———-ਪੀਨੂੰ (ਇੱਕ ਯਾਦ ਪੁਰਾਣੀ) ————-
ਕਈ ਵਾਰ ਕੁੱਝ ਯਾਦਾਂ ਤੁਹਾਡੇ ਚੇਤਿਆਂ ਵਿੱਚ ਕਿਧਰੇ ਦੱਬੀਆਂ ਪਈਆਂ ਹੁੰਦੀਆਂ ਹਨ । ਉਹ ਆਪਣੀ ਵਾਰੀ ਦੇ ਇੰਤਜਾਰ ਵਿੱਚ ਮਨ ਦੇ ਹਨ੍ਹੇਰੇ ਕਮਰੇ ਵਿੱਚੋ ਝੀਥਾਂ ਰਾਹੀ ਤੱਕਦੀਆਂ ਰਹਿੰਦੀਆਂ ਹਨ ਅਤੇ ਅਚਾਨਕ ਇੱਕ ਦਿਨ ਤੁਹਾਡੇ ਸਾਹਵੇਂ ਆ ਖਲੋ ਜਾਂਦੀਆਂ ਹਨ। ‘ਪੀਨੂੰ’ ਵੀ ਉਸ ਯਾਦਾਂ ਦੇ ਝਰੋਖੇ ਵਿੱਚੋਂ ਅਚਾਨਕ ਹੀ ਪ੍ਰਗਟ ਹੋ ਗਈ। ਅਸਲ ਵਿੱਚ ਕੱਲ੍ਹ ਹਫਤੇ ਦਾ ਅੰਤ ਹੌਣ ਕਾਰਨ ਮੈਂ ਘਰ ਦੀ ਸਾਫ-ਸਫਾਈ ਕਰ ਰਹੀ ਸੀ। ਵੈਕਿਊਮ ਅਤੇ ਪੋਚਾ ਕਰਦੀ ਨੂੰ ਇੰਡੀਆਂ ਯਾਦ ਆ ਗਿਆ। ਘਰ ਦੀ ਸਾਫ-ਸਫਾਈ ਕਰਨ ਤੋਂ ਮੈਨੂੰ ਸਖਤ ਨਫਰਤ ਸੀ। ਸਾਡੇ ਘਰ ਸ਼ੁਰੂ ਤੋ ਹੀ ਸਫਾਈ ਕਰਨ ਲਈ ਆਂਟੀ ਅਉਦੇ ਸਨ। ਇਸਲਈ ਮੈਨੂੰ ਇਹ ਕੰਮ ਕਰਨਾ ਪਸੰਦ ਨਹੀ ਸੀ।
ਜਦੋਂ ਮੈਂ ਛੇਵੀ ਜਾਂ ਸੱਤਵੀ ਜਮਾਤ ਵਿੱਚ ਸੀ ਤਾਂ ਸਾਡੇ ਘਰ ਜੋ ਆਂਟੀ ਕੰਮ ਕਰਦੇ ਸਨ ਉਹਨਾਂ ਦੀ ਕੁੜੀ ਦਾ ਨਾਮ ਸੀ ਪੀਨੂੰ। ਸਾਂਵਲੇ ਜਿਹੇ ਰੰਗ ਦੀ ਪਤਲੀ ਜਿਹੀ ਪੀਨੂੰ, ਉਮਰ ਵਿੱਚ ਮੇਰੇ ਤੋਂ ਦੋ ਕੁ ਸਾਲ ਵੱਡੀ ਸੀ। ਆਂਟੀ ਅਕਸਰ ਕਿਸੇ ਛੁੱਟੀ ਵਾਲੇ ਦਿਨ ਜਾਂ ਐਤਵਾਰ ਨੂੰ ਉਸਨੂੰ ਨਾਲ ਲੈ ਅਉਦੇ ਕਿ ਉਹ ਕੰਮ ਵਿੱਚ ਹੱਥ ਵਟਾ ਦੇਵੇਗੀ ਅਤੇ ਉਹ ਜਲਦੀ ਵਿਹਲੇ ਹੋ ਜਾਣਗੇ। ਪਰ ਪੀਨੂੰ ਹਮੇਸਾਂ ਕੰਮ ਤੋਂ ਆਨਾਕਾਨੀ ਕਰ ਸਾਡੇ ਤਿੰਨਾਂ ਭੈਣ-ਭਰਾਵਾਂ ਨਾਲ ਖੇਡਣ ਲੱਗ ਜਾਂਦੀ। ਜੇਕਰ ਆਂਟੀ ਜਿਆਦਾ ਕਹਿੰਦੇ ਤਾਂ ਉਹ ਮੇਰੇ...
ਵੱਲ ਦੇਖ ਕਹਿੰਦੀ ਕਿ ਫੇਰ ਇਹ ਵੀ ਮੇਰੇ ਨਾਲ ਲੱਗੇ, ਮੈਂ ਇਕੱਲੀ ਕਿਉ ਕੰਮ ਕਰਾਂ? ਅਸਲ ਵਿੱਚ ਉਹ ਮੇਰੀ ਹਾਣ-ਪ੍ਰਵਾਣ ਹੋਣ ਕਾਰਨ ਮੇਰੇ ਨਾਲ ਬਹੁਤ ਸਾੜਾ ਕਰਦੀ ਸੀ। ਉਦੋਂ ਮੈਂ ਵੀ ਉਸਨੂੰ ਖਿਝ ਕੇ ਪੈਣਾ ਕਿ ਕੰਮ ਕਰਨਾ ਤੇਰਾ ਕੰਮ ਹੈ ਮੇਰਾ ਨਹੀ।
ਉਦੋਂ ਨਿਆਣੀ ਉਮਰ ਵਿੱਚ ਮੈਂ ਕਦੇ ਸਮਝ ਹੀ ਨਾ ਪਾਈ ਕਿ ਉਹ ਨਿਆਣੀ ਨੂੰ ਅਜੇ ਉੱਚੇ-ਨੀਵੇਂ ਦੇੇ ਫਰਕ ਦਾ ਨਹੀ ਪਤਾ। ਉਹ ਮੇਰੇ ਕੱਪੜੇ, ਚੀਜਾਂ ਨੂੰ ਤਰਸ ਭਰੀਆਂ ਨਜਰਾਂ ਨਾਲ ਦੇਖਦੀ ਸੀ। ਜੋ ਕਿ ਮੈਨੂੰ ਜਰਾਂ ਵੀ ਨਾ ਭਉਦਾਂ, ਚਾਹੇ ਮੇਰੇ ਮੰਮੀ ਡੈਡੀ ਸਮਝਾਉਦੇ ਸਨ ਕਿ ਉਸਦਾ ਵੀ ਮਨ ਹੈ। ਸਾਇਦ ਇਹ ਗੱਲਾਂ ਉਮਰ ਨਾਲ ਹੀ ਪੱਲੇ ਪੈਦੀਆਂ। ਹੁਣ ਤਾਂ ਮੈਂ ਪੀਨੂੰ ਨੂੰ ਬਹੁਤ ਸਾਲ ਹੋ ਗਏ ਦੇਖਿਆਂ ਵੀ ਨਹੀ। ਉਸਦਾ ਵਿਆਹ ਵੀ ਛੇਤੀ ਹੋ ਗਿਆ ਸੀ। ਪਰ ਅੱਜ ਇੱਕ ਦੁਆ ਜਰੂਰ ਕਰਨਾ ਚਹੁੰਦੀ ਹਾਂ ਕਿ ਪੀਨੂੰ ਜਿੱਥੇ ਵੀ ਹੋਵੇ, ਰੱਜ ਕੇ ਖੁਸ਼ ਹੋਵੇ। ਆਪਣੇ ਬੱਚਿਆਂ ਨੂੰ ਚੰਗੀ ਜਿੰਦਗੀ ਦੇਵੇ। ਸ਼ਾਲਾ ਇੱਕ ਅਜਿਹਾ ਸਮਾਜ ਹੋਵੇ ਜਿੱਥੇ ਕੋਈ ਵੀ ਪੀਨੂੰ ਕਿਸੇ ਵੀ ਚੀਜ ਨੂੰ ਨਾਂ ਤਰਸੇ।
✍🏻✍🏻ਹਰਪ੍ਰੀਤ ਬਰਾੜ ਸਿੱਧੂ
Access our app on your mobile device for a better experience!