ਪੰਜ ਸੌ ਪਚਵਿੰਜਾ ਨੇ ਰੁੰਡਿਆ ਜਿਹਾ ਖਾਲ ਲੰਘਣ ਲੰਘਿਆਂ ਮੱਠੀ ਜਿਹੀ ਅੜੀ ਕੀਤੀ , ਉਹਨੇ ਰੇਸ ਤੇ ਪੈਰ ਦਾ ਥੋੜਾ ਹੋਰ ਦਬਾਅ ਪਾਇਆ ਤੇ ਖਾਲ ਦੀ ਤਾਜ਼ੀ ਮਿੱਟੀ ਨਾਲ ਫੱਟੀ ਖਹਾਉਂਦਾ ਟਰੈਕਟਰ ਖੇਤ ਵਿੱਚ ਵੜ ਗਿਆ । ਹੁਲਾਰਾ ਵੱਜਣ ਕਰਕੇ ਗੇਅਰ ਨੂੰ ਵਲ ਪਾ ਕੇ ਬੰਨ੍ਹੇ ਯੂਰੀਆ ਖਾਦ ਦੇ ਸੀਤੇ ਝੋਲੇ ‘ਚੋਂ ਮਿੱਠੇ ਚੌਲਾਂ ਦੇ ਕੁਝ ਦਾਣੇ , ਡੱਬਾ ਖੁੱਲ੍ਹੇ ਤੋਂ ਵਿੱਚੇ ਡਿੱਗ ਪਏ । ਫਲਾਹੀ ਦੇ ਛਾਂਵੇਂ ਟਰੈਕਟਰ ਖਲਿਆਰ ਉਹਨੇ ਸੱਜੇ ਹੱਥ ਦੀ ਓਟ ਮੱਥੇ ਤੇ ਬਣਾਈ ਤੇ ਬਾਪੂ ਨੂੰ ਲੱਭਣ ਲੱਗ ਪਿਆ ।
ਨੌਂਵੀ ਜਮਾਤ ਵਿੱਚ ਪੜ੍ਹਦਾ , ਅੱਜ ਉਹ ਅਜੇ ਸਕੂਲੋਂ ਮੁੜਿਆ ਹੀ ਸੀ ਜਦੋਂ ਮਾਂ ਨੇ ਚੁੰਨੀ ਦੇ ਲੜ ਨਾਲੋਂ ਵੀਹਾਂ ਦਾ ਅੱਧ – ਮਰਿਆ ਨੋਟ ਖੋਲ ਕੇ ਉਹਦੇ ਹੱਥ ਤੇ ਧਰਿਆ । ਹੱਟੀ ਤੱਕ ਪਹੁੰਚਦਿਆਂ ਉਹਨੇ ਮਾਂ ਦੀ ਹਦਾਇਤ ਪਕਾ ਲਈ , ‘ਪੰਦਰਾਂ ਦਾ ਖੱਟੇ ਚੌਲਾਂ ਦਾ ਰੰਗ ਤੇ ਪੰਜਾਂ ਦੀਆਂ ਭੁਜੀਆ – ਫੁੱਲੀਆਂ ਤੇਰੇ ਲਈ’ । ਉਹਨੇ ਘਰ ਆ ਕੇ ਰੰਗ ਮਾਂ ਨੂੰ ਫੜਾਇਆ ਤੇ ਆਪ ਬਾਟੀ ਵਿੱਚ ਭੁਜੀਆ – ਫੁੱਲੀਆਂ ਰਲਾਉਣ ਲੱਗ ਪਿਆ । ਏਨੇ ਨੂੰ ਦੋ ਬਾਬੂ ਸਰਪੰਚ ਦੇ ਨਾਲ ਉਹਨਾਂ ਦੇ ਘਰ ਆਏ ਤੇ ਸਰਪੰਚ ਨੂੰ ਨਾਲ ਲੈ ਕੇ ਉਹਨਾਂ ਦੇ ਖੇਤ ਵਲ ਨੂੰ ਚਲੇ ਗਏ । ਚਾਹ ਤੇ ਚੌਲ ਲੈ ਕੇ ਉਹ ਵੀ ਛੇਤੀ ਉਹਨਾਂ ਦੇ ਮਗਰ ਚਲਾ ਗਿਆ ।
ਜਨਵਰੀ ਮਹੀਨੇ ਦੇ ਆਖਰੀ ਦਿਨ ਸਨ ।ਦਿਨ , ਰਾਤ ਵੱਲ ਨੂੰ ਤੁਰ ਪਿਆ ਸੀ , ਸੂਰਜ ਦੀ ਰੌਸ਼ਨੀ ਪਹਿਲਾਂ ਨਾਲੋਂ ਫਿੱਕੀ ਹੋ ਗਈ ਸੀ । ਸੀਤ ਲਹਿਰ ਕਦੇ ਕੋਸੀ ਹੋ ਜਾਂਦੀ ਤੇ ਕਦੇ ਕੋਸੀ ਤੋਂ ਹਲਕੀ ਠੰਡੀ । ਕਣਕਾਂ ਨਿੱਸਰ ਕੇ ਕੱਦ ਕੱਢ ਰਹੀਆਂ ਸਨ । ਹਵਾ ਵਿੱਚ ਕਣਕਾਂ ਨੂੰ ਹੁੰਦੀ ਸਪਰੇਅ ਦੀ ਬਕਬਕੀ ਸਾਹ ਲਏ ਤੋਂ ਸੁੰਘੀ ਜਾ ਸਕਦੀ ਸੀ ।
ਆਮ ਕਰਕੇ ਬਾਪੂ ਇਸ ਵੇਲੇ ਵਾਣ ਦੇ ਤਿੰਨ ਪਾਵਿਆਂ ਵਾਲੇ ਮੰਜੇ(ਚੌਥੇ ਦੀ ਜਗ੍ਹਾ ਚਾਰ ਇੱਟਾਂ ਸਨ) ਤੇ ਬੈਠਾ ਲੌਢੇ ਵੇਲੇ ਦੀ ਚਾਹ ਉਡੀਕਦਾ ਹੁੰਦਾ ਸੀ । ਉਹ ਖੇਤ ਦੇ ਅਖੀਰਲੇ ਦੋ ਏਕੜਾਂ ਵਿੱਚ ਪਹੰਚ ਗਿਆ , ਬਾਪੂ ਦਾ ਸ਼ਰਦੱਈ ਪਰਨਾ ਉਹਦੀ ਨਜ਼ਰੀਂ ਪਿਆ ਤੇ ਉਹ ਖੁਸ਼ ਹੋ ਕੇ ਕਾਹਲੇ ਕਦਮੀ ਤੁਰਨ ਲੱਗਾ ।
ਅਚਾਨਕ ਉਹਦੇ ਪੈਰਾਂ ਤੇ ਪਤਲੇ ਲੋਹ ਦਾ ਬਣਿਆ ਕੁਝ ਫਿਰਨ ਲੱਗਾ । ਇਹ ਲੋਹੇ ਦਾ ਫੀਤਾ ਸੀ । ਜਿਹੜੇ ਬਾਬੂ ਉਹਨਾਂ ਦੇ ਘਰ ਆਏ ਸੀ ਉਹ ਖੇਤ ਦੀ ਮਿਣਤੀ ਕਰ ਰਹੇ ਸੀ । ਆਪਣਾ ਕੰਮ ਨਿਬੇੜ ਉਹਨਾਂ ਬਾਪੂ ਦਾ ‘ਗੂਠਾ ਲਵਾਇਆ ਤੇ ਦੋ ਛੱਲੀਆਂ ਭੰਨ ਕੇ ਨਾਲ ਲੈ ਗਏ ।
‘ਕੌਣ ਸੀ ਬਾਪੂ ਇਹ ?’
‘ਜੋਕਾਂ’ – ਬਾਪੂ ਦਾ ਉੱਤਰ ਸੀ ।
‘ਰੁੱਕ ਜਾਂਦੇ ਘੜੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ