ਲਾਗਣ….ਕਹਾਣੀ
ਅੱਜ ਉਸ ਨੂੰ ਭੋਰਾ ਨੀਂਦ ਨਹੀਂ ਸੀ ਆ ਰਹੀ। ਉਹ ਕਦੇ ਛੱਤ ਤੇ ਲੱਗੇ ਹੌਲੀ ਹੌਲੀ ਘੁੰਮਦੇ ਪੱਖੇ ਵੱਲ ਵੇਖਦੀ ਤੇ ਕਦੇ ਸਾਹਮਣੇ ਅੱਧ ਨੰਗੀ ਕੰਧ ਵੱਲ ਟਿਕਟਿਕੀ ਲਗਾਕੇ ਵੇਖਣ ਲੱਗਦੀ ਜਿਹਦੀ ਅੱਧੀ ਕੁ ਸਫ਼ੈਦੀ ਲਹਿ ਗਈ ਸੀ ਸਲਾਬਾ ਆਉਣ ਕਾਰਨ । ਕਦੇ ਕਦੇ ਉਹ ਅੱਖਾਂ ਬੰਦ ਕਰ ਲੈਂਦੀ ਆਪਣੇ ਆਪ ਨੂੰ ਧੋਖਾ ਦੇਣ ਲਈ ਕਿ ਖੌਰੇ ਅੱਖਾਂ ਬੰਦ ਕੀਤਿਆਂ ਹੀ ਨੀਂਦ ਆ ਜਾਵੇ । ਉਹ ਕੜਥਣ ਲੈਣਾ ਚਾਹੁੰਦੀ ਸੀ ਪਰ ਲੈ ਨਹੀਂ ਸੀ ਰਹੀ ਇਹ ਸੋਚ ਕੇ ਹੀ ਕਿਧਰੇ ਉਹਦੀ ਧੀ ਨਾ ਜਾਗ ਜਾਵੇ । ਉਂਜ ਵੀ ਆਪਣੀ ਫ਼ਿਕਰਾਂ ਦੀ ਪੰਡ ਆਪਣੀ ਧੀ ਦੇ ਸਿਰ ਕਾਹਨੂੰ ਧਰਨੀ । ਇਹ ਸੋਚ ਕੇ ਉਹ ਉਂਜ ਹੀ ਪਈ ਰਹੀ ਪਰ ਮਨ ਵਿੱਚ ਕਿਧਰੇ ਨਾ ਕਿਧਰੇ ਇਹ ਵੀ ਸੀ ਕਿ ਮੇਰੀ ਧੀ ਵੀ ਹਾਲੇ ਸੁੱਤੀ ਨਹੀਂ ਉਹ ਵੀ ਮੇਰੇ ਵਾਂਗੂੰ ਅੱਖਾਂ ਮੀਚ ਸੌਣ ਦੀ ਜੱਦੋ ਜਹਿਦ ਤਾਂ ਨਹੀਂ ਕਰ ਰਹੀ ? ਫਿਰ ਉਹ ਆਪਣੀ ਮਾਂ ਬਾਰੇ ਸੋਚਣ ਲੱਗ ਪਈ ਕਿ ਜਦੋਂ ਮੈਂ ਜਾਗਦੀ ਹੁੰਦੀ ਸਾਂ ਤਾਂ ਮੇਰੀ ਮਾਂ ਦੀ ਨੀਂਦ ਵੀ ਆਪਣੇ ਆਪ ਕਿਧਰੇ ਗਵਾਚ ਜਾਂਦੀ ਸੀ । ਅੱਜ ਉਹਨੂੰ ਮੁੜ ਮੁੜ ਉਹ ਦਿਨ ਚੇਤੇ ਆ ਰਹੇ ਸਨ ਜਦੋਂ ਉਹ ਤੀਹਾਂ ਨੂੰ ਢੁੱਕ ਗਈ ਸੀ ਪਰ ਰਿਸ਼ਤੇ ਦਾ ਕਿਤੇ ਨਾਂ ਥੈਂ ਨਹੀਂ ਸੀ ਜੁੜਦਾ। ਜਿੱਥੇ ਵੀ ਗੱਲ ਤੁਰਦੀ ਝੱਟ ਜਵਾਬ ਮਿਲ ਜਾਂਦਾ ਸੀ। ਕਿੰਨੀ ਥਾਂ ਦੇਖ ਦਿਖਾਈ ਹੋਈ ਪਰ ਹਰ ਥਾਂ ਨਾਂਹ ਹੀ ਪੱਲੇ ਪਈ । ਇੱਕ ਦਿਨ ਫੇਰ ਅਜਿਹਾ ਵੀ ਆ ਗਿਆ ਕਿ ਦੇਖ ਦਿਖਾਈ ਦਾ ਚਾਅ ਮੁੱਕਣ ਦੇ ਨਾਲ ਨਾਲ ਦੇਖ ਦਖਾਈ ਦੇ ਨਾਂ ਤੇ ਮਨ ਮਸੋਸ ਕੇ ਰਹਿ ਜਾਂਦਾ । ਭੋਰਾ ਚਿੱਤ ਨਾ ਕਰਦਾ ਤਿਆਰ ਹੋਣ ਲਈ ਪਰ ਪਿਓ ਦੀ ਘੂਰ ਵੇਖ ਤਿਆਰ ਹੋ ਕੇ ਬੈਠ ਜਾਂਦੀ। ਉਂਜ ਜੇ ਦੇਖਿਆ ਜਾਵੇ ਸਰਬਜੀਤ ਸ਼ਕਲੋ ਸੂਰਤ ਇੰਨੀ ਮਾੜੀ ਵੀ ਨਹੀਂ ਸੀ । ਹਾਂ , ਮੰਨਿਆ ਕਿ ਪਰੀਆਂ ਵਰਗੀ ਸੋਹਣੀ ਤਾਂ ਨਹੀਂ ਸੀ ਪਰ ਫੇਰ ਵੀ ਜਦੋੰ ਲਾ ਪਾ ਕੇ ਨਿਕਲਦੀ ਤਾਂ ਬਥੇਰੀ ਜੱਚਦੀ ਉਂਝ ਵੀ ਸੁੱਖ ਨਾਲ ਦੱਸਵੀਂ ਤਾਂ ਕਰ ਹੀ ਲਈ ਸੀ । ਜਦੋਂ ਕਿ ਉਨ੍ਹਾਂ ਦੀ ਰਿਸ਼ਤੇਦਾਰੀ ‘ਚ ਤਾਂ ਕੋਈ ਕੁੜੀ ਅੱਠ ਨਹੀਂ ਸੀ ਟੱਪੀ ।
ਜਿਹੜਾ ਕੋਈ ਉਹਨੂੰ ਵੇਖਣ ਆਉਂਦਾ ਪਸੰਦ ਪਤਾ ਨੀ ਕਿਉਂ ਨੀ ਸੀ ਕਰਕੇ ਜਾਂਦਾ, ਉਹ ਹਮੇਸ਼ਾਂ ਸੋਚਦੀ । ਉਂਜ ਇਕ ਦੋ ਮੁੰਡਿਆਂ ਨੇ ਆਪ ਮੁਹਰੇ ਹੋ ਕੇ ਰਿਸ਼ਤੇ ਘੱਲੇ ਪਰ ਉੱਥੇ ਰਿਸ਼ਤਾ ਕਰਨਾ ਉਹਦੇ ਪਿਓ ਨੂੰ ਗਵਾਰਾ ਨਹੀਂ ਸੀ । ਉਹਦਾ ਪਿਉ ਬਹੁਤ ਹੀ ਕੱਬੇ ਸੁਭਾਅ ਦਾ ਬੰਦਾ ਸੀ। ਕਹਿੰਦਾ ਸੀ ਲੋਕਾਂ ਨੇ ਕਹਿਣਾ ਕੁੜੀ ਨੇ ਮੁੰਡਾ ਆਪੇ ਪਸੰਦ ਕਰ ਲਿਆ । ਮਾਂ ਪਿਓ ਮਰ ਗਏ ਸੀ ਭਲਾ ? ਨਾਲੇ ਸਾਡੇ ਘਰਾਂ ‘ਚ ਨੀ ਆਪੇ ਪਸੰਦ ਕਰਨ ਵਾਲੇ ਸਾਕ ਪੁੱਗਦੇ। ਅਸੀਂ ਇੱਜ਼ਤਾਂ ਵਾਲੇ ਬੰਦੇ ਹਾਂ। ਸਰਬਜੀਤ ਨੂੰ ਯਾਦ ਹੈ ਕਿ ਸੁਖਜੀਤ ਜਿਹੜੀ ਉਹਦੇ ਨਾਲ ਪੜ੍ਹਦੀ ਸੀ ਜਦੋਂ ਚਾਈਂ ਚਾਈੰ ਆਪਣੇ ਮਾਮੇ ਦੇ ਮੁੰਡੇ ਦਾ ਸਾਕ ਲਿਆਈ ਉਹਦੀ ਮਾਂ ਨੇ ਸੁਖਜੀਤ ਨੂੰ ਸਾਫ਼ ਨਾਹ ਕਰਦੇ ਹੋਏ ਕਿਹਾ ਸੀ ,” ਧੀਏ ! ਮੇਰੀ ਕਿਸੇ ਨੇ ਨਹੀਂ ਮੰਨਣੀ । ਤੈਨੂੰ ਇਹਦੇ ਪਿਓ ਦਾ ਤਾਂ ਪਤਾ ਈ ਐ । ਜੇ ਕਿਧਰੇ ਉਹਦੇ ਕੰਨੀਂ ਇਹ ਗੱਲ ਪੈ ਗਈ ਤਾਂ ਉਹਨੇ ਸਰਬਜੀਤ ਤੇ ਮੇਰੇ ਹੱਡ ਗੋਡੇ ਭੰਨ ਦੇਣੇ । ਉਹਨੇ ਤਾਂ ਸਾਡਾ ਜੀਣਾ ਦੁੱਭਰ ਕਰ ਦੇਣਾ । ਨਾ ਧੀਏ ! ਅੱਜ ਤੋਂ ਬਾਅਦ ਅਜਿਹੀ ਗੱਲ ਮੂੰਹੋਂ ਨਾ ਕੱਢੀ । ਆਪੇ ਵੇਖੂੰ ਇਹਦਾ ਪਿਉ ਜਿੱਥੇ ਰਿਸ਼ਤਾ ਕਰਨਾ ਹੋਊਂ।” ਸੁਖਜੀਤ ਨੇ ਚੁੱਪੀ ਵੱਟ ਲਈ। ਮੁੜ ਕਦੇ ਵੀ ਸਰਬਜੀਤ ਲਈ ਰਿਸ਼ਤੇ ਦੀ ਕੋਈ ਗੱਲ ਨਾ ਤੋਰੀ ।
ਸਰਬਜੀਤ ਦੇ ਪਿਓ ਨੇ ਤਾਂ ਉਹਨੂੰ ਤੇ ਉਹਦੀ ਮਾਂ ਨੂੰ ਸਾਫ਼ ਸਾਫ਼ ਕਹਿ ਰੱਖਿਆ ਸੀ ਕਿ ਜੇ ਕਿਧਰੇ ਬਾਹਰੋਂ ਕੋਈ ਅਜਿਹੀ ਗੱਲ ਸੁਣਨ ਨੂੰ ਮਿਲੀ ਜਿਸ ਨਾਲ ਮੈਨੂੰ ਅੱਖਾਂ ਨੀਵੀਆਂ ਕਰਨੀਆਂ ਪੈਣ ਤਾਂ ਮੈੰ ਤੁਹਾਡੇ ਦੋਵਾਂ ਮਾਵਾਂ ਧੀਆਂ ਦੇ ਡੱਕਰੇ ਕਰ ਆਪ ਗਲ ਫਰਾਹਾ ਲੈ ਕੇ ਮਰਨਾ ਪਸੰਦ ਕਰੂੰ ਪਰ ਕਿਸੇ ਅੱਗੇ ਅੱਖਾਂ ਨੀਵੀਆਂ ਕਰਕੇ ਨਈ ਜੀਣਾ। ਪਿਉ ਦੇ ਮੂੰਹੋੰ ਨਿਕਲੀਆਂ ਇਹ ਗੱਲਾਂ ਸਰਬਜੀਤ ਲਈ ਪੱਥਰ ਤੇ ਲਕੀਰ ਵਾਂਗੂੰ ਸਨ । ਉਹਨੇ ਇਹ ਗੱਲਾਂ ਇਸ ਤਰ੍ਹਾਂ ਆਪਣੀ ਰੂਹ ਨਾਲ ਗੁੰਦ ਲਈਆਂ ਕਿ ਉਹ ਕਿਸੇ ਮੁੰਡੇ ਵੱਲ ਅੱਖ ਚੁੱਕ ਕੇ ਵੇਖਣਾ ਤਾਂ ਦੂਰ ਦੀ ਗੱਲ ਕੋਲੋਂ ਲੰਘਦੀ ਹੋਈ ਵੀ ਕੰਬ ਜਾਂਦੀ ਸੀ । ਉਹ ਦੂਰੋਂ ਹੀ ਨੀਵੀਂ ਪਾ ਲੰਘ ਜਾਂਦੀ । ਜੇ ਕੋਈ ਮੁੰਡਾ ਉਹਦੇ ਨਾਲ ਕੋਈ ਗੱਲ ਕਰਨ ਦੀ ਕੋਸ਼ਿਸ਼ ਵੀ ਕਰਦਾ ਤਾਂ ਉਹ ਘਬਰਾ ਕੇ ਪਾਸਾ ਵੱਟ ਲੈੰਦੀ । ਉਹਦੇ ਹਾਣ ਦੀਆਂ ਕੁੜੀਆਂ ਉਹਨੂੰ ਵੇਖ ਹੱਸਦੀਆਂ ਤੇ ਆਖਦੀਆਂ ,” ਤੈਨੂੰ ਅਗਲੇ ਨੇ ਖਾ ਲੈਣਾ ਸੀ ? ਜੇ ਕੋਈ ਗੱਲ ਕਰਨੀ ਚਾਹੁੰਦਾ ਸੀ ਤਾਂ ਸੁਣ ਤਾਂ ਲੈਂਦੀ । ਖੌਰੇ ਕਿੰਨੀ ਕੁ ਜ਼ਰੂਰੀ ਗੱਲ ਹੋਵੇ ?” ਪਰ ਸਰਬਜੀਤ ਬੁੱਲ੍ਹਾਂ ਤੇ ਚੁੱਪ ਦੀ ਪਰਤ ਧਰੀ ਰੱਖਦੀ । ਉਹਨੂੰ ਅਜਿਹਾ ਹਾਸਾ ਮਜ਼ਾਕ ਚੰਗਾ ਨਾ ਲੱਗਦਾ। ਉਹ ਆਪਣੇ ਕੰਮ ਤਕ ਮਤਲਬ ਰੱਖਦੀ ।
ਜਦੋਂ ਉਹਦੀ ਸਹੇਲੀ ਸੁਖਜੀਤ ਵਿਆਹ ਤੋੰ ਬਾਅਦ ਪਹਿਲੀ ਵਾਰ ਉਹਨੂੰ ਮਿਲਣ ਆਈ ਉਹਦੇ ਪਾਇਆ ਸਿਲਕ ਦਾ ਗੁਲਾਬੀ ਰੰਗ ਦਾ ਸੂਟ ਅਤੇ ਤਿੱਲੇਦਾਰ ਪੰਜਾਬੀ ਜੁੱਤੀ ਵਿੱਚ ਉਹ ਉਹਨੂੰ ਐਨੀ ਸੋਹਣੀ ਲੱਗੀ ਕਿ ਉਹ ਉਹਦੇ ਵੱਲ ਨੀਝ ਲਾ ਕੇ ਵੇਖਦੀ ਰਹਿ ਗਈ । ਸੁਖਜੀਤ ਉਹਨੂੰ ਹੱਸ ਕੇ ਆਖਣ ਲੱਗੀ ,” ਮੇਰਾ ਸੂਟ ਤੇ ਜੁੱਤੀ ਨਾ ਵੇਖ। ਵੇਖੀਂ ਜਦੋਂ ਤੂੰ ਮੁਕਲਾਵੇ ਜਾਣਾ ਤੈਨੂੰ ਵੀ ਸਿਲਕ ਦਾ ਸੂਟ ਤੇ ਪੰਜਾਬੀ ਤਿੱਲੇ ਦੀ ਕੱਢੀ ਹੋਈ ਜੁੱਤੀ ਮਿਲਣੀ ਸ਼ਗਨਾਂ ‘ਚ “। ਸਰਬਜੀਤ ਦੇ ਮਨ ਵਿੱਚ ਵੀ ਤਿੱਲੇਦਾਰ ਪੰਜਾਬੀ ਜੁੱਤੀ ਤੇ ਸਿਲਕ ਦੇ ਸੂਟ ਦੀ ਰੀਝ ਕੜਥਣਾਂ ਲੈਣ ਲੱਗੀ। ਉਹਦੀਆਂ ਸੋਚਾਂ ਦੀਆਂ ਤੰਦਾਂ ਹੁਣ ਵਿਆਹ ਦੇ ਨਾਲ ਨਾਲ ਸਿਲਕ ਦੇ ਸੂਟ ਅਤੇ ਤਿੱਲੇਦਾਰ ਪੰਜਾਬੀ ਜੁੱਤੀ ਦੇ ਆਲੇ ਦੁਆਲੇ ਲਿਪਟਣ ਲੱਗੀਆਂ । ਹੁਣ ਜਦੋਂ ਵੀ ਉਹਦੇ ਵਿਆਹ ਦੀ ਗੱਲ ਤੁਰਦੀ ਤਾਂ ਉਹਦੀਆਂ ਅੱਖਾਂ ਮੁਹਰੇ ਸਿਲਕ ਦਾ ਸੂਟ ਤੇ ਪੰਜਾਬੀ ਤਿੱਲੇਦਾਰ ਜੁੱਤੀ ਪਹਿਲਾਂ ਘੁੰਮਣ ਲੱਗਦੀ।
ਜਦੋਂ ਰਿਸ਼ਤੇ ਦੀ ਗੱਲ ਸਿਰੇ ਨਾ ਚੜ੍ਹਦੀ ਤਾਂ ਉਹ ਖਿੱਝ ਜਾਂਦੀ । ਇਕ ਦਿਨ ਇੱਕ ਮੁੰਡਾ ਉਹਨੂੰ ਵੇਖਣ ਆਇਆ ਤੇ ਝੱਟ ਨਾਂਹ ਵਿੱਚ ਸਿਰ ਮਾਰ ਗਿਆ ਤਾਂ ਸਰਬਜੀਤ ਸੋਚਾਂ ਵਿੱਚ ਪੈ ਗਈ ਕਿ ਆਪ ਕਿੰਨਾ ਕੁ ਸੋਹਣਾ ਸੁਨੱਖਾ ਸੀ ? ਪੱਕਾ ਰੰਗ , ਮੋਟੇ ਨੈਣ ਨਕਸ਼ ਤੇ ਆਵਾਜ਼ ਗਲੇ ਚੋਂ ਜ਼ੋਰ ਲਾਇਆਂ ਮਸਾਂ ਹੀ ਨਿਕਲਦੀ ਸੀ । ਕਈ ਵਾਰ ਤਾਂ ਉਹਨੂੰ ਆਪਣੇ ਪਿਓ ਤੇ ਵੀ ਗੁੱਸਾ ਆਉਂਦਾ ਕਿ ਕਿਹੋ ਜਿਹੇ ਨਾਲ ਉਹਦਾ ਸਾਕ ਕਰਨ ਲੱਗਿਆ ਸੀ ? ਪਰ ਪਿਓ ਦੀਆਂ ਅੱਖਾਂ ਵੇਖ ਡਰ ਜਾਂਦੀ ਅਤੇ ਚੁੱਪ ਚਾਪ ਸਿਰ ਤੇ ਚੁੰਨੀ ਲੈ ਨੀਵੀਂ ਪਾ ਬੈਠ ਜਾਂਦੀ । ਫੇਰ ਉਹ ਆਪਣੇ ਮਨ ਨੂੰ ਸਮਝਾਉਣ ਲਈ ਸਿਲਕ ਦੇ ਸੂਟ ਅਤੇ ਤਿੱਲੇਦਾਰ ਜੁੱਤੀ ਬਾਰੇ ਹੀ ਸੋਚਣ ਲੱਗਦੀ ।
ਪਤਾ ਨਹੀਂ ਕਿੰਨੇ ਕੁ ਮੁੰਡੇ ਸਰਬਜੀਤ ਦੇ ਪਿਓ ਨੇ ਪਸੰਦ ਕੀਤੇ ਪਰ ਦੇਖ ਦਖਾਈ ਤੋਂ ਅੱਗੇ ਗੱਲ ਨਾ ਤੁਰਦੀ। ਹੁਣ ਇਕ ਮੁੰਡਾ ਹੋਰ ਉਹਦੇ ਪਿਉ ਨੂੰ ਜੱਚ ਗਿਆ ਸੀ ਤਿੱਖੇ ਨੈਣ ਨਕਸ਼ ,ਸੋਹਣਾ ਸੁਨੱਖਾ ਪਰ ਗੱਲ ਮੁੰਡੇ ਦੀ ਪਸੰਦ ਨਾ ਪਸੰਦ ਤੇ ਖੜ੍ਹੀ ਸੀ। ਸਰਬਜੀਤ ਤੇ ਉਹਦੀ ਮਾਂ ਘਬਰਾਈਆਂ ਹੋਈਆਂ ਸਨ । ਮੁੰਡਾ ਤੇ ਉਸ ਦੀ ਭਰਜਾਈ ਮੋਗੇ ਤੋਂ ਸਰਬਜੀਤ ਨੂੰ ਵੇਖਣ ਆਏ । ਸਰਬਜੀਤ ਹਮੇਸ਼ਾ ਦੀ ਤਰ੍ਹਾਂ ਨੀਵੀਂ ਪਾਈ ਬੈਠੀ ਰਹੀ । ਜੋ ਕੁਝ ਪੁੱਛਿਆ ਉਹਦਾ ਜਵਾਬ ਸਰਬਜੀਤ ਸਲੀਕੇ ਨਾਲ ਦੇ ਰਹੀ ਸੀ। ਹਮੇਸ਼ਾਂ ਵਾਂਗ ਸਰਬਜੀਤ ਦੀ ਹਿੰਮਤ ਨਾ ਪਈ ਮੁੰਡੇ ਵੱਲ ਵੇਖਣ ਦੀ । ਉਨ੍ਹਾਂ ਚਾਹ ਪਾਣੀ ਪੀਤਾ ਅਤੇ ਘਰ ਜਾ ਕੇ ਸਲਾਹ ਕਰਕੇ ਸੁਨੇਹਾ ਘੱਲਣ ਦੀ ਗੱਲ ਆਖ ਤੁਰ ਗਏ । ਸਰਬਜੀਤ ਦਾ ਪਿਓ ਹਮੇਸ਼ਾਂ ਵਾਂਗ ਸਰਬਜੀਤ ਨੂੰ ਹੀ ਅੱਖਾਂ ਨਾਲ ਤਾੜਦਾ ਰਿਹਾ ਤੇ ਸਰਬਜੀਤ ਡਰ ਗਈ ਕਿ ਇਸ ਵਾਰ ਵੀ ਪੱਕਾ ਜਵਾਬ ਹੀ ਮਿਲਣਾ । ਉਹ ਸਾਰੀ ਰਾਤ ਜਾਗਦੀ ਰਹੀ ਤੇ ਉਹਦੀਆਂ ਅੱਖਾਂ ਚੋਂ ਕੋਸੇ ਕੋਸੇ ਹੰਝੂ ਸਿੰਮਦੇ ਰਹੇ। ਉਹ ਰੱਬ ਕੋਲੋਂ ਪੁੱਛ ਰਹੀ ਸੀ ਕਿ ਉਹਨੇ ਕੀ ਗੁਨਾਹ ਕੀਤਾ ? ਉਹਦਾ ਸਾਕ ਸਿਰੇ ਕਿਉਂ ਨਹੀਂ ਚੜ੍ਹਦਾ ? ਕੀ ਉਹ ਸਾਰੀ ਉਮਰ ਕੁਆਰੀ ਹੀ ਰਹੇਗੀ , ਆਪਣੇ ਮਾਂ ਬਾਪ ਤੇ ਬੋਝ ਬਣੀ ਹੋਈ ? ਉਹਦੇ ਹਾਣ ਦੀਆਂ ਸਭ ਵਿਆਹੀਆਂ ਗਈਆਂ ਸਨ । ਹੁਣ ਤਾਂ ਗੁਆਂਢ ਦੀਆਂ ਔਰਤਾਂ ਵੀ ਗੱਲਾਂ ਗੱਲਾਂ ‘ਚ ਪੁੱਛਦੀਆਂ ਰਹਿੰਦੀਆਂ ਸਨ ਕਿ ਵੇਖਿਆ ਕੋਈ ਰਿਸ਼ਤਾ ? ਬਣੀ ਕੋਈ ਗੱਲ? ਕਿਸੇ ਪੰਡਤ ਨੂੰ ਟੇਵਾ ਵਿਖਾ ਲੈਂਦੇ। ਕੀ ਪਤਾ ਕਈ ਵਾਰ ਸੰਯੋਗ ਬੰਨ੍ਹੇ ਜਾਂਦੇ । ਉਨ੍ਹਾਂ ਦੀ ਗੁਆਂਢਣ ਬਾਂਸੋ ਤਾਂ ਟੋਟਕੇ ਵੀ ਦੱਸ ਜਾਂਦੀ। ਇੱਕ ਦਿਨ ਉਹ ਆਖਣ ਲੱਗੀ ,” ਕੁੜੀਏ! ਆਪਣੀ ਮਾਂ ਨਾਲ ਜਾ ਕੇ ਇੱਕ ਰੁਮਾਲ ‘ਚ ਜਿੰਨੇ ਸਰਦੇ ਪੰਜ – ਦਸ ਰੁਪਏ ਪਾ ਕੇ ਪੰਜ ਗੰਢਾਂ ਬੰਨ੍ਹ ਕੇ ਚੁਰਸਤੇ ‘ਚ ਮੂੰਹ ਨ੍ਹੇਰੇ ਰੱਖ ਆਵੀਂ । ਜਦੋਂ ਕਿਸੇ ਨੇ ਰੁਮਾਲ ਦੀਆਂ ਗੰਢਾਂ ਖੋਲ੍ਹੀਆਂ ਤਾਂ ਸੰਜੋਗ ਆਪੇ ਖੁੱਲ੍ਹ ਜਾਣੇ। ਜੇ ਏਦਾਂ ਨ੍ਹੀਂ ਹੁੰਦਾ ਤਾਂ ਇੱਕ ਲੋਹੇ ਦਾ ਜਿੰਦਰਾ ਲਾ ਕੇ ਵਿੱਚ ਹੀ ਚਾਬੀ ਛੱਡ ਕੇ ਚੁਰਸਤੇ ਤੇ ਰੱਖ ਆ , ਜਦੋਂ ਕਿਸੇ ਨੇ ਜਿੰਦਰਾ ਖੋਲ੍ਹਿਆ ਤਾਂ ਤੇਰੇ ਸੰਜੋਗ ਵੀ ਖੁੱਲ੍ਹ ਜਾਣੇ । ਸਰਬਜੀਤ ਦੀ ਮਾਂ ਨੇ ਤਾਂ ਇੱਕ ਦਿਨ ਝਾੜੂ ਦੀਆਂ ਤੀਲਾਂ ਖ਼ਲਾਰ ਕੇ ਚੁਰਸਤੇ ਵਿੱਚ ਰੱਖਕੇ ਵੀ ਵੇਖ ਲਈਆਂ। ਕਹਿੰਦੇ ਨੇ ਜੇ ਕੋਈ ਝਾੜੂ ਦੀਆਂ ਤੀਲਾਂ ਇਕੱਠੀਆਂ ਕਰ ਲਵੇ ਤਾਂ ਵੀ ਸੰਜੋਗ ਇਕੱਠੇ ਹੋ ਜਾਂਦੇ । ਸਰਬਜੀਤ ਦੀ ਮਾਂ ਨੇ ਪਤਾ ਨਹੀਂ ਕਿੰਨੇ ਟੋਟਕੇ ਵਰਤ ਕੇ ਵੇਖ ਲਏ । ਉਹ ਦਿਨ ਰਾਤ ਫ਼ਿਕਰਾਂ ਨਾਲ ਘੁਲਦੀ ਰਹਿੰਦੀ ਆਪਣੀ ਕੋਠੇ ਜਿੱਡੀ ਕੁਆਰੀ ਧੀ ਨੂੰ ਵੇਖ ਵੇਖ ਕੇ ।
ਇੱਕ ਦਿਨ ਸਰਬਜੀਤ ਦੀ ਚਾਚੀ ਮੋਗੇ ਵਾਲਾ ਰਿਸ਼ਤਾ ਸਿਰੇ ਨਾ ਚੜ੍ਹਦਾ ਵੇਖ ਗੁਆਂਢਣ ਨੂੰ ਆਖਣ ਲੱਗੀ ,” ਇਹ ਰਿਸ਼ਤਾ ਵੀ ਸਿਰੇ ਨਈ ਲੱਗਦਾ । ਇਹਦਾ ਨ੍ਹੀਂ ਛੇਤੀ ਛੇਤੀ ਸਾਕ ਹੋਣਾ ਕਿੱਧਰੇ। ਅੱਜਕੱਲ੍ਹ ਤਾਂ ਚੰਗੀਆਂ ਭਲੀਆਂ ਦੇ ਰਿਸ਼ਤੇ ਨਈ ਛੇਤੀ ਹੁੰਦੇ … ਅਗਲੇ ਸੌ ਨੱਕ ਬੁੱਲ ਕੱਢਦੇ …ਇਹ ਤਾਂ ਉਂਜ ਵੀ ਬਹੁਤੀ ਸੋਹਣੀ ਨਹੀਂ। ਮੇਰੀ ਕੁੜੀ ਵੱਲ ਵੇਖੋ ਪਰੀਆਂ ਵਰਗੀ… ਚਾਹੇ ਅੱਜ ਵਿਆਹ ਬਾਰੇ ਸੋਚਾਂ ਕੱਲ੍ਹ ਨੂੰ ਛੱਤੀ ਰਿਸ਼ਤੇ ਆ ਜਾਣ …ਪਰ ਮੈਂ ਸੋਚਦੀ ਪਹਿਲਾਂ ਇਹਦਾ ਰਿਸ਼ਤਾ ਨਿੱਬੜੇ… ਨਹੀਂ ਤਾਂ ਐਵੇਂ ਮਾਵਾਂ ਧੀਆਂ ਹਾਅ ਪਾਓਂ ਮੇਰੀ ਧੀ ਤੇ ।” ਜਦੋਂ ਸਰਬਜੀਤ ਤੇ ਉਹਦੀ ਮਾਂ ਦੇ ਕੰਨਾਂ ਵਿੱਚ ਇਹ ਗੱਲਾਂ ਪਈਆਂ ਤਾਂ ਦੋਵੇਂ ਸੁੰਨ ਰਹਿ ਗਈਆਂ । ਭਲਾ ਇਹੋ ਜਿਹੀਆਂ ਗੱਲਾਂ ਕਿੱਥੇ ਲੁਕੀਆਂ ਰਹਿੰਦੀਆਂ ? ਪਰ ਉਹ ਚੁੱਪ ਕਰ ਗਈਆਂ ਇਹ ਸੋਚ ਕੇ ਕਿ ਘਰ ਵਿੱਚ ਕਲੇਸ਼ ਕਾਹਨੂੰ ਕਰਨਾ ?
ਮੋਗੇ ਵਾਲੇ ਮੁੰਡੇ ਬਾਰੇ ਦੋ ਚਾਰ ਦਿਨ ਘਰ ਵਿੱਚ ਚਰਚਾ ਹੁੰਦੀ ਰਹੀ ਪਰ ਉਥੋਂ ਕੋਈ ਸੁੱਖ ਸੁਨੇਹਾ ਨਾ ਆਉਣ ਕਾਰਨ ਉਨ੍ਹਾਂ ਨੂੰ ਇਹ ਰਿਸ਼ਤਾ ਵੀ ਹੱਥੋਂ ਨਿਕਲਦਾ ਜਾਪਿਆ ਪਰ ਇੱਕ ਦਿਨ ਵਿਚੋਲੇ ਦਾ ਫ਼ੋਨ ਆ ਗਿਆ ਕਿ ਮੁੰਡੇ ਨੂੰ ਤੁਹਾਡੀ ਧੀ ਪਸੰਦ ਹੈ । ਸਹਿਮਤੀ ਨਾਲ ਵਿਆਹ ਦਾ ਦਿਨ ਪੱਕਾ ਕਰ ਲਓ। ਮੁੰਡੇ ਵਾਲੇ ਤਾਂ ਝੱਟ ਮੰਗਣੀ ਪੱਟ ਵਿਆਹ ਵਾਲੀ ਗੱਲ ਕਰ ਰਹੇ ਨੇ । ਬਾਕੀ ਤੁਸੀਂ ਦੱਸੋ । ਸਰਬਜੀਤ ਦੇ ਪਿਉ ਨੇ ਹਾਮੀ ਭਰਨ ਲੱਗਿਆਂ ਦੇਰ ਨਾ
ਲਾਈ । ਘਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ । ਮੁੰਡੇ ਵੱਲੋਂ ‘ਹਾਂ ਦੀ ਗੱਲ ਸੁਣ ਸਰਬਜੀਤ ਦੀਆਂ ਅੱਖਾਂ ਮੁਹਰੇ ਸਿਲਕ ਦਾ ਸੂਟ ਅਤੇ ਤਿੱਲੇਦਾਰ ਪੰਜਾਬੀ ਜੁੱਤੀ ਘੁੰਮਣ ਲੱਗੀ। ਉਹ ਅੱਜ ਵਾਰ ਵਾਰ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਨਿਹਾਰ ਰਹੀ ਸੀ । ਭਾਵੇਂ ਉਹ ਆਪਣੇ ਮਾਂ ਪਿਓ ਕੋਲੋਂ ਤਿੱਲੇਦਾਰ ਜੁੱਤੀ ਤੇ ਸਿਲਕ ਦਾ ਸੂਟ ਲੈ ਸਕਦੀ ਸੀ । ਉਨ੍ਹਾਂ ਕਿਹੜੇ ਮਨ੍ਹਾ ਕਰਨਾ ਸੀ ? ਚਾਈਂ ਚਾਈਂ ਲੈ ਕੇ ਦੇਣਾ ਸੀ । ਪਰ ਉਹਨੂੰ ਤਾਂ ਆਪਣੇ ਸਹੁਰਿਆਂ ਵੱਲੋਂ ਸਿਲਕ ਦਾ ਸੂਟ ਤੇ ਪੰਜਾਬੀ ਤਿੱਲੇਦਾਰ ਜੁੱਤੀ ਚਾਹੀਦੀ ਸੀ ਤਾਂ ਕਿ ਉਹ ਵੀ ਆਪਣੀਆਂ ਸਹੇਲੀਆਂ ਨੂੰ ਚਾਵਾਂ ਨਾਲ ਵਿਖਾ ਸਕੇ ਕਿ ਉਹਦੇ ਸਹੁਰਿਆਂ ਨੇ ਲੈ ਕੇ ਦਿੱਤੀ । ਸਰਬਜੀਤ ਨੇ ਕਦੇ ਵੀ ਆਪਣੇ ਬਾਰੇ ਨਹੀਂ ਸੀ ਸੋਚਿਆ ਜਿਵੇਂ ਆਮ ਕੁੜੀਆਂ ਸੋਚਦੀਆਂ ਆਪਣੇ ਜੀਵਨ ਸਾਥੀ ਬਾਰੇ ਕਿ ਉਹ ਉਹਨੂੰ ਬਹੁਤ ਪਿਆਰ ਕਰੇਗਾ , ਉਹਦੀ ਹਰ ਰੀਝ ਪੁਗਾਏਗਾ , ਉਹ ਤਾਂ ਇਹੋ ਸੋਚਦੀ ਸੀ ਕਿ ਉਹ ਕਦੇ ਆਪਣੇ ਘਰਵਾਲੇ ਨੂੰ ਦੁਖੀ ਨਹੀਂ ਹੋਣ ਦੇਵੇਗੀ। ਉਸ ਦੀ ਖ਼ੂਬ ਸੇਵਾ ਕਰੇਗੀ। ਉਸ ਦੀ ਚੰਗੀ ਮਾੜੀ ਗੱਲ ਮੰਨੇਗੀ। ਜੇ ਮੈਂ ਉਸ ਨਾਲ ਚੰਗਾ ਨਿਭਾਂਗੀ ਤਾਂ ਭਲਾ ਉਹ ਮੇਰੇ ਨਾਲ ਕਿਵੇਂ ਮਾੜਾ ਹੋ ਸਕਦਾ ਹੈ ? ਜਾਂ ਫਿਰ ਉਹ ਸੋਚਦੀ ਕਿ ਮੇਰੇ ਮਾਂ ਪਿਓ ਜਦੋਂ ਇਸ ਰਿਸ਼ਤੇ ਤੋਂ ਖੁਸ਼ ਹਨ ਤਾਂ ਮੈਂ ਵੀ ਖੁਸ਼ ਹੀ ਰਹਾਂਗੀ । ਮੇਰੀ ਖੁਸ਼ੀ ਮੇਰੇ ਘਰਦਿਆਂ ਨਾਲ ਹੀ ਬੱਝੀ ਹੋਈ ਹੈ ।
ਸਰਬਜੀਤ ਆਪਣੇ ਮਾਂ ਪਿਓ ਨੂੰ ਖ਼ੁਸ਼ ਵੇਖ ਕੇ ਖ਼ੁਸ਼ ਸੀ ਤੇ ਉਹਦੀ ਮਾਂ ਆਪਣੀ ਧੀ ਦੇ ਚਿਹਰੇ ਤੇ ਰੀਝਾਂ ਤੇ ਚਾਵਾਂ ਦੇ ਰੰਗ ਵੇਖ ਕੇ। ਗਲੀ ਗੁਆਂਢ ਵਿੱਚ ਵੀ ਬਹੁਤ ਚਾਅ ਕੀਤਾ ਗਿਆ ਕਿ ਚਲੋ ਧੀ ਧਿਆਣੀ ਆਪਣਾ ਘਰ ਸਾਂਭੇ । ਚਾਵਾਂ ਨਾਲ ਹਲਦੀ ਦੇ ਟਿੱਕੇ ਲਾ ਚਿੱਠੀ ਤੋਰੀ ਗਈ । ਸੁੱਖੀ ਸਾਂਦੀ ਵਿਆਹ ਦਾ ਦਿਨ ਆ ਗਿਆ । ਸਾਰੇ ਸ਼ਗਨ ਮਨਾਏ ਗਏ ,ਸੁਹਾਗ ਗਾਏ ਗਏ, ਵਟਣਾ ਮਲਿਆ ਤੇ ਉਹ ਚੂੜੇ ਤੇ ਮਹਿੰਦੀ ਨਾਲ ਗੱਲਾਂ ਕਰਦੀ ਕਲੀਰਿਆਂ ਨਾਲ ਸਾਂਝ ਪਾ , ਸੂਹੇ ਸੂਟ ‘ਚ ਸਜੀ ਡੋਲੀ ਜਾ ਬੈਠੀ ।
ਉਹ ਸਾਰੇ ਰਾਹ ਸੋਚਦੀ ਰਹੀ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਸੁਨਹਿਰੀ ਪਲਾਂ ਬਾਰੇ । ਗੱਡੀ ‘ਚ ਬੈਠੀ ਉਹ ਆਪਣੇ ਆਪ ਗੱਲਾਂ ਕਰਦੀ ਰਹੀ ਕਿ ਹੁਣ ਤਾਂ ਮੇਰੇ ਘਰ ਦੇ ਸਾਰੇ ਖ਼ੁਸ਼ ਨੇ । ਚਲੋ ਹੁਣ ਕਦੇ ਮੇਰੀ ਮਾਂ ਨੂੰ ਮੇਰੀ ਚਾਚੀ ਦੀਆਂ ਦਿਲ ਚੀਰਵੀਆਂ ਗੱਲਾਂ ਵੀ ਨਹੀਂ ਸੁਣਨੀਆਂ ਪੈਣਗੀਆਂ । ਸੋਚਾਂ ਸੋਚਦੇ ਸੋਚਦੇ ਜਦੋਂ ਡੋਲੀ ਵਾਲੀ ਗੱਡੀ ਨੇ ਉਹਦੇ ਸਹੁਰੇ ਘਰ ਮੁਹਰੇ ਬਰੇਕ ਲਾਈ ਉਦੋਂ ਉਹਦੀ ਸੁਰਤ ਖੁੱਲ੍ਹੀ। ਸ਼ਗਨਾਂ ਦੇ ਨਾਲ ਉਹਨੂੰ ਡੋਲੀ ਚੋਂ ਬਾਹਰ ਕੱਢਿਆ ਗਿਆ । ਫਿਰ ਪਾਣੀ ਵਾਰ ਕੇ ਉਹਦੀ ਚਾਚੀ ਸੱਸ ਨੇ ਉਹਦਾ ਗ੍ਰਹਿ ਪ੍ਰਵੇਸ਼ ਕਰਵਾਇਆ । ਆਪਣੇ ਲਈ ਹੁੰਦੇ ਸ਼ਗਨਾਂ ਨੂੰ ਵੇਖ ਉਹ ਫੁੱਲੀ ਨਹੀਂ ਸੀ ਸਮਾ ਰਹੀ ,ਕਿਉਂਕਿ ਇਹ ਉਸ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਸੀ । ਪਰ ਉਹ ਆਪਣੇ ਸ਼ਗਨਾਂ ਦਾ ਸਾਮਾਨ ਦੇਖਕੇ ਉਦਾਸ ਵੀ ਹੋਈ ਕਿ ਉਹਨੂੰ ਸਿਲਕ ਦਾ ਸੂਟ ਤੇ ਤਿੱਲੇਦਾਰ ਜੁੱਤੀ ਵਰੀ ਵਿੱਚ ਕਿਧਰੇ ਨਜ਼ਰ ਨਹੀਂ ਆਏ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
yr.kini madi kiti ohdi jethani ne ohdy nl,
Navjot
Bahut sohni story hai….mai bhut reej nal read kiti….nd m v Ropar to han