ਧਲੇਵਾਂ ਜ਼ਿਲ੍ਹਾ ਮਾਨਸਾ ਦਾ ਪਿੰਡ ਭੀਖੀ ਤੋਂ 7 ਕਿੱਲੋਮੀਟਰ ਦੀ ਦੂਰੀ ‘ਤੇ ਸਥਿਤ ਹੈ, ਜਿਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਦਾ ਮਾਣ ਹੈ | ਮਾਲਵੇ ‘ਚ ਪ੍ਰਚਾਰ ਕਰਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 25 ਅੱਸੂ ਸੰਮਤ 1723 ਬਿਕਰਮੀ ਨੂੰ ਪਿੰਡ ਧਲੇਵਾਂ ਦੀ ਝਿੜੀ ‘ਚ ਆਏ, ਜਿੱਥੇ ਬੁੱਢਾ ਜੋਗੀ-ਰਾਜ ਬਾਬਾ ਤੁਲਸੀ ਦਾਸ ਰਹਿੰਦੇ ਸਨ ਜੋ ਛੇਵੀਂ ਪਾਤਸ਼ਾਹੀ ਜੀ ਦਾ ਸਿੱਖ ਸੀ | ਉਨ੍ਹਾਂ ਦੀ ਸ਼ਰਧਾ ਸੀ ਕਿ ਅੰਤਿਮ ਸਮੇਂ ਸਤਿਗੁਰੂ ਜੀ ਕਿਸੇ ਵੀ ਰੂਪ ‘ਚ ਦਰਸ਼ਨ ਦੇਣ ਤਾਂ ਜਦੋਂ ਉਨ੍ਹਾਂ ਨੇ ਨੈਣ ਖੋਲ੍ਹੇ ਤਾਂ ਉਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਰੂਪ ‘ਚ ਹੋਏ ਅਤੇ ਗੁਰੂ ਜੀ ਦੇ ਚਰਨਾਂ ‘ਚ ਮੱਥਾ ਟੇਕਿਆ ਅਤੇ ਬਾਬਾ ਤੁਲਸੀ ਦਾਸ ਦੇ ਪ੍ਰਾਣ ਪੂਰੇ ਹੋ ਗਏ | ਇਸ ਅਸਥਾਨ ਦੀ ਕਾਰ ਸੇਵਾ ਬਾਬਾ ਰਤਨ ਸਿੰਘ ਦਿੱਲੀ ਵਾਲਿਆਂ ਦੀ ਅਗਵਾਈ ‘ਚ ਗੁਰਦੁਆਰਾ ਸਾਹਿਬ ਦੀ ਸੁੰਦਰ ਇਮਾਰਤ, ਸਰੋਵਰ ਅਤੇ ਲੰਗਰ ਹਾਲ ਦੀ ਸੇਵਾ ਪਿੰਡ ਵਾਸੀਆਂ ਨੇ ਕੀਤੀ | ਇਸ ਤਰ੍ਹਾਂ ਹੀ ਪਿੰਡ ਭੁਪਾਲ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਖੀਵਾ ਕਲਾਂ ਪਹੁੰਚੇ, ਜਿੱਥੇ ਉਨ੍ਹਾਂ ਸੰਗਤ ਮਾਣ ਰਹੇ ਸੰਘੇ ਨਾਂਅ ਦੇ ਵਿਆਕਤੀ ਨੇ ਪਿੰਡ ‘ਚ ਹੀ ਕਿਸੇ ਵਿਆਹ ਵਾਲੇ ਘਰ ‘ਚੋਂ ਆਪਦਾ ਮਿੱਠੇ ਆਦਿ ਦਾ ਹਿੱਸਾ...
ਲੈ ਕੇ ਆਉਣ ਦੀ ਬੇਨਤੀ ਕੀਤੀ | ਗੁਰੂ ਜੀ ਨੇ ਉਨ੍ਹਾਂ ਨੂੰ ਬਚਨ ਦਿੱਤਾ ਕਿ ਅੱਜ ਤੋਂ ਕਿਸੇ ਦੇ ਘਰ ਨਹੀਂ ਜਾਣਗੇ ਤੈਨੂੰ ਘਰ ਬੈਠੇ ਹੀ ਦੋ ਬਰਤਾਰੇ ਮਿਲਿਆ ਕਰਨਗੇ | ਉਸ ਦਿਨ ਤੋਂ ਜੋ ਵੀ ਕੋਈ ਭਾਈਚਾਰੇ ਦਾ ਬਰਤਾਰਾ ਹੁੰਦਾ ਸੰਘੇ ਨੂੰ ਘਰ ਬੈਠੇ ਨੂੰ ਦੋ ਬਰਤਾਰੇ ਮਿਲਣ ਲੱਗੇ ਗੁਰੂ ਜੀ ਦੇ ਬਚਨ ਪੂਰੇ ਹੋਏ | ਇਸ ਜਗ੍ਹਾ ‘ਤੇ ਇਸ ਤੋਂ ਬਾਅਦ ਉਹ ਸਮਾਉਂ ਵੱਲ ਜਾ ਰਹੇ ਸਨ ਤਾਂ ਇੱਕ ਪ੍ਰੇਮੀ ਸਿੱਖ ਨੇ ਸੁਨੇਹਾ ਦਿੱਤਾ ਕਿ ਮਾਝੇ ਤੋਂ ਕੁਝ ਸੰਗਤਾਂ ਉਨ੍ਹਾਂ ਨੂੰ ਮਿਲਣ ਲਈ ਆ ਰਹੀਆਂ ਹਨ | ਗੁਰੂ ਸਾਹਿਬ ਵਰਤਮਾਨ ਮੰਜੀ ਸਾਹਿਬ ਵਾਲੀ ਥਾਂ ‘ਤੇ ਇੱਕ ਵਣ ਹੇਠਾਂ ਬੈਠ ਗਏ | ਜਿੱਥੇ ਨਜ਼ਦੀਕ ਜਿਉਣਾ ਚਹਿਲ ਗੋਤੀ ਜੱਟ ਹਲ ਵਾਹ ਰਿਹਾ ਸੀ, ਉਸ ਦੀ ਵਿਆਹੀ ਹੋਈ ਛੋਟੀ ਭੈਣ ਰੋਟੀ ਲੈ ਕੇ ਆਈ ਹੋਈ ਸੀ | ਜਦੋਂ ਰੋਟੀ ਖਾਂਦਿਆਂ ਉਸ ਨੇ ਗੁਰੂ ਸਾਹਿਬ ਨੂੰ ਵੇਖਿਆ ਤਾਂ ਇੱਕ ਰੋਟੀ ‘ਤੇ ਗੰਢਾ ਰੱਖ ਕੇ ਗੁਰੂ ਜੀ ਕੋਲ ਹਾਜ਼ਰ ਹੋਇਆ | ਉਨ੍ਹਾਂ ਸੰਗਤ ਨਾਲ ਵੰਡ ਕੇ ਛਕੀ | ਇੱਥੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਣਿਆ ਹੋਇਆ ਹੈ |