋਰ ਮਿਲਣ ਦੀ ਆਸ ਸੀ। ਉਸ ਲੜਕੇ ਨੂੰ ਦੇਖਦਿਆਂ ਦੇਖਦਿਆਂ ਮੈਂ ਆਪਣੇ ਦੇਸ਼ ਦੇ ਹਾਲਾਤਾਂ ਬਾਰੇ ਸੋਚਣ ਲੱਗ ਪਿਆ, ਕਿ ਇੱਕ ਪਾਸੇ ਉਹ ਲੋਕ ਹਨ, ਜੋ ਇੱਕ ਇੱਕ ਡੰਗ ਦੇ ਖਾਣੇ ਤੇ ਹਜਾਰਾਂ ਰੁਪਏ ਖ਼ਰਚ ਕਰ ਦਿੰਦੇ ਹਨ ਅਤੇ ਇੱਕ ਪਾਸੇ ਅਜਿਹੇ ਬਦਕਿਸਮਤ ਬੱਚੇ ਵੀ ਹਨ, ਜੋ ਕੂੜੇ ਦੇ ਢੇਰ ਚੋਂ ਸੁੱਕੇ ਹੋਏ ਬਰੈੱਡ ਦੇ ਪੀਸ ਲੱਭ ਕੇ ਖਾਂਦੇ ਹੋਏ ਰੱਬ ਦਾ ਸ਼ੁਕਰ ਕਰਦੇ ਹਨ। ਇਹ ਸੋਚ ਕੇ ਮੇਰੇ ਦਿਮਾਗ ਨੂੰ ਇੱਕ ਝਟਕਾ ਜਿਹਾ ਲੱਗਾ।
‘ਓ ਕਾਕਾ, ਉਰੇ ਆ’ ਮੈਂ ਉਸ ਲੜਕੇ ਨੂੰ ਅਵਾਜ ਮਾਰੀ ਅਤੇ ਉਹ ਝੱਟ ਮੇਰੇ ਕੋਲ ਆ ਗਿਆ, ਉਸਨੂੰ ਸ਼ਾਇਦ ਇਹੋ ਲੱਗਾ ਹੋਵੇਗਾ ਕਿ ਮੈਂ ਉਸਨੂੰ ਕੁਝ ਖਾਣ ਪੀਣ ਲਈ ਦੇਵਾਂਗਾ।
‘ਤੂੰ ਇਹੋ ਜਿਹੇ ਪੀਸ ਖਾ ਕੇ ਬੀਮਾਰ ਨਹੀਂ ਹੋਵੇਂਗਾ?’ ਮੈਂ ਉਸਨੂੰ ਸੁਆਲ ਕੀਤਾ।
‘ਹੋਰ ਕੀ ਕਰੀਏ ਅੰਕਲ, ਭੁੱਖ ਲੱਗੀ ਸੀ ਢਿੱਡ ਤਾਂ ਭਰਨਾ ਈ ਐ।’ ਤਰਸਯੋਗ ਲਹਿਜੇ ਵਿੱਚ ਉਸਨੇ ਆਪਣੀ ਮਜਬੂਰੀ ਕਹਿ ਸੁਣਾਈ।
‘ਆਹ ਤੇਰੀ ਬੋਰੀ ਵਿੱਚ ਕੀ ਐ?’ ਉਸਦੇ ਮੋਢੇ ਰੱਖੀ ਬੋਰੀ ਵੱਲ ਇਸ਼ਾਰਾ ਕਰਦਿਆਂ ਮੈ ਅਗਲਾ ਸੁਆਲ ਕੀਤਾ।
‘ਇਹਦੇ ’ਚ ਜੀ ਟੁੱਟੀਆਂ ਫੁੱਟੀਆਂ ਸੀਸ਼ੀਆਂ, ਟੁੱਟੀਆਂ ਚੱਪਲਾਂ, ਕਾਗਜ ਅਤੇ ਹੋਰ ਇਹੋ ਜਿਹਾ ਸਾਮਾਨ ਹੈ, ਜੋ ਮੈਂ ਕੁੜੇ ਚੋਂ ਲੱਭਿਆ ਹੈ, ਮੈਂ ਇਸਨੂੰ ਕੁਆੜੀਆਂ ਕੋਲ ਵੇਚ ਕੇ ਪੈਸੇ ਕਮਾ ਲਵਾਂਗਾ।’ ਉਸਨੇ ਹੌਂਸਲੇ ਵਿੱਚ ਇਉਂ ਉੱਤਰ ਦਿੱਤਾ ਜਿਵੇਂ ਉਸਦਾ ਅੱਜ ਦਾ ਦਿਨ ਸਫ਼ਲ ਹੋ ਗਿਆ ਹੋਵੇ।
‘ਇਹੋ ਜਿਹਾ ਸਾਮਾਨ ਵੇਚ ਕੇ ਸਾਰੇ ਦਿਨ ਵਿੱਚ ਕਿਨ੍ਹੇ ਕੁ ਪੈਸੇ ਕਮਾ ਲਵੇਂਗਾ।’ ਮੈਂ ਪੁੱਛਿਆ।
‘ਪੰਜਾਹ ਸੱਠ ਰੁਪਏ ਤਾਂ ਆਥਣ ਤੱਕ ਬਣ ਹੀ ਜਾਣਗੇ ਅੰਕਲ’ ਉਸਨੇ ਜਵਾਬ ਦਿੱਤਾ।
‘ਇਸ ਨਾਲੋਂ ਜੇ ਮਜਦੂਰੀ ਕਰ ਲਵੇਂ ਤਾਂ ਦਿਹਾੜੀ ਡੇਢ ਸੌ ਰੁਪਏ ਮਿਲ ਜਾਊਗੀ।’ ਦੋ ਟਾਈਮ ਰੋਟੀ ਤਾਂ ਰੱਜ ਕੇ ਖਾ ਲਵੇਂ।
ਮੇਰੀ ਇਹ ਗੱਲ ਸੁਣ ਕੇ ਉਸਨੇ ਹਾਉਂਕਾ ਜਿਹਾ ਲਿਆ ਤੇ ਕਹਿਣ ਲੱਗਾ ਅੰਕਲ, ਦੋ ਤਿੰਨ ਦਿਨ ਪੁਲ ਤੇ ਗਿਆ ਸੀ, ਜਿੱਥੇ ਸਵੇਰੇ ਸਵੇਰੇ ਮਜਦੂਰ ਇਕੱਠੇ ਹੁੰਦੇ ਨੇ। ਉੱਥੇ ਠੇਕੇਦਾਰ ਮਿਸਤਰੀ ਤੇ ਹੋਰ ਜਿਹਨਾਂ ਲੋਕਾਂ ਨੂੰ ਮਜਦੂਰ ਦੀ ਲੋੜ ਹੁੰਦੀ ਹੈ ਆਉਂਦੇ ਨੇ ਅਤੇ ਮਜਦੂਰਾਂ ਨੂੰ ਲੈ ਜਾਂਦੇ ਨੇ। ਮੈਂ ਵੀ ਦੋ ਤਿੰਨ ਦਿਨ ਓਥੇ ਜਾ ਕੇ ਖੜ ਗਿਆ, ਉੱਥੇ ਜਿਹੜਾ ਵੀ ਆਉਂਦਾ ਤਕੜੇ ਤਕੜੇ ਬੰਦਿਆਂ ਨੂੰ ਛਾਂਟ ਕੇ ਲੈ ਜਾਂਦਾ ਸੀ ਮੈਂ ਅਤੇ ਮੇਰੇ ਵਰਗੇ ਹੋਰ ਕਮਜੋਰ ਜੇ ਜੁਆਕ ਹੀ ਰਹਿ ਜਾਂਦੇ ਸਾਂ। ਜੇ ਇੱਕ ਆਦਮੀ ਸਾਨੂੰ ਮਜਦੂਰੀ ਤੇ ਲਿਜਾਣ ਦੀ ਗੱਲ ਕਰਦਾ ਤਾਂ ਉਸਦੇ ਨਾਲ ਦਾ ਹੀ ਕਹਿ ਦਿੰਦਾ, ‘ਇਹਨਾਂ ਜੁਆਕਾਂ ਤੋਂ ਕੰਮ ਨੀ ਹੋਣਾ, ਛੱਡ ਪਰੇ ਹੋਰ ਦੇਖਦੇ ਆਂ।’ ਇਹ ਬੋਲ ਸਾਡੇ ਡਾਂਗ ਵਾਗੂੰ ਵਜਦੇ ਪਰ ਅਸੀ ਕਹਿ ਕੁਛ ਨੀ ਸੀ ਸਕਦੇ, ਸਬਰ ਕਰਕੇ ਚੁੱਪ ਕਰ ਜਾਂਦੇ ਸੀ। ਅਸੀਂ ਅੰਕਲ ਕੰਮ ਤਾਂ ਬਹੁਤ ਕਰ ਸਕਦੇ ਆਂ ਪਰ ਸਾਨੂੰ ਕੋਈ ਲੈ ਕੇ ਈ ਨੀ ਜਾਂਦਾ, ਤੁਸੀਂ ਦੱਸ ਦਿਓ ਜੇ ਥੋਡੇ ਕੋਲ ਕੋਈ ਕੰਮ ਹੈ। ਇਸ ਤਰ੍ਹਾਂ ਆਪਣੀ ਮਜਬੂਰੀ ਬਿਆਨਦਿਆਂ ਉਸਨੇ ਇਉਂ ਨੀਵੀਂ ਪਾ ਲਈ ਜਿਵੇਂ ਉਸਨੂੰ ਬਹੁਤ ਸ਼ਰਮ ਆ ਰਹੀ ਹੋਵੇ। ਮੈਨੂੰ ਇਉਂ ਲੱਗਾ ਜਿਵੇਂ ਥੱਲੇ ਵੱਲ ਝਾਕਦਿਆਂ ਉਹ ਆਪਣੇ ਪੈਰਾਂ ਨੂੰ ਵੇਖ ਕੇ ਝੂਰ ਰਿਹਾ ਹੋਵੇ, ਜਿਸਤੋਂ ਉਹ ਆਪਣੇ ਮਾੜਚੂ ਸਰੀਰ ਦਾ ਅੰਦਾਜਾ ਲਾ ਸਕਦਾ ਹੈ।
ਮੈਨੂੰ ਉਸ ਲੜਕੇ ਦੀਆਂ ਗੱਲਾਂ ਸੁਣ ਕੇ ਆਪਣੇ ਦੇਸ਼ ਦੀਆਂ ਨੀਤੀਆਂ ਪਾਲਿਸੀਆਂ ਤੇ ਗੁੱਸਾ ਆਇਆ, ਕਿ ਜਿਹੜੇ ਬੱਚਿਆਂ ਨੂੰ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ, ਉਸਦੀ ਹਾਲਤ ਇਹ ਹੈ ਕਿ ਉਹ ਪਸੂਆਂ ਵਾਂਗ ਕੂੜੇ ਚੋਂ ਖਾਣ ਵਾਸਤੇ ਕੁਝ ਲੱਭ ਰਿਹੈ। ਕੰਮ ਕਾਰ ਤੇ ਉਸਨੂੰ ਕੋਈ ਲੈ ਕੇ ਨਹੀਂ ਜਾਂਦਾ, ਪੜ੍ਹਾਈ ਜਾਂ ਲੀੜੇ ਕੱਪੜੇ ਦਾ ਖਰਚਾ ਉਸਦੇ ਵੱਸ ਵਿੱਚ ਨਹੀਂ ਹੈ। ਦੂਜੇ ਦੇਸ਼ਾਂ ਤੋਂ ਹੋ ਕੇ ਆਏ ਲੋਕ ਦਸਦੇ ਹਨ ਕਿ ਉੱਥੇ ਬੱਚੇ ਦੇ ਜਨਮ, ਪਾਲਣ ਪੋਸਣ, ਪੜ੍ਹਾਉਣ ਅਤੇ ਦਵਾਈ ਬੂਟੀ ਦਾ ਸਾਰਾ ਖ਼ਰਚਾ ਸਰਕਾਰ ਕਰਦੀ ਹੈ। ਮੈਨੂੰ ਸਾਡੇ ਅਧਿਆਪਕ ਵੇਦ ਪ੍ਰਕਾਸ਼ ਨੇ ਇੱਕ ਵਾਰ ਦੱਸਿਆ ਸੀ, ਕਿ ਉਹਨਾਂ ਦੀ ਭਤੀਜੀ ਵਿਆਹ ਕਰਵਾ ਕੇ ਨਿਉਜ਼ੀਲੈਂਡ ਗਈ ਸੀ ਅਤੇ ਜਦ ਦੋ ਸਾਲ ਬਾਅਦ ਉਹ ਦੋ ਮਹੀਨੇ ਲਈ ਆਈ ਤਾਂ ਉਸਦੀ ਗੋਦ ’ਚ ਤਿੰਨ ਕੁ ਮਹੀਨੇ ਦਾ ਬੱਚਾ ਸੀ। ਇੱਥੇ ਆ ਕੇ ਉਹਨਾਂ ਆਪਣਾ ਵੀਜਾ ਦੋ ਕੁ ਮਹੀਨੇ ਹੋਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ