“ਸਾਡਾ ਸਰਮਾਇਆ , ਸਾਡੇ ਬਜ਼ੁਰਗ ਕਿੰਨੇ ਕੁ ਸੁਖਾਲੇ “..?? ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਭਾਬੀ ਜੀ ਦਾ ਕੱਲ੍ਹ ਫੋਨ ਆਇਆ ਤੇ ਕਹਿਣ ਲੱਗੇ , “ਭੈਣ ਜੀ ,ਪਾਪਾ ਜੀ ਤੁਹਾਨੂੰ ਬਹੁਤ ਯਾਦ ਕਰਦੇ ਹਨ “, ਜਰੂਰ ਜਲਦੀ ਹੀ ਮਿਲ ਕੇ ਜਾਓ , ਟਾਈਮ ਕੱਢ ਕੇ”
ਤੇ “ਆਹ ਪਾਪਾ ਜੀ ਨਾਲ ਗੱਲ ਕਰ ਲਵੋ “
.. ਜਿਉ ਹੀ ਫੋਨਤੇ ਉਹਨਾਂ ਨੇ ਮੇਰੀ ਆਵਾਜ਼ ਸੁਣੀ ਤਾਂ ਉਹ ਗੱਚ ਭਰ ਆਏ .. ਕੰਬਦੀ ਜਿਹੀ ਆਵਾਜ਼ ਨਾਲ ਕਹਿਣ ਲੱਗੇ , “ਬੇਟਾ ਤੂੰ ਆਵਦੀ ਆਂਟੀ ਦਾ ਪਤਾ ਲੈਣ ਤਾਂ ਛੇਤੀ ਹੀ ਆ ਜਾਂਦੀ ਸੀ .. ਹੁਣ ਤੈਨੂੰ ਅੰਕਲ ਦੀ ਯਾਦ ਹੀ ਨਹੀਂ ਆਈ ਕਦੇ ..?
ਜਿਉਂ ਤੇਰੀ ਆਂਟੀ ਮਰਗੀ , ਤੂੰ ਤਾਂ ਪਤਾ ਈ ਨੀ ਲਿਆ ਮੇਰਾ “
“ਦੱਸ ਹੁਣ , ਮੈਨੂੰ ਮਿਲਣ ਕਿੱਦਣ ਆਏਂਗੀ ??
“ਇਸੇ ਹਫਤੇ ਪੱਕਾ ਜਰੂਰ ਆਉਂਗੀ ਅੰਕਲ “ਮੈਂ ਕਿਹਾ ..!
ਸੁਣਨਸਾਰ
“ਭੁੱਲ ਨਾਂ ਜਾਵੀਂ ,ਮੈਂ ਉਡੀਕੂਗਾ ਪੁੱਤ “ਕਹਿ ਫੋਨ ਭਾਬੀ ਜੀ ਨੂੰ ਫੜ੍ਹਾ ਦਿੱਤਾ …।
ਮੈਂ ਭਾਬੀ ਜੀ ਨੂੰ ਦੱਸਿਆ ਕੇ ਇਸੇ ਹਫਤੇ ਮੈਨੂੰ ਪੀਏਯੂ ਵਿੱਚ ਜਰੂਰੀ ਕੰਮ ਹੈ ਉਸ ਦਿਨ ਠੀਕ ਇੱਕ ਵਜੇ ਤੁਹਾਡੇ ਕੋਲ ਪਹੁੰਚ ਜਾਂਵਾਂਗੀ ।
“ਜਰੂਰ ਆਉਣਾ “, ਕਹਿ ਭਾਬੀ ਜੀ ਨੇ ਫੋਨ ਕੱਟ ਦਿੱਤਾ ।
ਇਹ ਆਂਟੀ ਮੇਰੇ ਬਚਪਨ ਦੇ ਅਧਿਆਪਕ ਸਨ ਤੇ ਮੈਨੂੰ ਬਹੁਤ ਪਿਆਰ ਕਰਦੇ ਸਨ .. ਅੰਕਲ ਦੀ ਡੈਡੀ ਨਾਲ ਗੂੜੀ ਦੋਸਤੀ ਪੈ ਗਈ ਸੀ ਕਿਉਕੇ ਅੰਕਲ ਡੈਡੀ ਨਾਲ ਮਿਲਟਰੀ ਕੰਟੀਨ ਤੇ ਅਕਸਰ ਹੀ ਜਾਇਆ ਕਰਦੇ ਸਨ (ਜੋ ਸਰਕਾਰੀ ਅਧਿਆਪਕ ਸਨ )
ਅੰਕਲ ਦੇ ਦੋ ਬੇਟੇ ਇੱਕ ਵਿਦੇਸ਼ ਵਿੱਚ ਸੈਟ ਹੋ ਗਿਆ ਸੀ ਤੇ ਦੂਜਾ ਬੇਟਾ ਅੰਕਲ-ਆਂਟੀ ਦੀ ਰਿਟਾਇਰਮੈਂਟ ਤੋਂ ਬਾਅਦ ਫਰੀਦਕੋਟ ਤੋਂ ਲੁਧਿਆਣੇ ਚਲਾ ਗਿਆ ਸੀ …ਕਿਉਕੇ ਭਾਬੀ ਜੀ ਸਰਕਾਰੀ ਟੀਚਰ ਹਨ ਤੇ ਵੀਰ ਜੀ ਨੇ ਕੱਪੜੇ ਦਾ ਸ਼ੋਅ ਰੂਮ ਬਣਾ ਲਿਆ ਹੈ । ਉਹਨਾਂ ਦੇ ਦੋ ਬੱਚੇ ਜਿਹਨਾਂ ਵਿੱਚੋਂ ਬੇਟੀ ਪਿਛਲੇ ਸਾਲ ਕਨੇਡਾ ਚਲੀ ਗਈ ਤੇ ਬੇਟਾ ਲੁਧਿਆਣੇ ਹੀ ਡਿਗਰੀ ਤੋਂ ਬਾਅਦ ਆਈਲੈਟਸ ਕਰ ਕਨੇਡਾ ਦਾ ਵੀਜ਼ਾ ਉਡੀਕ ਰਿਹਾ ਹੈ ।ਵਧੀਆ ਸਰਦਾ ਪੁੱਜਦਾ ਪਰਿਵਾਰ ਹੈ ।
ਕਦੇ ਆਂਟੀ ਨੇ ਮੈਨੂੰ ਫੋਨ ਕਰ ਲੈਣਾ ਤੇ ਕਦੇ ਮੈਂ ਲੰਘਦੀ ਟੱਪਦੀ ਆਂਟੀ ਨੂੰ ਮਿਲ ਆਉਣਾ । ਆਂਟੀ ਨੇ ਆਪਣੇ ਸਾਰੇ ਦੁੱਖ ਸੁੱਖ ਧੀ ਸਮਝ ਕੇ ਸਾਂਝੇ ਕਰਨੇ ਤੇ ਕਹਿਣਾ , “ਬੇਟਾ ਜੇ ਸਾਨੂੰ ਦੋਨਾਂ ਨੂੰ ਪੈਨਸ਼ਨ ਨਾ ਆਉਦੀ ਹੁੰਦੀ ਤਾਂ ਸਾਨੂੰ ਰੋਟੀ ਵੀ ਨਹੀਂ ਮਿਲਣੀ ਸੀ ਅਤੇ ਅੱਜ ਘਰੋਂ ਬਾਹਰ ਕੱਢਿਆ ਹੋਣਾ ਸੀ “
“ ਉਲਟੀ ਵਾਅ ਵਗੀ ਪਈ ਐ “
“ਬੇਟਾ ਅੱਜਕੱਲ ਪੁੱਤ ਕੁਪੁੱਤ ਹੋਏ ਪਏ ਆ “
ਕਹਿ ਕੇ ਰੋਣ ਲੱਗ ਜਾਣਾ ਤੇ ਕਹਿਣਾ ,”ਬੇਟਾ ਤੈਨੂੰ ਪਤਾ ਈ ਐ !
“ਤੇਰੇ ਅੰਕਲ ਨੇ ਸਾਰੀ ਉਮਰ ਸਾਇਕਲ ਤੇ ਕੱਟੀ ਹੈ ਤੇ ,
ਮੈਨੂੰ ਵੀ ਸਕੂਲ ਸਾਇਕਲ ਤੇ ਛੱਡ ਕੇ ਆਉਦੇ ਸੀ ।”
“ਜਿਹੜੀ ਔਲਾਦ ਲਈ ਐਨੇ ਫਾਕੇ ਕੱਟੇ ਹਨ, ਉਹੀ ਔਲਾਦ ਅੱਜ ਸਿਆਣ ਨੀ ਕੱਢਦੀ ?
“ਬਹੁਤ ਖਤਰਨਾਕ ਜ਼ਮਾਨਾ ਆ ਗਿਆ ਹੈ ।”
ਆਂਟੀ ਨੇ ਤੁਰਨ ਲੱਗੀ ਨੂੰ ਕਹਿਣਾ ,”ਛੇਤੀ ਆਇਆ ਕਰ “
“ਪੱਲ੍ਹੇ ਬੰਨ੍ਹ ਲੈ ਬੇਟਾ ਇੱਕ ਗੱਲ “,
“ਆਪਾ ਗੁਆ ਕੇ ਕਦੇ ਵੀ ਬੱਚਿਆਂ ਦੀ ਪਰਵਰਿਸ਼ ਨਾ ਕਰਨੀ ਚਾਹੀਦੀ “ ..
“ਮਗਰੋਂ ਕੋਈ ਨੀ ਪੁੱਛਦਾ ..”
ਮੈਂ ਆਂਟੀ ਦੀਆਂ ਗੱਲਾਂ ਸੁਣ ਸੋਚਾਂ ਵਿੱਚ ਪੈ ਜਾਣਾ ਕੇ ਐਨਾ ਸੁਲਝਿਆ ਪੜਿ੍ਹਆ ਲਿਖਿਆ ਪਰਿਵਾਰ ਵੀ ਮਾਨਸਿਕ ਪੀੜਾਂ ਵਿੱਚੋਂ ਗੁਜ਼ਰ ਰਿਹਾ ਹੈ ??
ਪਿਛਲੇ ਸਾਲ ਆਂਟੀ ਦੀ ਡੈੱਥ ਹੋਣ ਦੀ ਖਬਰ ਮਹੀਨੇ ਬਾਅਦ ਭਾਬੀ ਜੀ ਨੇ ਫੋਨ ਤੇ ਮੈਨੂੰ ਦਿੱਤੀ ਤੇ ਸੁਣ ਮੈਨੂੰ ਬੜਾ ਪਛਤਾਵਾ ਹੋਇਆ ਕੇ “ਮੈਂ ਐਨੇ ਪਿਆਰੇ ਮਾਂ ਰੂਪੀ ਅਧਿਆਪਕ ਜੀ ਦੀਆਂ ਅੰਤਲੀਆਂ ਰਸਮਾਂ ਵਿੱਚ ਸ਼ਾਮਿਲ ਨਹੀਂ ਹੋ ਸਕੀ ਸੀ ਜਿਹੜੀ ਧੀ ਅਖਵਾਉਦੀ ਸੀ ਤੇ ਆਂਟੀ ਦੇ ਦੁੱਖਾਂ ਸੁੱਖਾਂ ਦੀ ਹਮੇਸਾਂ ਸ਼ਰੀਕ ਵੀ ਰਹਿੰਦੀ ਸੀ ….”ਟਾਈਮ ਸਿਰ ਕਿਸੇ ਨੇਦੱਸਿਆ ਹੀ ਨਈਂ “”
ਮੈਂ ਠੀਕ ਕੀਤੇ ਵਾਅਦੇ ਅਨੁਸਾਰ ਇੱਕ ਵਜੇ ਅੰਕਲ ਕੇ ਘਰ ਪਹੁੰਚ ਗਈ ।
ਜਿਉਂ ਹੀ ਅੰਕਲ ਦੀ ਹਾਲਤ ਵੇਖੀ , ਤ੍ਰਬਕ ਗਈ ਤੇ ਨਿਰਾਸ਼ਤਾ ਹੇਠ ਇੱਕਦਮ ,” ਹਾਏ ਅੰਕਲ !
“ਤੁਹਾਨੂੰ ਕੀ ਹੋ ਗਿਆ ? “
“ਇਹ ਤੁਸੀਂ ਹੋ ? “
ਐਨਾ ਬੁਰਾ ਹਾਲ ਹੋਇਆ ਪਿਆ ਹੈ ਤੁਹਾਡਾ ?
ਅੰਕਲ ਪਏ ਪਏ ਰੋਣ ਲੱਗੇ ਤੇ ਬੈੱਡ ਤੇ ਪਿਆ ਨੇ ਹੀ ਮੇਰਾ ਸਿਰ ਪਲੋਸ ਦਿੱਤਾ ..!
ਮੈਂ ਅੰਕਲ ਕੋਲ ਹੀ ਬੈਠ ਅੰਕਲ ਦਾ ਹੱਥ ਫੜ ਸੋਚਾਂ ਵਿੱਚ ਡੁੱਬੀ , ਕਮਰੇ ਦੀ ਹਾਲਤ ਨੂੰ ਭਾਂਪਣ ਲੱਗੀ … ਮਾੜਚੂ ਸਰੀਰ …ਚਿਹਰੇ ਦਾ ਪੀਲਾ ਰੰਗ … ਝਲਕਦੀ ਕਮਜ਼ੋਰੀ ਤੇ ਉਦਾਸੀ ।
ਕਮਰੇ ਵਿੱਚੋ ਡੁੱਲ੍ਹੇ ਪਿਸ਼ਾਬ ਦੀ ਬਦਬੂ …!
ਮੂੰਹੋ ਕੁਝ ਬੋਲ ਨਾ ਸਕੀ ਤੇ .. ਨੇੜੇ ਪਏ ਰੁਮਾਲ ਨਾਲ ਅੰਕਲ ਦੇ ਆਪ ਮੁਹਾਰੇ ਵਹਿੰਦੇ ਹੰਝੂ ਪੂੰਝਦੀ ਰਹੀ ..!
ਭਾਬੀ ਜੀ ਕੋਲ ਆ ਕੇ ਮੁਸਕਰਾਉਦੇ ਕਹਿਣ ਲੱਗੇ ,”ਪਾਪਾ ਜੀ ਦਾ ਮੰਮੀ ਬਿਨਾਂ ਜੀਅ ਨੀ ਲੱਗਦਾ “ ਭੈਣ ਜੀ
“ਰੋਂਦੇ ਰਹਿੰਦੇ ਹਨ ਦਿਨ ਰਾਤ”
“ਬੱਚਿਆਂ ਦਾ ਤਾਂ ਤੁਹਾਨੂੰ ਪਤਾ ਹੈ , ਮਨਮਰਜ਼ੀ ਦਾ ਬੁਲ਼ਾਉਂਦੇ ਹਨ , ਪਾਪਾ ਜੀ ਨੂੰ…!”
ਚਲੋ ਕੁਝ ਮਿੰਟ ਗੱਲਾਂ ਚੱਲਦੀਆਂ ਰਹੀਆਂ ਤੇ ਨੌਕਰਾਣੀ ਨੇ ਡਰਾਇੰਗ ਰੂਮ ਵਿੱਚ ਚਾਹ ਰੱਖ ਦਿੱਤੀ ..ਭਾਬੀ ਜੀ ਕਹਿਣ ਲੱਗੇ “ਭੈਣ ਜੀ !
“ਚਾਹ ਪੀ ਲਵੋ .. “
ਮੈਂ ਚਾਹ ਅੰਕਲ ਕੋਲ ਹੀ ਮੰਗਵਾ ਲਈ ਤੇ ਅੱਧੇ ਘੰਟੇ ਬਾਅਦ ਮੁੜ ਜਾਣ ਦੀ ਮਜਬੂਰੀ ਦੱਸੀ ।
ਪੰਜਕੁ ਮਿੰਟਾਂ ਬਾਅਦ ਭਾਬੀ ਜੀ ਕਹਿਣ ਲੱਗੇ ,
“ਤੁਸੀਂ ਭੈਣ ਜੀ ਪਿਉ ਧੀ ਗੱਲਾਂ ਕਰੋ ,ਅਸੀਂ ਅੱਧੇ ਘੰਟੇ ਵਿੱਚ ਵਾਪਿਸ ਆਏ “।
ਆਹ !
ਆਪਣਾ ਟੌਮੀ (ਕੁੱਤਾ )ਥੋੜ੍ਹਾ ਬਿਮਾਰ ਹੈ ਇਸਨੂੰ ਹਸਪਤਾਲ ਚੈੱਕ ਕਰਵਾ ਲਿਆਈਏ …।
ਨੌਕਰਾਣੀ ਵੀ ਚਾਹ ਫੜ੍ਹਾ ਕੇ ਆਪਣੇ ਘਰ ਚਲੀ ਗਈ ।
ਭਾਬੀ ਜੀ ਤੇ ਉਹਨਾਂ ਦਾ ਲਾਡਲਾ ਪੁੱਤਰ ਟੌਮੀ (ਕੁੱਤੇ) ਨੂੰ ਲੈ ਕੇ ਹਸਪਤਾਲ ਚਲੇ ਗਏ .. ।
ਸਾਡੇ ਬਜ਼ੁਰਗ ਕਿੰਨੇ ਕੁ ਸੁਖਾਲੇ ?