ਰਾਤ ਦੇ ਸਾਢੇ ਨੌਂ ਦਾ ਸਮਾਂ ਹੈ ਤੇ ਬਠਿੰਡਿਓਂ ਕਿਸੇ ਛੋਟੇ ਜਿਹੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਤੋਂ ਬਾਅਦ ਵਾਪਸ ਪਿੰਡ ਨੂੰ ਆ ਰਿਹਾ ਹਾਂ । ਗੱਡੀ ਵਿੱਚ ਸਤਿੰਦਰ ਸਰਤਾਜ ਵੱਜ ਰਿਹਾ , ‘ਸਰੂਰ ਬਣਿਆ’ ਤੇ ਮਾਹੌਲ ਬੱਝਿਆ ਹੋਇਆ ਪੂਰਾ । ਪਿੰਡ ਦਾ ਬੱਸ ਅੱਡਾ ਪਾਰ ਕਰਕੇ ਮੈਂ ਆਪਣੀ ਕਾਰ ਨੂੰ ਹਾਈਵੇ ਵਿੱਚੋਂ ਬਾਹਰ ਕੱਢ ਕੇ ਘਰ ਨੂੰ ਜਾਂਦੀ ਸਰਵਿਸ ਰੋਡ ਤੇ ਪਾਉਣਾ ਹੈ । ਕਾਰ ਕੱਟ ਕੋਲ ਪਹੁੰਚਦੀ ਹੈ ਤੇ ਮੈਂ ਸੋਚਦਾ ਹਾਂ ਕਿ ਅੱਜ ਪਹਿਲਾਂ ਵਾਂਗ ਆਪਣੇ ਸੱਜੇ ਪਾਸੇ ਨਹੀਂ ਦੇਖਾਂਗਾ’ …… ਪਰ ਫਿਰ ਵੀ ਪਤਾ ਨਹੀਂ ਮੈਨੂੰ ਕੀ ਹੁੰਦਾ ਹੈ ਤੇ ਮੈਂ ਸੁਤੇ ਸਿੱਧ ਸੱਜੇ ਪਾਸੇ ਵੇਖ ਲੈਂਦਾ ਹਾਂ । ਜਿੱਥੇ ਨੈਸ਼ਨਲ ਹਾਈਵੇ ਵਾਲਿਆਂ ਨੇ ਡਿਵਾਈਡਰ ਤੇ ਇੱਕ ਮੀਲ ਪੱਥਰ ਲਾਇਆ ਹੋਇਆ ਹੈ, ਜਿਸ ਤੇ ਹਿੰਦੀ ‘ਚ ਲਿਖਿਆ ਹੋਇਆ ਹੈ ‘ਬਰਗਾੜੀ ਜ਼ੀਰੋ’ …….. ਤੇ ਵੇਖਣ ਸਾਰ ਮੈਂ ‘ਉੱਖੜ ਜਾਨਾਂ’ ਅਕਸਰ …… ਤੇ ਅੱਜ ਵੀ ਇਹੋ ਹੋਇਆ । ਹੱਥ ਸਿੱਧਾ ‘ਮਿਊਟ’ ਦੇ ਬਟਨ ਤੇ ਜਾਂਦਾ ਹੈ ਤੇ ਸਰਤਾਜ ਚੁੱਪ ਹੋ ਜਾਂਦਾ ਹੈ । ਮੈਂ ਕਦੋਂ ਕਾਰ ਪਾਰਕ ਕਰਦਾ ਹਾਂ …. ਕਦੋਂ ਗੇਟ ਖੋਲ੍ਹ ਕੇ ਬਿਨਾਂ ਕੁਝ ਕਹੇ ਅੰਦਰ ਜਾਂਦਾ ਹਾਂ ਤੇ ਜਾ ਕੇ ਬੈਡ ਤੇ ਪੈ ਜਾਂਦਾ ਹਾਂ ……. ਮੈਨੂੰ ਨਹੀਂ ਯਾਦ । ਮੇਰੇ ਖਿਆਲ ਮੈਨੂੰ ਸੌ ਸਾਲ ਪਿੱਛੇ ਲੈ ਜਾਂਦੇ ਹਨ ਜਦੋਂ ਅਜਾਦੀ ਦੀ ਲੜਾਈ ਚੱਲ ਰਹੀ ਹੈ …… ਜੈਤੋ ਦਾ ਮੋਰਚਾ ਲੱਗਿਆ ਹੋਇਆ ਹੈ ,ਜੱਥੇ ਆ ਰਹੇ ਹਨ ਮੇਰੇ ਪਿੰਡ ਵਿੱਚ ਆ ਕੇ ਯੋਧੇ ਪੜਾਅ ਕਰਦੇ ‘ਲੰਗਰ ਪਾਣੀ ਛਕਦੇ’ ਜੈਤੋ ਨੂੰ ਜਾਂਦੇ ਕੱਚੇ ਰਾਹ ਪੈ ਜਾਂਦੇ । ਬਾਬੇ ਰੁਲੀਆ ਸਿਹੁੰ ਤੇ ਮੇਰੇ ਦਾਦੇ ਵਰਗੇ ਹੋਰ ਕਈ ਗਰਾਂਈਂ ਹਕੂਮਤ ਨਾਲ ਲੜਦੇ ਕਦੇ ਰੂਪੋਸ਼ ਹੁੰਦੇ ਹਨ …ਕਦੇ ਜੇਲ੍ਹ ਅੰਦਰ ਕਦੇ ਬਾਹਰ ਹੁੰਦੇ ਰਹੇ । ਅੰਤ ਅਜਾਦੀ ਮਿਲਦੀ ਹੈ ਤੇ ਮੁਸਲਮਾਨਾਂ ਨੂੰ ਪਾਕਿਸਤਾਨ ਜਾਣ ਦਾ ਹੁਕਮ ਹੁੰਦਾ ਹੈ ….. ਸਾਰਾ ਪਿੰਡ ਖੂਹ ਤੇ ਇਕੱਠਾ ਹੁੰਦਾ ਹੈ ਕਹਿੰਦੇ ‘ਨਹੀਂ ਜਾਣ ਦੇਣਾ‘ ਪਰ ਜਾਣਾ ਤਾਂ ਪੈਣਾ ….. ਫਿਰ ਕਹਿੰਦੇ ‘ਅਸੀਂ ਕਿਸੇ ਦਾ ਨੁਕਸਾਨ ਨਹੀਂ ਹੋਣ ਦੇਣਾ ‘। ਸਾਡੇ ਬਾਬੇ ਕਹਿੰਦੇ ਆ ‘ਸਮਾਨ ਬੰਨ੍ਹੋ ਥੋਡੇ ਨਾਲ ਚੱਲਾਂਗੇ … …… ਜੋ ਛੱਡ ਕੇ ਜਾਣਾ ਸਾਡੇ ਕੋਲ ਅਮਾਨਤ ਰਹੂ’
ਹਲਚਲਾ ਲੰਘ ਗਿਆ … ਮੇਰੇ ਪਿੰਡ ਦੇ ਕਿਸੇ ਇੱਕ ਵੀ ਮੁਸਲਮਾਨ ਦੀ ਜਾਨ ਪਾਕਿਸਤਾਨ ਪਹੁੰਚਣ ਤੱਕ ਨਹੀਂ ਗਈ ਤੇ ਨਾ ਕਿਸੇ ਦਾ ਕੁਝ ਲੁੱਟਣ ਦਿੱਤਾ ਤੇ ਨਾਂ ਹੀ ਮੇਰੇ ਪਿੰਡ ਦਾ ਕੋਈ ਲੁਟੇਰਿਆਂ ਨਾਲ ਰਲਿਆ । ਬਾਬੇ ਮੁੜ ਆਏ …… ਅਠੱਤਰ ‘ਚ ਹਿਲਜੁਲ ਹੋਈ…… ਚੁਰਾਸੀ ‘ਚ ਨਸਲਕੁਸ਼ੀ ਦੇ ਭੰਨੇ ਲੋਕ ਉੱਜੜ ਕੇ ਮੇਰੇ ਪਿੰਡ ਪਹੁੰਚੇ … ‘ਪਨਾਹ ਮਿਲੀ’…..ਪੀੜਤ ਲੋਕ ਆਪਣੇ ਮਰਿਆਂ ਦਾ ਗਮ ਭੁੱਲ ਗਏ ….ਤੇ ਪਿੰਡ ਵਿੱਚ ਆਪਣੇ ਕੰਮ ਧੰਦੀਂ ਲੱਗੇ ਵਸਦੇ ਰਸਦੇ ਆ । ਕਾਲੇ ਦਿਨਾਂ ਦੀ ਹਨ੍ਹੇਰੀ ਵਗੀ ਸਾਰੇ ਪੰਜਾਬ ਨੇ ਆਪਣੇ ਪਿੰਡੇ ਤੇ ਝੱਲੀ …. ਸਾਡੇ ਪਿੰਡ ਦੇ ‘ਕਿਸੇ ਬਸ਼ਿੰਦੇ’ ਨੇ ਨਾ ਕਿਸੇ ਦੀ ਜਾਨ ਲਈ ਤੇ ਨਾ ਜਾਣ ਦਿੱਤੀ ।ਸਮਾਂ ਲੰਘਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ