More Gurudwara Wiki  Posts
ਸਿੱਖ ਇਤਿਹਾਸ – ਸ੍ਰੀ ਗੁਰੂ ਗੋਬਿੰਦ ਸਿੰਘ ਜੀ – ਪਰਿਵਾਰ ਦੀ ਸ਼ਹਾਦਤ


ਸਿੱਖ ਇਤਿਹਾਸ – ਸ੍ਰੀ ਗੁਰੂ ਗੋਬਿੰਦ ਸਿੰਘ ਜੀ – ਪਰਿਵਾਰ ਦੀ ਸ਼ਹਾਦਤ
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡ ਕੇ ਚੱਲੇ ਗਏ …
ਇੱਕ ਸਮਾਂ ਇਹੋ ਜਿਹਾ ਆਇਆ ਜਿਸ ਵਕਤ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਮਿਲ ਕੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ।ਦੁਸ਼ਮਨਾਂ ਦਾ ਮਕਸਦ ਸੀ ਗੁਰੂ ਜੀ ਤੇ ਸਿੱਖ ਕੌਮ ਨੂੰ ਖਤਮ ਕਰਨਾ ਤੇ ਉਹਨਾਂ ਦੇ ਧਾਰਮਿਕ ਸਥਾਨਾਂ ਤੇ ਕਬਜਾ ਕਰਨਾ।
8 ਮਹੀਨਿਆਂ ਤੋਂ ਵੀ ਜਿਆਦਾ ਸਮਾਂ ਮੁਗਲ ਅਪਣੀ 10 ਲੱਖ ਫੌਜ ਨਾਲ ਅਨੰਦਪੁਰ ਸਾਹਿਬ ਨੂੰ ਘੇਰਾ ਪਾਏ ਖੜੇ ਸੀ।ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਕੇਵਲ 10,000 ਸਿੱਖ ਸੀ।ਮੁਗਲਾਂ ਨੇ ਬਾਹਰ ਜਾਣ ਦਾ ਕੋਈ ਰਸਤਾ ਨਹੀਂ ਛੱਡਿਆ।ਇਸ ਸਮੇਂ ਦੌਰਾਨ ਮੁਗਲਾਂ ਨੇ ਚਾਲ ਖੇਡੀ ਤੇ ਗੁਰੂ ਜੀ ਨੂੰ ਇੱਕ ਸੰਦੇਸ਼ ਭੇਜਿਆ ਤੇ ਕਿਹਾ ਕਿ ਗੁਰੂ ਜੀ ਤੁਸੀ ਆਪਣੇ ਪਰਿਵਾਰ ਨਾਲ ਕਿਲ੍ਹਾ ਛੱਡਕੇ ਜਾ ਸਕਦੇ ਹੋ।ਅਸੀਂ ਤੁਹਾਡੇ ਪਰਿਵਾਰ ਤੇ ਸਾਥੀਆਂ ਨੂੰ ਕੁੱਝ ਨਹੀਂ ਕਹਾਂਗੇ। ਮੁਗਲਾਂ ਵੱਲੋਂ ਕੁਰਾਨ ਤੇ ਹੱਥ ਰੱਖ ਕੇ ਕਸਮਾਂ ਵੀ ਖਾਦੀਆਂ ਗਈਆਂ। ਹਿੰਦੂ ਰਾਜਿਆਂ ਨੇ ਆਟੇ ਦੀ ਗਊ ਬਣਾ ਕੇ ਸੌਂਹ ਖਾਧੀ ਗੁਰੂ ਸਾਹਿਬ ਨੂੰ ਪਤਾ ਸੀ ਕਿ ਇਹ ਕਸਮਾਂ ਵਾਧੇ ਸਾਰੇ ਝੂਠੇ ਹਨ।
ਪਰ ਸਿੱਖਾਂ ਤੇ ਮਾਤਾ ਗੁਜਰ ਕੌਰ ਜੀ ਦੇ ਕਹਿਣ ਤੇ ਗੁਰੂ ਜੀ ਨੇ ਅਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਕਰ ਲਈ ।
ਮਾਤਾ ਸੁੰਦਰ ਕੌਰ ਜੀ ਨੇ ਮਾਤਾ ਗੁਜਰੀ ਕੋਲੋਂ ਗੁਰੂ ਜੀ ਦੇ ਬਚਪਨ ਦੀਆਂ ਕਹਾਣੀਆਂ ਸੁਣੀਆਂ ਸਨ। ਸਤਲੁਜ ਦੇ ਪਾਣੀਆਂ ਦੀ ਕਲ-ਕਲ ਸੁਣੀ ਸੀ। ਗੁਰੂ ਜੀ ਦੇ ਸਾਥ ਵਿਚ ਹਰਿਆਲੀਆਂ ਥਾਂਵਾਂ ‘ਤੇ ਘੁੰਮਦਿਆਂ ਅਨੰਦ ਮਾਣਿਆ ਸੀ। ਇਥੇ ਹੀ ਮਾਤਾ ਸੁੰਦਰੀ ਨੇ ਸਿੱਖਾਂ ਨੂੰ ਹਥਿਆਰਾਂ ਦਾ ਅਭਿਆਸ ਕਰਦਿਆਂ ਤੇ ਸਾਹਿਬਜ਼ਾਦਿਆਂ ਨੂੰ ਹੱਸਦਿਆਂ-ਖੇਡਦਿਆਂ ਤੇ ਕਿਲਕਾਰੀਆਂ ਮਾਰਦਿਆਂ ਦੇਖਿਆ। ਮਾਤਾ ਜੀ ਨੇ ਅਜੀਤ ਸਿੰਘ ਨੂੰ ਜਵਾਨੀ ਦੀਆਂ ਪੌੜੀਆਂ ਚੜ੍ਹਦਿਆਂ ਦੇਖਿਆ। ਮਾਤਾਵਾਂ ਨੇ ਸਾਹਿਬਜ਼ਾਦਿਆਂ ਨੂੰ ਯੁੱਧ ਕਲਾ ਵਿਚ ਨਿਪੁੰਨ ਹੁੰਦੇ ਵੇਖਿਆ। ਗੱਲ ਕੀ, ਜ਼ਿੰਦਗੀ ਦਾ ਪਲ-ਪਲ ਯਾਦਾਂ ਦੇ ਹੀਰਿਆਂ ਨਾਲ ਜੜਿਆ ਹੋਇਆ ਸੀ। ਅੱਜ ਇਸ ਥਾਂ ਨਾਲੋਂ ਵਿਛੜਦਿਆਂ ਹਿਰਦਾ ਕੰਬ ਰਿਹਾ ਸੀ, ਅੱਖਾਂ ਭਰ-ਭਰ ਆਉਂਦੀਆਂ ਸਨ। ਮਨ ਵਿਚ ਵਾਰ-ਵਾਰ ਆਉਂਦਾ ਕਿ ਕਦੀ ਫਿਰ ਵੀ ਇਸ ਥਾਂ ਆਵਾਂਗੇ? ਅੱਗੇ ਜਾ ਕੇ ਕੀ ਹੋਣਾ ਹੈ? ਅਗਲਾ ਟਿਕਾਣਾ ਕਿਥੇ ਹੋਵੇਗਾ? ਕੋਈ ਨਹੀਂ ਸੀ ਜਾਣਦਾ!
ਗੁਰੂ ਜੀ ਨੇ ਡੇਢ ਪਹਿਰ ਰਾਤ ਪਈ ਤੋਂ ਅੱਧਾ ਵਹੀਰ ਤੋਰ ਦਿੱਤਾ। ਗੁਰੂ ਜੀ ਦੇ ਅਨੰਦਪੁਰ ਛੱਡਣ ਦੀ ਮਿਤੀ 20 ਅਤੇ 21 ਦਸੰਬਰ 1704 ਈਸਵੀ ਦੀ ਵਿਚਕਾਰਲੀ ਰਾਤ ਮੰਨੀ ਜਾਂਦੀ ਹੈ। ਇਸ ਅਨੁਸਾਰ ਚਮਕੌਰ ਸਾਹਿਬ ਦਾ ਯੁੱਧ 23 ਦਸੰਬਰ 1704 ਈਸਵੀ ਅਤੇ ਛੋਟੇ ਸਾਹਿਬਜ਼ਾਦੀਆਂ ਦੀ ਸ਼ਹੀਦੀ 27 ਦਸੰਬਰ 1704 ਨੂੰ ਮੰਨਿਆ ਗਿਆ ਹੈ। ‘ਗੁਰਬਿਲਾਸ ਪਾਤਸ਼ਾਹੀ 10’ ਵਿਚ ਭਾਈ ਸੁੱਖਾ ਸਿੰਘ ਲਿਖਦੇ ਹਨ:
ਡੇਢ ਕੁ ਜਾਮ ਜੁ ਰਾਤ ਗਈ
ਤਬ ਤੋ ਕਰੁਨਾਨਿਧ ਕੂਚ ਕਰਾਯੋ।
ਆਦਿ ਵਹੀਰ ਸੁ ਤੋਰ ਦਯੋ
ਪੁਨ ਕੈ ਅਰੁ ਅੱਧ ਕੁ ਆਪ ਸਿਧਾਯੋ।
ਗੁਰੂ ਜੀ ਨੇ ਅਨੰਦਪੁਰ ਸਾਹਿਬ ਵਿਚ ਵੱਸਣ ਵਾਲੇ ਗ੍ਰਹਿਸਥੀ ਪਰਿਵਾਰਾਂ ਨੂੰ ਅਨੰਦਪੁਰ ਸਾਹਿਬ ਤੋਂ ਚਲੇ ਜਾਣ ਲਈ ਕਿਹਾ। ਗੁਰੂ ਦਸਮੇਸ਼ ਆਨੰਦਪੁਰ ਦਾ ਤਿਆਗ ਕਰਨ ਲੱਗੇ ਤਾਂ ਆਪ ਜੀ ਨੇ ਭਾਈ ਗੁਰਬਖਸ਼ ਉਦਾਸੀ ਦੀ ਡਿਊਟੀ ਲਾਈ ਕਿ ਤੁਸਾ ਪਿਤਾ ਸਤਿਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਦੀ ਸੇਵਾ-ਸੰਭਾਲ ਕਰਨੀ । ਆਪ ਨੇ ਸੀਸਗੰਜ ਆਦਿ ਗੁਰਧਾਮਾਂ ਦੀ ਪੂਰੀ ਸੇਵਾ ਸਵੀਕਾਰ ਕੀਤੀ ।
ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਨੂੰ ਵਹੀਰ ਨਾਲ ਤੋਰ ਦਿੱਤਾ। ਮਾਤਾ ਗੁਜਰ ਕੌਰ ਉਨ੍ਹਾਂ ਦੇ ਨਾਲ ਜਾਣ ਲਈ ਨਹੀਂ ਮੰਨੇ। ‘ਬੰਸਾਵਲੀਨਾਮਾ’ ਵਿਚ ਭਾਈ ਕੇਸਰ ਸਿੰਘ ਛਿੱਬਰ ਲਿਖਦੇ ਹਨ:
ਤਬ ਸਾਹਿਬ ਆਪਣੀ ਮਾਤਾ ਗੁਜਰੀ ਨੂੰ ਐਸੇ ਕਹਿਆ,
“ਮਾਤਾ ਜੀ! ਤੁਸੀਂ ਨਿੱਕੇ ਨੀਂਗਰ ਨਾਲ ਲੈ ਚਾਹੀਐ ਗਇਆ।
ਵੱਡੇ ਦੋਨੋਂ ਭਾਈ ਰਹਿਨ ਅਸਾਡੇ ਨਾਲ।
ਤੁਸੀਂ ਪਹਿਲੇ ਟੂਰੋ ਪਾਓ ਚਾਲ। (581)
ਮਾਤਾ ਨ ਮੰਨੀ ਸਾਹਿਬ ਦੀ ਏਹੁ ਗੱਲ।
ਕਹਿਆ, ਚਾਰੇ ਨੀਂਗਰ ਨਾਲ ਮੇਰੇ ਘੱਲ।
ਸਾਹਿਬ ਬਹੁਤ ਮਾਤਾ ਜੀ ਨੂੰ ਆਖ ਰਹੇ।
ਮਾਤਾ ਜੀ ਨਾ ਲੱਗੇ ਸਾਹਿਬ ਦੇ ਕਹੇ। (542)
ਫੇਰ ਸਾਹਿਬ ਕਹਿਆ ਚਉਪਾ ਸਿੰਘ,
ਸਾਹਿਬ ਸਿੰਘ ਸਾਲੇ ਜੋਗੁ।
(ਨੋਟ: ਸਾਹਿਬ ਸਿੰਘ ਮਾਤਾ ਸਾਹਿਬ ਦੇਵਾਂ ਦਾ ਭਰਾ ਸੀ)
ਤੁਸੀਂ ਲੈ ਟੁਰੋ ਜਨਾਨੇ ਨਾਲ ਲੋਗ।
ਸਭ ਤਿਆਰ ਕਰ ਦਿੱਤੇ ਟੋਰ।
ਮਾਤਾ ਸੁੰਦਰੀ, ਮਾਤਾ ਸਾਹਿਬ ਦੇਈ, ਨਾਲੇ ਕੁਝ ਲੋਕ ਹਰੋ। (543)
ਨਾਲਿ ਦਿੱਤੇ ਊਠ ਸੰਦੂਕਾਂ ਵਾਲੇ।
ਜਿਨ੍ਹਾਂ ਦੇ ਵਿਚਿ ਛਿੱਤਰ ਪੱਥਰ ਆਹੇ ਡਾਲੇ।
ਬਚਨ ਕੀਤਾ, ਤੁਸਾਂ ਟੁਰ ਜਾਣਾ ਜਨਾਨੇ ਲੋਕ ਲੈ ਕੇ ਅੱਗੇ।
ਅਤੇ ਊਠ ਅਉਸਨ ਹਉਲੀ ਹਉਲੀ ਪਿਛੇ ਲੱਗੇ। (544)
ਚਉਪਾ ਸਿੰਘ ਨੂੰ ਸਭ ਹਕੀਕਤ ਛੱਡੀ ਸੀ ਸਮਝਾਇ।
ਤੁਸਾਂ ਪਿਛੇ ਨਹੀਂ ਰਹਿਣਾ ਅਟਕਾਇ, ਜੇ ਕੋਈ ਫਉਜ ਪਈ ਆਇ।
ਤੁਸਾਂ ਛੱਡ ਕੇ ਊਠ, ਅੱਗੇ ਜਾਣਾ ਧਾਇ। (545)
ਜਦੋਂ ਕੋਸ ਦੁਇ ਤ੍ਰੈ ਟੁਰਿ ਕੇ ਗਏ।
ਤਦਿ ਰਾਜੇ ਲੈਉਂ ਫਉਜਾਂ ਪਿਛੇ ਪਏ। (546)
ਪੋਹ ਮਹੀਨੇ ਅੱਧੀ ਨਿਸਾ ਕੂਚ ਕੀਤਾ।
ਲੋਕ ਆਪਣਾ ਸਭ ਇਕੱਠਾ ਕਰ ਲੀਤਾ।
ਜਿਸ ਕਾਲੀ ਰਥ ਮਾਤਾ ਦਾ ਭੁੱਲ ਗਿਆ।
ਸਹੇੜੀ ਗਿਰਾਉਂ ਰੰਘੜਾਂ ਦਾ,
ਤਿਤ ਮਾਰਗ ਪਿਆ। (556)
‘ਗੁਰੂ ਸੋਭਾ’ ਦਾ ਲੇਖਕ ਗੁਰੂ ਗੋਬਿੰਦ ਸਿੰਘ ਦਾ ਦਰਬਾਰੀ ਕਵੀ ਸੈਨਾਪਤੀ ਲਿਖਦਾ ਗੁਰੂ ਜੀ ਵਲੋਂ ਉਦੈ ਸਿੰਘ ਨੂੰ ਸ਼ਾਹੀ ਟਿੱਬੀ ‘ਤੇ ਤੁਰਕ ਤੇ ਹਿੰਦੂ ਫੌਜਾਂ ਨੂੰ ਰੋਕਣ ਲਈ ਛੱਡ ਕੇ ਆਪ ਚਮਕੌਰ ਸਾਹਿਬ ਚਲੇ ਜਾਣ ਬਾਰੇ ਲਿਖਿਆ ਹੈ। ਅਜੀਤ ਸਿੰਘ ਜੋ ਪਿਛੇ ਆ ਰਿਹਾ ਸੀ, ਨੂੰ ਅੱਗੇ ਭੇਜ ਦੇਣ ਲਈ ਕਹਿ ਗਏ। ਉਦੈ ਸਿੰਘ ਨੇ ਫੌਜਾਂ ਨੂੰ ਰੋਕੀ ਰੱਖਿਆ ਅਤੇ ਵਹੀਰ ਉਥੋਂ ਬਚ ਕੇ ਅੱਗੇ ਨਿਕਲ ਗਿਆ।
ਭਾਈ ਦੁਲਾ ਸਿੰਘ ਹੰਡੂਰੀਆ ਦੀ ਰਚਨਾ ‘ਕਥਾ ਗੁਰੂ ਕੇ ਸੁਤਨ ਕੀ’ ਵਿਚ ਸਰਹਿੰਦ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਵਰਣਨ ਬਹੁਤ ਦਰਦੀਲੇ ਸ਼ਬਦਾਂ ਵਿਚ ਕੀਤਾ ਹੈ। ਮਾਤਾ ਗੁਜਰੀ ਨਾਲ ਜੋ ਬੀਤਦੀ ਹੈ ਅਤੇ ਉਨ੍ਹਾਂ ਦੇ ਹਿਰਦੇ ਵਿਚ ਜੋ ਵਿਚਾਰ ਆਉਂਦੇ ਹਨ, ਉਨ੍ਹਾਂ ਦਾ ਵਰਣਨ ਬਹੁਤ ਭਾਵਕ ਸ਼ਬਦਾਂ ਵਿਚ ਕੀਤਾ ਹੈ:
ਸਿੱਖ ਟੋਡਰ ਮੱਲ ਤੇਹ,
ਮਾਤਾ ਕੋ ਐਸੇ ਕਹਯੇ।
ਕਾਰਣ ਭਯੋ ਸੁ ਏਹੁ,
ਸੀਸੇ ਉਤਾਰੇ ਤੁਮ ਸੁਤਨ।
ਤਬ ਮਾਤਾ ਬਿਲਖੀ
ਭਈ ਐਸੀ ਸੁਨੀ ਜੁ ਬਾਤ।
ਦੇਖੇ ਸੀਸ ਜੁ ਲਟਕਤੇ,
ਹਿੱਕ ਮਰੋਰੀ ਪਾਤ।
ਹੇ ਪੁੱਤਰ! ਐਸੀ ਤੁਮ ਕਰੀ।
ਹੌਂ ਜੀਵਤ ਤੁਮ ਸੀਸ ਉਤਰੀ।
ਐਸੇ ਭਾਖਿ ਮੂਰਛਾ ਪਾਈ।
ਘਰੀ ਚਾਰ ਸੁਧ ਫਿਰ ਨਹਿੰ ਆਈ।
ਮਿਰਜ਼ਾ ਮੁਹੰਮਦ ਅਬਦਲ ਗਨੀ ਨੇ ‘ਜੌਹਰਾ-ਏ-ਤੇਗ’ ਵਿਚ ਅਤੇ ਹਕੀਮ ਅੱਲ੍ਹਾ ਯਾਰ ਖਾਂ ਨੇ ‘ਗੰਜ-ਏ-ਸ਼ਹੀਦਾਂ’ ਵਿਚ ਚਮਕੌਰ ਸਾਹਿਬ ਅਤੇ ‘ਸ਼ਹੀਦਾਨਿ-ਵਫਾ’ ਵਿਚ ਸਾਕਾ ਸਰਹਿੰਦ ਦਾ ਵਰਣਨ ਜੋਸ਼ੀਲੇ ਤੇ ਸ਼ਰਧਾ ਭਰਪੂਰ ਸ਼ਬਦਾਂ ਵਿਚ ਕੀਤਾ ਹੈ। ਦੋਵਾਂ ਥਾਂਵਾਂ ਬਾਰੇ ਪੜ੍ਹਦਿਆਂ ਅੱਖਾਂ ਸੇਜਲ ਹੋ ਜਾਂਦੀਆਂ ਹਨ। ਅੱਲ੍ਹਾ ਯਾਰ ਖਾਂ ਜਦੋਂ ਸਰਹਿੰਦ ਸ਼ਹੀਦੀ ਦਿਵਸ ‘ਤੇ ਆਇਆ, ਆਪਣੀਆਂ ਕਵਿਤਾਵਾਂ ਪੜ੍ਹ ਕੇ ਸਰੋਤਿਆਂ ਨੂੰ ਰੁਆ ਕੇ ਗਿਆ।
ਹੁਣ ਅਸੀਂ ਇਸ ਸਿੱਟੇ ‘ਤੇ ਪਹੁੰਚ ਗਏ ਹਾਂ ਕਿ ਮਾਤਾ ਸੁੰਦਰ ਕੌਰ ਮਾਤਾ ਸਾਹਿਬ ਕੌਰ , ਪਹਿਲੇ ਵਹੀਰ ਨਾਲ ਚਲੇ ਗਏ ਸਨ। ਉਨ੍ਹਾਂ ਨਾਲ ਗਰਜਾ ਸਿੰਘ, ਜਵਾਹਰ ਸਿੰਘ, ਦਰਬਾਰਾ ਸਿੰਘ, ਸਹਿਜ ਸਿੰਘ, ਮਾਤਾ ਸਾਹਿਬ ਕੌਰ ਦਾ ਭਰਾ ਸਾਹਿਬ ਸਿੰਘ ਸਨ। ਇਹ ਚਲਦੇ-ਚਲਦੇ ਗੁਰੂ ਗੋਬਿੰਦ ਸਿੰਘ ਦੇ ਮਾਮੇ ਮਿਹਰ ਚੰਦ ਦੇ ਘਰ ਲਖਨੌਰ ਪੁੱਜ ਗਏ ਅਤੇ ਫਿਰ ਦਿੱਲੀ ਚਲੇ ਗਏ। ਉਨ੍ਹੀਵੀਂ ਤੇ ਵੀਹਵੀਂ ਸਦੀ ਦੇ ਬਹੁਤ ਸਾਰੇ ਇਤਿਹਾਸਕਾਰਾਂ ਅਨੁਸਾਰ ਭਾਈ ਮਨੀ ਸਿੰਘ ਮਾਤਾਵਾਂ ਨਾਲ ਦਿੱਲੀ ਗਏ।
ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ ਰੱਥ ਵਿਚ ਸਵਾਰ ਹੋ ਕੇ ਉਦੈ ਸਿੰਘ ਦੀ ਨਿਗਰਾਨੀ ਵਿਚ ਦੂਜੇ ਵਹੀਰ ਨਾਲ ਤੋਰ ਦਿੱਤੇ ਸਨ। ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ, ਗੁਰੂ ਜੀ ਦੇ ਨਾਲ ਸਨ। ਜਦੋਂ ਇਹ ਵਹੀਰ ਸ਼ਾਹੀ ਟਿੱਬੀ ਪਹੁੰਚਿਆ ਤਾਂ ਗੁਰੂ ਜੀ ਵੀ ਕੀਰਤਪੁਰ ਤੋਂ ਲੜਦੇ ਹੋਏ ਸ਼ਾਹੀ ਟਿੱਬੀ ਪਹੁੰਚ ਗਏ। ਗੁਰੂ ਜੀ ਪੰਜਾਹ ਸਿੰਘ ਉਦੈ ਸਿੰਘ ਨਾਲ ਛੱਡ ਕੇ ਫੌਜਾਂ ਨੂੰ ਰੋਕੀ ਰੱਖਣ ਅਤੇ ਸ਼ਹੀਦੀਆਂ ਪਾਉਣ ਤੱਕ ਲੜਦੇ ਰਹਿਣ ਲਈ ਕਹਿ ਕੇ ਅਤੇ ਪਿਛੇ ਆ ਰਹੇ ਅਜੀਤ ਸਿੰਘ ਨੂੰ ਅੱਗੇ ਤੋਰਨ ਲਈ ਕਹਿ ਕੇ ਅੱਗੇ ਨਿਕਲ ਗਏ। ਅੱਗੇ ਪਹੁੰਚ ਕੇ ਭਾਈ ਬਚਿੱਤਰ ਸਿੰਘ ਨੂੰ ਸੌ ਕੁ ਸਿੰਘਾਂ ਨਾਲ ਰੋਪੜ ਵਲੋਂ ਆ ਰਹੀ ਸਰਹਿੰਦੀ ਫੌਜ ਨੂੰ ਰੋਕਣ ਲਈ ਭੇਜਿਆ ਤਾਂ ਕਿ ਵਹੀਰ ਬਚ ਕੇ ਨਿਕਲ ਜਾਵੇ। ਭਾਈ ਬਚਿੱਤਰ ਸਿੰਘ ਸਖ਼ਤ ਜ਼ਖ਼ਮੀ ਹੋ ਗਿਆ। ਅਜੀਤ ਸਿੰਘ ਉਸ ਨੂੰ ਲੈ ਕੇ ਕੋਟਲਾ ਨਿਹੰਗ ਖਾਂ ਵਿਚ ਨਿਹੰਗ ਖਾਂ ਦੇ ਘਰ ਲੈ ਗਿਆ। ਗੁਰੂ ਜੀ ਪਹਿਲਾਂ ਹੀ ਉਥੇ ਪੁੱਜੇ ਹੋਏ ਸਨ। ਭਾਈ ਬਚਿੱਤਰ ਸਿੰਘ ਇਥੇ ਹੀ ਪਰਲੋਕ ਸਿਧਾਰ ਗਿਆ। ਗੁਰੂ ਜੀ ਵੱਡੇ ਸਾਹਿਬਜ਼ਾਦਿਆਂ ਨਾਲ ਨਿਹੰਗ ਖਾਂ ਦੇ ਪੁੱਤਰ ਆਲਮ ਜੋ ਰਾਏਕੋਟ ਵਾਲੇ ਰਾਏ ਕੱਲ੍ਹ ਦਾ ਜਵਾਈ ਸੀ, ਦੀ ਸਹਾਇਤਾ ਨਾਲ ਰਾਤ ਨੂੰ ਚਮਕੌਰ ਸਾਹਿਬ ਪਹੁੰਚ ਗਏ। ( ਚਲਦਾ )
ਭਾਗ 2 👉 ਸਿੱਖ ਇਤਿਹਾਸ – ਸ੍ਰੀ ਗੁਰੂ ਗੋਬਿੰਦ ਸਿੰਘ ਜੀ – ਪਰਿਵਾਰ ਦੀ ਸ਼ਹਾਦਤ (ਭਾਗ-੨)
ਸਰਸਾ ਦੇ ਕੰਢੇ ਤੇ ਲੜਾਈ …
ਜਦੋਂ ਅਨੰਦਪੁਰ ਸਾਹਿਬ ਲੜਾਈ ਸ਼ੁਰੂ ਹੋਈ ਸੀ ਗੁਰੂ ਸਾਹਿਬ ਕੋਲ 10000 ਫੌਜ਼ ਸੀ ਹੁਣ ਸਿਰਫ 1500 -1600 ਰਹਿ ਗਏ , ਉਸ ਵਿਚੋਂ ਵੀ ਭੁਖ ਦੇ ਕਾਰਣ ਬਹੁਤੇ ਮਰਨ ਦੇ ਕਿਨਾਰੇ ਪਹੁੰਚ ਚੁਕੇ ਸੀ। ਆਨੰਦਪੁਰ ਦਾ ਕਿਲਾ ਤੇ ਹੋਰ ਗੁਰੂ ਅਸਥਾਨਾਂ ਦੀ ਸੇਵਾ ਭਾਈ ਗੁਰਬਖਸ਼ ਉਦਾਸੀ ਨੂੰ ਸੌਪ ਕੇ ਅਧੀ ਰਾਤੀ ਕਿਲਾ ਖਾਲੀ ਕਰ ਦਿਤਾ। 1500-1600 ਸਿਖ 21 ਦਸੰਬਰ ਦੀ ਬਰਫੀਲੀ ਰਾਤ ਵਿਚ ਭੁਖੇ ਭਾਣੇ ਜਿਸ ਦਲੇਰੀ ਤੇ ਸਾਹਸ ਨਾਲ ਗੁਰੂ ਸਾਹਿਬ ਦੀ ਅਗਵਾਈ ਹੇਠ ਜਾਲਮਾਂ ਦੇ ਘੇਰੇ ਵਿਚੋਂ ਲੰਘ ਕੇ ਜਾ ਰਹੇ ਸੀ ਉਸਦੀ ਦਾਦ ਜਾਲਮ ਤੇ ਲੁਟੇਰੇ ਵੀ ਦੇ ਰਹੇ ਸੀ। ਅਜੇ ਓਹ ਕੀਰਤਪੁਰ ਹੀ ਪਹੁੰਚੇ ਸਨ, ਕਿ ਮੁਗਲਾਂ ਨੇ ਬੜੀ ਬੇਰਹਿਮੀ ਤੇ ਬੇਹਆਈ ਨਾਲ ਕਸਮਾਂ ਵਾਇਦੇ ਛਿਕੇ ਟੰਗ ਕੇ ਥਕੇ ਟੁੱਟੇ, ਭੁਖੇ ਭਾਣੇ ਗਿਣਤੀ ਦੇ ਸਿਖਾਂ ਤੇ ਟੁਟ ਪਏ। ਬਾਬਾ ਅਜੀਤ ਸਿੰਘ, ਭਾਈ ਉਦੈ ਸਿੰਘ, ਭਾਈ ਜੀਵਨ ਸਿੰਘ ਤੇ ਕੁਝ ਹੋਰ ਸਿਖਾਂ ਨੇ ਇਨ੍ਹਾ ਨੂੰ ਇਥੇ ਹੀ ਰੋਕਣ ਦਾ ਫੈਸਲਾ ਕਰ ਲਿਆ ਤਾਕਿ ਓਹ ਗੁਰੂ ਸਾਹਿਬ ਤਕ ਨਾ ਪੁਜ ਸਕਣ। ਸ਼ਾਹੀ ਟਿਬੀ, ਸਰਸਾ ਦੇ ਕੰਢੇ, ਜਿਸ ਸਿਦਕ ਤੇ ਦਲੇਰੀ ਨਾਲ ਇਨਾ ਗਿਣਤੀ ਦੇ ਸਿੰਘਾਂ ਨੇ ਟਾਕਰਾ ਕੀਤਾ ਓਹ ਬੇਮਿਸਾਲ ਸੀ ਜੋ ਜਰਨੈਲ ਜੂਝ ਕੇ ਸ਼ਹੀਦ ਹੋਏ ਉਨ੍ਹਾ ਵਿਚ, ਭਾਈ ਜੀਵਨ ਸਿੰਘ, ਭਾਈ ਬਚਿਤਰ ਸਿੰਘ ਤੇ ਭਾਈ ਉਦੈ ਸਿੰਘ ਜੀ ਸਨ।
ਗੋਲੀਆਂ ਵਰ ਰਹੀਆਂ ਸਨ, ਤੀਰ ਚਲ ਰਹੇ ਸਨ, ਗੁਰੂ ਸਾਹਿਬ ਦੇ ਨਿਤਨੇਮ ਦਾ ਵਕਤ ਹੋ ਗਿਆ ਸੀ। ਗੁਰੂ ਸਾਹਿਬ ਨਿਤਨੇਮ ਦਾ ਪਾਠ ਤੇ ਆਸਾ ਦੀ ਵਾਰ ਦਾ ਕੀਰਤਨ ਕਰ ਰਹੇ ਸੀ। ਕੋਟਲਾ ਨਿਹੰਗ ਸਿੰਘ ਸੰਗਤਾ ਦੀ ਰਾਖੀ ਕਰ ਰਹੇ ਸੀ। ਭਿੰਆਨਕਤਾ ਚਰਮ ਸੀਮਾ ਤਕ ਪਹੁੰਚ ਚੁਕੀ ਸੀ, ਪੰਜਾਬ ਦੀਆ ਠੰਡੀਆਂ ਰਾਤਾਂ, ਬਾਰਸ਼, ਝਖੜ, ਮੀਹ ਵਰਗੀਆਂ ਗੋਲੀਆਂ ਦੀ ਬੁਛਾੜ, ਪਿਛੇ ਲਖਾਂ ਦੀ ਫੌਜ਼, ਚੜ ਆਈ ਸਰਸਾ ਜਿਸ ਨੂੰ ਪਾਰ ਕਰਨਾ ਸੀ, ਦੇ ਵਿਚ ਤਿਲਕਦੀਆਂ ਜਾਨਾਂ , ਜਿਨਾਂ ਵਿਚ ਕਈ ਸ਼ਹੀਦ ਹੋਏ , ਕਈ ਡੁਬੇ, , ਮਸਾਂ ਕੁਝ ਕੁ ਸਿੰਘ ਬਰ੍ਫੀਲੇ ਪਾਣੀ ਦੀ ਫੇਟ ਤੋ ਬਚਕੇ ਪਾਰ ਹੋਏ ਪਰ ਅਜਿਹੇ ਖੇਰੂੰ ਖੇਰੂੰ ਹੋਏ ਕਿ ਆਪਸ ਵਿਚ ਉਨ੍ਹਾ ਦਾ ਮੇਲ ਨਾ ਹੋ ਸਕਿਆ। ਮਾਤਾ ਗੁਜਰ ਕੌਰ ਤੇ ਦੋ ਸਾਹਿਬਜਾਦੇ ਗੰਗੂ ਬ੍ਰਾਹਮਣ ਨਾਲ ਸਰਹੰਦ ਵਲ ਨਿਕਲ ਗਏ। ਭਾਈ ਮਨੀ ਸਿੰਘ ਦੇ ਜਥੇ ਨਾਲ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਤੇ ਪੰਜ ਹੋਰ ਸਿੰਘਾਂ ਦੀ ਮੋਹਾੜ ਦਿਲੀ ਵਾਲੇ ਪਾਸੇ ਹੋ ਗਈ। ਬਹੁਤ ਸਾਰਾ ਸਮਾਨ ਜਿਸ ਵਿਚ ਸਾਲਾਂ ਦੀ ਕੀਤੀ ਮੇਹਨਤ ਦੇ ਨਾਲ ਨਾਲ ਕਈ ਗਰੰਥ ਵੀ ਰੁੜ ਗਏ। ਨੋਂ ਮਣ ਦੇ ਕਰੀਬ ਗੁਰੂ ਸਾਹਿਬ ਦੀਆਂ ਰਚਨਾਵਾਂ ਦੇ ਨਾਲ ਨਾਲ ਹੋਰ ਵੀ ਸਹਿਤ ਸਰਸਾ ਨਦੀ ਦੀ ਭੇਟ ਚੜ ਗਿਆ।
ਪਰਿਵਾਰ ਵਿਚ ਵਿਛੋੜਾ ਪੈ ਗਿਆ, ਤਿੰਨ ਥਾਈਂ ਵੰਡੇ ਗਏ, ਜੋ ਮੁੜ ਕਦੇ ਇੱਕਠੇ ਨਾ ਹੋ ਸਕੇ।
ਗੁਰੂ ਜੀ ਅਤੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਤਕਰੀਬਨ 40 ਸਿੰਘਾਂ ਨਾਲ ਸਰਸਾ ਪਾਰ ਕਰ ਗਏ ਜਦਕਿ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ (ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ) ਗੁਰੂ ਜੀ ਤੋਂ ਵਿਛੜ ਗਏ ਅਤੇ ਅੱਗੇ ਜਾ ਕੇ ਗੰਗੂ ਨੂੰ ਮਿਲ ਪਏ ਅਤੇ ਉਸਦੇ ਨਾਲ ਉਸਦੇ ਘਰ ਚਲੇ ਗਏ। ਸਾਹਿਬਜ਼ਾਦਿਆਂ ਦੀ ਮਾਤਾਵਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜੀ ਅਤੇ ਕੁੱਝ ਸਿੰਘ ਦਿੱਲੀ ਪਹੁੰਚ ਗਏ।
ਇਸ ਜਗ੍ਹਾ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਸਥਾਪਤ ਹੈ, ਜਿਸ ਦੇ ਦਰਸ਼ਨ ਹਰ ਇੱਕ ਨੂੰ ਕਰਨੇ ਚਾਹੀਦੇ ਹਨ। ਉੱਥੇ ਜਾ ਕੇ ਤੇ ਆਲਾ-ਦੁਆਲਾ ਦੇਖ ਕੇ ਅੱਜ ਵੀ ਮਹਿਸੂਸ ਹੁੰਦਾ ਹੈ ਕਿ ਕਿਹੋ ਜਿਹੇ ਹੋਣਗੇ ਉਹ ਦਿਨ, ਜਦ ਗੁਰੂ ਸਾਹਿਬ ਦਾ ਪਰਿਵਾਰ ਵਿੱਛੜਿਆ ਅਤੇ ਸਿੱਖ ਜੰਗ ਲੜਦਿਆਂ ਸ਼ਹੀਦ ਹੋਏ।
ਗੁਰੂ ਸਾਹਿਬ ਆਪਣੇ ਦੋਨੋ ਸਾਹਿਬਜ਼ਾਦਿਆਂ ਤੇ ਗਿਣਤੀ ਦੇ ਕੁਛ ਸਿੰਘਾਂ ਨਾਲ ਵਸਦੇ ਮੀਹ, ਭਿਜੇ ਹੋਏ ਕਪੜੇ, ਥਕੇ, ਭੁਖੇ ਸਰੀਰਾਂ ਨੂੰ ਠੇਲਦੇ ਰੋਪੜ ਪਹੁੰਚੇ ਜਿਥੇ ਉਥੋਂ ਦੇ ਪਠਾਣਾ ਨੇ ਉਨ੍ਹਾ ਦਾ ਤਲਵਾਰਾਂ ਨਾਲ ਸਵਾਗਤ ਕੀਤਾ। ਮੁਕਾਬਲਾ ਕਰਦੇ ਕਰਦੇ ਓਹ ਚਮਕੌਰ ਦੀ ਗੜੀ ਤਕ ਪਹੁੰਚ ਗਏ। ਇਥੋਂ ਦੇ ਜ਼ਮੀਦਾਰ ਚੌਧਰੀ ਬੁਧੀ ਚੰਦ ਨੇ ਆਪਜੀ ਨੂੰ ਬੇਨਤੀ ਕੀਤੀ ਕਿ ਖੁਲੇ ਮੈਦਾਨ ਨਾਲੋਂ ਗੜੀ ਵਿਚ ਕੁਝ ਬਚਾਓ ਹੋ ਜਾਏਗਾ। ਕੁਰਕਸ਼ੇਤਰ ਤੋਂ ਮੁੜਦਿਆਂ ਵੀ ਓਹ ਇਸੇ ਹਵੇਲੀ ਵਿਚ ਠਹਿਰੇ ਸੀ। ਗੁਰੂ ਸਾਹਿਬ ਨੇ ਇਥੇ ਰੁਕਣ ਤੇ ਆਖਰੀ ਦਮ ਤਕ ਝੂਝਣ ਦਾ ਫੈਸਲਾ ਕਰ ਲਿਆ। ਗੁਰੂ ਸਾਹਿਬ ਦਾ ਕਾਫਲਾ ਚਮਕੌਰ ਦੇ ਆਸ ਪਾਸ ਪਹੁੰਚ ਗਿਆ ਹੈ ਇਹ ਖਬਰ ਸਰਹੰਦ ਤਕ ਪਹੁੰਚ ਗਈ। ਨਵਾਬ ਨੇ ਤੁਰੰਤ ਆਪਣੀ ਸੈਨਾ ਚਮਕੌਰ ਸਾਹਿਬ ਵਲ ਭੇਜ ਦਿਤੀ ਤਾਕਿ ਰਾਤੋ ਰਾਤ ਗੁਰੂ ਸਾਹਿਬ ਨੂੰ ਘੇਰ ਕੇ ਪਕੜ ਲਿਆ ਜਾਏ ਰਸਤੇ ਵਿਚੋਂ ਪਿੰਡਾ ਦੇ ਅਨੇਕ ਮੁਲਖਈਆਂ ਨੂੰ ਇਕਠਾ ਕਰ ਲਿਆ।
ਜਿਸ ਦਮ ਹੁਏ ਚਮਕੌਰ ਮੈਂ ਸਿੰਘੋਂ ਕੇ ਉਤਾਰੇ
ਬਿਫਰੇ ਹੁਏ ਸਤਿਗੁਰੁ ਕੇ ਦੁਲਾਰੇ ਨਜਰ ਆਏ
ਕਹਿਤੇ ਥੇ ਹਮੇ ਇਜਾਜ਼ਤ ਹੀ ਨਹੀਂ ਹੈ ਰਣ ਕੀ
ਮਟੀ ਤਕ ਉੜਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ ।
ਚਮਕੌਰ ਦੀ ਜੰਗ ਵਿੱਚ 40 ਸਿੰਘਾਂ ਨਾਲ ਲੜਨ ਵਾਲੀਆਂ ਫੌਜਾਂ ਇਹ ਸਨ ! ਔਰੰਗਜੇਬ ਦੀ ਫੌਜ਼ ਵਜੀਰ ਖਾਨ ਦੀ ਅਗਵਾਈ ਵਿੱਚ ਬਾਈ ਧਾਰ ਦੇ ਹਿੰਦੂ ਰਾਜਿਆਂ ਦੀ ਫੌਜ਼ ਵਿੱਚ।
ਰਾਜਾ ਕਹਿਲੂਰ ਦੀ ਫੌਜ
ਰਾਜਾ ਬੜੌਲੀ ਦੀ ਫੌਜ ,
ਰਾਜਾ ਕਸੌਲੀ ਦੀ ਫੌਜ ,
ਰਾਜਾ ਕਾਂਗੜਾ ਦੀ ਫੌਜ ,
ਰਾਜਾ ਨਦੌਨ ਦੀ ਫੌਜ ,
ਰਾਜਾ ਨਾਹਨ ਦੀ ਫੌਜ ,
ਰਾਜਾ ਬੁੜੈਲ ਦੀ ਫੌਜ ,
ਰਾਜਾ ਚੰਬਾ ਦੀ ਫੌਜ ,
ਰਾਜਾ ਭੰਬੋਰ ਦੀ ਫੌਜ ,
ਰਾਜਾ ਚੰਬੇਲੀ ਦੀ ਫੌਜ ,
ਰਾਜਾ ਜੰਮੂ ਦੀ ਫੌਜ ,
ਰਾਜਾ ਨੂਰਪੁਰ ਦੀ ਫੌਜ ,
ਰਾਜਾ ਜਸਵਾਲ ਦੀ ਫੌਜ ,
ਰਾਜਾ ਸ੍ਰੀਨਗਰ ਦੀ ਫੌਜ ,
ਰਾਜਾ ਗੜ੍ਹਵਾਲ ਦੀ ਫੌਜ ,
ਰਾਜਾ ਹਿੰਡੌਰ ਦੀ ਫੌਜ ,
ਰਾਜਾ ਮੰਡੀ ਦੀ ਫੌਜ ,
ਰਾਜਾ ਭੀਮ ਚੰਦ ਦੀ ਫੌਜ ,
( ਚਲਦਾ )
ਭਾਗ 3 👉 ਸਿੱਖ ਇਤਿਹਾਸ – ਸ੍ਰੀ ਗੁਰੂ ਗੋਬਿੰਦ ਸਿੰਘ ਜੀ – ਪਰਿਵਾਰ ਦੀ ਸ਼ਹਾਦਤ (ਭਾਗ-੩)

ਚਮਕੌਰ ਦੀ ਜੰਗ ਵਿੱਚ ਭਾਈ ਸੰਗਤ ਸਿੰਘ ਜੀ ਤੇ ਕੁਝ ਰਹਿੰਦੇ ਸਿੰਘਾਂ ਦੀ ਸ਼ਹਾਦਤ …
ਦਸਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਟਨਾ ਸਾਹਿਬ ਵਿਖੇ 1666 ਈ. ਦੇ ਪ੍ਰਕਾਸ਼ ਤੋਂ 3-4 ਮਹੀਨੇ ਦੇ ਫ਼ਰਕ ਨਾਲ ਭਾਵ 25 ਅਪ੍ਰੈਲ 1667 ਈ. ਨੂੰ ਭਾਈ ਸੰਗਤ ਸਿੰਘ ਜੀ ਨੇ ਭਾਈ ਰਣੀਆ ਜੀ ਤੇ ਬੀਬੀ ਅਮਰੋ ਜੀ ਦੇ ਗ੍ਰਹਿ ਵਿਖੇ ਜਨਮ ਲਿਆ। ਭਾਈ ਸੰਗਤ ਸਿੰਘ ਜੀ ਦਾ ਚਿਹਰਾ-ਮੋਹਰਾ ਹੂ-ਬ-ਹੂ ਦਸਮੇਸ਼ ਪਿਤਾ ਦੇ ਚਿਹਰੇ ਨਾਲ ਮੇਲ ਖਾਂਦਾ ਸੀ।ਇਸ ਕਰਕੇ ਚਮਕੌਰ ਦੀ ਗੜ੍ਹੀ ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਸੰਗਤ ਸਿੰਘ ਜੀ ਦੇ ਸਿਰ ਉੱਪਰ ਕਲਗੀ ਸਜਾ ਕੇ ਤੇ ਦੁਸ਼ਮਨ ਨੂੰ ਲਲਕਾਰ ਕੇ ਨਿਕਲੇ ਸਨ। ਆਉ ਸੰਗਤ ਜੀ ਤਹਾਨੂੰ ਚਮਕੌਰ ਦੀ ਗੜ੍ਹੀ ਵਿੱਚ ਲੈ ਕੇ ਚਲਦੇ ਹਾਂ।
ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਥਾਪੜਾ ਦੇ ਕੇ ਉਨ੍ਹਾਂ ਨਾਲ ਹੋਰ ਸਿੰਘਾਂ ਨੂੰ ਥਾਪੜਾ ਦੇ ਕੇ ਜੰਗ ਵੱਲ ਤੋਰ ਦਿੱਤਾ। ਬਾਬਾ ਅਜੀਤ ਸਿੰਘ ਤੇ ਹੋਰ ਸਿੰਘ ਇਸ ਮੌਕੇ ਰਹਿੰਦੇ ਪ੍ਰਾਣਾਂ ਤਕ ਦੁਸ਼ਮਣਾਂ ਦੇ ਆਹੂ ਲਾਹੁੰਦੇ ਆਖ਼ਰ ਸ਼ਹਾਦਤ ਦਾ ਜਾਮ ਪੀ ਗਏ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਯੁੱਧ ਦਾ ਸਾਰਾ ਨਜ਼ਾਰਾ ਆਪਣੀ ਅੱਖੀਂ ਦੇਖ ਜੈਕਾਰਾ ਗਜਾਉਂਦੇ ਬਚਨ ਕੀਤੇ-ਆਜ ਖ਼ਾਸ ਭਯੋ ਖਾਲਸਾ, ਸਤਿਗੁਰੁ ਕੇ ਦਰਬਾਰ।
ਇਸ ਤੋਂ ਬਾਅਦ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਜੰਗ ਲਈ ਆਪਣੇ ਹੱਥੀਂ ਤਿਆਰ ਕਰ ਗੁਰੂ ਜੀ ਨੇ ਹੋਰ ਸਿੰਘ ਨਾਲ ਤੋਰੇ। ਉਸ ਸਮੇਂ ਬਾਬਾ ਜੁਝਾਰ ਸਿੰਘ ਜੀ ਦੇ ਮੈਦਾਨ ਵਿਚ ਆਉਣ ਨਾਲ ਯੁੱਧ ਇਕ ਵਾਰ ਫੇਰ ਭੱਖ ਪਿਆ। ਮੁਗ਼ਲ ਫੌਜਾਂ ਦੀ ਗਿਣਤੀ ਵੱਧ ਹੋਣ ਕਰਕੇ ਉਨ੍ਹਾਂ ਦੇ ਹੌਸਲੇ ਵਧੇ ਹੋਏ ਸਨ ਤੇ ਉਨ੍ਹਾਂ ਨੇ ਸਾਹਿਬਜ਼ਾਦੇ ਸਮੇਤ ਸਾਰੇ ਸਿੰਘਾਂ ਨੂੰ ਘੇਰੇ ਵਿਚ ਲੈ ਲਿਆ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇਜ਼ਾ ਹੱਥ ਵਿਚ ਫੜ ਦੁਸ਼ਮਣਾਂ ਨੂੰ ਕੂਚੀਆਂ ਵਾਂਗ ਉਸ ਵਿਚ ਪਰੋ-ਪਰੋ ਕੇ ਸੁੱਟਦੇ ਰਹੇ। ਉੱਪਰੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਯੁੱਧ ਵਿਚ ਚਾਰੇ ਪਾਸੇ ਤੋਂ ਸਾਹਿਬਜ਼ਾਦੇ ਸਮੇਤ ਸਿੰਘਾਂ ਨੂੰ ਘਿਰੇ ਦੇਖ ਤੀਰਾਂ ਦੀ ਬੁਛਾੜ ਲਗਾ ਦਿੱਤੀ। ਇਸ ਤਰ੍ਹਾਂ ਘੇਰਾ ਟੁੱਟ ਗਿਆ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਤਲਵਾਰ ਦੇ ਜੌਹਰ ਦਿਖਾ ਅਨੇਕਾਂ ਦੁਸ਼ਮਣਾਂ ਨੂੰ ਪਾਰ ਬੁਲਾਇਆ। ਅੰਤ ਵੈਰੀ ਦਲ ਨਾਲ ਜੂਝਦੇ ਹੋਏ ਬਾਬਾ ਜੁਝਾਰ ਸਿੰਘ ਜੀ ਵੀ ਇਕ ਮਹਾਨ ਸੂਰਬੀਰ ਯੋਧੇ ਦੀ ਤਰ੍ਹਾਂ ਸ਼ਹਾਦਤ ਦਾ ਜਾਮ ਪੀ ਗਏ। ਮਿਰਜ਼ਾ ਅਬਦੁਲ ਗ਼ਨੀ ਲਿਖਦਾ ਹੈ ਕਿ-
ਬੇਟੇ ਕੇ ਕਤਲ ਹੋਨੇ ਕੀ ਪਹੁੰਚੀ ਯੂੰਹੀ ਖ਼ਬਰ।ਸ਼ੁਕਰੇ ਅੱਲਾਹ ਕੀਆ ਉਠਾ ਕੇ ਸਰ।
ਮੁਝ ਪਰ ਸੇ ਆਜ ਤੇਰੀ ਅਮਾਨਤ ਅਦਾ ਹੂਈ।ਬੇਟੋਂ ਕੀ ਜਾਂ, ਧਰਮ ਕੀ ਖ਼ਾਤਿਰ ਫ਼ਿਦਾ ਹੂਈ।
ਹੁਣ ਵੈਰੀ ਦਲ ਦੇ ਜਰਨੈਲਾਂ ਰਲ ਸਲਾਹ ਕੀਤੀ ਕਿ ਸਵੇਰ ਦੀ ਲੜਾਈ ਵਾਸਤੇ ਗੜ੍ਹੀ ਅੰਦਰ ਗਿਣਤੀ ਦੇ ਸਿੰਘਾਂ ਨੂੰ ਹੱਥੋ-ਹੱਥੀ ਫੜ ਲਿਆ ਜਾਵੇ। ਇਸ ਤਰ੍ਹਾਂ ਅਜਿਹਾ ਮਤਾ ਪਕਾ ਕੇ ਦੁਸ਼ਮਣ ਦਲ ਦੀਆਂ ਫੌਜਾਂ ਗੜ੍ਹੀ ਦੁਆਲੇ ਪਹਿਰੇ ਦੀ ਤਕੜਾਈ ਕਰ ਆਰਾਮ ਕਰਨ ਲੱਗ ਪਈਆਂ। ਉਧਰ ਬਚਦੇ ਸਿੰਘਾਂ ਨੇ ਗੁਰਮਤੇ ਸੋਧਣੇ ਸ਼ੁਰੂ ਕਰ ਦਿੱਤੇ। ਵਿਚਾਰ ਕੀਤੀ ਗਈ ਕਿ ਅੱਜ ਹੀ ਰਾਤੀਂ ਦਸਮੇਸ਼ ਜੀ ਗੜ੍ਹੀ ਛੱਡ ਕੇ ਚਲੇ ਜਾਣ ਤਾਂ ਜੋ ਬਾਹਰ ਜਾ ਕੇ ਸੁਰੱਖਿਅਤ ਸਥਾਨ ਤੇ ਹੋਰ ਫੌਜਾਂ ਦੀ ਤਿਆਰੀ ਕਰ ਸਕਣ ਪ੍ਰੰਤੂ ਗੁਰੂ ਜੀ ਨੇ ਨਾਂਹ ਕਰ ਦਿੱਤੀ। ਗੜ੍ਹੀ ਵਿਚ ਬਾਕੀ ਰਹਿੰਦੇ ਸਿੰਘਾਂ ਨੇ ਪੰਜ ਪਿਆਰੇ ਚੁਣੇ ਤੇ ਮਤਾ ਪਕਾਇਆ। ਭਾਈ ਦਇਆ ਸਿੰਘ ਜੀ ਨੇ ਮਤਾ ਪੜ੍ਹ ਕੇ ਸੁਣਾਉਂਦਿਆਂ “ਗੁਰੂ ਪੰਥ” ਵੱਲੋਂ ਗੁਰੂ ਜੀ ਨੂੰ ਗੜ੍ਹੀ ਛੱਡ ਕੇ ਸੁਰੱਖਿਅਤ ਸਥਾਨ ਵੱਲ ਜਾਣ ਬਾਰੇ “ਹੁਕਮ” ਸੁਣਾਇਆ। “ਆਪੇ ਗੁਰ ਚੇਲਾ” ਦੇ ਵਾਕ ਨੂੰ ਸੱਚਾ ਕਰ ਵਿਖਾਉਣ ਹਿਤ ਪੰਥ ਗੁਰੂ ਦੇ ਹੁਕਮ ਅੱਗੇ ਸਿਰ ਨਿਵਾਇਆ, ਪ੍ਰੰਤੂ ਕਿਹਾ ਕਿ ਜਾਣ ਤੋਂ ਪਹਿਲੇ ਦੁਸ਼ਮਣ ਨੂੰ ਵੰਗਾਰ ਕੇ ਜਾਣਗੇ, ਇਹ ਬੇਨਤੀ “ਗੁਰੂ ਪੰਥ” ਅੱਗੇ ਕੀਤੀ ਜੋ ਪ੍ਰਵਾਨ ਕਰ ਲਈ ਗਈ। ਦਸਮੇਸ਼ ਪਿਤਾ ਨੇ ਤਿੰਨ ਸਿੰਘ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਆਪਣੇ ਨਾਲ ਲੈ ਜਾਣ ਦੀ ਵਿਉਂਤ ਬਣਾਈ। ਆਪਣੇ ਮੂੰਹ-ਮੁਹਾਂਦਰੇ ਵਾਲੇ ਹਮਸ਼ਕਲ ਭਾਈ ਸੰਗਤ ਸਿੰਘ ਨੂੰ ਆਪਣੀ ਪੁਸ਼ਾਕ ਅਤੇ ਜਿਗ੍ਹਾ ਕਲਗੀ ਪਹਿਨਾ ਕੇ ਗੜ੍ਹੀ ਦੀ ਉੱਚੀ ਮਮਟੀ (ਗੁੰਬਦ) ਉੱਤੇ ਬੈਠਣ ਦੀ ਸਲਾਹ ਦਿੱਤੀ ਕਿਉਂਕਿ ਅਜਿਹਾ ਕਰਨ ਨਾਲ ਦੁਸ਼ਮਣ ਨੂੰ ਗੁਰੂ ਸਾਹਿਬ ਦੀ ਮੌਜੂਦਗੀ ਦਾ ਅਹਿਸਾਸ ਹੋ ਸਕੇ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਭਾਈ ਸੰਗਤ ਸਿੰਘ ਜੀ ਨੂੰ ਤੇ ਹੋਰ ਸਿੰਘਾਂ ਨੂੰ ਦੂਸਰੇ ਦਿਨ ਦੀ ਲੜਾਈ ਵਿਚ ਅਪਨਾਉਣ ਯੋਗ ਨੀਤੀ ਬਾਰੇ ਉਪਦੇਸ਼ ਦਿੱਤਾ। ਗੁਰੂ ਜੀ ਨੇ ਆਪਣਾ ਤੀਰ ਕਮਾਨ ਤੇ ਹੋਰ ਸ਼ਸਤਰ ਬਾਬਾ ਜੀ ਨੂੰ ਦੇ ਕੇ ਕਿਹਾ ਕਿ ਜਿਉਂਦੇ-ਜੀਅ ਦੁਸ਼ਮਣ ਦੇ ਹੱਥ ਨਹੀਂ ਆਉਣਾ।
ਅਗਲੀ ਸਵੇਰ 9 ਪੋਹ, 1761 ਬਿਕ੍ਰਮੀ ਦਿਨ ਚੜ੍ਹਿਆ ਮੁਗ਼ਲਾਂ ਨੇ ਗੜ੍ਹੀ ਵੱਲ ਨਜ਼ਰ ਮਾਰੀ, ਉਨ੍ਹਾਂ ਨੂੰ ਮਮਟੀ ’ਤੇ ਬੈਠਾ ਭਾਈ ਸੰਗਤ ਸਿੰਘ, ਸ੍ਰੀ ਗੁਰੂ ਗੋਬਿੰਦ ਸਿੰਘ ਦਿਖਾਈ ਦੇ ਰਿਹਾ ਸੀ ਤੇ ਮੁਗ਼ਲ ਬੜੇ ਹੀ ਖੁਸ਼ ਹੋਏ ਕਿ ਗੜ੍ਹੀ ਵਿਚ ਪੰਜ-ਸੱਤ ਸਿੰਘ ਹਨ, ਇਕ ਹੱਲੇ ਨਾਲ ਹੀ ਗੜ੍ਹੀ ਸਰ ਕਰ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਊਂਦਿਆਂ ਹੀ ਫੜ ਲਿਆ ਜਾਵੇਗਾ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਕਾਫ਼ੀ ਇਨਾਮੋਕਰਮ ਮਿਲੇਗਾ। ਇਹ ਸੋਚ ਕੇ ਮੁਗ਼ਲਾਂ ਨੇ ਗੜ੍ਹੀ ’ਤੇ ਹਮਲਾ ਕਰ ਦਿੱਤਾ। ਮੁੱਠੀ-ਭਰ ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ, ਜਿੰਨਾ ਚਿਰ ਉਨ੍ਹਾਂ ਪਾਸ ਗੋਲੀ-ਸਿੱਕੇ ਦਾ ਭੰਡਾਰ ਰਿਹਾ ਦੁਸ਼ਮਣ ਨੂੰ ਲਾਗੇ ਨਹੀਂ ਢੁਕਣ ਦਿੱਤਾ। ਜਦੋਂ ਤੀਰ ਤੇ ਗੋਲੀ-ਸਿੱਕਾ ਮੁੱਕ ਗਿਆ ਤਾਂ ਲੜਾਈ ਹੱਥੋ-ਹੱਥੀ ਹੋ ਗਈ। ਇਕ-ਇਕ ਕਰ ਕੇ ਸਾਰੇ ਸਿੰਘ ਜਾਮ-ਏ-ਸ਼ਹਾਦਤ ਪੀ ਗਏ। ਭਾਈ ਸੰਗਤ ਸਿੰਘ ਜੀ ਚਾਰੇ ਪਾਸੇ ਤੋਂ ਦੁਸ਼ਮਣ ਵਿੱਚ ਘਿਰੇ ਹੋਏ ਵੈਰੀਆਂ ਦੇ ਆਹੂ ਲਾਹੁੰਦੇ ਰਹੇ। ਕਈ ਘੰਟੇ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਆਖ਼ਿਰ “ਫ਼ਤਹਿ ਗਜਾ” ਧਰਤੀ ’ਤੇ ਡਿੱਗ ਪਏ। ਮੁਗ਼ਲਾਂ ਨੇ ਕਾਹਲੀ ’ਚ ਇਹ ਸੋਚ ਲਿਆ ਕਿ ਇਹ ਕਲਗੀ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਹਨ। ਇਕ ਪਠਾਣ ਨੇ ਕਲਗੀ ਵਾਲਾ ਸਿਰ ਧੜ ਨਾਲੋਂ ਜੁਦਾ ਕਰ ਦਿੱਤਾ। ਭਾਈ ਕੁਇਰ ਸਿੰਘ ਲਿਖਦੇ ਹਨ-
ਕਲਗੀ ਜਿਗ੍ਹਾ ਔਰ ਯਹ ਹੋਈ। ਗੁਰੂ ਗੋਬਿੰਦ ਇਹੈ ਹੈ ਸੋਈ। ਮਾਰ ਸ਼ੀਸ਼-ਸ਼ਮਸ਼ੇਰ ਪਠਾਨਾਂ। ਸੀਸ ਰਹਿਤ ਕਲਗੀ ਲੀ ਮਾਨਾ।
ਇਹ ਸੀ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਿਰਾਲੀ ਖੇਡ-
ਸੀਸ ਨਿਹਾਰ ਬੰਗੇਸਰ ਕੋ ਬੋਲਤ ਹੈ ਸਭ ਨਰ ਨਾਰੀ। ਏਕ ਕਹੇ ਕਰੁਨਾ ਨਿਧ ਕੋ, ਇਕ ਭਾਖਤ ਹੈ ਇਹ ਖੇਲ ਅਪਾਰੀ।
ਭਾਈ ਸੰਗਤ ਸਿੰਘ ਜੀ ਜਿਵੇਂ ਪੁਕਾਰ, ਜੋਦੜੀ ਕਰ ਰਹੇ ਹੋਵਣ ਦਸਮ-ਪਿਤਾ ਅੱਗੇ ਕਿ-ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ॥ ਉਰਿ ਲਾਗਹੁ ਸੁਆਮੀ ਪ੍ਰਭ ਮੇਰੇ ਪੂਰਬ ਪ੍ਰੀਤਿ ਗੋਬਿੰਦ ਬੀਚਾਰਹੁ॥(੮੨੯) ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ (੨੬)
ਉਸ ਵੇਲੇ ਰੌਲਾ ਪੈ ਗਿਆ ਕਿ ਸਿੱਖਾਂ ਦਾ ਗੁਰੂ ਗਿਆ ਜੇ ਫੜੋ! ਸਿੱਖਾਂ ਦਾ ਗੁਰੂ ਗਿਆ ਜੇ ਫੜੋ!! ਹੁਣ ਬਚ ਕੇ ਕਿਤੇ ਨਿਕਲ ਨਾ ਜਾਵੇ। ਇਹ ਬੋਲ ਸਰਹਿੰਦ ਦੇ ਘਬਰਾਏ ਹੋਏ ਸੂਬੇਦਾਰ ਵਜ਼ੀਰ ਖਾਨ ਦੇ ਹਨ। ਜਦੋਂ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਚਮਕੌਰ ਦੀ ਲੜਾਈ ਦੇ ਅੰਤਿਮ ਦਿਨਾਂ ਵਿਚ, ਗੁਰੂ ਰੂਪ ਪੰਜ ਪਿਆਰਿਆਂ ਨੇ ਆਦੇਸ਼ ਦਿੱਤਾ ਕਿ ”ਉਹ ਚਮਕੌਰ ਦੀ ਹਵੇਲੀ ਛੱਡ ਜਾਣ” ਮਹਾਬਲੀ ਸਤਿਗੁਰੂ ਜੀ ਨੇ ਪੰਚ-ਪ੍ਰਧਾਨੀ ਪ੍ਰੰਪਰਾ ਅਰਥਾਤ ਖਾਲਸਾ ਪੰਥ ਦੇ ਹੁਕਮ ਨੂੰ ਸਿਰ-ਮੱਥੇ ਮੰਨ ਕੇ, ਪੋਹ ਦੀ ਕਾਲੀ-ਬੋਲ਼ੀ ਰਾਤ ਨੂੰ, ਜ਼ੋਰ-ਜ਼ੋਰ ਨਾਲ ਹੱਥਾਂ ਦੀ ਤਾੜੀ ਮਾਰ ਕੇ, ਉੱਚੀ ਆਵਾਜ਼ ਨਾਲ ਕਿਹਾ, ਸਿੱਖਾਂ ਦਾ ਗੁਰੂ ਚੱਲਿਆ ਜੇ! ਜੇ ਕਿਸੇ ਵਿਚ ਹਿੰਮਤ ਹੈ ਤਾਂ ਫੜ ਲਓ। ਜਦੋਂ ਨਿਰਭੈ ਮਹਾਬਲੀ ਗੁਰੂ ਜੀ ਨੇ ਅਜਿਹੇ ਬੋਲ ਕਹੇ ਤਾਂ ਮੁਗਲ ਫੌਜਾਂ ਵਿਚ ਭਗਦੜ ਮਚ ਗਈ। ਵਜ਼ੀਰ ਖਾਨ ਨੇ ਆਪਣੇ ਸੈਨਾਪਤੀਆਂ ਨੂੰ ਟਿਕਣ ਨਾ ਦਿੱਤਾ। ਹੁਣ ਕਿਤੇ ਵੇਲਾ ਖੁੰਝ ਨਾ ਜਾਵੇ, ਤਕੜੇ ਹੋ ਕੇ ਹਿੰਮਤ ਮਾਰ ਕੇ ਗੁਰੂ ਨੂੰ ਜਿਉਂਦਾ ਹੀ ਫੜ ਲਓ। ਵਜ਼ੀਰ ਖਾਨ ਆਪਣੀਆਂ ਫੌਜਾਂ ਨੂੰ ਵੰਗਾਰ-ਵੰਗਾਰ ਕੇ ਕਹਿ ਰਿਹਾ ਸੀ।
ਅਕਾਲ ਪੁਰਖ ਦੇ ਰੰਗ ਨਿਆਰੇ ਹਨ। ਕਾਲੀ ਬੋਲ਼ੀ ਤੇ ਠੰਡੀ ਰਾਤ ਦੇ ਹਨੇਰੇ ਵਿਚ ਹੜਬੜਾਏ ਹੋਏ, ਮੁਗਲ ਫੌਜੀ ਆਪੋ ਵਿਚ ਹੀ ਲੜ-ਲੜ ਕੇ ਮਰਨ ਲੱਗ ਪਏ। ਸਵੇਰੇ ਪਹੁ-ਫੁਟਾਲੇ ਨਾਲ, ਜਦੋਂ ਸੂਰਜ ਦੀਆਂ ਕਿਰਨਾਂ ਨਿਕਲੀਆਂ ਤਾਂ ਉਨ੍ਹਾਂ ਨੇ ਛੱਤ ਉੱਪਰ ਬੈਠੇ ਹੋਏ ਗੁਰੂ ਜੀ ਨੂੰ ਦੇਖਿਆ। ਵਾਸਤਵ ਵਿਚ ਸਤਿਗੁਰੂ ਜੀ ਦੁਆਰਾ ਬਖਸ਼ਿਆ ਹੋਇਆ ਚੋਲਾ ਅਤੇ ਕਲਗੀ ਸਜਾਈ ਬੈਠਾ, ਇਹ ਭਾਈ ਸੰਗਤ ਸਿੰਘ ਨਿਰਭੈ ਯੋਧਾ ਸੀ। ਭਾਈ ਸੰਗਤ ਸਿੰਘ ਜੀ ਦੀ ਸ਼ਕਲ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਸੂਰਤ ਨਾਲ ਰਲਦੀ-ਮਿਲਦੀ ਸੀ। ਵਜ਼ੀਰ ਖਾਨ ਨੇ ਖੁਦ ਅੱਖੀਂ ਦੇਖ ਲਿਆ ਕਿ ਗੁਰੂ ਗੋਬਿੰਦ ਸਿੰਘ ਤਾਂ ਸਾਹਮਣੇ ਹਵੇਲੀ ਉੱਪਰ ਬੈਠੇ ਹੋਏ ਹਨ। ਕਲਗੀ, ਸ਼ਕਲ, ਕੱਦ ਅਤੇ ਚੋਲਾ ਵੀ ਉਹੀ ਹੈ।…ਤਾਂ ਵਜ਼ੀਰ ਖਾਂ ਨੂੰ ਕੜਾਕੇਦਾਰ ਠੰਡ ਵਿਚ ਹੀ ਤ੍ਰੇਲੀਆਂ ਆਉਣ ਲੱਗ ਪਈਆਂ। ਸਾਰਾ ਸਰੀਰ ਪਸੀਨੇ ਨਾਲ ਭਿੱਜ ਗਿਆ। ਹੈਂ! ਗੁਰੂ ਅਜੇ ਜਿਉਂਦਾ ਹੈ? ਰਾਤ ਉਹ ਕੌਣ ਜਿਸਨੇ ਮੇਰੀ ਅਣਖ ਨੂੰ ਤਾੜੀ ਮਾਰ ਕੇ, ਉੱਚੀ ਬੋਲ ਕੇ ਵੰਗਾਰਿਆ ਸੀ? ਏਨੀ ਸੈਨਾ ਵੀ ਮਰ ਗਈ। ਲਾਸ਼ਾਂ ਪਰ ਲਾਸ਼ਾਂ ਪਈਆਂ ਹੋਈਆਂ ਹਨ ਪਰ ਗੁਰੂ ਅਜੇ ਵੀ ਜਿਉਂਦਾ ਹੈ? ਹੇ ਖੁਦਾ! ਇਹ ਸਿੰਘ ਕਿਸ ਮਿੱਟੀ ਦੇ ਬਣੇ ਹੋਏ ਹਨ, ਇਨ੍ਹਾਂ ਨੂੰ ਨਾਂ ਭੁੱਖ ਲੱਗਦੀ, ਨਾਂ ਪਿਆਸ, ਨਾਂ ਹੀ ਇਹ ਕਿਸੇ ਤੋਂ ਡਰਦੇ ਹਨ। ਜੇ ਅਸੀਂ ਇਨ੍ਹਾਂ ਨੂੰ ਲਲਕਾਰਦੇ ਹਾਂ ਤਾਂ ਸਾਡੀ ਸ਼ਾਹ ਰਗ ਨੂੰ ਐਸਾ ਹੱਥ ਪਾਉਂਦੇ ਹਨ ਕਿ ਕਿਸੇ ਨੂੰ ਜਿਉਂਦਾ ਵਾਪਸ ਮੁੜਨ ਹੀ ਨਹੀਂ ਦਿੰਦੇ। ਗਿਣਤੀ ਦੇ ਕੁਝ ਦਰਜਨ ਕੁ ਸਿੰਘਾਂ ਨੇ ਸਾਡੀ ਫੌਜ ਲੱਗਭਗ ਖਤਮ ਹੀ ਕਰ ਦਿੱਤੀ ਹੈ। ਵੱਡੇ-ਵੱਡੇ ਸੈਨਾਪਤੀ ਨਹੀਂ ਰਹੇ, ਵਜ਼ੀਰ ਖਾਨ ਦੇ ਕਮਾਂਡਰ ਇਕੱਠੇ ਹੋਏ। ਸੈਨਾਪਤੀ ਨੂਰ ਖਾਂ ਨੇ ਆਖਿਆ, ਸਿੱਖਾਂ ਵਿਚ ਕੋਈ ਜਾਦੂ-ਸ਼ਕਤੀ ਕੰਮ ਕਰਦੀ ਹੈ। ਉਨ੍ਹਾਂ ਦੀ ਪਿੱਠ ਪਿੱਛੇ ਜ਼ਰੂਰ ਕੋਈ ਤਾਕਤ ਹੈ। ਗੁਰੂ ਦੀ ਸ਼ਕਤੀ ਦਾ ਤਾਂ ਅੰਦਾਜ਼ਾ ਹੀ ਬੇਹਿਸਾਬ ਹੈ, ਉਸਦੇ ਤਾਂ ਸਿੱਖ ਹੀ ਸਾਡੀ ਪੇਸ਼ ਨਹੀਂ ਜਾਣ ਦਿੰਦੇ। ਸਿੱਖਾਂ ਦਾ ਗੁਰੂ ਜੇਕਰ ਇਕ ਤੀਰ ਮਾਰਦਾ ਹੈ ਤਾਂ ਸਾਡੇ ਚਾਰ-ਚਾਰ, ਪੰਜ-ਪੰਜ ਸੂਰਮਿਆਂ ਨੂੰ ਵਿੰਨ੍ਹ ਦਿੰਦਾ ਹੈ। ਸੈਨਾਪਤੀ ਨੂਰ ਖਾਂ ਨੇ ਆਖਿਆ, ਤਾਹੀਓਂ ਤਾਂ ਸਾਨੂੰ ਇਨ੍ਹਾਂ ਸਿੰਘਾਂ ਤੋਂ ਡਰ ਲੱਗਦਾ ਹੈ।
ਵਜ਼ੀਰ ਖਾਨ ਨੇ ਆਪਣੇ ਇਕੱਠੇ ਹੋਏ ਸੈਨਾਪਤੀਆਂ ਨੂੰ ਆਖਿਆ ਚਾਹੇ ਕੁਝ ਵੀ ਹੈ, ਸਾਨੂੰ ਹਮਲਾ ਤਾਂ ਕਰਨਾ ਹੀ ਪਵੇਗਾ। ਆਖਰੀ ਵੇਰ ਦਾ ਇਕ ਕਹਿਰੀ ਹੱਲਾ ਬੋਲ ਦਿਓ ਤੇ ਇਹ ਹੱਲਾ ਐਸਾ ਧਮਾਕੇਦਾਰ ਧੜੱਲੇ ਨਾਲ ਕਰੋ ਕਿ ਆਰ-ਪਾਰ ਦੀ ਲੜਾਈ ਹੋ ਜਾਵੇ। ਮੁੱਠੀ ਕੁ ਭਰ ਤਾਂ ਸਿੰਘ ਨੇ, ਹੁਣ ਬਚ ਕੇ ਨਾਂ ਜਾਣ! ਆਓ ਹੱਥੀਂ ਪਕੜ ਲਓ।
ਇਧਰ ਗੁਰੂ ਕੇ ਸਿੰਘਾਂ ਨੂੰ ਭਿਣਕ ਪੈ ਗਈ, ਨਿਰਭੈ ਯੋਧੇ ਭਾਈ ਸੰਗਤ ਸਿੰਘ ਜੀ ਹਵੇਲੀ ਦੇ ਬਾਹਰੀ ਦਰਵਾਜ਼ੇ ਲਾਗੇ ਖੜ੍ਹੇ, ਬਾਕੀ ਸਾਥੀ ਸਿੰਘਾਂ ਦੇ ਕੋਲ ਆ ਗਏ। ਸਤਿਗੁਰੂ ਜੀ ਦੇ ਚਰਨਾਂ ਵਿਚ ਅਰਦਾਸ ਕਰਕੇ “ਬੋਲੇ ਸੋ ਨਿਹਾਲ” ਦੇ ਜੈਕਾਰਿਆਂ ਨਾਲ, ਹਵੇਲੀ ਦਾ ਬੂਹਾ ਇਕਦਮ ਖੋਲ੍ਹ ਕੇ, ਸਿੰਘ “ਸਤਿ ਸ੍ਰੀ ਅਕਾਲ” ਬੁਲਾ ਕੇ ਮੁਗਲ ਫੌਜਾਂ ਉੱਤੇ ਟੁੱਟ ਪੈ ਗਏ। ਤੇਗਾਂ ਨਾਲ ਤੇਗਾਂ ਇਸ ਤਰ੍ਹਾਂ ਟਕਰਾਉਣ ਲੱਗੀਆਂ ਜਿਵੇਂ ਅਸਮਾਨੀ ਬਿਜਲੀ ਕਾਲੇ ਬੱਦਲਾਂ ਵਿਚ ਚਮਕਦੀ ਹੈ। ਸਿੰਘਾਂ ਦੇ ਜੈਕਾਰਿਆਂ ਨਾਲ ਧਰਤੀ ਗੂੰਜ ਉੱਠੀ। ਸਿੰਘਾਂ ਦਾ ਏਨਾ ਜ਼ਬਰਦਸਤ ਹੱਲਾ ਹੋਣ ਨਾਲ ਮੁਗਲ ਸੈਨਿਕ ਧੜਾ-ਧੜ ਧਰਤੀ ‘ਤੇ ਡਿੱਗਣ ਲੱਗ ਪਏ। ਕਿਸੇ ਦੀ ਲੱਤ, ਕਿਸੇ ਦੀ ਬਾਂਹ, ਕਿਸੇ ਦਾ ਸਿਰ, ਕਿਸੇ ਦਾ ਧੜ ਕੱਟਿਆ ਹੋਇਆ ਸੀ ਤੇ ਉਹ ਕੁਰਲਾ ਰਹੇ ਸਨ। ਭਾਈ ਸੰਗਤ ਸਿੰਘ ਜੀ ਸਿੰਘਾਂ ਦੇ ਸੈਨਾਪਤੀ ਦੇ ਰੂਪ ਵਿਚ ਲਲਕਾਰੇ ਮਾਰ ਰਹੇ ਸਨ। ਬਹਾਦਰ ਯੋਧੇ ਭਾਈ ਸੰਗਤ ਸਿੰਘ ਦੀ ਤਲਵਾਰ ਦਾ ਵਾਰ ਕੋਈ ਵੀ ਨਹੀਂ ਸੀ ਸਹਾਰ ਸਕਦਾ। ਉਹ ਵੀ ਇਸ ਵਾਰੀ ਆਰ-ਪਾਰ ਦੀ ਲੜਾਈ ਲੜ ਰਹੇ ਸਨ। ਭਾਈ ਸੰਗਤ ਸਿੰਘ ਦੀ ਕਮਾਂਡ ਹੇਠ ਲੜਦੇ ਹੋਏ ਸਾਰੇ ਸਿੰਘ ਬੁਰੀ ਤਰ੍ਹਾਂ ਫੱਟੜ ਹੋ ਗਏ। ਮੁਗਲ ਫੌਜਾਂ ਦਾ ਕਹਿਰੀ ਹੱਲਾ ਵਧੇਰੇ ਕਰਕੇ ਭਾਈ ਸੰਗਤ ਸਿੰਘ ਦੇ ਉੱਪਰ ਹੀ ਸੀ। ਉਨ੍ਹਾਂ ਨੂੰ ਭੁਲੇਖਾ ਸੀ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਹੀ ਹਨ। ਭਾਈ ਸੰਗਤ ਸਿੰਘ ਜੀ ਦੋਵਾਂ ਹੱਥਾਂ ਨਾਲ ਸ਼ਸਤਰਾਂ ਦੇ ਵਾਰ ਕਰ ਰਹੇ ਸਨ। ਚਮਕੌਰ ਦੇ ਇਸ ਘਮਸਾਣ ਯੁੱਧ ਵਿਚ ਭਾਈ ਸੰਗਤ ਸਿੰਘ ਜੀ, ਬਾਕੀ ਸਿੰਘਾਂ ਦੇ ਨਾਲ ਮਹਾਨ ਸ਼ਹੀਦੀ ਪ੍ਰਾਪਤ ਕਰ ਗਏ।
ਇਹ ਸੀ ਬੀਰ-ਕਹਾਣੀ ਮਹਾਨ ਯੋਧੇ ਭਾਈ ਸੰਗਤ ਸਿੰਘ ਜੀ ਦੀ ਜੋ ਮਾਤਾ ਅਮਰੋ ਜੀ ਅਤੇ ਪਿਤਾ ਭਾਈ ਰਣੀਆਂ ਜੀ ਦੇ ਗ੍ਰਹਿ ਵਿਖੇ ਪੈਦਾ ਹੋਇਆ। ਬਚਪਨ ਦੀ ਉਮਰ ਤੋਂ ਹੀ ਭਾਈ ਸੰਗਤ ਸਿੰਘ ਜੀ, ਸਤਿਗੁਰੂ ਜੀ ਦੀ ਸੰਗਤ ਵਿਚ ਰਹੇ। ਆਪ ਜੀ ਸ਼ਸਤਰ ਵਿੱਦਿਆ ਵਿਚ ਬਹੁਤ ਮਾਹਿਰ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਉਪਰੰਤ ਬਾਲ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਭਾਈ ਸੰਗਤ ਸਿੰਘ ਜੀ ਰਹੇ। ਜਦੋਂ 1699 ਈ. ਵਿਚ ਗੁਰੂ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ, ਉਦੋਂ ਤੋਂ ਭਾਈ ਸੰਗਤਾ ਜੀ ਅੰਮ੍ਰਿਤਪਾਨ ਕਰਕੇ ਭਾਈ ਸੰਗਤ ਸਿੰਘ ਬਣ ਗਏ ਸਨ। ਆਪ ਜੀ ਸਦਾ ਹੀ ਗੁਰੂਘਰ ਪ੍ਰਤੀ ਵਫਾਦਾਰ, ਇਮਾਨਦਾਰ ਅਤੇ ਆਗਿਆਕਾਰ ਰਹੇ। ਪਰਉਪਕਾਰ, ਸੇਵਾ, ਸਿਮਰਨ ਵਿਚ ਵੀ ਆਪ ਘੱਟ ਨਹੀਂ ਸਨ। ਆਰੰਭਿਕ ਅਵਸਥਾ ਤੋਂ ਹੀ ਆਪ ਜੀ ਵਿਚ ਬੀਰਰਸ, ਗੁਰੂਘਰ ਪ੍ਰਤੀ ਸ਼ਰਧਾ ਅਤੇ ਪ੍ਰੇਮ ਕੁੱਟ-ਕੁੱਟ ਕੇ ਭਰਿਆ ਪਿਆ ਸੀ। ਨਾ ਤਾਂ ਕਿਸੇ ਤੋਂ ਆਪ ਜੀ ਡਰਦੇ ਹੀ ਸਨ ਅਤੇ ਨਾ ਹੀ ਕਿਸੇ ਨੂੰ ਡਰਾਉਂਦੇ ਸਨ। ਮੌਤ ਦਾ ਡਰ ਭਾਈ ਸੰਗਤ ਸਿੰਘ ਵਿਚ ਰੱਤੀ ਭਰ ਵੀ ਨਹੀਂ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਇਕ ਪੰਡਤ ਨੇ ਰੋ-ਰੋ ਕੇ ਅਰਜੋਈ ਕੀਤੀ ਕਿ ਗੁਰੂ ਜੀ! ਮੇਰੀ ਘਰਵਾਲੀ ਨੂੰ ਇਕ ਪਠਾਣ ਜ਼ਬਰਦਸਤੀ ਖੋਹ ਕੇ ਰੋਪੜ ਵਾਲੇ ਪਾਸੇ ਲੈ ਗਿਆ ਹੈ, ਕ੍ਰਿਪਾ ਕਰੋ ਜੀ, ਗਰੀਬ ਨਿਮਾਣੇ-ਨਿਤਾਣੇ ਦੀ ਆਸ ਕੇਵਲ ਗੁਰੂ ਬਾਬੇ ਨਾਨਕ ਦਾ ਦਰ-ਘਰ ਹੀ ਹੈ। ਮਿਹਰ ਕਰਕੇ ਮੇਰੀ ਘਰਵਾਲੀ ਮੈਨੂੰ ਵਾਪਸ ਦਿਵਾਈ ਜਾਵੇ, ਤਾਂ ਦਸਮੇਸ਼ ਪਿਤਾ ਜੀ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਰੰਤ ਕਾਰਵਾਈ ਕਰੋ ਅਤੇ ਉਸ ਬੀਬੀ ਨੂੰ ਪਠਾਣ ਕੋਲੋਂ ਛੁਡਵਾ ਕੇ ਲੈ ਆਓ। ਉਸ ਸਮੇਂ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਲ ਭਾਈ ਸੰਗਤ ਸਿੰਘ ਜੀ ਵੀ ਗਏ ਸਨ। ਸਿੰਘਾਂ ਨੇ ਸਵਾਰ ਹੋ ਕੇ ਘੋੜੇ ਏਨੇ ਤੇਜ਼ ਭਜਾਏ ਕਿ ਕਮਾਲ ਹੀ ਕਰ ਦਿੱਤੀ।
ਪਠਾਣ ਅਜੇ ਆਪਣੇ ਘਰ ਦੇ ਲਾਗੇ ਪਹੁੰਚਿਆ ਹੀ ਸੀ ਕਿ ਸਿੰਘਾਂ ਨੇ ਲਲਕਾਰਾ ਮਾਰਿਆ। ਪਠਾਣ ਡਰਦਾ ਘਰ ਵਿਚ ਲੁਕ ਗਿਆ ਤੇ ਅੰਦਰੋਂ ਬੂਹਾ ਬੰਦ ਕਰ ਲਿਆ। ਓਧਰ ਖੋਹ ਕੇ ਲਿਆਂਦੀ ਪੰਡਤਾਣੀ ਰੋ-ਰੋ ਕੇ ਵਾਸਤੇ ਪਾ ਰਹੀ ਸੀ। ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਸੰਗਤ ਸਿੰਘ ਨੇ ਉਸ ਬੀਬੀ ਨੂੰ ਹੌਂਸਲਾ ਦਿੱਤਾ। ਸਿੰਘਾਂ ਨੇ ਪਠਾਣ ਨੂੰ ਪਕੜ ਲਿਆ। ਖੂਬ ਸੋਧਾ ਲਾਇਆ। ਜਦੋਂ ਉਸ ਨੂੰ ਪਾਰ (ਖਤਮ) ਕਰਨ ਲਈ ਸਿੰਘਾਂ ਨੇ ਤੇਗ ਉੱਪਰ ਕੀਤੀ ਤਾਂ ਪਠਾਣ ਦੀ ਘਰਵਾਲੀ ਨੇ ਤਰਲੇ ਪਾਏ, ਮਿੰਨਤਾਂ ਕੀਤੀਆਂ, ਪਠਾਣ ਨੇ ਅੱਗੇ ਤੋਂ ਅਜਿਹੇ ਕੁਕਰਮ ਨਾਂ ਕਰਨ ਦੀ ਸਹੁੰ ਖਾਧੀ। ਸਿੰਘਾਂ ਨੇ ਪਠਾਣ ਦੀ ਜਾਨ ਬਖਸ਼ ਦਿੱਤੀ ਅਤੇ ਪੰਡਤਾਣੀ ਵਾਪਸ ਲਿਆ ਕੇ ਗੁਰੂ-ਦਰਬਾਰ ਦੀ ਸ਼ਰਣ ਵਿਚ ਆ ਪੰਡਤ ਦੇ ਹਵਾਲੇ ਕੀਤੀ। ਇਸ ਸਾਰੀ ਕਾਰਵਾਈ ਵਿਚ ਬਾਬਾ ਸੰਗਤ ਸਿੰਘ ਜੀ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਾਲ ਸਹਿਯੋਗ ਸ਼ਲਾਘਾਯੋਗ ਸੀ।
ਸ੍ਰੀ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਵੇਲੇ ਸਰਸਾ ਨਦੀ ਦੇ ਕੰਢੇ ਹੋਏ ਮੁਗਲਾਂ ਨਾਲ ਘਮਸਾਣ ਯੁੱਧ ਵਿਚ ਭਾਈ ਸੰਗਤ ਸਿੰਘ ਜੀ ਨੇ ਵੀ ਤੇਗ ਦੇ ਚੰਗੇ ਜੌਹਰ ਦਿਖਾਏ ਸਨ।
ਭਾਈ ਸੰਗਤ ਸਿੰਘ ਜੀ ਦੀ ਜੀਵਨ-ਗਾਥਾ, ਇਕ ਉੱਚੇ-ਸੁੱਚੇ ਗੁਰਸਿੱਖ ਦੀ ਜੀਵਨ-ਗਾਥਾ ਹੈ। ਆਪ ਜੀ ਜਿਥੇ ਗੁਰੂ ਦਸਮੇਸ਼ ਪਿਤਾ ਦੇ ਪੂਰੇ ਵਿਸ਼ਵਾਸਪਾਤਰ ਤੇ ਆਗਿਆਕਾਰੀ ਸਨ, ਉਥੇ ਸਿੱਖ ਸੰਗਤਾਂ ਪ੍ਰਤੀ ਵੀ ਆਪ ਜੀ ਦਾ ਅਥਾਹ ਪਿਆਰ ਸੀ। ਆਪ ਜੀ ਗੁਰਬਾਣੀ ਪ੍ਰੇਮੀ ਅਤੇ ਨਾਮ-ਰਸੀਏ ਵੀ ਸਨ। ਸਿੱਖ ਇਤਿਹਾਸ ਵਿਚ ਜਿਥੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬਹਾਦਰ ਯੋਧਿਆਂ ਤੇ ਵਫਾਦਾਰ ਸਿੰਘਾਂ ਦੀ ਗੱਲ ਚੱਲੇਗੀ, ਉਥੇ ਭਾਈ ਸੰਗਤ ਸਿੰਘ ਜੀ ਦਾ ਨਾਮ ਵੀ ਬੜੇ ਫਕਰ ਨਾਲ ਲਿਆ ਜਾਂਦਾ ਰਹੇਗਾ। ( ਚਲਦਾ )
ਭਾਗ 4 👉 ਬੀਬੀ ਸ਼ਰਨ ਕੌਰ ਜੀ ਨੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ 2 ਸਾਹਿਬਜ਼ਾਦੇ 3 ਪਿਆਰਿਆਂ ਤੇ ਸ਼ਹੀਦ ਹੋਏ ਸਿੰਘਾਂ ਦੇ ਪਵਿੱਤਰ ਸਰੀਰਾਂ ਦਾ ਆਖਰੀ ਸੰਸਕਾਰ ਕੀਤਾ ਤੇ ਬਾਅਦ ਵਿੱਚ ਬੀਬੀ ਜੀ ਨੂੰ ਦੁਸ਼ਮਨਾਂ ਨੇ ਸ਼ਹੀਦ ਕਰ ਦਿੱਤਾ। ਆਉ ਸੰਖੇਪ ਝਾਤ ਮਾਰੀਏ ਇਸ ਇਤਿਹਾਸ ਤੇ ਜੀ।
ਬਹਾਦਰ ਬੀਬੀ ਸ਼ਰਨ ਕੌਰ...

...

ਇਸ ਤਰਾਂ ਦਾ ਰੋਜ਼ਾਨਾ ਇਤਿਹਾਸ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਸਿੱਖਨਾਮਾ ਐਪ



Related Posts

Leave a Reply

Your email address will not be published. Required fields are marked *

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)