ਉਮਰਾਂ ਦੇ ਲੰਬੇ ਕਾਫਲੇ (ਸਮਾਂ 1988-89) -ਭਾਗ ਤੀਜਾ ਅਸੀਂ ਘਰ ਵਿੱਚ ਦਾਦਾ ਜੀ ਸਰਦਾਰ ਦੀਵਾਨ ਸਿੰਘ, ਦਾਦੀ ਜੀ ਗੁਰਦੇਵ ਕੌਰ , ਪਿਤਾ ਜੀ ਜਗਵੰਤ ਸਿੰਘ , ਮਾਤਾ ਜੀ ਰਣਜੀਤ ਕੌਰ , ਚਾਚਾ ਜੀ ਬਸੰਤ ਸਿੰਘ ਜਿਨ੍ਹਾਂ ਦਾ 1988 ਵਿੱਚ ਹੀ ਵਿਆਹ ਹੋਇਆ ਸੀ , ਚਾਚੀ ਜੀ ਪਰਮਜੀਤ ਕੌਰ , ਭੈਣ ਰੁਪਿੰਦਰ ਕੌਰ ਜੋ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਤੀਜ਼ੀ ਜਮਾਤ ਵਿੱਚ ਪੜ੍ਹਦੀ ਸੀ ਅਤੇ ਮੈਂ ਪਰਮਿੰਦਰ ਸਿੰਘ ਪੂਰੇ ਅੱਠ ਜੀਆਂ ਦਾ ਟੱਬਰ ਸੀ। ਇਸਤੋਂ ਇਲਾਵਾ ਪਿਤਾ ਜੀ ਦੀਆਂ ਛੇਅ ਭੂਆ ਅਤੇ ਇੱਕ ਭੈਣ ਸੀ ਕੋਈ ਨਾ ਕੋਈ ਰਿਸ਼ਤੇਦਾਰ ਮਿਲਣ ਆਇਆ ਹੀ ਰਹਿੰਦਾ ਸੀ ਘਰ ਵਿੱਚ ਹਮੇਸ਼ਾ ਹੀ ਰੌਣਕ ਲੱਗੀ ਰਹਿੰਦੀ ਸੀ। ਘਰ ਪੁਰਾਣਾ ਕੱਚਾ ਸੀ। ਉਸ ਸਮੇਂ ਪਿਤਾ ਜੀ ਅਤੇ ਚਾਚਾ ਜੀ ਨਵਾਂ ਘਰ ਬਣਾਉਣ ਦੀਆਂ ਸਲਾਹਾਂ ਕਰਦੇ ਸਨ ਪਰ ਮੇਰੇ ਦਾਦੀ ਜੀ ਦੇ ਕਹੇ ਬੋਲ ਯਾਦ ਹਨ ,”ਅਖੇ ਬਸੰਤ ਦਾ ਵਿਆਹ ਕਰਕੇ ਨਵਾਂ ਘਰ ਬਣਾਵਾਂਗੇ ਨਹੀਂ ਤਾਂ ਲੋਕ ਕਹਿਣਗੇ ਮੁੰਡੇ ਨੂੰ ਸਾਕ ਨਹੀਂ ਹੁੰਦਾ ਸੀ ਇਸ ਲਈ ਨਵਾਂ ਘਰ ਬਣਾਉਣਾ ਪਿਆ।” ਸੋ ਏਵੇਂ ਹੀ ਕੀਤਾ ਪਹਿਲਾਂ ਚਾਚਾ ਜੀ ਬਸੰਤ ਸਿੰਘ ਦਾ ਵਿਆਹ ਕੀਤਾ। ਡੋਲੀ ਵਾਲੀ ਗੱਡੀ ਫੀਅਟ ਕਾਰ ਸੀ ਅਤੇ ਬਾਕੀ ਬਰਾਤ ਮਿੰਨੀ ਬੱਸ ਤੇ ਪਿੰਡ ਰੱਲੀ ਬੁਢਲਾਡੇ ਕੋਲ਼ ਗੲੀ।
ਚਾਚਾ ਜੀ ਦੇ ਵਿਆਹ ਮਗਰੋਂ ਜਦੋਂ ਭੂਆ ਜੀ ਛਿੰਦਰਪਾਲ ਕੌਰ ਆਪਣੇ ਸਹੁਰੇ ਪਿੰਡ ਘੁੰਨਸ ਤੋਂ ਸਾਨੂੰ ਮਿਲਣ ਆਏ ਹੋਏ ਸਨ ਤਾਂ ਪਿਤਾ ਜੀ ਨੇ ਮੌਕਾ ਜਿਹਾ ਵੇਖ ਕੇ ਪੁਰਾਣਾ ਘਰ ਢਾਹ ਕੇ ਨਵਾਂ ਬਣਾਉਣ ਦੀ ਗੱਲ ਭੂਆ ਜੀ ਦਾ ਸਹਾਰਾ ਲੈਕੇ ਤੋਰੀ ਕਿਉਂਕਿ ਉਹ ਮੇਰੇ ਦਾਦਾ ਜੀ ਤੋਂ ਡਰਦੇ ਪੁਰਾਣਾ ਘਰ ਢਾਹੁਣ ਲਈ ਆਪ ਨਹੀਂ ਕਹਿ ਸਕਦੇ ਸਨ ਤਾਂ ਭੂਆ ਜੀ ਨੇ ਤੁਰੰਤ ਹਾਮੀ ਭਰ ਦਿੱਤੀ ਤੇ ਪਿਤਾਜੀ ਅਤੇ ਚਾਚਾ ਜੀ ਨਾਲ ਦੀ ਨਾਲ ਸੀਰੀ ਨੂੰ ਨਾਲ ਲੈਕੇ ਕਹੀਆਂ ਸੱਬਲਾਂ ਲੈਕੇ ਕੱਚੀਆਂ ਸਬਾਤਾਂ ਅਤੇ ਦਰਵਾਜ਼ਾ ਢਾਹੁਣ ਲਈ ਜਾ ਕੋਠੇ ਤੇ ਚੜ੍ਹੇ। ਅਸਲ ਚ ਪਿਤਾ ਜੀ ੳੁਦੋਂ ਦੇ ਗਰੈਜੂਏਟ , ਹਾਕੀ ਦੇ ਬਹੁਤ ਵਧੀਆ ਖਿਡਾਰੀ ਅਤੇ 1982-83 ਵਿੱਚ ਇੱਕ ਸਾਲ ਦੇ ਕਰੀਬ ਕੈਨੇਡਾ ਵੀ ਲਗਾ ਕੇ ਆਏ ਸਨ, ਪਰ ਉਨ੍ਹਾਂ ਆਪਣਾ ਕਿੱਤਾ ਖੇਤੀਬਾੜੀ ਹੀ ਜਾਰੀ ਰੱਖਿਆ। ਫਿਰ ਜੋ ਪੁਰਾਣੀ ਇੱਟ ਨਿੱਕਲੀ ਉਹ ਨੀਹਾਂ ਵਿੱਚ ਚਿਣਵਾ ਦਿੱਤੀ ਅਤੇ ਜੋ ਲੱਕੜ ਚੀਲ ਅਤੇ ਬਿਆਰ ਦੀ ਨਿਕਲੀ ਉਸ ਨਾਲ ਪੂਰੀ ਕੋਠੀ ਦੇ ਦਰਵਾਜ਼ੇ- ਖਿੜਕੀਆਂ ਲੱਗ ਗੲੇ।ਸਾਡੇ ਸੁਪਨਿਆਂ ਦੀ ਕੋਠੀ ਉਸਰਨ ਲੱਗੀ ਸਾਰਾ ਪਰਿਵਾਰ ਉਸਾਰੀ ਦੇ ਕੰਮ ਵਿੱਚ ਹਿੱਸਾ ਪਾਉਂਦਾ ਸੀ।ਉਸ ਸਮੇਂ ਮਜ਼ਦੂਰ ਦੀ ਦਿਹਾੜੀ 20 ਰੁਪਏ ਅਤੇ ਮਿਸਤਰੀ ਦੀ ਦਿਹਾੜੀ 50 ਰੁਪੲੇ ਹੁੰਦੀ ਸੀ। ਪਰ ਉਨ੍ਹਾਂ ਦਾ ਖਾਣਾ ਸਾਡੇ ਘਰੋਂ ਚਲਦਾ ਸੀ। ਭੁੱਕੀ ਡੋਡੇ 200 ਰੁਪਏ ਕਿਲੋ ਸੀ ਜੋ ਮਜ਼ਦੂਰਾਂ ਨੂੰ ਖੁਆਉਣੀ ਪੈਂਦੀ ਸੀ। ਉਸਾਰੀ ਵਾਲ਼ਾ ਮਿਸਤਰੀ ਜਰਨੈਲ ਸਿੰਘ, ਕੇਵਲ ਸਿੰਘ ਅਤੇ ਰਘਵੀਰ ਸਿੰਘ ਤੁੰਗਵਾਲੀ ਤੋਂ ਅਤੇ ਲੱਕੜ ਵਾਲਾ ਮਿਸਤਰੀ ਹਰਬੰਸ ਸਿੰਘ ਪਰਿੰਦਾ ਰੋਡ ਬਠਿੰਡੇ ਤੋਂ ਸੀ।ਹਰਬੰਸ ਤੇ ਉਸਦੇ ਸਹਾਇਕ ਮਿਸਤਰੀ ਸਾਡੇ ਕੋਲ ਹੀ ਪਿੰਡ ਰਹਿਣ ਲੱਗੇ ਤੇ ਪੂਰੀ ਤੇਜ਼ੀ ਨਾਲ ਕੰਮ ਕਰਕੇ 1989 ਵਿੱਚ ਨਵਾਂ ਮਕਾਨ ਬਣ ਕੇ ਤਿਆਰ ਹੋ ਗਿਆ।
ਚਾਚੀ ਜੀ ਦਾਜ਼ ਵਿੱਚ ਟੈਕਸਲਾ ਦਾ ਰੰਗੀਨ ਟੀਵੀ ਲੈਕੇ ਆਏ ਸਨ। ਕੋਠੇ ਉਪਰ ਪਾਇਪਾਂ ਲਗਾ ਕੇ ਲੱਗਭਗ 30 ਫੁੱਟ ਉੱਚਾ ਅਨਟੀਨਾ ਲਗਾਇਆ ਗਿਆ ਜਿਸ ਉਪਰ ਦੋ ਛਤਰੀਆਂ ਜਿਹੀਆਂ ਕਰਾਸ ਬਣਾ ਕੇ ਫਿੱਟ ਕੀਤੀਆਂ ਗਈਆਂ ਸਨ।ਉਪਰੋ ਦੋ ਤਾਰਾਂ ਟੀਵੀ ਤੇ ਪੲੇ ਬੂਸਟਰ ਵਿੱਚ ਆਉਂਦੀਆਂ ਸਨ ਤੇ ਬੁਸਟਰ ਦੇ ਦੋ ਬੈਂਡਾਂ ਵਾਲੀ ਸਵਿੱਚ ਲੱਗੀ ਹੁੰਦੀ ਸੀ ਜਦੋਂ ਚੈਨਲ ਬਦਲਣਾ ਤਾਂ ਉਠ ਕੇ ਬੈਂਡ ਬਦਲਣਾ ਪੈਂਦਾ ਸੀ। ਜਲੰਧਰ, ਦਿੱਲੀ ਅਤੇ ਲਾਹੌਰ ਤਿੰਨ ਹੀ ਸਟੇਸ਼ਨ ਚਲਦੇ ਹੁੰਦੇ ਸਨ।ਭਾਈ ਮੰਨਾ ਸਿੰਘ , ਲਫਾਫੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ