ਭੂਆ ਤੇ ਫੁੱਫੜ ਜੀ ਜਦੋਂ ਵੀ ਆਉਂਦੇ ਸਾਰੇ ਪਿੰਡ ਨੂੰ ਚਾਅ ਜਿਹਾ ਚੜ ਜਾਇਆ ਕਰਦਾ..!
ਸਾਰੇ ਪਿੰਡ ਦੀ ਭੂਆ ਜੀ ਗਲੀ ਦੇ ਜੁਆਕਾਂ ਲਈ ਕਿੰਨੀਆਂ ਸਾਰੀਆਂ ਸ਼ੈਆਂ ਜੂ ਲਿਆਇਆ ਕਰਦੀ ਸੀ..!
ਪਰ ਉਸ ਦਿਨ ਫੁਫੜ ਜੀ ਕੱਲਾ ਹੀ ਆਇਆ..ਪਤਾ ਲੱਗਾ ਭੂਆ ਜੀ ਥੋੜੀ ਢਿੱਲੀ ਸੀ..!
ਫੁੱਫੜ ਜੀ ਦੇ ਕੰਟੀਨ ਵਿਚੋਂ ਲਿਆਂਦੇ ਫੌਜੀ ਸਾਈਕਲ ਅੱਗੇ ਇੱਕ ਬੈਟਰੀ ਨਾਲ ਚੱਲਣ ਵਾਲੀ ਬੱਤੀ ਲੱਗੀ ਹੁੰਦੀ ਸੀ..!
ਨਿਆਣੇ ਉਚੇਚਾ ਆਖਿਆ ਕਰਦੇ..ਫੁਫੜ ਜੀ ਇੱਕ ਵੇਰ ਜਗਾ ਕੇ ਤਾਂ ਵਿਖਾਓ..!
ਪਰ ਉਸ ਦਿਨ ਫੁੱਫੜ ਜੀ ਥੋੜਾ ਉਦਾਸ ਸਨ..ਆਖਣ ਲੱਗੇ ਪੁੱਤਰੋ ਖਰਾਬ ਹੋ ਗਈ ਏ..ਅੱਜ ਨਹੀਂ ਜਗਦੀ!
ਉਸ ਸ਼ਾਮ ਨਾ ਬੱਤੀ ਜਗੀ ਤੇ ਨਾ ਭੂਆ ਜੀ ਹੀ ਆਈ..ਕਿੰਨੀਆਂ ਸ਼ੈਆਂ ਦੀ ਆਸ ਲਾਈ ਨੱਸੇ ਆਏ ਨਿਆਣੇ ਖਾਲੀ ਹੱਥ ਨਿਰਾਸ਼ ਹੋ ਕੇ ਘਰਾਂ ਨੂੰ ਮੁੜ ਗਏ..!
ਫੁੱਫੜ ਜੀ ਨੂੰ ਆਇਆਂ ਨੂੰ ਅਜੇ ਥੋੜੀ ਦੇਰ ਹੀ ਹੋਈ ਹੋਣੀ ਕੇ ਮਗਰੋਂ ਸੁਨੇਹਾ ਆ ਗਿਆ..ਘਰ ਇੱਕ ਪੁੱਤ ਨੇ ਜਨਮ ਲਿਆ..ਵਿਆਹ ਤੋਂ ਪੂਰੇ ਦਸਾਂ ਸਾਲਾਂ ਬਾਅਦ...
ਮਿਲ਼ੀ ਇਸ ਖੁਸ਼ੀ ਨੇ ਨਾਨਕਿਆਂ ਦੇ ਵੇਹੜੇ ਚਾਰੇ ਪਾਸੇ ਖੁਸ਼ੀਆਂ ਖ਼ੇੜੇ ਖਿਲਾਰ ਦਿੱਤੇ..!
ਫੁੱਫੜ ਜੀ ਸਹੁਰਿਆਂ ਦੀ ਪੱਕੀ ਰੋਟੀ ਛੱਡ ਓਸੇ ਵੇਲੇ ਆਪਣੇ ਪਿੰਡ ਨੂੰ ਪਰਤਣ ਤਿਆਰ ਹੋ ਗਿਆ..!
ਫੇਰ ਤੁਰਦਿਆਂ ਤੁਰਦਿਆਂ ਇੱਕ ਕਰਾਮਾਤ ਹੋਈ..ਸਾਈਕਲ ਦੀ ਖਰਾਬ ਹੋਈ ਬੱਤੀ ਵੀ ਆਪਣੇ ਆਪ ਹੀ ਜਗ ਤੁਰੀ ਤੇ ਸਾਰੀ ਹਨੇਰੀ ਗਲੀ ਵਿਚ ਚਾਨਣ ਜਿਹਾ ਹੋ ਗਿਆ..ਅਚਾਨਕ ਹੋ ਗਏ ਚਾਨਣ ਨੂੰ ਵੇਖ ਆਪਣੇ ਘਰਾਂ ਵਿਚ ਰੋਟੀ ਖਾਂਦੇ ਕਿੰਨੇ ਸਾਰੇ ਨਿਆਣੇ ਵੀ ਬਾਹਰ ਨਿੱਕਲ ਆਏ..!
ਖੁਸ਼ੀ ਵਿਚ ਖੀਵੇ ਹੋਇਆਂ ਨੂੰ ਸਿਰਫ ਸਾਈਕਲ ਦੀ ਜਗ ਪਈ ਬੱਤੀ ਦਾ ਚਾਨਣ ਹੀ ਦਿਸ ਰਿਹਾ ਸੀ..ਪਰ ਉਹ ਬੱਲਬ ਨਹੀਂ ਸਨ ਦਿਸ ਰਹੇ ਜਿਹੜੇ ਫੁੱਫੜ ਜੀ ਦੇ ਵਜੂਦ ਅੰਦਰ ਦਸਾਂ ਸਾਲਾਂ ਬਾਅਦ ਅੱਜ ਪਹਿਲੀ ਵੇਰ ਜਗੇ ਸਨ!
ਹਰਪ੍ਰੀਤ ਸਿੰਘ ਜਵੰਦਾ