“ਕੁਦਰਤ ਦੇ ਰੰਗ”
45-50 ਵਰ੍ਹੇ ਪਹਿਲਾਂ ਗੁਰਮਖ ਸਿੰਘ ਪੰਜਾਬ ਛੱਡ ਕੇ ਇੰਗਲੈਂਡ ਵੱਸ ਗਿਆ… ਉਸ ਦੇ ਬੱਚੇ ਇੰਗਲੈਂਡ ਵਿੱਚ ਚੰਗੀ ਤਰ੍ਹਾਂ ਸੈਟਲ ਹੋ ਗਏ ਤੇ ਉਥੋਂ ਦੇ ਮਾਹੌਲ ਵਿੱਚ ਰਮ ਗਏ… ਤੀਹ ਪੈਂਤੀ ਸਾਲ ਪਹਿਲਾਂ ਗੁਰਮੁਖ ਸਿੰਘ ਆਪਣੀ ਪਤਨੀ ਸਮੇਤ ਇੰਡੀਆ ਆਇਆ ਅਤੇ ਉਸ ਦੀ ਮਲਕੀਅਤ ਹੇਠ ਇੱਕ ਦੁਕਾਨ, ਜੋ ਕਿ ਉਸ ਨੇ ਆਪਣੇ ਇੱਕ ਭਤੀਜੇ ਨੂੰ ਹੀ ਕੰਮ-ਕਾਰ ਕਰਨ ਲਈ ਦਿੱਤੀ ਹੋਈ ਸੀ, ਨੂੰ ਵੇਚ ਦੇਣ ਦਾ ਫ਼ੈਸਲਾ ਲਿਆ…. ਇਸ ਉੱਤੇ ਉਸਦੇ ਭਤੀਜੇ ਨੇ ਆਪ ਹੀ ਦੁਕਾਨ ਖ਼ਰੀਦਣ ਦਾ ਫ਼ੈਸਲਾ ਕੀਤਾ ਤੇ ਆਪਣੇ ਚਾਚਾ ਜੀ ਨੂੰ ਦੁਕਾਨ ਦੇ ਪੈਂਦੇ ਮੁੱਲ ਉਤੇ ਦੁਕਾਨ ਦੇ ਦੇਣ ਦੀ ਬੇਨਤੀ ਕੀਤੀ.. ਗੁਰਮਖ ਸਿੰਘ ਅਤੇ ਉਸਦੀ ਪਤਨੀ ਨੂੰ ਇਸ ਉੱਤੇ ਕੋਈ ਇਤਰਾਜ਼ ਨਹੀਂ ਸੀ ਤੇ ਉਨ੍ਹਾਂ ਨੇ ਦੁਕਾਨ ਦੇ ਮਾਰਕੀਟ ਵਿੱਚ ਪੈਂਦੇ ਮੁੱਲ ਨਾਲੋਂ ਦੱਸ ਹਜ਼ਾਰ ਘੱਟ ਕੀਮਤ ਤੇ ਹੀ ਉਹ ਦੁਕਾਨ ਆਪਣੇ ਭਤੀਜੇ ਨੂੰ ਬੜੇ ਪਿਆਰ ਨਾਲ ਖੁਸ਼ੀ- ਖੁਸ਼ੀ ਦੇ ਦਿੱਤੀ….. ਹੁਣ ਉਨ੍ਹਾਂ ਦੀ ਇੰਡੀਆ ਵਿੱਚ ਕੋਈ ਪ੍ਰਾਪਰਟੀ ਨਹੀਂ ਸੀ, ਪਰ ਉਹ ਇੰਡੀਆ ਤਕਰੀਬਨ ਹਰ ਸਾਲ ਜਾਂ ਦੋ ਸਾਲ ਬਾਅਦ ਚੱਕਰ ਲਗਾਉਂਦੇ ਰਹੇ… ਪਤਨੀ ਉਨ੍ਹਾਂ ਦੀ ਸਵਰਗਵਾਸ ਹੋ ਚੁੱਕੀ ਸੀ …ਇੰਡੀਆ ਆ ਕੇ ਉਹ ਡੇਢ-ਦੋ ਮਹੀਨੇ ਸਾਰੇ ਰਿਸ਼ਤੇਦਾਰਾਂ ਕੋਲੋਂ ਵਾਰੀ- ਵਾਰੀ ਰਹਿ ਲੈਂਦੇ ਤੇ ਆਪਣੇ ਵਤਨ ਦੀ ਠੰਢੀ ਹਵਾ ਲੈ ਜਾਂਦੇ…ਪਰ ਨਾਲ ਦੇ ਨਾਲ ਉਹ ਇੰਡੀਆ ਅਤੇ ਇੰਗਲੈਂਡ ਦੀਆਂ ਤਰੱਕੀਆਂ ਅਤੇ ਸੁਵਿਧਾਵਾਂ ਦੇ ਅੰਤਰ ਦਾ ਵਖਿਆਨ ਹਰ ਸਾਲ ਕਰਦੇ… ਖਾਸ ਕਰਕੇ ਇੰਡੀਆ ਦੀਆਂ ਸੜਕਾਂ ਉਨ੍ਹਾਂ ਨੂੰ ਸਖ਼ਤ ਨਾਪਸੰਦ ਸਨ… ਰਿਕਸ਼ਾ, ਆਟੋ ਜਾਂ ਟੈਕਸੀ ਵਿੱਚ ਬੈਠਿਆਂ ਉਨ੍ਹਾਂ ਦੇ ਪਾਸੇ ਭੰਨੇ ਜਾਂਦੇ ਤੇ ਉਹ ਜਿੱਥੇ ਵੀ ਪਹੁੰਚਦੇ, ਉੱਥੇ ਹੀ ਇੰਗਲੈਂਡ ਦੀਆਂ ਸੜਕਾਂ ਦਾ ਗੁਣਗਾਣ ਕਰਣ ਲੱਗਦੇ ਕਿ ਇੰਗਲੈਂਡ ਦੀਆਂ ਰੋਡਾਂ ਬੜੀਆਂ ਸ਼ਾਨਦਾਰ ਹੁੰਦੀਆਂ ਨੇ ਬਈ… ਇੰਡੀਆ ਰਹਿੰਦੇ ਰਿਸ਼ਤੇਦਾਰਾਂ ਨੂੰ ਹਰ ਸਾਲ ਉਨ੍ਹਾਂ ਦੇ ਮੂੰਹੋਂ ਰੋਡਾਂ ਉੱਤੇ ਚੰਗਾ ਲੈਕਚਰ ਸੁਣਨਾ ਪੈਂਦਾ…
ਇੰਡੀਆ ਆਉਂਦਿਆਂ- ਜਾਂਦਿਆਂ ਉਨ੍ਹਾਂ ਦੇ ਇੱਕ-ਦੋ ਸ਼ਰੀਕ ਹਰ ਵਾਰ ਉਨ੍ਹਾਂ ਦੇ ਦਿਮਾਗ ਵਿੱਚ ਇੱਕ ਗੱਲ ਪਾਉਂਦੇ ਕਿ ਉਨ੍ਹਾਂ ਨੇ ਆਪਣੀ ਦੁਕਾਨ ਆਪਣੇ ਭਤੀਜੇ ਨੂੰ ਬਹੁਤ ਸਸਤੇ ਵਿੱਚ ਦੇ ਦਿੱਤੀ ਹੈ ….ਜਦ ਕਿ ਦੁਕਾਨ ਦਾ ਮੁੱਲ ਉਦੋਂ ਹੀ ਦਿੱਤੇ ਮੁੱਲ ਨਾਲੋਂ ਤਿੱਗਣਾ ਸੀ…ਪਹਿਲਾਂ-ਪਹਿਲ ਤਾਂ ਗੁਰਮਖ ਸਿੰਘ ਨੇ ਇਨ੍ਹਾਂ ਗੱਲਾਂ ਵੱਲ ਕੋਈ ਧਿਆਨ ਨਾ ਦਿੱਤਾ ਪਰ ਜਿਵੇਂ-ਜਿਵੇਂ ਉਹ ਹਰ ਸਾਲ ਇੰਡੀਆ ਆਉਂਦਾ ਗਿਆ ਤਾਂ ਇਹ ਗੱਲ ਉਸ ਦੇ ਦਿਮਾਗ ਵਿੱਚ ਥੋੜ੍ਹਾ-ਥੋੜ੍ਹਾ ਘਰ ਕਰਦੀ ਰਹੀ, ਹਾਲਾਂਕਿ ਉਨ੍ਹਾਂ ਦੇ ਸਾਰੇ ਚੰਗੇ ਰਿਸ਼ਤੇਦਾਰ ਇਸ ਗੱਲ ਨੂੰ ਨਕਾਰਦੇ ਰਹੇ ਅਤੇ ਉਨ੍ਹਾਂ ਨੂੰ ਦੁਕਾਨ ਦਾ ਠੀਕ ਮੁੱਲ ਮਿਲਿਆ ਹੋਣ ਦੀ ਤਸਦੀਕ ਕਰਦੇ ਰਹੇ …. ਪਰ ਮਾੜੇ ਸ਼ਰੀਕ ਉਨ੍ਹਾਂ ਨੂੰ ਇੰਗਲੈਂਡ ਬੈਠੇ-ਬੈਠੇ ਵੀ ਫੋਨ ਤੇ ਵੀ ਇਹੀ ਗੱਲ ਦੁਹਰਾਅ ਦੇਂਦੇ ਕਿ ਉਨ੍ਹਾਂ ਨਾਲ ਘਾਟੇ ਦਾ ਸੌਦਾ ਕੀਤਾ ਗਿਆ ਸੀ ਤੇ ਉਦੋਂ ਜਾਣ-ਬੁੱਝ ਕੇ ਦੁਕਾਨ ਦਾ ਮਾਰਕੀਟ ਰੇਟ ਘੱਟ ਪੁਆਇਆ ਗਿਆ ਸੀ..ਜਦ ਕਿ ਸੱਚਾਈ ਇਹ ਨਹੀਂ ਸੀ…ਇੰਗਲੈਂਡ ਬੈਠੇ ਵੀ ਉਹ ਇਸ ਗੱਲ ਤੇ ਕ੍ਰਿੱਝਦਾ ਰਹਿੰਦਾ ਤੇ ਜਦੋਂ ਇੰਡੀਆ ਆਉਂਦਾ ਤਾਂ ਸਾਰੇ ਰਿਸ਼ਤੇਦਾਰਾਂ ਚ ਇਸ ਗੱਲ ਦਾ ਜ਼ਿਕਰ ਵੀ ਕਰਦਾ ਤੇ ਦਲਾਲਾਂ ਕੋਲੋਂ ਉਸ ਸਮੇਂ ਦਾ ਦੁਕਾਨ ਦੇ ਮੁੱਲ ਦਾ ਅੰਦਾਜ਼ਾ ਵੀ ਲਗਵਾਂਦਾ ਰਹਿੰਦਾ, ਜਦ ਕਿ ਇਸ ਗੱਲ ਨੂੰ ਵੀਹ ਸਾਲਾਂ ਤੋਂ ਉੱਪਰ ਦਾ ਸਮਾਂ ਬੀਤ ਚੁੱਕਾ ਸੀ…..ਗੁਰਮਖ ਸਿੰਘ ਨਾ ਤਾਂ ਕੰਜੂਸ ਕਿਸਮ ਦਾ ਇਨਸਾਨ ਸੀ ਤੇ ਨਾ ਹੀ ਮਾੜੇ ਦਿਲ ਦਾ….ਪਰ ਬੁਢਾਪੇ ਦੇ ਅਖੀਰਲੇ ਸਾਲਾਂ ਵਿੱਚ ਮਾੜੇ ਸ਼ਰੀਕਾਂ ਦੀਆਂ ਨੀਅਤਾਂ ਦਾ ਸ਼ਿਕਾਰ ਹੋ ਗਿਆ ਸੀ…ਕਦੀ-ਕਦੀ ਉਸ ਨੂੰ ਆਪਣੇ ਸ਼ਰੀਕਾਂ ਦਾ ਕਿਹਾ ਗ਼ਲਤ ਵੀ ਭਾਸਣ ਲੱਗਦਾ ਸੀ, ਪਰ ਫੇਰ ਮਾੜੇ ਸ਼ਰੀਕਾਂ ਦੇ ਬੋਲਾਂ ਦਾ ਜ਼ੋਰ ਚੱਲ ਜਾਂਦਾ ਸੀ… ਉਸ ਦਾ ਭਤੀਜਾ ਬਾਰ-ਬਾਰ ਸੋਹਾਂ ਖਾ ਕੇ ਵੀ ਦੁਕਾਨ ਦਾ ਅਸਲੀ ਮੁੱਲ ਦਿੱਤੇ ਜਾਣ ਦੀ ਗੱਲ ਕਰਦਾ ਸੀ, ਪਰ ਗੁਰਮੁਖ ਸਿੰਘ ਉਸ ਉੱਤੇ ਇਤਬਾਰ ਨਾ ਕਰ ਪਾਉਂਦਾ.. ਗੁਰਮਖ ਸਿੰਘ ਦੀ ਪਤਨੀ ਦੇ ਭਰਾ ਤੇ ਭੈਣ ਵੀ ਉਸਨੂੰ ਬਹੁਤ ਸਮਝਾਂਦੇ ਕਿ ਗੁਰਮੁਖ ਸਿੰਘ ਫਾਲਤੂ ਹੀ ਆਪਣੇ ਭਤੀਜੇ ਉੱਤੇ ਸ਼ੱਕ ਕਰ ਰਿਹਾ ਸੀ … ਪਰ ਗੁਰਮੁਖ ਸਿੰਘ ਨੂੰ ਕਿਸੇ ਦੇ ਉੱਤੇ ਵੀ ਵਿਸ਼ਵਾਸ ਨਾ ਆਉਂਦਾ… ਇਹ ਵਧਦੀ ਉਮਰ ਦਾ ਤਕਾਜ਼ਾ ਸੀ… ਇੰਗਲੈਂਡ ਬੈਠੇ ਹੋਏ ਉਸ ਦੇ ਆਪਣੇ ਬੱਚਿਆਂ ਨੂੰ ਇਸ ਗੱਲ ਨਾਲ ਕੋਈ ਲੈਣਾ ਦੇਣਾ ਨਹੀਂ ਸੀ…ਤੇ ਨਾ ਹੀ ਉਹ ਇਸ ਗੱਲ ਵਿੱਚ ਕੋਈ ਦਿਲਚਸਪੀ ਰੱਖਦੇ ਸਨ …. ਉਹ ਆਪਣੇ ਡੈਡ ਨੂੰ ਚੰਗੀ ਤਰ੍ਹਾਂ ਸਮਝਾਂਦੇ ਕਿ ਉਨ੍ਹਾਂ ਦੇ ਕਜ਼ਨ ਨੇ ਕੋਈ ਧੋਖਾ ਨਹੀਂ ਕੀਤਾ ਹੈ ….ਪਰ ਗੁਰਮਖ ਸਿੰਘ ਨੂੰ ਆਪਣੇ ਬੱਚਿਆਂ ਉੱਤੇ ਵੀ ਵਿਸ਼ਵਾਸ ਨਾ ਆਉਂਦਾ ਤੇ ਜਦੋਂ ਵੀ ਇੰਡੀਆ ਤੋਂ ਉਨ੍ਹਾਂ ਦੇ ਸ਼ਰੀਕ ਦਾ ਫੋਨ ਜਾਂਦਾ ਤੇ ਇਸ ਗੱਲ ਦਾ ਜ਼ਿਕਰ ਹੁੰਦਾ ਤਾਂ ਗੁਰਮੁਖ ਸਿੰਘ ਦੇ ਜ਼ਖ਼ਮ ਫੇਰ ਤੋਂ ਹਰੇ ਹੋ ਜਾਂਦੇ ਤੇ ਉਸ ਦੀ ਸੋਚਾਂ ਵਿੱਚ ਆਪਣੀ ਦੁਕਾਨ ਦਾ ਘੱਟ ਰੇਟ ਉੱਤੇ ਹਥਿਆਇਆ ਜਾਣਾ ਛਾਇਆ ਰਹਿੰਦਾ ਤੇ ਉਹ ਆਪਣੇ ਭਤੀਜੇ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬਦਦੁਆਵਾਂ ਦਿੰਦਾ ਰਹਿੰਦਾ …ਜਦ ਕਿ ਅਸਲੀਅਤ ਇਸ ਦੇ ਉਲਟ ਸੀ, ਉਸ ਨਾਲ ਕੋਈ ਧੋਖਾ ਨਹੀਂ ਹੋਇਆ ਸੀ ….ਇੱਕ ਦਿਨ ਉਹ ਇੰਗਲੈਂਡ ਵਿੱਚ ਪਾਰਕ ਵਿੱਚ ਸੈਰ ਕਰਨ ਗਿਆ ਤਾਂ ਉਸਦਾ ਧਿਆਨ ਫੇਰ ਤੋਂ ਆਪਣੀ ਦੁਕਾਨ ਵੱਲ ਚਲਾ ਗਿਆ…ਮਨ ਹੀ ਮਨ ਵਿੱਚ ਗੁੱਸਾ ਕਰਦੇ- ਕਰਦੇ ਉਹ ਕਈ ਖਿਆਲੀ ਪੁਲਾਓ ਪਕਾਉਂਦਾ ਰਿਹਾ ਕਿ ਕਿਸੇ ਤਰ੍ਹਾਂ ਉਸ ਨੂੰ ਅੱਜ ਦੀ ਤਰੀਕ ਦਾ ਦੁਕਾਨ ਦਾ ਮੁੱਲ ਮਿਲ ਜਾਂਦਾ… ਇਹ ਸੋਚਾਂ ਸੋਚਦੇ-ਸੋਚਦੇ ਤੇ ਆਪਣੇ ਭਤੀਜੇ ਪ੍ਰਤੀ ਨਫ਼ਰਤ ਪਾਲਦੇ ਹੋਏ ਉਹ ਘਰ ਵਾਪਸ ਜਾਣ ਲਈ ਉੱਠਿਆ ਤੇ ਕਾਹਲੀ-ਕਾਹਲੀ ਵਿੱਚ ਇੱਕ ਵੱਡੇ ਪੱਥਰ ਨਾਲ ਉਸਦਾ ਪੈਰ ਟਕਰਾ ਗਿਆ….ਉਸ ਤੋਂ ਸੰਭਲਿਆ ਨਾ ਗਿਆ ਤੇ ਸਿਰ ਦੇ ਭਾਰ ਜਾ ਡਿੱਗਾ ਤੇ ਸਿਰ ਤੇ ਗੁੱਝੀ ਸੱਟ ਲੱਗਣ ਕਰਕੇ ਬੇਹੋਸ਼ ਹੋ ਗਿਆ…ਆਸ-ਪਾਸ ਦੇ ਪਾਰਕ ਘੁੰਮਣ ਆਏ ਲੋਕਾਂ ਨੇ ਉਸ ਨੂੰ ਚੁੱਕ ਕੇ ਹਸਪਤਾਲ ਪਹੁੰਚਾਇਆ ਜਿੱਥੇ ਉਹ ਕਈ ਦਿਨ ਕੌਮਾ ਵਿੱਚ ਪਿਆ ਰਿਹਾ… ਗੁਰਮਖ ਸਿੰਘ ਦੇ ਬਚੱਣ ਦੀ ਉਮੀਦ ਬਹੁਤ ਘੱਟ ਸੀ… ਪਰ ਇੰਗਲੈਂਡ ਦੇ ਬੇਹਤਰ ਇਲਾਜ ਨੇ ਅਤੇ ਡਾਕਟਰਾਂ ਦੀ ਮਿਹਨਤ ਨੇ ਉਸ ਨੂੰ ਬਚਾ ਲਿਆ….ਜਦੋਂ ਗੁਰਮਖ ਸਿੰਘ ਨੂੰ ਹੋਸ਼ ਆਈ ਤਾਂ ਉਸ ਦੇ ਦਿਮਾਗ ਦੇ ਵਿੱਚ ਉਸ ਵੇਲੇ ਵੀ ਆਪਣੇ ਭਤੀਜੇ ਦੇ ਪ੍ਰਤੀ ਨਫ਼ਰਤ ਹੀ ਮੌਜੂਦ ਸੀ ਕਿਉਂਕਿ ਡਿੱਗਣ ਤੋਂ ਪਹਿਲਾਂ ਉਸ ਦੀਆਂ ਸੋਚਾਂ ਵਿੱਚ ਉਸ ਦਾ ਭਤੀਜਾ ਹੀ ਵਿਚਰ ਰਿਹਾ ਸੀ…..ਉਸ ਤੋਂ ਬਾਅਦ ਉਸ ਦੇ ਦਿਮਾਗ ਵਿੱਚ ਹਰ ਵੇਲੇ ਇੱਕੋ ਹੀ ਨਫ਼ਰਤ ਦੀ ਲਹਿਰ ਪਲਦੀ ਰਹਿੰਦੀ ਤੇ ਉਹ ਸੋਚਦਾ ਰਹਿੰਦਾ ਕਿ ਕਿਹੜੀ ਘੜੀ ਉਹ ਥੋੜ੍ਹਾ ਤੰਦਰੁਸਤ ਹੋਵੇ ਤੇ ਇੰਡੀਆ ਜਾ ਕੇ ਆਪਣੀ ਦੁਕਾਨ ਆਪਣੇ ਭਤੀਜੇ ਤੋਂ ਵਾਪਸ ਲੈ ਲਵੇ…ਉਸ ਦੇ ਬੱਚੇ ਉਸ ਨੂੰ ਹਮੇਸ਼ਾ ਠੰਢਾ ਕਰਦੇ ਰਹਿੰਦੇ ਤੇ ਨਾਲ ਹੀ ਸਮਝਾਉਂਦੇ ਕਿ ਉਸ ਦੁਕਾਨ ਦਾ ਉਨ੍ਹਾਂ ਨੂੰ ਕੋਈ ਲਾਲਚ ਨਹੀਂ ਹੈ…. ਇਸ ਲਈ ਉਨ੍ਹਾਂ ਦਾ ਡੈਡ ਇਹ ਵਿਚਾਰ ਆਪਣੇ ਦਿਮਾਗ਼ ਵਿੱਚੋਂ ਬਿਲਕੁਲ ਹੀ ਕੱਢ ਦੇਵੇ… ਇਸ ਮਾਮਲੇ ਵਿਚ ਬੱਚੇ ਉਸ ਨਾਲ ਥੋੜ੍ਹੀ ਸਖ਼ਤੀ ਨਾਲ ਵੀ ਗੱਲ ਕਰਦੇ….ਬੱਚਿਆਂ ਦਾ ਗੁੱਸਾ ਵੇਖ ਕੇ ਗੁਰਮੁਖ ਸਿੰਘ ਉਨ੍ਹਾਂ ਸਾਹਮਣੇ ਸ਼ਾਂਤ ਹੋ ਜਾਂਦਾ, ਪਰ ਅੰਦਰੋ ਅੰਦਰੀ ਇਸੇ ਗੱਲ ਨੂੰ ਸੋਚਦਾ ਰਹਿੰਦਾ….ਇੱਕ ਵਾਰ ਉਹੀ ਭਤੀਜਾ ਇੰਗਲੈਂਡ ਗਿਆ ਤੇ ਉਸ ਨੇ ਆਪਣੇ ਚਾਚਾ ਜੀ ਨੂੰ ਮਿਲ ਕੇ ਇਸ ਗੱਲ ਦੀ ਤਸੱਲੀ ਗੁਰਮਖ ਸਿੰਘ ਨੂੰ ਦੇਣੀ ਚਾਹੀ ਕਿ ਉਸ ਨੇ ਆਪਣੇ ਚਾਚੇ ਨਾਲ ਕੋਈ ਧੋਖਾ ਨਹੀਂ ਸੀ ਕੀਤਾ….ਜਦੋਂ ਗੁਰਮਖ ਸਿੰਘ ਨੂੰ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਹ ਇਕਦਮ ਗੁੱਸੇ ਵਿੱਚ ਆ ਗਿਆ ਤੇ ਉਸ ਨੇ ਆਪਣੇ ਬੱਚਿਆਂ ਰਾਹੀਂ ਉਸ ਨੂੰ ਸੁਨੇਹਾ ਪਹੁੰਚਾਇਆ ਕਿ ਉਸਦਾ ਭਤੀਜਾ ਗੁਰਮਖ ਸਿੰਘ ਦੇ ਮੱਥੇ ਨਾ ਲੱਗੇ…. ਵਿਚਾਰਾ ਭਤੀਜਾ ਨਮੋਸ਼ੀ ਮੰਨਦੇ ਹੋਏ ਆਪਣੇ ਚਾਚੇ ਨੂੰ ਇੰਗਲੈਂਡ ਜਾ ਕੇ ਵੀ ਮਿਲਣ ਹੀ ਨਾ ਗਿਆ…ਪਰ ਉਸ ਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਇਹ ਉਸਦੇ ਚਾਚੇ ਦੇ ਬੁਢਾਪੇ ਕਾਰਣ ਤੇ ਦਿਮਾਗ਼ ਉੱਤੇ ਲੱਗੀ ਹੋਈ ਸੱਟ ਕਾਰਨ ਹੀ ਹੋ ਰਿਹਾ ਹੈ ਤੇ ਨਾਲ ਹੀ ਮਾੜੇ ਸ਼ਰੀਕਾਂ ਦੀਆਂ ਤਮਾਸ਼ਬੀਨੀ ਦੀਆਂ ਨੀਅਤਾਂ ਕਰਕੇ…..
ਜਿਵੇਂ-ਜਿਵੇਂ ਗੁਰਮਖ ਸਿੰਘ ਥੋਡ਼੍ਹਾ ਤੰਦਰੁਸਤ ਹੋਇਆ ਤਾਂ ਉਸ ਨੇ ਇੰਡੀਆ ਫੇਰਾ ਮਾਰਣ ਦੀ ਰੱਟ ਲਾ ਲਈ… ਉਸ ਦੇ ਬੱਚਿਆਂ ਨੇ ਬਹੁਤ ਸਮਝਾਇਆ ਕਿ ਹੁਣ ਉਸ ਦੀ ਉਮਰ ਤੇ ਸਿਹਤ ਇੰਡੀਆ ਇਕੱਲੇ ਜਾਣ ਲਾਇਕ ਨਹੀਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ