ਗੁਰਮੁਖ ਸਿੰਘ..ਘੁੰਗਰਾਲੀ ਦਾਹੜੀ ਵਾਲਾ ਲੰਮਾ ਜਿਹਾ ਮੁੰਡਾ..
ਓਹਨਾ ਵੇਲਿਆਂ ਦੀ ਸਭ ਤੋਂ ਵੱਧ ਸੋਹਣੀ ਤੇ ਪੋਚਵੀਂ ਜਿਹੀ ਪੱਗ ਬੰਨਿਆ ਕਰਦਾ ਸੀ..
ਕੁੜੀਆਂ “ਪਾਠੀ” ਆਖ ਛੇੜਿਆ ਕਰਦੀਆਂ..ਰੋਜ ਪੰਦਰਾਂ ਕਿਲੋਮੀਟਰ ਦੂਰ ਬਾਡਰ ਲਾਗੇ ਇੱਕ ਪਿੰਡ ਤੋਂ ਪੂਰਾਣੇ ਜਿਹੇ ਸਾਈਕਲ ਤੇ ਬਟਾਲੇ ਪੜਨ ਆਇਆ ਕਰਦਾ ਸੀ..!
ਅੱਖੀਆਂ ਕਈ ਵਾਰ ਮਿਲ਼ੀਆਂ ਪਰ ਗੱਲ ਫਾਈਨਲ ਦੀ ਫੇਅਰਵੈਲ ਪਾਰਟੀ ਵਿਚ ਹੋਈ..ਬਹਾਨੇ ਜਿਹੇ ਨਾਲ ਕੋਲ ਆ ਆਖਣ ਲੱਗਾ “ਜੇ ਠੀਕ ਸਮਝੋਂ ਤਾਂ ਅੱਗੋਂ ਵੀ ਇੱਕ ਦੂਜੇ ਦੀ ਸੁਖ-ਸਾਂਦ ਪੁੱਛਦੇ ਦਸਦੇ ਰਿਹਾ ਕਰਾਂਗੇ”
ਨਾਲ ਹੀ ਰੁੱਕੇ ਵਿਚ ਲਿਖਿਆ ਕਿੰਨਾ ਕੁਝ ਅਤੇ ਪਿੰਡ ਦਾ ਐਡਰੈੱਸ ਮੈਨੂੰ ਫੜਾ ਦਿੱਤਾ..!
ਮੇਰੇ ਵੱਡੇ-ਵੱਡੇ ਸੁਫਨਿਆਂ ਅੱਗੇ ਮਿੱਟੀ-ਘੱਟੇ ਅਤੇ ਗੋਹੇ ਨਾਲ ਲਿਬੜੀਆਂ ਉਸਦੀਆਂ ਭਵਿੱਖ ਦੀਆਂ ਯੋਜਨਾਵਾਂ ਤੁੱਛ ਜਿਹੀਆਂ ਲਗੀਆਂ..!
ਮੈਂ ਰੁੱਕਾ ਪਾੜਿਆ ਨਾ..ਸ਼ਰਾਰਤ ਸੁੱਝੀ..ਸੋਚਿਆ ਨਾਲਦੀਆਂ ਨੂੰ ਵਖਾਵਾਂਗੀ ਤਾਂ ਥੋੜਾ ਹਾਸਾ ਠੱਠਾ ਕਰ ਲੈਣਗੀਆਂ..ਨਾਲਦੀਆਂ ਕਿੰਨਾ ਕੁਝ ਲਿਖਿਆ ਦੇਖ ਬੜਾ ਹੱਸੀਆਂ..ਕੁਝ ਨੇ ਟਿੱਚਰ ਵੀ ਕੀਤੀ..ਆਖਿਆ ਤਾਂ ਕੀ ਹੋਇਆ ਜੇ ਪਿੰਡੋਂ ਆਉਂਦਾ ਏ ਤਾਂ..ਸੂਰਤ ਅਤੇ ਸੀਰਤ ਦਾ ਤੇ ਮਾੜਾ ਨਹੀਂ”
ਪਰ ਮੇਰਾ ਦਿਮਾਗ ਸਤਵੇਂ ਆਸਮਾਨ ਤੇ ਹੋਇਆ ਕਰਦਾ ਸੀ..ਸਿਰ ਜਿਹਾ ਮਾਰ ਮਗਰੋਂ ਪਤਾ ਨੀ ਮੈਂ ਉਹ ਰੁੱਕਾ ਕਦੋਂ ਤੇ ਕਿਥੇ ਪਾੜ ਕੇ ਸਿੱਟ ਦਿੱਤਾ..!
ਤਾਇਆਂ ਚਾਚਿਆ ਦੀਆਂ ਜਿਆਦਾਤਰ ਕੁੜੀਆਂ ਬਾਹਰ ਹੀ ਸਨ..!
ਓਹਨਾ ਦਾ ਰਹਿਣ ਸਹਿਣ ਤੇ ਵਿੱਚਰਨ ਦਾ ਸਲੀਕਾ ਮੈਨੂੰ ਹਮੇਸ਼ਾਂ ਆਕਰਸ਼ਿਤ ਕਰਦਾ..ਵਿਆਹ ਮੰਗਣੇ ਤੇ ਅਕਸਰ ਹੀ ਹੁੰਦੀ ਓਹਨਾ ਦੀ ਖਾਸ ਤਰਾਂ ਦੀ ਖਾਤਿਰ ਦਾਰੀ..ਅਤੇ ਓਹਨਾ ਦੇ ਵਾਲਾਂ ਕੱਪੜਿਆਂ ਵਿਚੋਂ ਆਉਂਦੀ ਇੱਕ ਵੱਖਰੀ ਤਰਾਂ ਦੀ ਵਿਚਿੱਤਰ ਜਿਹੀ ਖੁਸ਼ਬੋਂ ਹਮੇਸ਼ਾਂ ਹੀ ਰੀਸ ਕਰਨ ਲਈ ਪ੍ਰੇਰਿਤ ਕਰਿਆ ਕਰਦੀ..ਉਹ ਅਕਸਰ ਹੀ ਬਾਹਰ ਦੇ ਸਾਫ ਸੁਥਰੇ ਮਾਹੌਲ,ਰਹਿਣੀ ਸਹਿਣੀ,ਉਚੀਆਂ ਇਮਾਰਤਾਂ ਦਰਿਆਵਾਂ ਝੀਲਾਂ ਗੋਰੇ ਗੋਰੀਆਂ ਦੀ ਗੱਲ ਕਰਿਆ ਕਰਦੀਆਂ..!
ਫੇਰ ਸੰਨ ਛਿਆਸੀ ਵਿਚ ਆਈ “ਲੌਂਗ ਦੇ ਲਿਸ਼ਕਾਰਾ” ਨਾਮੀਂ ਪੰਜਾਬੀ ਫਿਲਮ ਦਾ ਕਨੇਡਾ ਤੋਂ ਆਇਆ ਰਾਜ ਬੱਬਰ ਮੈਨੂੰ ਮੇਰਾ ਸੁਫਨਿਆਂ ਦਾ ਸ਼ਹਿਜ਼ਾਦਾ ਲੱਗਦਾ..ਮਗਰੋਂ ਸਤਾਸੀ-ਅਠਾਸੀ ਵਿਚ ਆਈ ਇੱਕ ਹੋਰ ਪੰਜਾਬੀ ਫਿਲਮ “ਯਾਰੀ ਜੱਟ ਦੀ” ਨੇ ਰਹਿੰਦੀ-ਖੂੰਹਦੀ ਕਸਰ ਵੀ ਪੂਰੀ ਕਰ ਦਿੱਤੀ..ਮੈਂ ਬਿਨਾ ਦੱਸਿਆਂ ਪੂਰੇ ਪੰਜ ਵਾਰ ਦੇਖੀ..ਸਾਰੀ ਫਿਲਮ ਵਿਚ ਇੰਗਲੈਂਡ ਦਾ ਮਾਹੌਲ ਦਿਖਾਇਆ ਗਿਆ ਸੀ..ਮੈਨੂੰ ਸ਼ੀਸ਼ੇ ਸਾਮਣੇ ਖਲੋਤੀ ਨੂੰ ਆਪਣੇ ਆਪ ਵਿਚ ਪ੍ਰੀਤੀ ਸਪਰੂ ਨਜਰ ਆਉਂਦੀ..ਮਨ ਵਿਚ ਗੰਢ ਬੰਨ ਲਈ ਕੇ ਭਾਵੇਂ ਜੋ ਮਰਜੀ ਹੋ ਜਾਵੇ..ਜਾਣਾ ਤੇ ਬਾਹਰ ਈ ਏ..!
ਫੇਰ ਮੰਗਣਾ ਬਾਹਰ ਹੋ ਗਿਆ..ਵਿਆਹ,ਜੰਝ,ਮੈਰਿਜ ਪੈਲੇਸ,ਦਾਜ ਦਹੇਜ,ਕਾਰਾਂ ਬੱਸਾਂ ਤੇ ਸੱਜਣ ਫੱਬਣ ਹੋਰ ਵੀ ਕਿੰਨਾ ਕੁਝ ਬਾਹਰਲੀਆਂ ਵਾਂਙ ਕੀਤਾ..ਗਿਆਰਾਂ ਬੰਦਿਆਂ ਦੀ ਬਰਾਤ ਦੇ ਰਿਵਾਜ ਕਰਕੇ ਚੰਡੀਗੜ ਜਾਣਾ ਪਿਆ..!
ਮੁੜ ਸਾਲ ਕੂ ਦੀ ਉਡੀਕ ਮਗਰੋਂ ਅਖੀਰ ਉਹ ਦਿਨ ਆਣ ਹੀ ਪਹੁੰਚਿਆ..ਸਤਾਈਆਂ ਘੰਟਿਆਂ ਦੀ ਫਲਾਈਟ ਮਗਰੋਂ ਟਰਾਂਟੋ ਉੱਤਰੀ..
ਸੁਫ਼ਨੇ ਸਜਾਉਂਦੀ ਜਹਾਜ਼ੋਂ ਬਾਹਰ ਆਈ..ਚਮਕਾਂ ਮਾਰਦੇ ਏਅਰਪੋਰਟ ਤੇ ਬੰਦੇ ਘੱਟ ਤੇ ਮਸ਼ੀਨਾਂ ਜਿਆਦਾ ਦਿੱਸੀਆਂ..!
ਪਹਿਲੀ ਰਾਤ ਜਦੋਂ ਹਰ ਨਵੀਂ ਵਿਆਹੀ ਦੇ ਮਨ ਵਿਚ ਢੇਰ ਸਾਰੇ ਵਲਵਲੇ ਹੁੰਦੇ..ਨਾਲਦੇ ਨਾਲ ਢੇਰ ਸਾਰੀਆਂ ਗੱਲਾਂ ਕਰਨ ਦੀ ਚਾਹ ਹੁੰਦੀ ਏ..ਜੀ ਕਰਦਾ...
ਏ ਕੇ ਕੋਈ ਹੱਥ ਫੜ ਪੁੱਛੇ ਕੇ ਹੁਣ ਤੱਕ ਦਾ ਤੇਰਾ ਜਿੰਦਗੀ ਦਾ ਸਫ਼ਰ ਕਿੱਦਾਂ ਰਿਹਾ..ਹੋਰ ਵੀ ਢੇਰ ਸਾਰਾ ਕਿੰਨਾ ਕੁਝ..!
ਪਰ ਇੰਝ ਦਾ ਕੁਝ ਵੀ ਨਹੀਂ ਹੋਇਆ..ਤੜਕੇ ਤੱਕ ਬੱਸ ਰੌਲੇ ਰੱਪੇ ਅਤੇ ਸ਼ਰਾਬ ਦੇ ਦੌਰ ਚੱਲਦੇ ਰਹੇ ਮੁੜਕੇ ਨਸ਼ੇ ਦੇ ਲੋਰ ਵਿਚ ਝੂਮਦੀ ਹੋਈ ਦਸਾਂ ਮਿੰਟਾਂ ਦੀ ਇੱਕ ਸੁਨਾਮੀ ਜਿਹੀ ਆਈ ਤੇ ਸੰਜੋਏ ਹੋਏ ਸਾਰੇ ਸੁਫ਼ਨੇ ਆਪਣੇ ਨਾਲ ਵਹਾ ਕੇ ਲੈ ਗਈ..!
ਮਗਰੋਂ ਮਹਿਸੂਸ ਹੋਇਆ ਕੇ ਸਾਰਾ ਟੱਬਰ ਹੀ ਏਦਾਂ ਦਾ ਸੀ..ਹਰ ਗੱਲ ਡਾਲਰਾਂ ਦੀ ਤੱਕੜੀ ਵਿਚ ਤੁਲਿਆ ਕਰਦੀ..ਹਮੇਸ਼ਾਂ ਇਹੋ ਸਲਾਹਾਂ..ਕੇ ਵੱਧ ਤੋਂ ਵੱਧ ਡਾਲਰ ਕਿਦਾਂ ਬਣਾਉਣੇ ਨੇ..ਕਈ ਵਾਰ ਆਪੋ ਵਿਚ ਲੜ ਵੀ ਪਿਆ ਕਰਦੇ..ਭਾਵਨਾਵਾਂ ਅਤੇ ਕਦਰਾਂ ਕੀਮਤਾਂ ਬਰਫ ਨਾਲੋਂ ਵੀ ਠੰਡੀਆਂ..!
ਮੁਸ਼ਕ ਮਾਰਦੀ ਫੈਕਟਰੀ ਵਿਚ ਭਰ ਗਰਮੀ ਵਿਚ ਕੰਮ ਕਰਦੀ ਨੂੰ ਅਕਸਰ ਪੰਜਾਬ ਚੇਤੇ ਆਉਂਦਾ..ਲੱਗਦਾ ਕੁੜਿੱਕੀ ਵਿਚ ਫਸ ਕੇ ਰਹਿ ਗਈ ਸਾਂ..!
ਸੋਫੀਆ ਨਾਮ ਦੀ ਕੁੜੀ ਦਾ ਫੋਨ ਅਕਸਰ ਆਉਂਦਾ ਰਹਿੰਦਾ..
ਇਹ ਕਿੰਨੀ ਦੇਰ ਉਸ ਨਾਲ ਗੱਲੀਂ ਲੱਗਾ ਰਹਿੰਦਾ..ਮੈਨੂੰ ਤਕਲੀਫ ਹੁੰਦੀ..ਅੰਦਰੋਂ ਅੰਦਰ ਸੜਦੀ-ਭੁੱਜਦੀ ਸੋਚਦੀ..ਮੇਰੇ ਨਾਲ ਕਿਓਂ ਨਹੀਂ ਕਰਦਾ ਇੰਝ ਦੀਆਂ ਗੱਲਾਂ..ਸ਼ਾਇਦ ਅੰਗਰੇਜੀ ਘੱਟ ਆਉਂਦੀ ਸੀ..!
ਕਿਸੇ ਨਾਲ ਦਿਲ ਫਰੋਲਦੀ ਤਾਂ ਆਖ ਦਿੰਦੇ ਕੇ ਨਾਲ ਕੰਮ ਕਰਦੀ ਏ..ਪਰ ਜਦੋਂ ਉਹ ਇੱਕ ਦੋ ਵਾਰ ਘਰੇ ਬੈਡ ਰੂਮ ਤੱਕ ਆਣ ਅੱਪੜੀ ਤਾਂ ਫੇਰ ਮੈਥੋਂ ਨਾ ਹੀ ਰਿਹਾ ਗਿਆ..ਕਲੇਸ਼ ਪਾ ਧਰਿਆ..ਸਾਰੇ ਆਖਣ ਇਥੇ ਇਹ ਸਭ ਕੁਝ ਤੇ ਆਮ ਜਿਹੀ ਗੱਲ ਏ..!
ਫੇਰ ਨਿੱਕੀ ਨਿੱਕੀ ਗੱਲ ਤੋਂ ਪੈਂਦਾ ਕਲਾ ਕਲੇਸ਼ ਨਿੱਤ ਦਾ ਵਰਤਾਰਾ ਜਿਹਾ ਬਣ ਗਿਆ..
ਪਹਿਲਾਂ ਪੁਲਸ ਅਤੇ ਫੇਰ ਅਦਾਲਤਾਂ ਤੇ ਹੋਰ ਵੀ ਬੜਾ ਕੁਝ..ਲੌਂਗ ਦੇ ਲਿਸ਼ਕਾਰੇ ਵਾਲਾ ਰਾਜ ਬੱਬਰ ਮੈਨੂੰ ਕਿਧਰੇ ਵੀ ਨਾ ਦਿਸਿਆ ਤੇ ਨਾ ਹੀ ਮੈਂ ਅਸਲ ਜਿੰਦਗੀ ਦੀ ਪ੍ਰੀਤੀ ਸਪਰੂ ਹੀ ਬਣ ਸਕੀ..!
ਉਸ ਦਿਨ ਤਲਾਕ ਦੀ ਸੁਣਵਾਈ ਵਾਲੀ ਆਖਰੀ ਤਰੀਖ ਸੀ..
ਕੱਲੀ ਬੈਠੀ ਨੂੰ ਕਿੰਨੇ ਵਰੇ ਪਹਿਲਾਂ ਵਾਲਾ ਲੰਮੀ ਦਾਹੜੀ ਵਾਲਾ ਓਹੀ ਗੁਰਮੁਖ ਸਿੰਘ ਚੇਤੇ ਆ ਗਿਆ..
ਪਤਾ ਨਹੀਂ ਕਿਧਰੇ ਹੋਵੇਗਾ ਹੁਣ..ਪਸੰਦ ਨਹੀਂ ਸੀ ਤਾਂ ਫੇਰ ਕੀ ਹੋਇਆ..ਘੱਟੋ ਘੱਟ ਉਸਦੀਆਂ ਭਾਵਨਾਵਾਂ ਦਾ ਮਜਾਕ ਨਹੀਂ ਸੀ ਉਡਾਉਣਾ ਚਾਹੀਦਾ..ਏਨਾ ਉਚਾ ਨਹੀਂ ਸੀ ਉੱਡਣਾ ਚਾਹੀਦਾ..!
ਤਿੰਨ ਦਹਾਕਿਆਂ ਮਗਰੋਂ ਮੇਰੇ ਵਾਲੀ ਉਮਰ ਦੇ ਓਸੇ ਪੜਾਅ ਵਿਚ ਅੱਪੜ ਚੁੱਕੀ ਆਪਣੀ ਧੀ ਨੂੰ ਇੱਕੋ ਗੱਲ ਸਮਝਾਉਂਦੀ ਹਾਂ ਕੇ ਧੀਏ ਕੁਝ ਪਲਾਂ ਦੀ ਬੱਲੇ ਬੱਲੇ ਅਤੇ ਚਕਾ-ਚੌਂਧ ਦੀ ਖਾਤਿਰ ਕਿਸੇ ਸਾਫ ਦਿਲ ਗੁਰਮੁਖ ਸਿੰਘ ਨੂੰ ਪੈਸੇ ਵਾਲੀ ਤੱਕੜੀ ਵਿਚ ਨਾ ਤੋਲ ਬੈਠੀਂ..ਬੜੀ ਭਾਰੀ ਕੀਮਤ ਚੁਕਾਉਣੀ ਪੈਂਦੀ ਏ..ਸਾਰੀ ਉਮਰ ਇੱਕ ਐਸਾ ਜਹਿਰ ਪੀਣਾ ਪੈਂਦਾ ਜਿਹੜਾ ਨਾ ਤੇ ਚੰਗੀ ਤਰਾਂ ਜਿਊਣ ਦਿੰਦਾ ਤੇ ਨਾ ਹੀ ਪੂਰੀ ਤਰਾਂ ਮਰਨ..!
ਹਰਪ੍ਰੀਤ ਸਿੰਘ ਜਵੰਦਾ
jass
bht Khoob g