ਅਸੀਂ ਜਨਮ ਤੋਂ ਹੀ ਅੰਮ੍ਰਿਤਸਰ ਵਿੱਚ ਸੰਨ ਸੰਤਾਲੀ ਵੇਲੇ ਦੀ ਇੱਕ ਮੁਸਲਮਾਨਾਂ ਦੀ ਛੱਡੀ ਹੋਈ ਹਵੇਲੀ ਵਿੱਚ ਰਹੇ.. ਏਹ ਤਕਰੀਬਨ ਪੰਦਰਾਂ-ਸੋਹਲਾਂ ਸੌ ਕੁ ਗੱਜ ਏਰੀਏ ਵਿੱਚ ਬਣੀ ਹਵੇਲੀ ਸੀ, ਜਿਸ ਵਿੱਚ ਇੱਕ ਵੱਡਾ ਹਿੱਸਾ ਰਹਿਣ ਲਈ, ਇੱਕ ਵੱਡਾ ਹਿੱਸਾ ਮਰਦਾਨੇ ਲਈ, ਤੇ ਇੱਕ ਹਿੱਸਾ ਸ਼ਾਇਦ ਵਪਾਰ ਲਈ ਬਣਿਆ ਹੋਇਆ ਸੀ.. ਮੇਰੇ ਦਾਦਾ ਜੀ ਦੇ ਤਿੰਨ ਭਰਾਵਾਂ ਤੇ ਇੱਕ ਮੇਰੇ ਮਾਸੜ ਜੀ ਨੇ ਕਲੇਮਾਂ ਬਦਲੇ ਸਾਰੀ ਹਵੇਲੀ ਲੈ ਲਈ ਸੀ.. ਇਸ ਤਰਾਂ ਸਾਰੀ ਹਵੇਲੀ ਵਿੱਚ ਕਿਰਾਏਦਾਰਾਂ ਸਮੇਤ ਕੋਈ ਅਠਾਰਾਂ ਵੀਹ ਪਰਿਵਾਰ ਵੱਸ ਗਏ.. ਉਨ੍ਹਾਂ ਵਿੱਚੋਂ ਬਹੁਤ ਸਾਰੇ ਕਿਰਾਏਦਾਰ ਆਪਣੀ ਜ਼ਿੰਦਗੀ ਦੇ ਅਖੀਰ ਤੱਕ ਹਵੇਲੀ ਵਿੱਚ ਹੀ ਵਸੇ ਰਹੇ, ਜਿਨ੍ਹਾਂ ਦਾ ਹਵੇਲੀ ਦੇ ਮਾਲਕਾਂ ਨਾਲ ਪੂਰਾ ਇਤਫਾਕ ਸੀ.. ਉਨਾਂ ਵਿੱਚੋਂ ਹੀ ਇੱਕ ਕਰੈਕਟਰ ਸ਼ਾਂਤੀ ਮਾਸੀ ਦਾ ਸੀ.. ਅਸੀਂ ਸ਼ੁਰੂ ਤੋਂ ਹੀ ਮਾਸੀ ਦੇ ਸਿਰ ਤੇ ਰੂੰ ਵਰਗੇ ਚਿੱਟੇ ਵਾਲ ਹੀ ਵੇਖੇ.. ਬਿਨਾਂ ਦੰਦਾਂ ਦੇ ਹੀ ਸ਼ਾਂਤੀ ਮਾਸੀ ਪਤਾ ਨਹੀਂ ਕੀ ਚੀਜ਼ ਹਰ ਵੇਲੇ ਚਬਾਂਦੀ ਹੋਈ ਨਜ਼ਰ ਆਂਦੀ, ਪਰ ਉਸਦੇ ਮੂੰਹ ਵਿੱਚ ਕੁੱਝ ਵੀ ਨਾ ਹੁੰਦਾ … ਸ਼ਾਂਤੀ ਮਾਸੀ ਸਾਰੀ ਹਵੇਲੀ ਦੀ ਹੀ ਮਾਸੀ ਸੀ.. ਉਹ ਵੀ ਪਾਕਿਸਤਾਨ ਤੋਂ ਉੱਜੜ ਕੇ ਆਈ ਹੋਈ ਇੱਕ ਵਿਧਵਾ ਔਰਤ ਸੀ, ਜੋ ਪਾਕਿਸਤਾਨ ਬਨਣ ਦੇ ਰੋਲਿਆਂ ਵਿੱਚ ਆਪਣੇ ਦਿਓਰ ਨਾਲ ਇੱਕਲੀ ਹੀ ਬੱਚ ਕੇ ਆ ਸਕੀ ਸੀ.. ਉਸਦਾ ਪਤੀ ਬ੍ਰਿਟਿਸ਼ ਫੌਜ ਵਿੱਚ ਸੀ ਤੇ ਦੂਜੀ ਸੰਸਾਰ ਜੰਗ ਦੇ ਅਖੀਰ ਵਿੱਚ ਮਾਰਿਆ ਗਿਆ ਸੀ… ਮਾਸੀ ਦੱਸਦੀ ਸੀ ਕਿ ਲਾਮ ਤੇ ਜਾਣ ਤੋਂ ਪਹਿਲਾਂ ਉਸਦਾ ਘਰਵਾਲਾ ਆਖ ਗਿਆ ਸੀ ਕਿ ਜੇ ਉਹ ਬੱਚ ਕੇ ਨਾ ਆਇਆ ਤਾਂ ਉਸਦਾ ਦੇਵਰ ਸ਼ਾਂਤੀ ਮਾਸੀ ਉੱਤੇ ਚਾਦਰ ਪਾ ਦੇਵੇ… ਪਰ ਉਸਦੇ ਪਤੀ ਦੇ ਸ਼ਹੀਦ ਹੋਣ ਤੋਂ ਬਾਦ ਨਾ ਉਸਦੇ ਦੇਵਰ ਨੇ ਤੇ ਨਾ ਹੀ ਸ਼ਾਂਤੀ ਮਾਸੀ ਨੇ ਵਿਆਹ ਕਰਵਾਣ ਦੀ ਹਾਮੀ ਭਰੀ.. ਪਾਕਿਸਤਾਨ ਦੀ ਵੰਡ ਸਮੇਂ ਸ਼ਾਂਤੀ ਮਾਸੀ ਦੀ ਗੋਦ ਵਿੱਚ ਢਾਈ ਕੁ ਸਾਲ ਦਾ ਪੁੱਤਰ ਸੀ.. ਜਦੋਂ ਸ਼ਾਂਤੀ ਮਾਸੀ ਆਪਣੇ ਸੋਹਰੇ ਪਰਿਵਾਰ ਨਾਲ ਉੱਜੜ ਕੇ ਪੈਦਲ ਹੀ ਭਾਰਤ ਵੱਲ ਆ ਰਹੀ ਸੀ, ਤਾਂ ਧਾੜਵੀਆਂ ਨੇ ਰਾਹ ਵਿੱਚ ਹਮਲਾ ਕਰ ਦਿੱਤਾ ਤੇ ਉਸਦੇ ਜੇਠ ਦੀ ਕੁੜੀ ਨੂੰ ਉਧਾਲ ਕੇ ਲੈ ਗਏ, ਜਿਸਨੇ ਸ਼ਾਂਤੀ ਮਾਸੀ ਦੇ ਪੁੱਤਰ ਕਿਸ਼ਨ ਲਾਲ ਨੂੰ ਕੁੱਛੜ ਚੁੱਕਿਆ ਹੋਇਆ ਸੀ.. ਬਹੁਤ ਚੀਕ-ਪੁਕਾਰ ਕਰਣ ਅਤੇ ਲੱਭਣ ਤੇ ਵੀ ਉਸ ਕੁੜੀ ਦੀ ਕੋਈ ਉੱਘ-ਸੁੱਘ ਨਾ ਮਿਲਣ ਤੇ ਅਤੇ ਬਾਕੀ ਸਾਰਾ ਪਰਿਵਾਰ ਮਾਰੇ ਜਾਣ ਤੇ ਸ਼ਾਂਤੀ ਮਾਸੀ ਆਪਣੇ ਦਿਓਰ ਨਾਲ ਹੀ ਅੰਮ੍ਰਿਤਸਰ ਤੱਕ ਪੁੱਜ ਸਕੀ ਤੇ ਹਵੇਲੀ ਵਿੱਚ ਕਿਰਾਏਦਾਰ ਹੋ ਗਈ.. ਕੋਈ ਦੋ ਸਾਲ ਬਾਦ ਜਦੋਂ ਭਾਰਤ- ਪਾਕਿਸਤਾਨ ਦੀ ਸੰਧੀ ਹੇਠ ਉਧਾਲੀਆਂ ਹੋਈਆਂ ਕੁੜੀਆਂ ਦੀ ਖੌਜ ਸ਼ੁਰੂ ਹੋਈ ਤਾਂ ਮਾਸੀ ਤੇ ਉਸਦਾ ਦਿਓਰ ਵੀ ਆਪਣੀ ਭਤੀਜੀ ਤੇ ਪੁੱਤਰ ਨੂੰ ਲੱਭਣ ਦੀ ਆਸ ਵਿੱਚ ਪਾਕਿਸਤਾਨ ਗਏ… ਉਨ੍ਹਾਂ ਨੂੰ ਉੱਥੇ ਭਤੀਜੀ ਤਾਂ ਨਾ ਲੱਭ ਸਕੀ ਪਰ ਉਸਨੂੰ ਉਧਾਲੀ ਜਾਣ ਵਾਲੀ ਜਗਾ ਦੇ ਨੇੜੇ ਹੀ ਕਿਸੇ ਪਿੰਡ ਵਿੱਚ ਕੋਈ ਮੁਸਲਮਾਨ ਪਰਿਵਾਰ ਉਸਦੇ ਪੁੱਤਰ ਕਿਸ਼ਨ ਲਾਲ ਨੂੰ ਪਾਲ ਰਿਹਾ ਸੀ… ਬੜੀਆਂ ਮਿੰਨਤਾਂ ਦੇ ਨਾਲ ਉਹ ਕਿਸ਼ਨ ਲਾਲ ਨੂੰ ਵਾਪਸ ਅੰਮ੍ਰਿਤਸਰ ਆਪਣੇ ਨਾਲ ਲੈ ਆਏ…
ਰਿਸ਼ਤੇਦਾਰੀ ਤਾਂ ਕੋਈ ਬਚੀ ਨਹੀਂ ਸੀ.. ਆਂਢ- ਗੁਆਂਢ ਨੇ ਸ਼ਾਂਤੀ ਮਾਸੀ ਤੇ ਦਿਓਰ ਕੁੰਦਨ ਲਾਲ ਨੂੰ ਵਿਆਹ ਕਰ ਲੈਣ ਲਈ ਕਿਹਾ.. ਪਰ ਦੋਹਾਂ ਵਲੋੰ ਹੀ ਇਨਕਾਰ ਸੀ.. ਸ਼ਾਂਤੀ ਮਾਸੀ ਕਿਓੰਕਿ ਆਪਣੇ ਪਤੀ ਦੀ ਯਾਦ ਵਿੱਚ ਹੀ ਆਪਣੀ ਜ਼ਿੰਦਗੀ ਕੱਟਣਾ ਚਾਹੰਦੀ ਸੀ.. ਤੇ ਦਿਓਰ ਕੁੰਦਨ ਲਾਲ ਨੂੰ ਉਸਦਾ ਭਰਾ ਸੰਸਾਰ ਜੰਗ ਤੇ ਜਾਣ ਤੋਂ ਪਹਿਲਾਂ ਆਪਣੀ ਪਤਨੀ ਤੇ ਪੁੱਤਰ ਦੀ ਸਾਰੀ ਜਿੰਮੇਦਾਰੀ ਦੇ ਕੇ ਗਿਆ ਸੀ, ਉਸਨੇ ਆਪਣੀ ਜਿੰਮੇਵਾਰੀ ਸਮਝਦੇ ਹੋਏ ਸਾਰੀ ਉਮਰ ਵਿਆਹ ਨਾ ਕਰਵਾਇਆ ਤੇ ਆਪਣੀ ਭਰਜਾਈ ਨੂੰ ਆਪਣੀ ਮਾਂ ਸਮਝ ਕੇ ਸਮਾਜ ਤੋਂ ਰੱਖਿਆ ਕਰਦਾ ਰਿਹਾ ਤੇ ਭਤੀਜੇ ਦੀ ਪਾਲਣਾ ਕਰਦਾ ਰਿਹਾ… ਕੁੰਦਨ ਲਾਲ ਰੰਗਾਈ ਦਾ ਕੰਮ ਕਰਦਾ ਸੀ ਤੇ ਰਾਤੀੰ ਗਿਆਰਾਂ-ਬਾਰਾਂ ਵਜੇ ਕੰਮ ਤੋਂ ਵਾਪਸ ਆਣ ਤੋਂ ਬਾਦ ਆਪੇ ਹੀ ਰਸੋਈ ਵਿੱਚੋਂ ਰੋਟੀ ਚੁੱਕ ਕੇ ਖਾ ਲੈੰਦਾ ਤੇ ਉੱਥੇ ਹੀ ਸੌੰ ਜਾਂਦਾ.. ਤੇ ਸਤੀ-ਸਵੇਰੇ ਨਾਸ਼ਤਾ ਕਰਕੇ ਕੰਮ ਤੇ ਚਲਾ ਜਾਂਦਾ.. ਸਾਰੀ ਉਮਰ ਉਸਨੇ ਆਪਣੀ ਭਰਜਾਈ ਵੱਲ ਸਿਰ ਉਠਾ ਕੇ ਨਹੀਂ ਸੀ ਵੇਖਿਆ ਤੇ ਨਾ ਹੀ ਉਸ ਨਾਲ ਬਹੁਤੀ ਗੱਲਬਾਤ ਕਰਦਾ ਸੀ.. ਬਸ ਘਰ ਦਾ ਖਰਚਾ ਦੇਣ ਵੇਲੇ ਹੀ ਉਸਦੀ ਸ਼ਾਂਤੀ ਮਾਸੀ ਨਾਲ ਥੋੜੀ ਗੱਲ ਹੁੰਦੀ ਸੀ.. ਸ਼ਾਂਤੀ ਮਾਸੀ ਨੇ ਇਸੇ ਤਰਾਂ ਆਪਣਾ ਸਾਰਾ ਰੰਡੇਪਾ ਕੱਢ ਲਿਆ…
ਸਾਡੀ ਹਵੇਲੀ ਵਿੱਚ ਸਾਡੇ ਸਮੇਂ ਤੋਂ ਵੀ ਪਹਿਲਾਂ ਸੰਨ 1950 ਤੋਂ 1970-80 ਤੱਕ ਸਾਰੇ ਰਿਸ਼ਤੇਦਾਰਾਂ ਦੇ ਵੱਖਰੀ-ਵੱਖਰੀ ਉਮਰਾਂ ਦੇ ਬੱਚਿਆਂ ਦੇ ਗਰੁੱਪ ਹੁੰਦੇ ਸਨ.. ਸਾੰਝੇ ਤੇ ਵੱਡੇ- ਵੇਹੜਿਆਂ ਵਿੱਚ ਸੱਭ ਰੱਲਮਿਲ ਉੱਠਦੇ-ਬੈਠਦੇ ਸਨ.. ਕਿਸੇ ਨੂੰ ਕਿਸੇ ਤੋਂ ਕੋਈ ਝਾਕਾ ਨਹੀਂ ਸੀ ਹੁੰਦਾ.. ਸਾਡੇ ਤੋਂ ਪਹਿਲਾਂ ਸਾਡੀਆਂ ਚਾਚੀਆਂ, ਤਾਈਆਂ, ਮਾਸੀਆਂ, ਭੂਆ ਜਾਂ ਚਚੇਰੀਆਂ-ਮਸੇਰੀਆਂ ਭੈਣਾਂ ਸ਼ਾਂਤੀ ਮਾਸੀ ਵਰਗੀਆਂ ਨਾਲ ਰਲਕੇ ਖੂਬ ਸ਼ਗੂਫੇ ਲਾਈ ਰੱਖਦੀਆਂ.. ਸ਼ਾਂਤੀ ਮਾਸੀ ਸੱਭ ਨਾਲ ਬੜੀ ਹੱਸਮੁਖ ਤੇ ਖੁਲੀ ਹੋਈ ਸੀ.. ਹਵੇਲੀ ਦੇ ਮਰਦਾਂ ਤੋਂ ਵੀ ਉਸਨੂੰ ਕੋਈ ਬਹੁਤਾ ਝਾਕਾ ਨਹੀਂ ਸੀ… ਪਰ ਸਾਡੀ ਹਵੇਲੀ ਵਿੱਚ ਸੱਭ ਵਿੱਚ ਹੀ ਇੱਕ ਖਾਸੀਅਤ ਸੀ ਕਿ ਹਾਸੇ-ਮਜਾਕ ਵਿੱਚ ਵੀ ਸਾਰੇ ਆਪਣੀ ਮਰਿਆਦਾ ਵਿੱਚ ਹੀ ਰਹਿੰਦੇ ਸਨ…
ਹਵੇਲੀ ਦੀਆਂ ਜਵਾਨ ਕੁੜੀਆਂ ਨੇ ਬਜਾਰ ਜਾਂ ਸਿਨਮੇ ਫ਼ਿਲਮ ਵੇਖਣ ਜਾਣਾ ਹੁੰਦਾ ਤਾਂ ਸਾਰੇ ਮਾਪੇ ਸ਼ਾਂਤੀ ਮਾਸੀ ਦੀ ਅਗਵਾਈ ਹੇਠ ਬੋਖੌਫ ਹੋ ਕੇ ਆਪਣੀਆਂ ਕੁੜੀਆਂ ਭੇਜ ਦੇੰਦੇ.. ਸਾਡੀ ਹਵੇਲੀ ਤੋਂ ਥੋੜ੍ਹੀ ਹੀ ਦੂਰ ਨਿਸ਼ਾਤ, ਰਾਜ ਤੇ ਕ੍ਰਿਸ਼ਨਾ ਤਿੰਨ ਥਿਏਟਰ ਹਾਲ ਇੱਕੋ ਹੀ ਲਾਈਨ ਵਿੱਚ ਥੋੜੀ- ਥੋੜੀ ਵਿੱਥ ਤੇ ਬਣੇ ਹੋਏ ਸਨ, ਜਿਨ੍ਹਾਂ ਨੂੰ ਆਮ ਲੋਕ ਟਾਕੀ ਜਾਂ ਟਾਕੀਆਂ ਕਹਿੰਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ