ਡੱਬੇ ਦੇ ਬਾਹਰ ਲੱਗੇ ਰਿਜਰਵੇਸ਼ਨ ਚਾਰਟ ਵਿਚ ਆਪਣਾ ਨਾਮ ਪੜਿਆ..ਜਿਗਿਆਸਾ ਜਾਗੀ..ਨਾਲਦੀਆਂ ਸਵਾਰੀਆਂ ਕੌਣ ਨੇ..ਇੱਕ ਨਾਮ ਸੀ “ਨਵਜੋਤ ਕੌਰ”!
ਅੰਦਰ ਖਿੜ ਗਿਆ..ਚਲੋ ਦੋ ਘੰਟੇ ਦਾ ਸਫ਼ਰ ਚੰਗਾ ਕਟ ਜਾਵੇਗਾ..!
ਅੰਦਰ ਸਾਮਣੇ ਸੀਟ ਤੇ..ਗੋਰਾ ਚਿੱਟਾ ਰੰਗ..ਮੋਟੀਆਂ ਮੋਟੀਆਂ ਅੱਖਾਂ..ਸਧਾਰਨ ਕੱਪੜੇ ਪਾਈ ਸ਼ਾਲ ਦੀ ਬੁੱਕਲ ਮਾਰੀ ਉਹ ਅਖਬਾਰ ਤੇ ਨਜਰਾਂ ਟਿਕਾਈ ਬੈਠੀ ਸੀ..!
ਨੈਣ ਮਿਲੇ..ਫੇਰ ਮੌਕਾ ਸੰਭਾਲਦੇ ਹੀ ਹਲਕੀ ਜਿਹੀ ਮੁਸਕਾਨ ਦੇ ਨਾਲ ਸਤਿ ਸ੍ਰੀ ਅਕਾਲ ਬੁਲਾ ਦਿੱਤੀ..!
ਦਿਲਕਸ਼ ਜਿਹੀ ਮੁਸਕੁਰਾਹਟ ਨਾਲ ਉਸਦੀਆਂ ਗੱਲਾਂ ਵਿੱਚ ਪੈਂਦੇ ਡੂੰਘ..ਜਦੋਂ ਉਸਨੇ ਫਤਹਿ ਦਾ ਜੁਆਬ ਦਿੱਤਾ ਤਾਂ ਦਿਲ ਦੀ ਧੜਕਣ ਆਪਣੇ ਉਫਾਨ ਤੇ ਜਾ ਪਈ..!
ਘੜੀ ਕੂ ਮਗਰੋਂ ਗੱਲਬਾਤ ਦਾ ਸਿਲਸਿਲਾ ਵੀ ਤੁਰ ਜਿਹਾ ਪਿਆ..ਮਾਲ ਮਹਿਕਮੇ ਵਿਚ ਅਫਸਰ ਦੀ ਹੋਈ ਨਵੀਂ-ਨਵੀਂ ਨਿਯੁਕਤੀ ਤੇ ਪਹਿਲੀ ਹਾਜਰੀ ਲਈ ਵਾਇਆ ਰਾਜਪੂਰਾ ਚੰਡੀਗੜ ਨੂੰ ਜਾ ਰਹੀ ਸੀ!
ਮਾਪਿਆਂ ਦੀ ਇਕਲੌਤੀ ਸੰਤਾਨ ਦਾ ਪਿਛੋਕੜ ਹੈ ਤਾਂ ਭਾਵੇਂ ਪੇਂਡੂ ਹੀ ਸੀ ਪਰ ਗੋਤ ਜੱਟਾਂ ਦੀ ਹੋਣ ਕਰਕੇ ਅੰਦਰੋਂ ਅੰਦਰੀ ਲੱਡੂ ਭੁਰ ਰਹੇ ਸਨ..!
ਸੂਰਤ ਅਤੇ ਸੀਰਤ ਦਾ ਐਸਾ ਸੁਮੇਲ ਸ਼ਾਇਦ ਹੀ ਕਦੇ ਵੇਖਿਆ ਹੋਵੇ..ਵੇਖਿਆਂ ਭੁੱਖ ਲਹਿ ਜਾਂਦੀ..ਗੱਲ ਕਰਦੀ ਤਾਂ ਇੰਝ ਲੱਗਦਾ ਫੁੱਲ ਝੜ ਰਹੇ ਹੋਣ..!
ਮੈਂ ਆਪਣੀ ਖੁਦ ਦੀ ਸਰਕਾਰੀ ਗਜਟਿਡ ਨੌਕਰੀ ਬਾਰੇ ਦੱਸਦਾ ਹੋਇਆ ਖਿਆਲਾਂ ਦੇ ਸਮੁੰਦਰ ਵਿਚ ਜਜਬਾਤਾਂ ਵਾਲੀ ਕਿਸ਼ਤੀ ਚੜਿਆ ਸੋਚਣ ਲੱਗਾ ਕੇ ਵੇਖਣ ਨੂੰ ਵੀ ਹੂ-ਬਹੂ ਵੈਸੀ ਹੀ ਲੱਗਦੀ ਏ ਜੈਸੀ ਦਾ ਜਿਕਰ ਮੇਰੀ ਮਾਂ ਅਕਸਰ ਹੀ ਗੱਲਾਂ ਗੱਲਾਂ ਵਿਚ ਕਿੰਨੀ ਵੇਰ ਕਰ ਚੁੱਕੀ ਸੀ..!
ਮਾਂ ਨੇ ਤੇ ਵੇਖਦਿਆਂ ਹੀ ਹਾਂ ਕਰ ਦੇਣੀ ਏ..ਰਹੀ ਗੱਲ ਭਾਪਾ ਜੀ ਦੀ..ਓਹਨਾ ਦਾ ਕੀ ਹੈ..ਬੀਜੀ ਨੇ ਜ਼ੋਰ ਪਾਇਆ ਤਾਂ ਝੱਟ ਹੀ ਮੰਨ ਜਾਣਾ..!
ਮਨ ਹੀ ਮਨ ਬਣ ਗਈ ਇਸ ਜੋੜੀ ਬਾਰੇ ਸੋਚ ਰੱਬ ਦਾ ਸ਼ੁਕਰਾਨਾ ਵੀ ਕਰ ਮਾਰਿਆ..ਸਦਕੇ ਜਾਵਾਂ ਤੇਰੀ ਇਸ ਜੋੜੀਆਂ ਘੜਨ ਵਾਲੀ ਅਦੁੱਤੀ ਕਲਾ ਤੇ..ਜੋੜੀਆਂ ਜੱਗ ਥੋੜੀਆਂ..ਨਰੜ ਬਥੇਰੇ..!
ਖਿਆਲਾਂ ਦੇ ਘੋੜੇ...
ਤੇ ਚੜੇ ਹੋਏ ਨੂੰ ਪਤਾ ਹੀ ਨੀ ਲੱਗਾ ਕਦੋ ਰਾਜਪੂਰਾ ਆ ਗਿਆ..ਅਫਸੋਸ ਜਿਹਾ ਹੋਇਆ ਪਰ ਤਸੱਲੀ ਵਾਲੀ ਗੱਲ ਇਹ ਸੀ ਕੇ ਉਸਦਾ ਐਡਰੈੱਸ ਤੇ ਫੋਨ ਨੰਬਰ ਮੈਂ ਪਹਿਲਾਂ ਹੀ ਲੈ ਚੁੱਕਿਆਂ ਸਾਂ..ਹੁਣ ਤੇ ਬੱਸ ਅਗਲੀ ਮੁਲਾਕਾਤ ਦਾ ਹੀ ਇੰਤਜਾਰ ਸੀ..!
ਜਾਂਦੀ ਵਾਰੀ ਸ਼ਿਸ਼ਟਾਚਾਰ ਵੱਜੋਂ ਉਸਦਾ ਸਮਾਨ ਕੱਢਣ ਵਿਚ ਮਦਦ ਦੇਣ ਦੀ ਪੇਸ਼ਕਸ਼ ਵੀ ਕਰ ਦਿੱਤੀ..!
ਉਸਨੇ ਵੀ ਮੁਸ੍ਕੁਰਾਉਂਦੀ ਹੋਈ ਨੇ ਸੀਟ ਦੇ ਹੇਠਾਂ ਪਏ ਆਪਣੇ ਸਮਾਨ ਵੱਲ ਇਸ਼ਾਰਾ ਕਰ ਦਿੱਤਾ..!
ਹੇਠਾਂ ਪਏ ਸਮਾਨ ਤੇ ਨਜਰ ਪਈ ਤਾਂ ਮੈਨੂੰ ਜ਼ੋਰਦਾਰ ਚੱਕਰ ਜਿਹਾ ਆਇਆ..ਅੱਖਾਂ ਅੱਗੇ ਹਨੇਰਾ ਛਾ ਗਿਆ ਤੇ ਸੋਚਣ ਸਮਝਣ ਦੀ ਸ਼ਕਤੀ ਇੱਕਦਮ ਹੀ ਜਾਂਦੀ ਰਹੀ..!
ਥੋੜੇ ਚਿਰ ਮਗਰੋਂ ਹੋਸ਼ ਆਈ ਤਾਂ ਕੀ ਵੇਖਿਆ ਉਹ ਪਲੇਟ ਫਾਰਮ ਤੇ “ਵਸ਼ਾਖੀਆਂ” ਦੇ ਸਹਾਰੇ ਤੁਰੀ ਜਾ ਰਹੀ ਸੀ..!
ਖੱਬੀ ਲੱਤ ਵਿਚ ਸ਼ਾਇਦ ਕੋਈ ਜਮਾਂਦਰੂ ਨੁਕਸ ਸੀ..ਮੇਰੇ ਸਾਰੇ ਸੁਫ਼ਨੇ..ਭਵਿੱਖ ਦੀਆਂ ਯੋਜਨਾਵਾਂ ਅਤੇ ਜਜਬਾਤਾਂ ਦੇ ਕਿੰਨੇ ਸਾਰੇ ਮਹਿਲ ਘੜੀਆਂ ਪਲਾਂ ਵਿਚ ਹੀ ਤਾਸ਼ ਦੇ ਪੱਤਿਆਂ ਵਾਂਙ ਖਿੱਲਰ ਗਏ!
ਏਨੇ ਨੂੰ ਤੁਰ ਪਈ ਗੱਡੀ ਦਾ ਮੇਰੇ ਵਾਲਾ ਡੱਬਾ ਉਸਦੇ ਤੁਰੀ ਜਾਂਦੀ ਦੇ ਐਨ ਬਰੋਬਰ ਜਿਹਾ ਆ ਗਿਆ..!
ਉਸਨੇ ਇੱਕ ਵਾਰ ਫੇਰ ਮੇਰੇ ਵੱਲ ਵੇਖਿਆ..ਨਿੰਮਾਂ ਜਿਹਾ ਮੁਸਕੁਰਾਈ ਤੇ ਆਪਣਾ ਧਿਆਨ ਸਾਮਣੇ ਵੱਲ ਨੂੰ ਕਰ ਲਿਆ..!
ਇੰਝ ਲੱਗਿਆ ਜਾਂਦੀ ਜਾਂਦੀ ਆਖ ਰਹੀ ਹੋਵੇ ਕੇ ਦੋਸਤਾ ਲੋਕ ਬੇਸ਼ੱਕ ਲੱਖ ਦਿਲਾਂ ਦੀ ਗੱਲ ਕਰਦੇ ਹੋਵਣ ਪਰ ਹਕੀਕਤ ਇਹ ਹੈ ਕੇ “ਸੋਹਣੇ ਚਿਹਰਿਆਂ” ਤੋਂ ਸ਼ੁਰੂ ਹੋਈਆਂ ਜਿਆਦਾਤਰ ਮੁਹੱਬਤਾਂ ਅੱਜ ਵੀ “ਬਾਹਰੀ ਦੁਨਿਆਵੀ ਦਿੱਖ ਅਤੇ ਬੈੰਕ ਅਕਾਊਂਟਾਂ” ਤੇ ਆ ਕੇ ਹੀ ਦਮ ਤੋੜ ਜਾਇਆ ਕਰਦੀਆਂ ਨੇ!
ਹਰਪ੍ਰੀਤ ਸਿੰਘ ਜਵੰਦਾ