ਚਾਰ ਭੈਣਾਂ ਤੋਂ ਸਭ ਤੋਂ ਛੋਟਾ ਸਾਂ..ਗੁਰਪੁਰਵ ਵਾਲੇ ਦਿਨ ਜੰਮੇ ਦਾ ਨਾਮ ਘਰਦਿਆਂ ਨਾਨਕ ਸਿੰਘ ਰੱਖ ਦਿੱਤਾ..!
ਭਾਪਾ ਜੀ ਗੁਹਾਟੀ ਵੱਲ ਨੂੰ ਟਰੱਕ ਚਲਾਇਆ ਕਰਦੇ..!
ਧੀਆਂ ਨਾਲ ਏਨਾ ਮੋਹ ਕੇ ਕਦੀ ਦੇਰ ਸੁਵੇਰ ਘਰੇ ਆਇਆ ਕਰਦੇ ਤਾਂ ਦੱਬੇ ਪੈਰੀ ਹੀ ਆਉਣਾ..ਮਤੇ ਕੋਈ ਗੂੜੀ ਨੀਂਦਰ ਸੁੱਤੀ ਜਾਗ ਹੀ ਨਾ ਪਵੇ..!
ਫੇਰ ਓਸੇ ਤਰਾਂ ਸੁੱਤੀਆਂ ਪਈਆਂ ਦੇ ਮੂੰਹ ਚੁੰਮ ਵਾਪਿਸ ਪਰਤ ਜਾਇਆ ਕਰਦੇ..!
ਵੱਡੀ ਭੈਣ ਨੇ ਸੁਵੇਰੇ ਉੱਠ ਲੜਨਾ ਮੈਨੂੰ ਕਿਓਂ ਨਹੀਂ ਜਗਾਇਆ..!
ਮਾਂ ਨੇ ਆਖਣਾ ਤੈਨੂੰ ਹਲੂਣਾ ਦਿੱਤਾ ਸੀ ਤੂੰ ਉਠੀ ਹੀ ਨਹੀਂ..ਅੱਗੋਂ ਆਖਣਾ ਨਹੀਂ ਝੂਠ ਬੋਲਦੀ ਏ..!
ਜਿਕਰਯੋਗ ਏ ਕੇ ਭੈਣ ਜੀ ਦੀ ਨੀਂਦ ਬੜੀ ਭੈੜੀ ਹੁੰਦੀ..!
ਆਲੇ ਦਵਾਲੇ ਦੀ ਕੋਈ ਹੋਸ਼ ਨਹੀਂ ਸੀ ਰਹਿੰਦੀ..ਇੱਕ ਵੇਰ ਕੋਠੇ ਸੁੱਤੀ ਨੇ ਸਾਰਾ ਮੀਂਹ ਆਪਣੇ ਉੱਪਰ ਹੀ ਵਰਾਇਆ..ਓਥੇ ਹੀਪਈ ਰਹੀ..ਹੇਠਾਂ ਨਾ ਉੱਤਰੀ..ਪਰ ਮੇਰੇ ਨਾਲ ਪਏ ਤੇ ਇੱਕ ਕਣੀ ਤੱਕ ਵੀ ਨਾ ਪੈਣ ਦਿੱਤੀ!
ਭਾਪਾ ਜੀ ਨੂੰ ਬਹੁਤ ਘੱਟ ਵੇਖਿਆ..ਹਮੇਸ਼ਾਂ ਹਨੇਰੇ ਪਏ ਆਉਂਦੇ ਤੇ ਕੁਝ ਘੰਟਿਆਂ ਹੀ ਬਾਅਦ ਮੁੜ ਜਾਂਦੇ..ਸ਼ਾਇਦ ਆਲੇ ਦਵਾਲੇ ਦੇ ਸਮਾਜਿਕ ਵਰਤਾਰੇ ਤੋਂ ਵਾਕਿਫ ਇਸੇ ਫਿਕਰ ਵਿਚ ਹੀ ਰਹਿੰਦੇ ਕੇ ਕਿਧਰੇ ਧੀਆਂ ਦੀ ਪੜਾਈ ਅਤੇ ਵਿਆਹ ਕਾਰਜਾਂ ਵਿਚ ਕੋਈ ਢਿੱਲ ਨਾ ਰਹਿ ਜਾਵੇ..!
ਫੇਰ ਪਿੰਡੇ ਤੇ ਤਸ਼ੱਦਤ ਵੀ ਹੰਢਾਇਆ..ਅਖ਼ੇ ਟਰੱਕ ਵਿਚ ਸਿੰਘ ਜਾਂਦੇ ਨੇ ਏਧਰ ਓਧਰ..!
ਫੇਰ ਇੱਕ ਦਿਨ ਬਿਜਲੀ ਆਣ ਡਿੱਗੀ..
ਐਕਸੀਡੈਂਟ ਬੰਗਾਲ ਵਿਚ ਕਿਧਰੇ ਹੋਇਆ ਸੀ..ਮਾਂ ਸਾਨੂੰ ਰਿਸ਼ਤੇਦਾਰੀ ਵਿਚ ਛੱਡ ਨੱਸੀ ਗਈ..ਕਿੰਨੇ ਦਿਨਾਂ ਬਾਅਦ ਮੁੜੀ..ਹਾਲੋਂ ਬੇਹਾਲ..!
ਦੱਸਣ ਵਾਲਿਆਂ ਮੁਤਾਬਿਕ ਚਲਾਉਂਦੇ ਨੂੰ ਨੀਂਦ ਆ ਗਈ ਸੀ..ਸਿੱਧਾ ਖੱਡ ਵਿਚ ਜਾ ਡਿੱਗਾ..ਲੋਥ ਕਿੰਨੇ ਦਿਨ...
ਓਥੇ ਪਈ ਰਹੀ..ਘਰੇ ਵੀ ਨਹੀਂ ਲਿਆਂਧੀ..ਓਥੇ ਕਿਧਰੇ ਸੰਸਕਾਰ ਕਰ ਜਲ ਪ੍ਰਵਾਹ ਕਰ ਦਿੱਤਾ..ਪਰ ਕਈ ਦੱਸਦੇ ਕਲੀਨਰ ਪੁਲਸ ਨਾਲ ਰਲ ਗਿਆ ਸੀ..!
ਅੱਜ ਏਨੇ ਵਰ੍ਹਿਆਂ ਬਾਅਦ ਕਨੇਡਾ ਅਜੇ ਟਰੱਕ ਯਾਰਡ ਵਿਚੋਂ ਬਾਹਰ ਵੀ ਨਹੀਂ ਨਿੱਕਲਿਆ ਹੁੰਦਾ ਕੇ ਨਾਲ ਹੀ ਭੈਣ ਜੀ ਦਾ ਫੋਨ ਆ ਜਾਂਦਾ..ਅਖ਼ੇ ਨੀਂਦਰ ਪੂਰੀ ਹੋਈ ਕੇ ਨਹੀਂ?
ਮਾੜਾ ਜਿੰਨਾ ਵੀ ਪਤਾ ਲੱਗ ਜਾਵੇ ਉਨੀਂਦਰਾਂ ਹਾਂ ਤੇ ਪਹਿਲਾਂ ਚੰਗੀਆਂ ਝਿੜਕਾਂ ਦੇਊ ਫੇਰ ਆਖੂ ਮੇਰੇ ਨਾਲ ਬੱਸ ਗੱਲਾਂ ਕਰਦਾ ਰਹਿ..!
ਜਿਸਨੂੰ ਕਦੇ ਵਰਦੇ ਮੀਂਹ ਵਿਚ ਵੀ ਜਾਗ ਨਹੀਂ ਸੀ ਆਇਆ ਕਰਦੀ ਹੁਣ ਅਕਸਰ ਤਿੰਨ ਤਿੰਨ ਘੰਟੇ ਫੋਨ ਤੇ ਲੱਗੀ ਰਹਿੰਦੀ ਏ..ਕਿਧਰੇ ਮਾਂ ਜਾਏ ਨੂੰ ਚਲਾਉਂਦਿਆਂ ਨੀਂਦਰ ਹੀ ਨਾ ਆ ਜਾਵੇ..!
ਪਤਾ ਨੀ ਕਿਸੇ ਪਹਿਲਾਂ ਬੁੱਝ ਗਏ ਨੂੰ ਚੇਤੇ ਕਰਕੇ ਘਾਬਰ ਜਾਂਦੀ ਏ ਤੇ ਜਾਂ ਫੇਰ ਕਿਸੇ ਦੂਰ ਜਗਦੇ ਹੋਏ ਨੂੰ ਬੁੱਝਣ ਤੋਂ ਰੋਕਣ ਲਈ ਹੀ ਇਹ ਸਾਰੇ ਪਾਪੜ ਵੇਲਦੀ ਏ..!
ਪਰ ਜੋ ਵੀ ਹੈ ਬਸ ਬੀਜੀ ਦੇ ਜਾਣ ਮਗਰੋਂ ਸੱਚੀ-ਮੁੱਚੀ ਹੀ ਮੇਰੀ ਮਾਂ ਬਣ ਵਿੱਚਰਨ ਲੱਗ ਪਈ ਏ..!
ਝੱਖੜਾਂ ਅਤੇ ਵਰਦੇ ਮੀਹਾਂ ਦੀਆਂ ਮੋਟੀਆਂ ਕਣੀਆਂ ਤੋਂ ਬਚਾਉਂਦੀ ਹੋਈ ਮੇਰੀ ਵੱਡੀ ਭੈਣ..
ਭਾਵੇਂ ਮੈਂ ਖੁਦ ਬਾਬੇ ਨਾਨਕ ਦੇ ਚਰਨਾਂ ਦੀ ਧੂੜ ਤੱਕ ਵੀ ਨਾ ਬਣ ਸਕਿਆ ਪਰ ਉਹ ਮੈਨੂੰ ਹਮੇਸ਼ਾਂ ਬੇਬੇ ਨਾਨਕੀ ਦਾ ਹੀ ਰੂਪ ਲੱਗਦੀ ਏ!
ਹਰਪ੍ਰੀਤ ਸਿੰਘ ਜਵੰਦਾ