ਸ਼ਹੀਦ ਬੀਬੀ ਰਣਜੀਤ ਕੌਰ ਉਹ ਮਹਾਨ ਸਿੱਖ ਦੇਵੀ ਹੋਈ ਹੈ ਜਿਸ ਨੇ ਆਪਣਾ ਧਰਮ ਕਾਇਮ ਰੱਖਣ ਲਈ ਬੜੇ ਕਸ਼ਟ ਚੱਲ ਕੇ ਜ਼ਾਲਮਾਂ ਨੂੰ ਸੋਧਦੀ ਕਈ ਵਾਰ ਆਪਣੀ ਦਲੇਰੀ , ਫੁਰਤੀ ਤੇ ਸਿਆਣਪ ਦੁਆਰਾ ਜਰਵਾਣਿਆਂ ਦੀ ਚੁੰਗਲ ਤੋਂ ਬਚਦੀ ਰਹੀ । ਅੰਤ ਪਠਾਣਾਂ ਦੇ ਕਾਬੂ ਆ ਕਾਬਲ ਲਿਆਈ ਗਈ । ਕਾਬਲ ਦੇ ਬਾਦਸ਼ਾਹ ਦੇ ਮਹਿਲਾਂ ‘ ਚੋਂ ਉਸਦੀ ਪਟਰਾਣੀ ਹਮੀਦਾ ਬੇਗਮ ਨੂੰ ਵੀ ਨਾਲ ਕੱਢ ਆਪਣੇ ਮੰਗੇਤਰ ਦਲਜੀਤ ਸਿੰਘ ਨਾਲ ਪੰਜਾਬ ਆਉਂਦੀ ਕਈ ਸਿਪਾਹੀਆਂ ਨੂੰ ਕਤਲ ਕਰਦੀ ਆਪੂ ਵੀ ਸ਼ਹੀਦ ਹੋ ਗਈ । ਇਸ ਦੇ ਸ਼ਹੀਦ ਹੋਣ ਉਪਰੰਤ ਦਲਜੀਤ ਸਿੰਘ ਇਸ ਦੇ ਉਚੇ ਤੇ ਸੁੱਚੇ ਪਿਆਰ ਨੂੰ ਕਾਇਮ ਰੱਖਦਿਆਂ ਕੋਈ ਵਿਆਹ ਨਹੀਂ ਕਰਾਇਆ । ਸਗੋਂ ਦੇਸ਼ ਦੀ ਆਜ਼ਾਦੀ ਲਈ ਲੜਦਾ । ਅੰਤ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿਚ ਸੇਵਾ ਕਰਦਾ ਜਦੋਂ ਸਿੱਖ ਰਾਜ ਗ਼ਦਾਰਾਂ ਦੀ ਚਾਲਾਂ ਨਾਲ ਖਤਮ ਹੋ ਗਿਆ । ਸਨਿਆਸ ਲੈ ਕੇ ਹਰਦੁਆਰ ਦੇ ਲਾਗੇ ਜੰਗਲਾਂ ਵਿਚ ਆ ਸਨਿਆਸ ਲਈ । ਇਥੇ ਅਕਾਲ ਪੁਰਖ ਦਾ ਸਿਮਰਨ ਕਰਦਾ ੧੨੫ ਸਾਲ ਦੀ ਆਯੂ ਭੋਗ ਕੇ ੧੯੧੧ ਦੇ ਲਗਭਗ ਪ੍ਰਮਾਤਮਾ ਨੂੰ ਪਿਆਰਾ ਹੋ ਗਿਆ
੧੭੮੭ ਈ . ਦੇ ਕਰੀਬ , ਪ੍ਰਤਾਪ ਸਿੰਘ ਦੇ ਘਰ ਇੱਕ ਬੱਚੀ ਨੇ ਜਨਮ ਲਿਆ ਤਾਂ ਉਸ ਨੇ ਇਸ ਦਾ ਨਾਂ ਰਣਜੀਤ ਕੌਰ ਰੱਖਿਆ । ਕਿਉਂਕਿ ਸਿੱਖਾਂ ਦੀਆਂ ਮੁਸਲਮਾਨਾਂ ਨਾਲ ਦੇਸ਼ ਨੂੰ ਆਜ਼ਾਦ ਕਰਾਉਣ ਖਾਤਰ ਲੜਾਈਆਂ ਹੁੰਦੀਆਂ ਸਨ । ਪਿਤਾ ਨੇ ਰਣ ਨੂੰ ਜਿੱਤਣ ਵਾਲਾ ਨਾਂ ਰੱਖਿਆ । ਘਰ ਵਿਚ ਧਾਰਮਿਕ ਵਾਤਾਵਰਣ ਹੋਣ ਕਰਕੇ ਬਾਲੜੀ ਨੇ ਛੋਟੀ ਉਮਰ ਵਿਚ ਹੀ ਗੁਰਮੁਖੀ ਪੜ੍ਹਕੇ ਜਪਜੀ ਸਾਹਿਬ ਤੇ ਹੋਰ ਪਾਠ ਕੰਠ ਕਰ ਲਏ । ਜਿਸ ਤਰ੍ਹਾਂ ਇਹ ਅਤੀ ਸੁੰਦਰ ਸੀ ਇਵੇਂ ਹੀ ਅਤੀ ਸੁੰਦਰ ਤੇ ਮਿੱਠੀ ਸੁਰ ਵਿਚ ਪਾਠ ਕਰਕੇ ਹਰ ਇਕ ਨੂੰ ਮੋਹ ਲੈਂਦੀ ਧਰਮਸਾਲ ਵਿੱਚ ਸੰਗਤ ਦੀ ਸੇਵਾ ਵੀ ਕਰਦੀ ਤੇ ਸੰਗਤ ਨੂੰ ਮਿੱਠੀ ਲੈਅ ਵਿਚ ਪਾਠ ਕਰ ਠੰਡ ਪਾਉਂਦੀ । ਪਿਤਾ ਨੇ ਇਸ ਨੂੰ ਸ਼ਸਤ੍ਰ ਵਿਦਿਆ ਵੀ ਦਿੱਤੀ । ਤੇ ਕਟਾਰ ਦਾ ਖਾਸ ਪ੍ਰਯੋਗ ਦੱਸਿਆ । ਦਸ ਸਾਲ ਦੀ ਸੀ ਕਿ ਲਾਗਲੇ ਪਿੰਡ ਦੇ ਸ . ਜਗਜੀਤ ਸਿੰਘ ਦੇ ਤੇਰਾਂ ਸਾਲ ਦੇ ਲੜਕੇ ਦਲਜੀਤ ਸਿੰਘ ਨਾਲ ਇਸ ਦੀ ਕੁੜਮਾਈ ਕਰ ਦਿੱਤੀ । ਦਿੱਲੀ ਵਿਚ ਮਰਹੱਟਿਆਂ ਬਾਦਸ਼ਾਹ ਸ਼ਾਹ ਆਲਮ ਦਾ ਨੱਕ ਵਿਚ ਦਮ ਕੀਤਾ ਹੋਇਆ ਸੀ । ਦਿੱਲੀ ਨੂੰ ਲੁੱਟ ਕੇ ਮੁਸਲਮਾਨਾਂ ਨੂੰ ਤੰਗ ਕਰਦੇ । ਅਮੀਰਾਂ ਵਜ਼ੀਰਾਂ ਸੁਲਾਹ ਕਰਕੇ ਸਿੱਖਾਂ ਨੂੰ ਆਪਣੀ ਸਹਾਇਤਾ ਲਈ ਸੱਦ ਘੱਲਿਆ । ਬਘੇਲ ਸਿੰਘ ਨੂੰ ਸ਼ਾਹ ਦੀ ਸਹਾਇਤਾ ਲਈ ਬੇਨਤੀ ਕੀਤੀ । ਉਸ ਨੇ ਮਰਹੱਟੇ ਦਿੱਲੀ ਤੋਂ ਕੱਢਣ ਦੇ ਬਦਲੇ ਸਿੱਖਾਂ ਨੂੰ ਉਨ੍ਹਾਂ ਦੇ ਗੁਰੂ ਸਾਹਿਬਾਨ ਦੀ ਯਾਦ ਵਿਚ ਗੁਰਦੁਆਰੇ ਬਨਾਉਣ ਦੀ ਖੁਲ੍ਹ ਦੇਣ ਲਈ ਇਕਰਾਰਨਾਮਾ ਲਿਖਾ ਲਿਆ । ਉਧਰੋਂ ਸ੍ਰ ਬਘੇਲ ਸਿੰਘ ਨੇ ਪੰਜਾਬ ਵਿਚੋਂ ਸਿੱਖਾਂ ਨੂੰ ਇਕੱਤਰ ਹੋਣ ਲਈ ਸੁਨੇਹਾ ਭੇਜਿਆ ਤਾਂ ਮਰਹੱਟੇ ਸਿੱਖਾਂ ਤੋਂ ਡਰਦੇ ਦਿੱਲੀ ਛੱਡ ਆਪਣੇ ਵਤਨਾਂ ਨੂੰ ਭੱਜ ਗਏ । ਮਰਹੱਟਿਆਂ ਦੇ ਦਿੱਲੀਓਂ ਭੱਜ ਜਾਣ ਤੇ ਹਾਕਮ ਆਪਣੇ ਲਿਖਤੀ ਬਚਨਾਂ ਤੋਂ ਫਿਰ ਗਏ । ਸਿੱਖ ਦਿੱਲੀ ਪੁੱਜੇ ਤਾਂ ਅੱਗੋਂ ਸਿੱਖਾਂ ਨਾਲ ਲੜਾਈ ਲਈ ਡੁਲ੍ਹ ਪਏ । ਸਿੱਖਾਂ ਨੂੰ ਅੱਜਮੇਰੀ ਗੇਟ ਤੇ ਰੋਕ ਲਿਆ । ਸਿੱਖਾਂ ਨੇ ਭਾਰੀ ਸੰਗਰਾਮ ਕਰ ਮੁਸਲਮਾਨਾਂ ਨੂੰ ਅੱਗੇ ਲਾ ਲਿਆ । ਦਿੱਲੀ ਨੂੰ ਲੁਟਣਾ ਸ਼ੁਰੂ ਕਰ ਦਿੱਤਾ । ਕਾਫੀ ਦੌਲਤ ਲੁਟ ਕੇ ਸਿੱਖ ਮਜਨੂੰ ਦੇ ਟਿੱਲੇ ( ਜਿਥੇ ਕਿ ਗੁਰੂ ਨਾਨਕ ਦੇਵ ਜੀ ਤੇ ਗੁਰੂ ਹਰਿਗੋਬਿੰਦ ਦੇ ਪਵਿੱਤਰ ਚਰਨ ਪਏ ਸਨ ) ਤੇ ਆਣ ਡੇਰੇ ਲਾਏ । ਕੜਾਹ ਪ੍ਰਸ਼ਾਦਿ ਕੀਤਾ ਤੇ ਰੱਜ ਕੇ ਛਕਿਆ । ਜਦੋਂ ਸ਼ਾਹ ਆਲਮ ਨੂੰ ਉਸ ਦੇ ਅਮੀਰਾਂ ਵਜ਼ੀਰਾਂ ਦੀ ਇਸ ਕਰਤੂਤ ਦਾ ਪਤਾ ਲੱਗਾ ਤੇ ਬੜਾ ਲੋਹਾ ਲਾਖਾ ਹੋਇਆ ਕਿ ਉਨਾਂ ਦੀ ਗਲਤੀ ਕਾਰਨ ਦਿੱਲੀ ਲੁੱਟੀ ਗਈ ਹੈ । ਆਪਣਾ ਵਕੀਲ ਭੇਜ ਕੇ ਬੜੀ ਦੀਨਤਾ ਨਾਲ ਬੇਨਤੀ ਕੀਤੀ ਸ . ਬਘੇਲ ਸਿੰਘ ਸ਼ਾਹ ਨੂੰ ਮਿਲੇ।ਹੁਣ ਸ . ਬਘੇਲ ਸਿੰਘ ਆਪ ਹਾਥੀ ਤੇ ਚੜ ਨਾਲ ਪੰਜ ਸੌ ਘੋੜ ਸਵਾਰ ਪੂਰੇ ਖਾਲਸਾ ਲਿਬਾਸ ਵਿਚ ( ਬੀਬੀਆਂ ) ਜਿਹੜੀਆਂ ਸਿੰਘਾਂ ਵਾਂਗ ਮਰਦਾਵੇਂ ਲਿਬਾਸ ਨਾਲ ਜਲੂਸ ਦੀ ਸ਼ਕਲ ਵਿਚ ਸ਼ਹਿਰ ‘ ਚ ਲੰਘ ਕਿਲ੍ਹੇ ‘ ਚ ਗਏ । ਅੱਗੋਂ ਬਾਦਸ਼ਾਹ ਨੇ ਇਨ੍ਹਾਂ ਦਾ ਬਹੁਤ ਨਿੱਘਾ ਸਵਾਗਤ ਕੀਤਾ । ਸਿੰਘਣੀਆਂ ਨੂੰ ਬੇਗਮਾ ਦੇ ਮਹਿਲ ਵਿਖਾਏ ਗਏ । ਇਨ੍ਹਾਂ ਵਿਚ ਬੀਬੀ ਰਣਜੀਤ ਕੌਰ ਵੀ ਸੀ । ਜਿਸ ਦੀ ਸੁੰਦਰਤਾ ਤੇ ਜੁਆਨੀ ਸਾਰੀਆਂ ਬੇਗਮਾਂ ਨੂੰ ਮਾਤ ਪਾਉਂਦੀ ਸੀ । ਇਸ ਦੀ ਸ਼ਕਲ ਕਿਤੇ ਅੰਦਰ ਬੈਠੇ ਸ਼ਹਿਜ਼ਾਦੇ ਅਲੀ ਗੌਹਰ ਨੇ ਵੇਖ ਲਈ । ਸਿੰਘਣੀਆਂ ਤਾਂ ਚੱਲੀਆਂ ਗਈਆਂ ਪਰ ਅਲੀ ਗੌਹਰ ਰਣਜੀਤ ਕੌਰ ਨੂੰ ਪ੍ਰਾਪਤ ਕਰਨ ਲਈ ਸੋਚਣ ਲੱਗਾ । ਬਾਦਸ਼ਾਹ ਨੇ ਸ . ਬਘੇਲ ਸਿੰਘ ਨੂੰ ਗੁਰਦੁਆਰੇ ਬਣਾਉਣ ਦੀ ਖੁਲ੍ਹ ਦੇ ਦਿੱਲੀ | ਸ . ਬਘੇਲ ਸਿੰਘ ਨੇ ਪੰਜ ਸੌ ਸਿੰਘ ਪਾਸ ਰੱਖ ਬਾਕੀ ਸਿੱਖਾਂ ਨੂੰ ਵਾਪਸ ਪੰਜਾਬ ਭੇਜ ਦਿੱਤਾ । ਚਾਂਦਨੀ ਚੌਂਕ ਨਾਵੇਂ ਪਾਤਸ਼ਾਹ ਦੀ ਸ਼ਹੀਦੀ ਅਸਥਾਨ ਤੇ ਸਸਕਾਰ ਵਾਲੇ ਥਾਂ ਤੋਂ ਮਸੀਤਾਂ ਢਵਾ ਕੇ ਗੁਰਦੁਆਰੇ ਬਣਾਏ ਗਏ । ਇਸ ਤਰ੍ਹਾਂ ਬੰਗਲਾ ਸਾਹਿਬ ਅਠਵੀਂ ਪਾ : ਦੇ ਸਸਕਾਰ ਵਾਲੇ ਥਾਂ ਗੁਰੂ ਗੋਬਿੰਦ ਸਿੰਘ ਨੇ ਜਿਥੋਂ ਤੀਰ ਚਲਾ ਕੇ ਬਹਾਦਰ ਸ਼ਾਹ ਦੇ ਪਲੰਘ ਦੇ ਪਾਵੇ ਵਿਚ ਤੀਰ ਮਾਰਿਆ ਦੇ ਅਸਥਾਨ ਮਜਨੂੰ ਟਿੱਲਾ ਆਦਿ ਕਈ ਗੁਰਦੁਆਰੇ ਬਣਾਏ । ਇਸ ਸਮੇਂ ਕੋਤਵਾਲੀ ਬੈਠ ਕੇ ਸੁ ਬਘੇਲ ਸਿੰਘ ਨੇ ਕਈ ਉਲਝੇ ਹੋਏ ਮੁਕਦਮਿਆਂ ਦੇ ਨਿਆਂ ਭਰਪੂਰ ਫੈਸਲੇ ਕੀਤੇ । ਹਰ ਦੁਖੀ ਆਪਣੀ ਸ਼ਿਕਾਇਤਾਂ ਤੇ ਤਕਲੀਫਾਂ ਸਰਦਾਰ ਨੂੰ ਦਸ ਨਿਆਂ ਪ੍ਰਾਪਤ ਕਰਦਾ । ਦੋਵਾਂ ਧਿਰਾਂ ਨੂੰ ਖੁਸ਼ ਕਰਕੇ ਘਲਦੇ । ਅਫ਼ਸਰ ਸਾਰੇ ਤੇ ਸ . ਬਘੇਲ ਸਿੰਘ ਹਫਤੇ ਵਿਚ ਇਕ ਵਾਰੀ ਸਾਰੀ ਦਿੱਲੀ ਵਿਚ ਚਕਰ ਕਟਦੇ ਤੇ ਲੋਕੀਂ ਇਨਾਂ ਨੂੰ ਬਹੁਤ ਪਿਆਰ ਕਰਨ ਲੱਗ ਪਏ । ਰਣਜੀਤ ਕੌਰ ਦਾ ਪਿਤਾ ਸ੍ਰ . ਪ੍ਰਤਾਪ ਸਿੰਘ ਤੁਰਕਾਂ ਨਾਲ ਜੂਝਦਾ ਸ਼ਹੀਦ ਹੋ ਗਿਆ ਸੀ । ਤੇ ਇਹ ਮਾਂ ਧੀ ਹੁਣ ਸਿੰਘਾਂ ਨਾਲ ਜੰਗਲਾਂ ਵਿਚ ਰਹਿਣ ਲੱਗ ਪਈਆਂ । ਰਣਜੀਤ ਕੌਰ ਜੰਗਲ ਪਾਣੀ ਗਈ ਆਪਣੀਆਂ ਸਾਥਣਾਂ ਨਾਲੋਂ ਦੂਰ ਨਿਕਲ ਗਈ ਤਾਂ ਵਾਪਸ ਨਾ ਪਰਤੀ ਤੇ ਸਾਰੇ ਤੇ ਉਸ ਦੀ ਮਾਤਾ ਸਮੇਤ ਬੜੇ ਫਿਕਰ ਕਰਨ ਲੱਗੇ । ਰਣਜੀਤ ਸੇਵਾ ਕਰਦੀ ਮਿਠਬੋਲੜੀ , ਅਕਲ ਤੇ ਸ਼ਕਲ ਦੀ ਮੂਰਤ , ਵਿਦਿਆ ਤੇ ਸ਼ੁਭ ਗੁਣਾਂ ਸਦਕਾ ਆਪਣੇ ਜਥੇ ਵਿਚ ਅਜਿਹੀ ਮਾਨ ਦ੍ਰਿਸ਼ਟੀ ਨਾਲ ਦੇਵੀ ਸਮਝੀ ਜਾਂਦੀ ਸੀ ਕਿ ਸਾਰੇ ਸਿੱਖ ਉਸ ਨੂੰ ਸੱਚ ਮੁੱਚ ਦੇਵੀ ਸਮਝਦੇ ਸਨ ਕਿ ਉਸ ਦੇ ਮਾਤਾ ਨੂੰ ਇਹੋ ਜਿਹੀ ਪੁੱਤਰੀ ਪ੍ਰਾਪਤ ਹੋਣ ਕਰਕੇ ਸੁਭਾਗੀ ਜਾਣਦੇ ਸਨ । ਬਾਕੀ ਸਿੰਘਣੀਆਂ ਵੀ ਇਸ ਤੇ ਰਸ਼ਕ ਕਰਦੀਆਂ ਕਿ ਕਾਸ਼ ਸਾਡੀ ਵੀ ਇਹੋ ਜਿਹੀ ਕੋਈ ਧੀ ਹੁੰਦੀ । ਕੁਝ ਚਿਰ ਸਾਰੀਆਂ ਸਿੰਘਣੀਆਂ ਜਥੇ ਬਣਾ ਕੇ ਦੂਰ ਦੂਰ ਤਕ ਭਾਲਣ ਲੱਗੀਆਂ । ਕਾਫੀ ਟਕਰਾਂ ਮਾਰਨ ਬਾਦ ਇਕ ਆਜੜੀ ਨੇ ਦੱਸਿਆ ਕਿ ਏਥੇ ਚਾਰ ਸਿਪਾਹੀ ਇਕ ਡੋਲੀ ਵਿਚ ਕਿਸੇ ਸਹਿਕਦੀ ਤੀਵੀਂ ਨੂੰ ਲਿਜਾ ਰਹੇ ਸਨ । ਤੇ ਨਾਲ ਇਕ ਘੋੜ ਸਵਾਰ ਸੀ । ਸਾਰਿਆਂ ਨੂੰ ਪਤਾ ਲੱਗ ਗਿਆ ਕਿ ਉਸ ਨੂੰ ਕੋਈ ਚੁਕ ਲੈ ਗਿਆ ਹੈ । ਇਸ ਦੇ ਇਸ ਤਰ੍ਹਾਂ ਚੁੱਕੀ ਜਾਣ ਦੀ ਖਬਰ ਰਣਜੀਤ ਕੌਰ ਦੇ ਸੌਹਰਿਆਂ ਨੂੰ ਮਿਲੀ ਤਾਂ ਇਸ ਦਾ ਮੰਗੇ ਤਰ ਕਾਕਾ ਦਲਜੀਤ ਸਿੰਘ ਅਠਾਰਾਂ ਸਾਲ ਦਾ ਮੁਛ ਫੁੱਟ ਗੱਭਰੂ ਘਰਦਿਆਂ ਨੂੰ ਦੱਸਿਆ ਬਗੈਰ ਰਾਤੋਂ ਰਾਤ ਸ਼ਸਤਰ ਸਜਾ ਉਸ ਦੀ ਭਾਲ ਲਈ ਤੁਰ ਪਿਆ । ਉਧਰ ਰਣਜੀਤ ਕੌਰ ਨੂੰ ਅਲੀ ਗੋਹਰ ਸ਼ਾਹਜ਼ਾਦਾ ਆਪਣੇ ਵੀਰ ਸਿਪਾਹੀਆਂ ਨਾਲ ਡੋਲੀ ਵਿਚ ਨੂੜ ਕੇ ਮੂੰਹ ਸਿਰ ਬੰਨ ਮਹਿਲਾਂ ਦੇ ਤਹਿਖਾਣਿਆਂ ਵਿਚ ਕੈਦ ਕਰ ਦਿੱਤਾ । ਭੁੱਖਿਆਂ ਰੱਖ ਕੇ ਆਪਣੇ ਨਾਲ ਨਿਕਾਹ ਕਰਨ ਲਈ ਮਜ਼ਬੂਰ ਕਰਨ ਲੱਗਾ । ਰਣਜੀਤ ਕੌਰ ਨੂੰ ਜਾ ਕੇ ਕਹਿਣ ਲੱਗਾ ਕਿ “ ਤੂੰ ਹੁਣ ਕੈਦ ਵਿਚ ਹੈ ਤੈਨੂੰ ਕੋਈ ਛੁਡਾ ਨਹੀਂ ਸਕਦਾ ਭੁਖੇ ਰਹਿਣ ਨਾਲੋਂ ਮੇਰੇ ਨਾਲ ਨਿਕਾਹ ਕਰ ਲੈ ਤੈਨੂੰ ਮੁਖ ਬੇਗਮ ਬਣਾ ਦੇਵਾਂਗਾ । ਨਿਕਾਹ ਦੀ ਗੱਲ ਸੁਣ ਕ੍ਰੋਧ ਵਿਚ ਆ ਇਕ ਦਮ ਆਪਣੇ ਕੁਰਤੇ ਹੇਠੋਂ ਕਟਾਰ ਕੱਢ ਕੇ ਸ਼ਾਹਜ਼ਾਦੇ ਤੇ ਹਮਲਾ ਕਰ ਦਿੱਤਾ । ਉਸ ਫੁਰਤੀ ਨਾਲ ਪਰੇ ਹਟ ਕੇ ਤਲਵਾਰ ਨਾਲ ਹਮਲਾ ਕਰ ਦਿਤਾ । ਰਣਜੀਤ ਵੀ ਬੜੀ ਚਲਾਕੀ ਨਾਲ ਹੇਠਾਂ ਬੈਠ ਗਈ ਤਲਵਾਰ ਤਾਂ ਉਸ ਦੇ ਉਪਰ ਲੰਘ ਗਈ । ਫੁਰਤੀ ਨਾਲ ਕਟਾਰ ਉਸਦੀ ਛਾਤੀ ਵਿਚ ਖੁਭਾ ਦਿੱਤੀ । ਭਾਵੇਂ ਸ਼ਾਹਜ਼ਾਦਾ ਹੌਸਲੇ ਵਾਲਾ ਸੀ ਪਰ ਇਸ ਵਾਰ ਨਾਲ ਜੋਰ ਨਾਲ ਉੱਚੀ ਚੀਕ ਮਾਰ ਬੇਹੋਸ਼ ਹੋ ਕੇ ਡਿੱਗ ਪਿਆ । ਚੀਕ ਨਾਲ ਤਹਿਖਾਨਾ ਗੂੰਜਿਆ ਸਿਪਾਹੀ ਭੱਜੇ ਆਏ ਹੇਠਾਂ ਆ ਬੇਹੋਸ਼ ਹੋਏ ਨੂੰ ਚੁਕ ਕੇ ਬਾਹਰ ਲਿਆ ਕੇ ਲੰਮਾ ਪਾ ਦਿੱਤਾ ਜਿਹੜਾ ਖੂਨ ਨਾਲ ਲੱਥ ਪੱਥ ਸੀ । ਸ਼ਾਹਜ਼ਾਦੇ ਦੇ ਫੱਟੜ ਹੋਣ ਉਪਰੰਤ ਬਾਦਸ਼ਾਹ ਨੇ ਰਣਜੀਤ ਕੌਰ ਤੇ ਸ਼ਾਹਜ਼ਾਦੇ ਨੂੰ ਦਰਬਾਰ ਵਿਚ ਸੱਦਿਆ । ਦੋਵਾਂ ਦੇ ਬਿਆਨ ਲਏ।ਰਣਜੀਤ ਕੌਰ ਨੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੂੰ ਜਬਰਨ ਚੁੱਕ ਕੇ ਲਿਆਂਦਾ ਗਿਆ ਤੇ ਫਿਰ ਨਿਕਾਹ ਲਈ ਮਜ਼ਬੂਰ ਕੀਤਾ ਗਿਆ ਸਿੰਘਣੀਆਂ ਆਪਣਾ ਧਰਮ ਨਹੀਂ ਤਿਆਗ ਸਕਦੀਆਂ ਪਰ ਮਿਟ ਸਕਦੀਆਂ ਹਨ । ਆਪਣੀ ਅਣਖ ਤੇ ਧਰਮ ਬਚਾਉਣ ਖਾਤਰ ਇਸ ਨੂੰ ਫਟੜ ਕੀਤਾ ਗਿਆ । ਬਾਦਸ਼ਾਹ ਨੇ ਕਾਜ਼ੀਆਂ ਦੀ ਪਰਵਾਹ ਨਾ ਕਰਦਿਆਂ ਰਣਜੀਤ ਕੌਰ ਨੂੰ ਸੁਰੱਖਿਅਤ ਜੰਗਲ ਵਿਚ ਸਿੰਘਾਂ ਪਾਸ ਛੱਡ ਕੇ ਆਉਣ ਲਈ ਕਿਹਾ । ਹੁਣ ਰਣਜੀਤ ਕੌਰ ਸਿੰਘਾਂ ਨੂੰ ਭਾਲਦੀ...
...
ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ