ਖ਼ਤਰਾ ਹਾਲੇ ਟਲਿਆ ਨਹੀਂ …
ਉਸ ਦਿਨ ਸ਼ਨੀਵਾਰ ਸੀ । ਸਿਮਰ ਦੇ ਪਾਪਾ ਦਾ ਦਫ਼ਤਰ ਬੰਦ ਸੀ ਤੇ ਮੇਰਾ ਸਕੂਲ ਖੁੱਲ੍ਹਾ। ਮੈਂ ਆਪਣੀ ਨੌਂ ਕੁ ਸਾਲਾਂ ਦੀ ਧੀ ਨੂੰ ਰੋਜ਼ ਦੀ ਤਰ੍ਹਾਂ ਜਗਾਇਆ। ਉਹ ਮੇਰੇ ਨਾਲ਼ ਹੀ ਮੇਰੇ ਸਕੂਲ ਜਾਂਦੀ ਹੈ ਕਿਉਂਕਿ ਕੋਰੋਨਾ ਕਾਰਨ ਉਸਦਾ ਸਕੂਲ ਬੰਦ ਹੈ । ਉਸ ਦਾ ਹੀ ਨਹੀਂ ? ਸਭ ਦੇ ਸਕੂਲ , ਕਾਲਜ ਬੰਦ ਨੇ। ਪਰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਆਮ ਦਿਨਾਂ ਵਾਂਗੂੰ ਹੀ ਅਧਿਆਪਕਾਂ ਨੂੰ ਸਕੂਲ ਵਿੱਚ ਹਾਜ਼ਰ ਰਹਿਣਾ ਪੈਂਦਾ ਹੈ । ਕਿਉਂਕਿ ਘਰ ਵਿੱਚ ਮੇਰੀ ਧੀ ਨੂੰ ਸਾਂਭਣ ਲਈ ਕੋਈ ਨਹੀਂ ਹੈ ਤੇ ਹਾਲੇ ਛੋਟੀ ਹੋਣ ਕਾਰਨ ‘ਕੱਲੀ ਘਰ ਵੀ ਨਹੀਂ ਰਹਿ ਸਕਦੀ । ਇਸ ਲਈ ਨਾ ਚਾਹੁੰਦੇ ਹੋਏ ਵੀ ਉਸ ਨੂੰ ਮੇਰੇ ਨਾਲ ਮੇਰੇ ਸਕੂਲ ਜਾਣਾ ਪੈਂਦਾ ਹੈ। ਭਾਵੇਂ ਸ਼ਨੀਵਾਰ ਸੀ ਪਰ ਫੇਰ ਵੀ ਸਿਮਰ ਦੇ ਪਾਪਾ ਤੜਕੇ ਉੱਠ, ਤਿਆਰ ਹੋ, ਗੱਡੀ ਸਟਾਰਟ ਕਰਨ ਲੱਗੇ।ਉਂਜ ਜਦੋਂ ਦਫ਼ਤਰ ਜਾਂਦੇ ਤਾਂ ਘਰੋਂ ਪੌਣੇ ਕੁ ਨੌਂ ਵਜੇ ਨਿਕਲਦੇ ਕਿਉਂ ਜੋ ਪੰਜ – ਸੱਤ ਮਿੰਟ ਤਾਂ ਲੱਗਦੇ ਉਨ੍ਹਾਂ ਦੇ ਦਫ਼ਤਰ ਪਹੁੰਚਣ ਵਿਚ, ਪਰ ਛੁੱਟੀ ਵਾਲੇ ਦਿਨ ਸਾਝਰੇ ਉੱਠ ਘਰੋਂ ਨਿਕਲਣਾ ਉਨ੍ਹਾਂ ਦਾ ਪਿਛਲੇ ਕਈ ਸਾਲਾਂ ਤੋਂ ਨਿੱਤ ਨੇਮ ਹੈ। ਉਹ ਛੁੱਟੀ ਵਾਲੇ ਦਿਨ ਪਿੰਡ ਹੋ ਆਉਂਦੇ ਕਿਉਂਕਿ ਪਿੰਡ ਨਾਲ ਉਨ੍ਹਾਂ ਦਾ ਗੂੜ੍ਹਾ ਮੋਹ ਹੈ । ਉਂਜ ਵੀ ਬੰਦਾ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੀ ਚੰਗਾ ਲੱਗਦੈ । ਭਾਵੇਂ ਆਪਣੇ ਪਿੰਡ ਤੋਂ ਦੂਰ ਰਹਿਣਾ ਸਾਡੀ ਮਜ਼ਬੂਰੀ ਹੈ ਕਿਉਂਕਿ ਸਾਡੀ ਦੋਵਾਂ ਦੀ ਰਿਜ਼ਕ ਰੋਟੀ ਇੱਥੇ ਸ਼ਹਿਰ ਵਿੱਚ ਦਰਜ ਹੈ । ਮੈਂ ਤੇ ਮੇਰੀ ਧੀ ਵੀ ਮਹੀਨੇ ਕੁ ਬਾਅਦ ਜ਼ਰੂਰ ਗੇੜਾ ਮਾਰ ਆਉਂਦੇ ਪਰ ਹਰੇਕ ਹਫ਼ਤੇ ਜਾਣਾ ਸਾਡੇ ਰੁਝੇਵਿਆਂ ਭਰੀ ਜ਼ਿੰਦਗੀ ਦੇ ਵੱਸੋਂ ਬਾਹਰ ਦੀ ਗੱਲ ਹੈ। ਕਿਉਂ ਜੋ ਹਫ਼ਤੇ ਭਰ ਦੀ ਭੱਜ ਦੌੜ ਤੋਂ ਬਾਅਦ ਆਰਾਮ ਅਤੇ ਬਹੁਤ ਸਾਰੇ ਅਧੂਰੇ ਪਏ ਕੰਮਾਂ ਲਈ ਐਤਵਾਰ ਦਾ ਦਿਨ ਹੀ ਉੱਘੜ ਕੇ ਸਾਹਮਣੇ ਆਉਂਦਾ।
ਸਿਮਰ ਦੇ ਪਾਪਾ ਆਮ ਤੌਰ ਤੇ ਸ਼ਨੀਵਾਰ ਅਤੇ ਐਤਵਾਰ ਪਿੰਡ ਹੀ ਬਿਤਾਉਂਦੇ । ਪਿੱਛੋੰ ਅਸੀਂ ਦੋਵੇਂ ਮਾਵਾਂ ਧੀਆਂ ਆਪੋ ਆਪਣੀਆਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਸਾਂਭੀ ਰੱਖਦੀਆਂ। ਕਦੀ ਕਦੀ ਆਪਣੀ ਧੀ ਨੂੰ ਖੁਸ਼ ਰੱਖਣ ਲਈ ਮੈੰ ਬੱਚੀ ਬਣ ਉਸ ਨਾਲ ਖੇਡਦੀ ਤੇ ਕਦੀ ਕਦੀ ਜਦੋਂ ਮੇਰੀ ਧੀ ਮੇਰੀ ਮਾਂ ਵਾਂਗੂੰ ਮੈਨੂੰ ਨਸੀਹਤਾਂ ਦਿੰਦੀ ਹੋਈ ਮੇਰੀ ਮਾਂ ਹੀ ਜਾਪਦੀ ਤਾਂ ਮੈੰ ਮੋਹ ਨਾਲ ਉਸਨੂੰ ਆਪਣੀ ਬੁੱਕਲ ‘ਚ ਕੱਜ ਲੈੰਦੀ।
ਉਸ ਸ਼ਨੀਵਾਰ ਵੀ ਸਿਮਰ ਦੇ ਪਾਪਾ ਪਿੰਡ ਚਲੇ ਗਏ । ਉਹ ਐਤਵਾਰ ਰਾਤੀਂ ਦਸ ਕੁ ਵਜੇ ਘਰ ਪਰਤੇ। ਆਉਂਦੇ ਸਾਰ ਆਖਣ ਲੱਗੇ ,”ਅੱਜ ਸਿਹਤ ਕੁਝ ਢਿੱਲੀ ਜਿਹੀ ਜਾਪ ਰਹੀ ਹੈ । ਇੰਜ ਲੱਗਦੈ ਜਿਵੇਂ ਸਰੀਰ ‘ਚ ਜਾਨ ਹੀ ਨਾ ਹੋਵੇ। ਸਰੀਰ ਬਹੁਤ ਟੁੱਟਿਆ ਟੁੱਟਿਆ ਮਹਿਸੂਸ ਹੋ ਰਿਹਾ।” ਆਖਦੇ ਆਖਦੇ ਖੰਘਣ ਲੱਗੇ। ਉਨ੍ਹਾਂ ਦੀਆਂ ਗੱਲਾਂ ਸੁਣ ਤੇ ਖੰਘਦੇ ਵੇਖ ਮੇਰਾ ਮੱਥਾ ਠਣਕਿਆ । ਮੇਰੇ ਮਨ ਵਿੱਚ ਅਚਾਨਕ ਹੀ ਕਰੋਨਾ ਦੀ ਸੰਭਾਵਨਾ ਨੇ ਦਸਤਕ ਦਿੱਤੀ । ਮੇਰੀ ਧੀ ਮੇਰੇ ਕੋਲ ਹੀ ਖੜ੍ਹੀ ਸੀ । ਮੈਂ ਸੋਚਣ ਲੱਗੀ ਕਿ ਜੇਕਰ ਸੱਚਮੁੱਚ ਹੀ ਕੋਰੋਨਾ ਹੋਇਆ ਤਾਂ ਹੋਰ ਪਰਿਵਾਰਾਂ ਵਾਂਗੂੰ ਅਸੀਂ ਸਾਰਿਆਂ ਨੇ ਵੀ ਕਰੋਨਾ ਦੀ ਦਹਿਸ਼ਤ ਵਿੱਚ ਲਪੇਟਿਆ ਜਾਣਾ ।
ਮੈਨੂੰ ਆਪਣੀ ਤਾਂ ਕੋਈ ਫ਼ਿਕਰ ਨਹੀਂ ਹੋਈ ਪਰ ਆਪਣੇ ਪਤੀ ਅਤੇ ਆਪਣੀ ਧੀ ਦੀ ਫ਼ਿਕਰ ਨੇ ਮੇਰੇ ਮਨ ਨੂੰ ਬਹੁਤ ਝੰਜੋੜਿਆ । ਮੈਂ ਤੇ ਮੇਰੀ ਧੀ ਦੂਸਰੇ ਕਮਰੇ ਵਿੱਚ ਸੌਂ ਗਈਆਂ । ਮੈਂ ਸਾਰੀ ਰਾਤ ਹੀ ਆਪਣੇ ਪਤੀ ਤੇ ਧੀ ਦੀ ਸਿਹਤ ਲਈ ਫ਼ਿਕਰਾਂ ਵਿੱਚ ਘੁਲ਼ਦੀ ਰਹੀ । ਸਵੇਰੇ ਸਿਮਰ ਦੇ ਪਾਪਾ ਨੂੰ ਪੁੱਛਿਆ ,” ਸਿਹਤ ਕਿਵੇਂ ਹੈ ?”
ਤਾਂ ਆਖਣ ਲੱਗੇ ,”ਬੁਖਾਰ ਲੱਗਦੈ ।”
ਜਦੋਂ ਚੈੱਕ ਕੀਤਾ ਤਾਂ ਸੱਚਮੁਚ ਇੱਕ ਸੌ ਦੋ ਬੁਖ਼ਾਰ । ਮੈਂ ਉਸੇ ਵਕਤ ਆਪਣੀ ਧੀ ਦੇ ਕੱਪੜੇ ਪੈਕ ਕੀਤੇ ਅਤੇ ਉਸ ਨੂੰ ਉਸਦੇ ਨਾਨਕੇ ਛੱਡ ਆਈ ਕਿਉਂਕਿ ਮੇਰੇ ਪੇਕੇ ਵੀ ਇਸੇ ਸ਼ਹਿਰ ਵਿੱਚ ਹਨ । ਭਾਵੇਂ ਮੈਂ ਸਕੂਲ ਤੋਂ ਛੁੱਟੀ ਲੈਣ ਦੀ ਸੋਚ ਰਹੀ ਸਾਂ ਪਰ ਇਹ ਆਪਣੇ ਦਫ਼ਤਰ ਜਾਣ ਲਈ ਤਿਆਰ ਹੋਣ ਲੱਗੇ ਤਾਂ ਮੈਂ ਵੀ ਇਨ੍ਹਾਂ ਨੂੰ ਦਵਾਈ ਲੈਣ ਲਈ ਆਖ ਆਪਣੇ ਸਕੂਲ ਲਈ ਤੁਰ ਪਈ। ਸਕੂਲ ਵਿੱਚ ਵੀ ਮੈਂ ਫ਼ਿਕਰਾਂ ਨਾਲ ਘਿਰੀ ਰਹੀ । ਇਸ ਜੱਦੋਜ਼ਹਿਦ ਵਿੱਚ ਸੋਮਵਾਰ ਗੁਜ਼ਰ ਗਿਆ । ਮੰਗਲਵਾਰ ਫ਼ਿਰ ਸਰਕਾਰੀ ਛੁੱਟੀ ਹੋਣ ਕਾਰਨ ਇਹ ਤੜਕੇ ਚਾਰ ਕੁ ਵਜੇ ਉੱਠ ਪਿੰਡ ਜਾਣ ਲਈ ਤਿਆਰ ਹੋ ਗਏ । ਮੈਂਨੂੰ ਸੁੱਤੀ ਨੂੰ ਜਗਾ ਆਖਣ ਲੱਗੇ ,”ਮੈਂ ਪਿੰਡ ਚੱਲਿਆ । ਗੇਟ ਲਗਾ ਲਓ । ਖੇਤਾਂ ‘ਚ ਕਣਕ ਪਈ ਵੱਢੀ ਹੋਈ । ਮੰਡੀ ਦਾਣੇ ਸੁੱਟ ਕੇ ਆਉਣੈ।” ਨੀਂਦ ਵਿੱਚ ਅੱਖਾਂ ਮਲਦੀ ਮਲਦੀ ਮੈੰ ਗੇਟ ਬੰਦ ਕਰ ਮੁੜ ਸੌਂ ਗਈ। ਇਹ ਉਸ ਰਾਤ ਵੀ ਦੇਰ ਨਾਲ ਪਰਤੇ। ਸਿਹਤ ਬਾਰੇ ਪੁੱਛਣ ਤੇ ਆਖਣ ਲੱਗੇ,”ਖੰਘ ਨੇ ਮੱਤ ਮਾਰੀ ਪਈ। ਬੁਖਾਰ ਵੀ ਪੱਕਾ ਡੇਰਾ ਜਮਾ ਕੇ ਬੈਠ ਗਿਆ।” ਦਵਾਈ ਬਾਰੇ ਪੁੱਛਣ ਤੇ ਆਖਣ ਲੱਗੇ ,” ਲੈ ਲਈ ਸੀ ਦਵਾਈ ਤਾਂ …ਪਰ ਦਵਾਈ ਨੇ ਭੋਰਾ ਅਸਰ ਨਹੀਂ ਕੀਤਾ ।”
ਮੈਂ ਇਨ੍ਹਾਂ ਨੂੰ ਅਗਲੇ ਦਿਨ ਬੁੱਧਵਾਰ ਮੁੜ ਟੈਸਟ ਕਰਵਾਉਣ ਲਈ ਕਿਹਾ ਕਿ ਮਾੜੇ ਵਕਤ ਦਾ ਕੋਈ ਪਤਾ ਨਹੀਂ ਹੁੰਦਾ ਪਰ ਇਨ੍ਹਾਂ ਟੈਸਟ ਨਹੀਂ ਕਰਵਾਇਆ ਤੇ ਕਿਸੇ ਪ੍ਰਾਈਵੇਟ ਡਾਕਟਰ ਤੋਂ ਦਵਾਈ ਲੈ ਲਈ। ਵੀਰਵਾਰ ਨੂੰ ਇਨ੍ਹਾਂ ਦਾ ਖੰਘ ਨਾਲ ਬਹੁਤ ਮਾੜਾ ਹਾਲ ਸੀ। ਛਾਤੀ ਵਿੱਚ ਬਹੁਤ ਜਕੜਣ ਮਹਿਸੂਸ ਹੋਣ ਲੱਗੀ । ਤਕਰੀਬਨ ਸਾਰੀ ਰਾਤ ਬੈਠ ਕੇ ਕੱਢੀ । ਮੇਰੇ ਵਾਰ ਵਾਰ ਮਿੰਨਤਾਂ ਕਰਨ ਤੇ ਵੀ ਹਸਪਤਾਲ ਜਾਣ ਲਈ ਰਾਜ਼ੀ ਨਹੀਂ ਹੋਏ। ਮੈਂ ਇਨ੍ਹਾਂ ਨੂੰ ਵੇਖ ਵੇਖ ਆਪ ਵੀ ਰੋਣਹਾਕੀ ਹੋਈ ਪਈ ਸਾਂ । ਪਰ ਕੋਈ ਮੰਨੇ ਵੀ ? ਪਤਾ ਨਹੀਂ ਕਿਉਂ ਟੈਸਟ ਕਰਵਾਉਣ ਤੋਂ ਇਹ ਬਹੁਤ ਹੀ ਕਤਰਾ ਰਹੇ ਸਨ । ਇਨ੍ਹਾਂ ਦੇ ਮਨ ਵਿੱਚ ਇੱਕੋ ਗੱਲ ਪਲ਼ ਰਹੀ ਸੀ ਕਿ ਟੈਸਟ ਰਿਪੋਰਟ ਕੋਰੋਨਾ ਪਾਜ਼ੇਟਿਵ ਹੀ ਦੱਸੇਗੀ। ਪਰ ਮੇਰਾ ਮੰਨਣਾ ਸੀ ਕਿ ਜਿੰਨੀ ਜਲਦੀ ਰਿਪੋਰਟ ਆਵੇ ਉਨੀ ਜਲਦੀ ਇਲਾਜ ਸ਼ੁਰੂ ਹੋ ਜਾਵੇਗਾ ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
SUKHjeet kaur Dhaliwal
ਵਧੀਆ