ਅੱਖਾਂ ਮੂਹਰੇ ਬੋਲਦੀ ਯਾਦ (ਕਹਾਣੀ)
ਗੁਰਮਲਕੀਅਤ ਸਿੰਘ ਕਾਹਲੋਂ
ਜਦ ਕਦੇ ਮੈੰ ਕਾਗਜ਼ ਪੈਨ ਫੜਕੇ ਬੈਠਦਾ ਤਾਂ ਸੱਤੀ ਸਾਹਮਣੇ ਆ ਖੜੀ ਹੁੰਦੀ। ਲਗਣ ਲਗਦਾ ਜਿੰਵੇ ਉਹ ਮੇਰੀ ਕਲਮ ਦੀ ਸਿਆਹੀ ਸੁਕਾ ਦੇਂਦੀ ਹੋਵੇ। ਮੇਰੀਆਂ ਯਾਦਾਂ ਵਾਲਾ ਪਹੀਆ ਗਿੜਨ ਲਗ ਪੈਂਦਾ। ਮੈਂ ਅਤੀਤ ਵਿਚ ਗੁਆਚ ਜਾਂਦਾ। ਉਸਨੇ ਓਹੀ ਸੂਟ ਪਾਇਆ ਹੁੰਦਾ, ਗੁਲਾਬ ਦੇ ਪੱਤਿਆਂ ਵਰਗੀਆਂ ਹਰੀਆਂ ਬੂਟੀਆਂ ਵਾਲਾ ਪਿਆਜੀ ਰੰਗਾ ਤੇ ਕਿਤੇ ਕਿਤੇ ਖਿੜੇ ਹੋਏ ਸੂਹੇ ਫੁੱਲ। ਅੱਧਾ ਸਿਰ ਚੁੰਨੀ ਨਾਲ ਢੱਕਿਆ ਹੋਇਆ । ਮੇਰੇ ਕੰਨ ਖੜੇ ਹੋ ਜਾਂਦੇ ਉਸਦੀ ਸ਼ਹਿਦ ਵਰਗੀ ਅਵਾਜ ਸੁਣਨ ਲਈ। ਹਰ ਉਹ ਕਦੇ ਬੋਲਦੀ ਨਾ, ਸਿਰਫ ਵੇਖਦੀ ਤੇ ਕੁਝ ਸਕਿੰਟਾਂ ਬਾਦ ਲੋਪ ਹੋ ਜਾਂਦੀ। ਪਰ ਅੱਜ ਤਾਂ ਉਹ ਬੋਲ ਰਹੀ ਸੀ, ਏਨੀ ਸਾਫ ਤੇ ਸਪਸ਼ਟ ਅਵਾਜ ਵਿਚ ਕਿ ਮੇਰੇ ਕੰਨਾਂ ਲਈ ਭੁਲੇਖੇ ਦੀ ਗੁੰਜਾਇਸ਼ ਨਹੀਂ ਸੀ ਰਹਿਣ ਦਿਤੀ। “ਹੋਰਾਂ ਬਾਰੇ ਐਨਾ ਕੁਝ ਲਿਖੀ ਜਾਨੇ ਓਂ, ਪਰ ਮੇਰੇ ਬਾਰੇ ਲਿਖਦਿਆਂ ਤੁਹਾਡੀ ਸਿਆਹੀ ਕਿਉਂ ਖਤਮ ਹੋ ਜਾਂਦੀ ਐ। ਕਿਤੇ ਉਹਨਾਂ ਦਿਨਾਂ ਦੀ ਯਾਦ ਧੁੰਦਲੀ ਤੇ ਨਹੀਂ ਕਰੀ ਜਾ ਰਹੇ ਤੁਸੀਂ। ਹਾਂ, ਜੇ ਕਹੋ ਤਾਂ ਮੈਂ ਤੁਹਾਡੇ ਮਨ ਚੋਂ ਨਿਕਲ ਜਾਨੀਂ ਆਂ ?” ਸੱਤੀ ਦੀ ਗਲ ਸੁਣਦਿਆਂ ਈ ਮੈਂ ਆਪਣੇ ਅੰਦਰ ਝਾਤੀ ਮਾਰੀ. ਕੁਝ ਵੀ ਤੇ ਫੇਡ ਨਹੀਂ ਸੀ ਹੋਇਆ ਉਸ ਵਿਚੋਂ। ਅੱਧੀ ਸਦੀ ਪਹਿਲਾਂ ਵਾਲੇ ਸਾਰੇ ਸੀਨ ਤਰੋਤਾਜਾ ਲਗੇ, ਜਿੰਵੇ ਕਲ ਦੀ ਗਲ ਹੋਵੇ। ਮੈਂ ਵੇਖਿਆ ਆਖਰੀ ਸ਼ਬਦ ਕਹਿੰਦਿਆਂ ਉਸਦੀ ਮੁਸਕਰਾਹਟ ਉਦਾਸੀ ਵਿਚ ਬਦਲ ਗਈ ਸੀ। ਪਰ ਮੈਨੂੰ ਝਟਕਾ ਜਰੂਰ ਲਗਾ ਸੀ ਉਸਦੇ ਮੂੰਹੋ ਸੁਣਕੇ । “ਉਸਨੇ ਇੰਜ ਦਾ ਸੋਚ ਕਿੰਵੇ ਲਿਆ?” ਮੈਂ ਆਪਣੇ ਆਪ ਨੂੰ ਕਈ ਸਵਾਲ ਕੀਤੇ। “ਇਹੋ ਜਿਹਾ ਤਾਂ ਕੁਝ ਵੀ ਨਹੀਂ”, ਮੇਰੇ ਮਨ ਨੇ ਸੁਚੇਤ ਹੋਕੇ ਜਵਾਬ ਦਿਤਾ। ਮੈਂ ਅਜੇ ਆਪਣੇ ਮਨ ਦੀ ਉਦੇੜ ਬੁਣ ਚੋਂ ਉਭਰਨ ਦਾ ਯਤਨ ਈ ਕਰ ਰਿਹਾ ਸੀ ਕਿ ਉਹ ਫਿਰ ਸਾਹਮਣੇ ਆਕੇ ਖੜੋਈ। ਇਸ ਵਾਰ ਉਹ ਬੜੇ ਠਰੰਮੇ ਵਿਚ ਲਗ ਰਹੀ ਸੀ। ਉਸਦਾ ਚਿਹਰਾ ਸਾਫ ਦਸ ਰਿਹਾ ਸੀ ਕਿ ਇਸ ਵਾਰ ਉਹ ਪੁੱਛਣ ਨਹੀਂ, ਕੁਝ ਦਸਣ ਆਈ ਹੈ। ਬੜੇ ਤਹੱਲਮ ਜਿਹੇ ਨਾਲ ਕੋਲ ਪਈ ਕੁਰਸੀ ਤੇ ਆਣ ਬੈਠੀ ਤੇ ਪਿਛੇ ਨੂੰ ਖਿਸਕੀ ਚੁੰਨੀ ਠੀਕ ਕਰਦਿਆਂ ਉਸਦੇ ਬੁੱਲਾਂ ਦੀ ਮੁਸਕਾਨ ਹੋਰ ਫੈਲ ਗਈ । ਬਿਲਕੁਲ ਉਹੀ ਮੁਸਕਾਨ ਜੋ ਪੰਜ ਦਹਾਕੇ ਪਹਿਲਾਂ ਹੋਇਆ ਸੱਤੀ ਦੇ ਚਿਹਰੇ ਤੇ ਅਕਸਰ ਹੋਇਆ ਕਰਦੀ ਸੀ। ਕੁਰਸੀ ਨਾਲ ਢੋਅ ਲਾਉਂਦਿਆਂ ਮੈਂ ਸਮਝ ਗਿਆ ਕਿ ਅੱਜ ਉਸ ਕੋਲ ਸਮਾਂ ਹੈ ਲੰਮੀਆਂ ਗਲਾਂ ਕਰਨ ਲਈ। ਇਸਤੋਂ ਪਹਿਲਾਂ ਕਿ ਮੈਂ ਕੁਝ ਬੋਲਦਾ, ਉਹ ਆਪ ਹੀ ਸ਼ੁਰੂ ਹੋ ਗਈ। “ਮੈਂ ਸੋਚਿਆ ਅੱਜ ਉਹ ਗਲਾਂ ਵੀ ਕਰ ਲਈਏ ਜੋ ਸ਼ਾਇਦ ਉਦੋਂ ਰਹਿ ਗਈਆਂ ਹੋਣ। ਰਾਇਕੋਟ ਦੇ ਨਾਲ ਈ ਸੀ ਸਾਡਾ ਪਿੰਡ।ਸਾਡੇ ਘਰੋਂ ਮਸੀਂ ਮੀਲ ਕੁ ਦੂਰ ਸੀ ਸ਼ਹਿਰ ਵਾਲਾ ਹਾਈ ਸਕੂਲ। ਮੈਨੂੰ ਛੇਂਵੀਂ ਜਮਾਤ ਚ ਦਾਖਲ ਕਰਵਾਉਣ ਮੰਮੀ ਡੈਡੀ ਦੋਵੇਂ ਗਏ ਸੀ। ਦਫਤਰ ਵੜਦਿਆਂ ਈ ਬੜਾ ਮਾਣ ਸਤਿਕਾਰ ਕੀਤਾ ਸੀ ਹੈਡਮਾਸਟਰ ਹਰਦੀਪ ਸਿੰਘ ਗਰੇਵਾਲ ਹੋਰਾਂ। ਚਾਅ ਜਿਹਾ ਚੜ ਗਿਆ ਸੀ ਉਨ੍ਹਾਂ ਨੂੰ। ਚਾਅ ਚੜਦਾ ਵੀ ਕਿਉਂ ਨਾ। ਇਕ ਤਾਂ ਕਾਲਜ ਵਿਚ ਡੈਡੀ (ਪੁਲੀਸ ਇੰਸਪੈਕਟਰ ਗਰੇਵਾਲ) ਤੇ ਉਹ ਜਮਾਤੀ ਸੀ। ਉਪਰੋਂ ਮੰਮੀ (ਮਿਸਜ਼ ਗਰੇਵਾਲ) ਉਨ੍ਹਾਂ ਦੀ ਰਿਸ਼ਤੇਦਾਰੀ ਚੋਂ ਭੈਣ ਸੀ। ਉਸਨੂੰ ਸਮਝ ਨਹੀਂ ਸੀ ਲਗ ਰਹੀ ਕਿ ਬੜੇ ਸਤਿਕਾਰ ਨਾਲ ਦੋਵੇਂ ਹੱਥ ਜੋੜਕੇ ਅੰਕਲ ਜੀ ਸਤਿ ਸ਼੍ਰੀ ਅਕਾਲ ਕਹਿਣ ਵਾਲੀ ਬੱਚੀ ਨੂੰ ਉਹ ਭਤੀਜੀ ਸਮਝੇ ਜਾਂ ਭਾਣਜੀ। ਦਾਖਲੇ ਵਾਲੀ ਰਸਮ ਪੂਰੀ ਕਰਕੇ ਹੈਡਮਾਸਟਰ ਹੋਰੀਂ ਮੈਨੂੰ ਮੇਰੀ ਜਮਾਤ ਵਿਖਾ ਲਿਆਏ ਤਾਂ ਕਿ ਕਲ ਨੂੰ ਆਕੇ ਮੈਨੂੰ ਆਪਣੀ ਜਮਾਤ ਦਾ ਕਮਰਾ ਕਿਸੇ ਨੂੰ ਪੁਛਣਾ ਨਾ ਪਵੇ। ਆਪ ਨਾਲ ਜਾਣ ਤੋਂ ਹੀ ਛੇਵੀਂ ਦੀ ਇੰਚਾਰਜ ਦਲਜੀਤ ਕੌਰ ਸਮਝ ਗਏ ਸੀ ਕੁੜੀ ਦਾ ਖਾਸ ਖਿਆਲ ਰਖਣਾ ਪੈਣਾ। ਸ਼ਾਇਦ ਪੌਸ਼ਾਕ ਦੀ ਸਾਦਗੀ, ਦੋ ਗੁੱਤਾਂ ਨਾਲ ਸੰਵਰੇ ਹੋਏ ਵਾਲ ਤੇ ਬੋਲਚਾਲ ਨੇ ਇੰਚਾਰਜ ਸਾਹਿਬਾ ਦਾ ਮਨ ਮੋਹ ਲਿਆ ਸੀ। ਪਤਾ ਨਈ ਮੈਨੂੰ ਪਹਿਲਾਂ ਭੁਲੇਖਾ ਲਗਾ ਸੀ ਜਾਂ ਸੱਤੀ ਪਹਿਲਾਂ ਵਾਲੇ ਕਪੜੇ ਬਦਲ ਆਈ ਸੀ। ਹੁਣ ਉਸਨੇ ਨੀਲੀਆਂ ਤੇ ਗੁਲਾਬੀ ਬੂਟੀਆਂ ਵਾਲਾ ਸਫੇਦ ਸੂਟ ਪਾਇਆ ਹੋਇਆ ਸੀ। ਹਮੇਸ਼ਾਂ ਵਾਂਗ ਅੱਧਾ ਕੁ ਸਿਰ ਕੰਨੀ ਗੋਟੇ ਵਾਲੀ ਹਲਕੇ ਨੀਲੇ ਰੰਗ ਦੀ ਚੁੰਨੀ ਨਾਲ ਢੱਕਿਆ ਹੋਇਆ। ਕੁਰਸੀ ਤੇ ਥੋੜਾ ਹੋਰ ਠੀਕ ਹੋਕੇ ਉਸ ਗਲ ਅਗਾਂਹ ਤੋਰੀ। “ਡੈਡੀ ਨੇ ਬੜੀ ਰੀਝ ਨਾਲ ਮੈਨੂੰ ਦਿਲੀਓਂ ਲਿਆਕੇ ਦਿਤਾ ਸੀ ਲਾਲ ਤੇ ਨੀਲੀਆਂ ਧਾਰੀਆਂ ਵਾਲਾ 22 ਇੰਚ ਵਾਲਾ ਲੇਡੀ ਸਾਈਕਲ। ਮੈਂ ਚੌਥੀ ਚ ਪੜਦੀ ਸੀ ਜਦ ਵੀਰੇ ਨੇ ਸਾਈਕਲ ਚਲਾਉਣ ਦੀ ਜਾਚ ਸਿਖਾਈ ਸੀ। ਪਹਿਲੇ ਪਹਿਲ ਮੇਰੇ ਤੋਂ ਕਈ ਵਾਰ ਡਿਗਿਆ ਸੀ ਉਸਦਾ ਸਾਈਕਲ ਜਾਚ ਸਿਖਦੇ ਸਿਖਦੇ। ਦੋ ਕੁ ਦਿਨਾਂ ਬਾਦ ਡੰਡੇ ਦੇ ਹੇਠੋਂ ਈ ਦੂਜੇ ਪਾਸੇ ਵਾਲੇ ਪੈਡਲ ਤੇ ਪੈਰ ਰਖਕੇ ਚਲਾਉਣ ਲਗ ਪਈ ਸੀ ਮੈਂ। ਉਸਦਾ ਸਾਈਕਲ ਹੈ ਵੀ ਤੇ ਬਹੁਤ ਉਚਾ ਸੀ। ਡੈਡੀ ਨੇ ਜਾਣਕੇ ਵਡਾ ਸਾਈਕਲ ਲਿਆਕੇ ਦਿਤਾ ਸੀ ਵੀਰੇ ਨੂੰ। ਕਹਿੰਦੇ ਸੀ ਪੈਡਲ ਮਾਰਦਿਆਂ ਹੇਠਾਂ ਤਕ ਭਾਰ ਪਾਉਣ ਨਾਲ ਲੱਤਾਂ ਲੰਮੀਆਂ ਹੋਕੇ ਕੱਦ ਉਚਾ ਹੋ ਜਾਂਦਾ। ਕਿੰਨਾਂ ਚਾਅ ਸੀ ਮੈਨੂੰ ਨਵੇਂ ਸਾਈਕਲ ਦਾ। ਸ਼ਾਇਦ ਇਸ ਕਰਕੇ ਵੀ ਕਿ ਉਹ ਮੇਰਾ ਆਪਣਾ ਸੀ। ਉਸਦਾ ਹੈਂਡਲ ਫੜਨ ਤੋਂ ਪਹਿਲਾਂ ਵੀਰੇ ਜਾਂ ਮੰਮੀ ਤੋਂ ਪੁੱਛਣਾ ਨਹੀਂ ਸੀ ਪੈਂਦਾ। ਮਹੀਨੇ ਤੋਂ ਵੀ ਜਿਆਦਾ ਮੈਂ ਸਾਈਕਲ ਦੇ ਡੰਡਿਆਂ ਉਪਰਲੇ ਕਾਗਜੀ ਲਪੇਟ ਨਹੀਂ ਸੀ ਲਹਿਣ ਦਿਤੇ, ਕਿਤੇ ਨੀਲੀਆਂ ਲਾਲ ਧਾਰੀਆਂ ਤੇ ਦਾਗ ਨਾ ਪੈ ਜਾਣ। ਸਾਡੇ ਘਰ ਮੱਖੀ ਮੱਛਰ ਸਾਰੇ ਪਿੰਡ ਤੋਂ ਘੱਟ ਹੁੰਦੇ ਸੀ। ਪਿੰਡ ਦੇ ਲੋਕਾਂ ਨੂੰ ਗਲਾਂ ਕਰਦਿਆਂ ਮੈਂ ਆਪ ਸੁਣਿਆ ਸੀ, ਅਖੇ ਕੀੜੇ ਪਤੰਗੇ ਵੀ ਠਾਣੇਦਾਰਾਂ ਦੇ ਘਰ ਜਾਣ ਤੋਂ ਡਰਦੇ ਨੇ। ਅਸਲ ਵਿਚ ਮੰਮੀ ਸਫਾਈ ਬੜੀ ਰਖਦੇ ਸੀ ਘਰ ਤੇ ਆਲੇ ਦੁਆਲੇ ਦੀ। ਸਿਆਣੀ ਉਮਰ ਦੀਆਂ ਜਨਾਨੀਆਂ ਅਕਸਰ ਗਲਾਂ ਕਰਦੀਆਂ ਸੀ ਕਿ ਸਫਾਈ ਉਹੀ ਰਖ ਸਕਦਾ ਜਿਹੜਾ ਸਾਫ ਸੁਥਰੇ ਮਹੌਲ ਵਿਚ ਪਲਿਆ ਹੋਏ। ਮੰਮੀ ਤਾਂ ਘਰ ਮੂਹਰਿਓਂ ਲੰਘਦੀ ਗਲੀ ਵਿਚ ਵੀ ਰੋਜ ਪਾਣੀ ਦਾ ਛਿੜਕਾ ਕਰਵਾ ਦੇਂਦੇ ਹੁੰਦੇ ਸੀ। ਉਦੋਂ ਸਾਈਕਲ ਤੇ ਗੱਡੇ ਰੇਹੜੇ ਈ ਹੁੰਦੇ ਸੀ। ਪਿੰਡ ਵਿਚ ਦੂਜਾ ਟਰੈਕਟਰ ਮੇਰੇ ਦਾਦਾ ਜੀ ਨੇ ਲਿਆ ਸੀ। ਕਿਤੇ ਪਿੰਡ ਵਿਚੋਂ ਕਾਰ ਜਾਂ ਸਕੂਟਰ ਲੰਘਣਾ ਜਾਂ ਆਉਣਾ ਤਾਂ ਲੋਕਾਂ ਦੇ ਝੁੰਡ ਜੁੜ ਜਾਣੇ ਉਸ ਮਸ਼ੀਨ ਨੂੰ ਵੇਖਣ ਲਈ। ਉਦੋਂ ਸਕੂਲ ਟੀਚਰਾਂ ਨੂੰ ਮਾਸਟਰ ਜੀ ਤੇ ਭੈਣ ਜੀ ਕਿਹਾ ਜਾਂਦਾ ਸੀ। ਸਾਡੀ ਭੈਣ ਜੀ ਦਲਜੀਤ ਕੌਰ ਹਲਵਾਰਿਓਂ ਆਉਂਦੇ ਸੀ। ਬੜਾ ਪਿਆਰ ਕਰਦੇ ਸੀ ਮੈਨੂੰ। ਜਦ ਕੋਈ ਸਵਾਲ ਗਲਤ ਹੋਣਾ, ਉਨ੍ਹਾਂ ਕਹਿਣਾ ਕੀ ਗਲ ਪੜੇ ਲਿਖੇ ਮਾਪਿਆਂ ਦੀ ਧੀ ਏਂ, ਧਿਆਨ ਦਿਆ ਕਰ। ਮੇਰੇ ਮਨ ਨੂੰ ਟੁੰਬ ਜਾਂਦੀ ਸੀ ਭੈਣ ਜੀ ਦੀ ਇਹ ਗਲ। ਮੈਂ ਸਤਵੀਂ ‘ਚ ਸੀ ਜਦ ਸਾਡੇ ਸਕੂਲ ਪਰਤਾਪ ਸਿੰਘ ਕੈਰੋਂ ਆਏ ਸੀ। ਉਦੋਂ ਮੁੱਖ ਮੰਤਰੀ ਸਨ ਉਹ ਪੰਜਾਬ ਦੇ। ਹੁਣ ਵਾਂਗ ਚਿੜੀ ਦੇ ਪੌਂਚੇ ਜਿੰਨਾ ਪੰਜਾਬ ਨਹੀਂ ਸੀ ਹੁੰਦਾ ਉਦੋਂ। ਕਿਥੇ ਚੰਬਾ, ਡਲਹੋਜੀ, ਮਨਾਲੀ, ਕਾਂਗੜਾ, ਸ਼ਿਮਲਾ ਤੇ ਪਾਉਂਟਾ ਸਾਹਿਬ ਤੇ ਕਿਥੇ ਫਰੀਦਾਬਾਦ, ਗੁੜਗਾਵਾਂ, ਰਿਵਾੜੀ , ਸਰਸਾ ਤੇ ਚੌਟਾਲਾ। ਏਨਾ ਵੱਡਾ ਹੁੰਦਾ ਉਦੋਂ ਪੰਜਾਬ। ਕੈਰੋਂ ਸਾਹਿਬ ਨੂੰ ਫੰਡ ਇਕੱਠਾ ਕਰਕੇ ਦਿਤਾ ਸੀ ਇਲਾਕੇ ਵਾਲਿਆਂ। ਔਰਤਾਂ ਦੇ ਸੋਨੇ ਦੇ ਗਹਿਣੇ ਵੀ ਸਨ । ਚੀਨ ਨਾਲ ਪਹਿਲੀ ਲੜਾਈ ਲਗੀ ਸੀ ਉਦੋਂ। ਕਹਿੰਦੇ ਹੁੰਦੇ ਸੀ ਚੀਨ ਨੇ ਭਰਾ ਮਾਰ ਕੀਤੀ ਆ। ਸਾਡੀ ਜਮਾਤ ਵਾਲੇ ਕਮਰੇ ਮੂਹਰੇ ਮੇਜ ਕੁਰਸੀਆਂ ਲਵਾਕੇ ਦੁਪਹਿਰ ਦੀ ਰੋਟੀ ਖਵਾਈ ਸੀ ਕੈਰੋਂ ਸਾਹਿਬ ਤੇ ਨਾਲ ਆਏ ਚਾਰ ਪੰਜ ਹੋਰਾਂ ਨੂੰ। ਉਦੋਂ ਹੂਟਰ ਨਹੀਂ ਸੀ ਵਜਦੇ ਹੁੰਦੇ ਮੰਤਰੀਆਂ ਦੇ ਅੱਗੇ ਪਿਛੇ। ਮੈਂ ਆਪ ਵੇਖਿਆ ਸੀ ਖਾਕੀ ਵਰਦੀ ਵਾਲਾ ਇਕੋ ਈ ਸੀ ਉਨ੍ਹਾਂ ਦੇ ਨਾਲ। ਖਾਕੀ ਰੰਗ ਮੈਨੂੰ ਕਿੰਨਾਂ ਚੰਗਾ ਲਗਦਾ ਹੁੰਦਾ ਸੀ । ਜਦ ਕਦੇ ਅਸੀਂ ਦਿੱਲੀ ਜਾਣਾ ਤਾਂ ਖਾਕੀ ਵਰਦੀ ਪਾਕੇ ਡਿਊਟੀ ਜਾਣ ਲਗੇ ਡੈਡੀ ਨੇ ਮੈਨੂੰ ਜੱਫੀ ‘ਚ ਘੁੱਟਕੇ ਜਾਣਾ ਨਹੀਂ ਸੀ ਭੁਲਦੇ। ਕਈ ਵਾਰ ਮੰਮੀ ਨੇ ਕਹਿ ਵੀ ਦੇਣਾ, ਐਨਾ ਘੁਟਕੇ ਕਿਤੇ ਕੁੜੀ ਦੀ ਹੱਡੀ ਪੱਸਲੀ ਨਾ ਹਿਲਾ ਦਿਓ। ਉਦੋਂ ਅਠਵੀਂ ਦੇ ਸਲਾਨਾ ਪੇਪਰ ਬੋਰਡ ਵਲੋਂ ਹੁੰਦੇ ਸੀ। ਸਾਰੀ ਜਮਾਤ ਚੋਂ ਅੱਵਲ ਆਈ ਸੀ ਮੈਂ। ਸਾਡੇ ਨਤੀਜੇ ਤੋਂ ਅਗਲੇ ਦਿਨ ਮੰਮੀ ਲੱਡੂਆਂ ਦੇ ਦੋ ਡੱਬੇ ਲੈਕੇ ਸਕੂਲ ਗਏ ਸੀ। ਇਕ ਭੈਣ ਜੀ ਦਲਜੀਤ ਕੌਰ ਨੂੰ ਦਿਤਾ ਤੇ ਦੂਜਾ ਹੈਡਮਾਸਟਰ ਜੀ ਨੂੰ। ਭੈਣ ਜੀ ਨੇ ਮੰਮੀ ਨੂੰ ਬੜੀ ਘੁੱਟ ਕੇ ਜੱਫੀ ਪਾਈ ਸੀ ਤੇ ਡੱਬਾ ਖੋਲਕੇ ਪਹਿਲਾ ਲੱਡੂ ਮੰਮੀ ਨੂੰ ਖਵਾਇਆ ਸੀ। ਉਸੇ ਦਿਨ ਭੈਣ ਜੀ ਨੇ ਆਪਣੇ ਵਿਆਹ ਤੇ ਆਉਣ ਦਾ ਸੱਦਾ ਦਿਤਾ ਸੀ ਮੰਮੀ ਨੂੰ ਤੇ ਨਾਲ ਤਕੀਦ ਵਰਗੀ ਤਾੜਨਾ ਕੀਤੀ ਕਿ ਕੋਈ ਬਹਾਨਾ ਨਹੀਂ ਚਲਣਾ। ਵਿਸਾਖੀ ਤੋਂ ਅਗਲੇ ਦਿਨ ਸੀ ਵਿਆਹ। ਡੈਡੀ ਵੀ ਆਏ ਹੋਏ ਸੀ। ਅਸੀਂ ਸਾਰੇ ਈ ਗਏ ਸੀ। ਡੋਲੀ ਵੇਲੇ ਭੈਣ ਜੀ ਮੰਮੀ ਦੇ ਗਲ ਲਗਕੇ ਰੋਏ ਸੀ। ਵਾਪਸ ਆਉਂਦਿਆਂ ਮੰਮੀ ਮੈਨੂੰ ਜੱਫੀ ‘ਚ ਲੈਕੇ ਹੰਝੂ ਕੇਰੀ ਜਾਣ। ਕਹਿੰਦੇ ਸੀ ਮੈਨੂੰ ਸੱਤੀ ਤੇ ਆਉਣ ਵਾਲਾ ਇਹ ਦਿਨ ਯਾਦ ਆਈ ਜਾਂਦਾ। ਉਨ੍ਹਾਂ ਨੂੰ ਕੀ ਪਤਾ ਸੀ ਕਿ ਰੱਬ ਨੇ ਉਨ੍ਹਾਂ ਦੀ ਸੱਤੀ ਤੇ ਇਹ ਦਿਨ ਆਉਣ ਈ ਨਹੀਂ ਦੇਣਾ। ਮੈਂ ਨੌਵੀ ਵਿਚ ਹੋਗੀ ਸੀ, ਪਰ ਬਹੁਤਾ ਪਿਆਰ ਮੇਰਾ ਭੈਣ ਜੀ ਦਲਜੀਤ ਨਾਲ ਈ ਸੀ। ਕਈ ਮਹੀਨੇ ਉਹ ਲਾਲ ਚੂੜਾ ਪਾਕੇ ਆਉਂਦੇ ਰਹੇ। ਕਿੰਨਾਂ ਫਬਦਾ ਸੀ ਉਨ੍ਹਾਂ ਦੀਆਂ ਕਲਾਈਆਂ ਤੇ। ਕਦੇ ਕਦੇ ਮੇਰੇ ਮੂੰਹੋ ਚੂੜੇ ਦੀ ਸਿਫਤ ਹੋ ਜਾਣੀ । ਮੇਰੀ ਸਹੇਲੀ ਪੰਮੀ ਨੇ ਬੜਾ ਛੇੜਨਾ ਮੈਨੂੰ ਚੂੜੇ ਵਾਲੀ ਗਲ ਤੋਂ। ਉਸੇ ਨੇ ਈ ਦਸਿਆ ਸੀ ਚੂੜਾ ਨਾਨਕੇ ਲਿਆਉਂਦੇ ਹੁੰਦੇ ਆ। ਨਾਨਕਿਆਂ ਵਾਲੀ ਗਲ ਮੈਨੂੰ ਉਦਾਸ ਕਰਦੀ। ਮੈਂ ਕਦੇ ਵੇਖੇ ਈ ਨਈਂ ਸੀ ਆਪਣੇ ਨਾਨਕੇ। ਮੰਮੀ ਦਸਦੇ ਸੀ ਕਿ ਉਨ੍ਹਾਂ ਦੇ ਵਿਆਹ ਤੋਂ ਕੁਝ ਸਾਲ ਬਾਦ ਈ ਉਹ ਵਲੈਤ ਚਲੇ ਗਏ ਸੀ ਸਾਰੇ। ਫੌਜੀ ਹੋਣ ਕਰਕੇ ਮੇਰੇ ਨਾਨਾ ਜੀ ਵਲੈਤੀਆਂ ਦੇ ਬੜੇ ਭੇਤੀ ਹੋ ਗਏ ਸਨ। ਦੂਜੀ ਸੰਸਾਰ ਜੰਗ ਵਿਚ ਉਨ੍ਹਾਂ ਦੇ ਚੰਗੇ ਕੰਮ ਤੋਂ ਗੋਰਾ ਅਫਸਰ ਬੜਾ ਖੁਸ਼ ਹੋਇਆ ਸੀ। ਇਕ ਵਾਰ ਨਾਲ ਈ ਲੈ ਗਿਆ ਸੀ ਨਾਨਾ ਜੀ ਨੂੰ । ਕਈ ਮਹੀਨੇ ਰਹਿ ਕੇ ਆਏ ਸੀ ਉਦੋਂ ਉਹ ਵਲੈਤ । ਮੰਮੀ ਸਾਰੇ ਭੈਣ ਭਰਾਵਾਂ ਤੋਂ ਛੋਟੇ ਸੀ। ਮੈਨੂੰ ਤਾਂ ਨਾਨਕਿਆਂ ਚੋਂ ਕਿਸੇ ਦੀ ਸ਼ਕਲ ਵੀ ਯਾਦ ਨਹੀਂ। ਮੰਮੀ ਦਸਦੇ ਹੁੰਦੇ ਸੀ ਕਿ ਮੈਂ 4 ਕੁ ਸਾਲਾਂ ਦੀ ਸੀ ਉਦੋਂ । ਸਾਰਾ ਟੱਬਰ ਇਕੱਠਾ ਚਲੇ ਗਿਆ ਸੀ ਵਲੈਤ। ਦੋ ਕੁ ਸਾਲ ਬਾਦ ਨਾਨਾ ਜੀ ਆਕੇ ਜਮੀਨ ਭਾਂਡਾ ਵੇਚ ਗਏ ਸੀ। ਦਸਦੇ ਸੀ ਕਿ ਉਨ੍ਹਾਂ ਉਥੇ ਕਪੜੇ ਦੀ ਫੈਕਟਰੀ ਲਾ ਲਈ ਸੀ। ਮਾਮਿਆਂ ਨੇ ਰਲਕੇ ਚੰਗਾ ਕੰਮ ਤੋਰ ਲਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ