ਜਮੀਨਾਂ ਦੀ ਮੁਰੱਬੇਬੰਦੀ ਹੋਈ ਤਾਂ ਪਿੰਡ ਦੇ ਰਸੂਖ਼ਵਾਨਾਂ ਤਹਿਸੀਲਦਾਰ ਦੀ ਮਿਲੀਭੁਗਤ ਨਾਲ ਛੋਟੇ ਕਿਸਾਨਾਂ ਨੂੰ ਉਜਾੜ ਸੁੱਟਿਆ। ਉਨ੍ਹਾਂ ਦੀਆਂ ਨਿਆਈਂ ਤੇ ਅਬਾਦ ਕੀਤੀਆਂ ਜਮੀਨਾਂ ਹੜੱਪ ਲਈਆਂ । ਬਦਲੇ ਵਿੱਚ ਰੱਕੜ , ਟਿੱਬੇ ਤੇ ਬੰਜਰ ਉਨ੍ਹਾਂ ਸਿਰ ਮੜ੍ਹ ਦਿੱਤੇ ।
ਬਾਪੂ ਹੁਰਾਂ ਦਾ ਘੁੱਗ ਵੱਸਦਾ ਖੂਹ ਤੇ ਬੰਦੇ ਉਗੱਣ ਵਾਲੀ ਉਪਜਾਊ ਜਮੀਨ ਇਸ ਧੱਕੇਸ਼ਾਹੀ ਦੀ ਭੇਟ ਚੜ੍ਹ ਗਈ।
ਬਾਪੂ ਤੇ ਚਾਚਾ ਉਸ ਨੂੰ ਮੋਢਿਆਂ ਤੇ ਚੁੱਕ ਨਵੀਂ ਅਲਾਟ ਹੋਈ ਪੈਲੀ ਵੇਖਣ ਗਏ ਤਾਂ ਉਥੇ ਦੁਰ-ਦੁਰਾਡੇ ਤੱਕ ਕਿਸੇ ਰੁੱਖ ਦਾ ਨਾਮੋ ਨਿਸ਼ਾਨ ਨਾ ਦਿਸਿਆ । ਜੇ ਕੁੱਝ ਨਜ਼ਰੀਂ ਪੈੰਦਾ ਤਾਂ ਉਹ ਮੋਹਲੀ , ਦੱਬ ,ਅੱਕ ਤੇ ਝਾੜੀਆਂ – ਮਲੇ ਸਨ।
ਸੋਨੇ ਵਰਗੀ ਜਾਇਦਾਦ ਦੇ ਖੁੱਸ ਜਾਣ ਦਾ ਵਿਗੋਚਾ ਅਤੇ ਪਲੇ ਪਏ ਬਰਾਨ ਕਰਲਾਠੇ ਤੇ ਰੇਤਲੇ ਟਿੱਬਿਆਂ ਨੂੰ ਵੇਖ ਦੋਵੇਂ ਭਰਾ ਗਹਿਰੇ ਸਦਮੇ ਵਿੱਚ ਸਨ। ਚਾਚਾ ਲੰਮਾ ਹੌਕਾ ਲੈ ਕਹਿੰਦਾ ,” ਭਾਅ !! ਇਸ ਬੰਜਰ ਧਰਤ ਦੀ ਕੁੱਖ ਸਲਖਣੀ ਨਹੀਂ ਹੋਣੀ , ਮੈਨੂੰ ਫਿਕਰ ਪਿਆ ਕਿ ਸਾਰਾ ਟੱਬਰ ਕਿਥੋੰ ਖਾਵਾਂਗੇ।” ਬਾਪੂ ਹੌਸਲਾ ਦੇੰਦਾ ਬੋਲਿਆ , ” ਕਰਮਿਆਂ ਮਾਲਿਕ ਤੇ ਭਰੋਸਾ ਰੱਖ ,ਜਿਨ੍ਹੇ ਪੈਦਾ ਕੀਤਾ ਖਾਣ ਨੂੰ ਵੀ ਦੇਊ।”
ਗੁਰੂ ਘਰੋਂ ਮੱਥਾ ਟੇਕ ਬੇਬੇ ਸੋਚਾਂ ਵਿੱਚ ਡੁੱਬੇ ਬਾਪੂ ਹੁਰਾਂ ਨੂੰ ਪ੍ਰਸ਼ਾਦ ਵੰਡਦੀ ਬੋਲੀ,
” ਮੰਨਿਆ ਸਾਡਾ ਰਾਜ ਭਾਗ ਖੁੱਸ ਗਿਆ ਪਰ ਤੁਸੀਂ ਹਿੰਮਤ ਨਾ ਹਾਰੋ! ਉਸਦੇ ਘਰ ਕੋਈ ਘਾਟ ਨਹੀਂ । ਆਦਿ ਕਾਲ ਤੋਂ ਤੱਗੜੇ ਮਾੜਿਆਂ ਨਾਲ ਧੱਕੇਸ਼ਾਹੀ ਕਰਦੇ ਆਏ ਨੇ। ਮਾਲਿਕ ਆਪੇ ਇੰਨਾਂ ਨਾਲ ਨਜਿਠੂ।
ਤੁਸੀਂ ਢੇਰੀ ਨਾ ਢਾਓ , ਬੰਜਰ ਨੂੰ ਅਬਾਦ ਕਰਨ ਲਈ ਕਮਰ-ਕੱਸੇ ਕਰੋ । ਉਪਰਵਾਲਾ ਸਿੱਧੀਆਂ ਪਾਊ , ਧਰਤੀ ਮਾਂ ਮਿਹਨਤਕਸ਼ਾਂ ਦਾ ਹੱਕ ਕਦੀ ਨਹੀਂ ਰੱਖਦੀ।”
ਅਚਾਨਕ ਵੱਜੀ ਸੱਟ ਨਾਲ ਵੱਡੇ -ਵੱਡੇ ਬੌੰਦਲ ਜਾਂਦੇ ਤਮਾਤੜਾਂ ਦਾ ਮਧੋਲੇ ਜਾਣਾ ਕੁਦਰਤੀ ਸੀ। ਬਾਪੂ ਹੁਰਾਂ ਦੇ ਮੁਰਝਾਏ ਚਿਹਰੇ ਵੇਖ ਨਿਆਣੇ ਨੇ ਡੁੱਸਕਦਿਆਂ ਕਈ ਵਾਰ ਰੋ ਪੈਣਾ ਤਾਂ ਬਾਪੂ ਹਿੱਕ ਨਾਲ ਲਾਉਂਦੇ ਵਰਾਉੰਦਿਆਂ ਕਹਿਣਾ ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ