ਅਮਰ ਨੇ ਛੱਤ ਦੇ ਪੱਖੇ ਨਾਲ ਰੱਸਾ ਬੰਨਿਆ ਅਤੇ ਉਸ ਰੱਸੇ ਦਾ ਫੰਦਾ ਬਣਾ ਲਿਆ। ਫੇਰ ਓਹ ਰੱਸਾ ਆਪਣੇ ਗਲ ਵਿੱਚ ਪਾਇਆ ਅਤੇ ਆਪਣੇ ਪੈਰਾਂ ਥੱਲੇ ਰੱਖੇ ਹੋਏ ਮੇਜ ਨੂੰ ਧੱਕਾ ਦੇ ਦਿੱਤਾ। ਓਹ ਪੱਖੇ ਨਾਲ ਲਟਕਣ ਲੱਗਿਆ। ਉਸਦਾ ਸਾਹ ਰੁਕਣ ਹੀ ਵਾਲਾ ਸੀ ਕਿ ਛੱਤ ਦਾ ਪੱਖਾ ਟੁੱਟ ਗਿਆ ਅਤੇ ਅਮਰ ਪੱਖੇ ਸਮੇਤ ਫਰਸ਼ ਤੇ ਆਣ ਡਿੱਗਿਆ। ਉਸਦੇ ਸਿਰ ਵਿੱਚ ਚੋਟ ਆਈ ਸੀ। ਖੂਨ ਵਹਿ ਰਿਹਾ ਸੀ। ਕਮਰੇ ਵਿੱਚ ਸਿਰਫ ਇਕ ਰੌਸ਼ਨਦਾਨ ਸੀ ਜਿੱਥੋਂ ਰੌਸ਼ਨੀ ਆ ਰਹੀ ਸੀ। ਉਸੇ ਰੌਸ਼ਨੀ ਵਿੱਚ ਅਮਰ ਦਾ ਖੋਪੜ ਦਿਖਾਈ ਦੇ ਰਿਹਾ ਸੀ। ਲਹੂ-ਲੁਹਾਣ ਹੋਇਆ ਖੋਪੜ!
ਅਮਰ ਰੇਂਗਦਾ ਹੋਇਆ ਕਮਰੇ ਦੀ ਇਕ ਦੀਵਾਰ ਵੱਲ ਜਾਂਦਾ ਹੈ। ਉਸ ਦੀਵਾਰ ਦੇ ਕੋਲ ਇਕ ਪੇਚਕਸ ਪਿਆ ਹੈ। ਅਮਰ ਓਹ ਪੇਚਕਸ ਚੱਕਦਾ ਹੈ ਅਤੇ ਆਪਣੀ ਅੱਖ ਵਿੱਚ ਮਾਰਨ ਲੱਗਦਾ ਹੈ। ਪਰ ਇਸ ਤਰਾਂ ਆਤਮਹੱਤਿਆ ਕਰਨ ਦੀ ਉਸਦੀ ਹਿੰਮਤ ਨਹੀਂ ਪੈਂਦੀ।
ਓਹ ਦੀਵਾਰ ਤੇ ਲੱਗੇ ਸਵਿੱਚ ਬਾਕਸ ਨੂੰ ਤੋੜਦਾ ਹੈ। ਉਸ ਵਿੱਚ ਲੱਗੀਆਂ ਤਾਰਾਂ ਖੋਲਦਾ ਹੈ। ਇਕ ਤਾਰ ਜਿਸ ਵਿੱਚ ਬਿਜਲੀ ਹੈ ਉਸ ਨੂੰ ਓਹ ਜੀਭ ਤੇ ਲਗਾ ਲੈਂਦਾ ਹੈ। ਪਰ ਖੜੇ ਪੈਰ ਬਿਜਲੀ ਚਲੀ ਜਾਂਦੀ ਹੈ। ਅਮਰ ਫੇਰ ਨਹੀਂ ਮਰ ਪਾਂਓਦਾ। ਉਸਦੀ ਖੋਪੜੀ ਵਿੱਚੋਂ ਲਗਾਤਾਰ ਖੂਨ ਵਹਿ ਰਿਹਾ ਹੈ। ਖੂਨ ਵਹਿ ਕੇ ਉਸਦੇ ਮੂੰਹ ਵਿੱਚ ਆਈ ਜਾ ਰਿਹਾ ਹੈ। ਆਪਣੇ ਵਹਿੰਦੇ ਖੂਨ ਨੂੰ ਅਮਰ ਜੀਭ ਨਾਲ ਚੱਟੀ ਜਾਂਦਾ ਹੈ। ਬਾਹਰ ਪੁਲਿਸ ਦੇ ਸਾਈਰਨ ਦੀ ਆਵਾਜ਼ ਸੁਣਾਈ ਦਿੰਦੀ ਹੈ। ਅਮਰ ਘਬਰਾ ਜਾਂਦਾ ਹੈ। ਪੁਲਿਸ ਪਹੁੰਚ ਚੁੱਕੀ ਹੈ।
ਓਹ ਤੇਜੀ ਨਾਲ ਆਪਣਾ ਸਿਰ ਦੀਵਾਰ ਵਿੱਚ ਮਾਰਨ ਲੱਗਦਾ ਹੈ। ਓਹ ਕਿਸੇ ਕੀਮਤ ਤੇ ਪੁਲਿਸ ਦੇ ਹੱਥ ਨਹੀਂ ਲੱਗਣਾ ਚਾਹੁੰਦਾ। ਨਾਲ ਦੀ ਨਾਲ ਓਹ ਚੀਕਦਾ ਰਹਿੰਦਾ ਹੈ। ਪੁਲਿਸ ਨੇ ਉਸਨੂੰ ਲੱਭ ਲਿਆ ਸੀ। ਬਾਹਰ ਇੰਸਪੈਕਟਰ ਪਠਾਨ ਪਹੁੰਚ ਗਿਆ ਸੀ। ਓਹ ਆਪਣੀ ਗਨ ਹੱਥ ਵਿੱਚ ਲਏ ਹੋਏ ਤੇਜੀ ਨਾਲ ਇਸ ਖੰਡਰ ਬਣ ਚੁੱਕੀ ਇਮਾਰਤ ਅੰਦਰ ਵੜ ਰਿਹਾ ਸੀ। ਉਸ ਨਾਲ ਹੋਰ ਪੁਲਿਸ ਫੋਰਸ ਵੀ ਸੀ। ਅੰਦਰ ਪਹੁੰਚ ਕੇ ਯੂਸੁਫ ਪਠਾਨ ਨੇ ਦੇਖਿਆ ਕਿ ਅਮਰ ਬੇਹੋਸ਼ ਪਿਆ ਹੈ। ਜਾਂ ਫੇਰ ਸ਼ਾਇਦ ……..ਓਹ ਮਰ ਚੁੱਕਿਆ ਸੀ।
ਕਹਾਣੀ – ਫਰੇਬ
ਪਾਤਰ – ਸ਼ਿਵਾਨੀ
ਜੈਲਦਾਰ
ਅਮਰ
ਕਾਲੀ
ਯੂਸੁਫ ਪਠਾਨ
ਪੰਮਾ
ਕਿਸ਼ਤ – 1
ਕੁੱਲ ਕਿਸ਼ਤਾਂ – 13
ਲੇਖਕ – ਗੁਰਪ੍ਰੀਤ ਸਿੰਘ ਭੰਬਰ ਵੱਲੋਂ
1
ਜੈਲਦਾਰ ਕਦੇ-ਕਦਾਈਂ ਹੀ ਸ਼ਹਿਰ ਜਾਂਦਾ ਹੁੰਦਾ ਸੀ। ਉਹ ਲੁਧਿਆਣੇ ਤੋਂ ਥੋੜੀ ਦੂਰ ਪੈਂਦੇ ਛੋਟੇ ਜਿਹੇ ਸ਼ਹਿਰ ਰਾਏਕੋਟ ਰਹਿੰਦਾ ਸੀ। ਜੈਲੇ ਦੇ ਪਿਤਾ ਕਿਸਾਨ ਸਨ। ਓਨਾ ਦੀ ਵਧੀਆ ਜਮੀਨ ਸੀ, ਉਸ ਵਿੱਚ ਹੀ ਓਹ ਖੇਤੀਬਾੜੀ ਕਰਦੇ ਸਨ। ਜੈਲਦਾਰ ਨੂੰ ਵੱਡੇ ਸ਼ਹਿਰ ਦੀ ਭੀੜ-ਭਾੜ ਪਸੰਦ ਨਹੀਂ ਸੀ ਆਂਓਦੀ। ਉਸਨੂੰ ਆਪਣਾ ਛੋਟਾ ਜਿਹਾ ਸ਼ਹਿਰ ਹੀ ਚੰਗਾ ਲੱਗਦਾ ਸੀ। ਪੜਿਆ-ਲਿਖਿਆ ਵੀ ਓਹ ਕੁੱਛ ਜਿਆਦਾ ਨਹੀਂ ਸੀ। ਉਸਦੇ ਪਿਤਾ ਦੀ ਸ਼ੂਗਰ ਦੀ ਬਿਮਾਰੀ ਕਾਰਨ ਉਸਨੂੰ ਖੇਤੀਬਾੜੀ ਜਲਦੀ ਹੀ ਸੰਭਾਲਣੀ ਪਈ।
ਘਰ ਦੀ, ਖੇਤੀ ਦੀ ਜਿੰਮੇਦਾਰੀ ਚੱਕਦੇ-ਚੱਕਦੇ ਅਤੇ ਆਪਣੇ ਬਿਮਾਰ ਪਿਤਾ ਨੂੰ ਸੰਭਾਲਦੇ ਹੋਏ ਪਤਾ ਹੀ ਨਹੀਂ ਚੱਲਿਆ ਕਿ ਜੈਲੇ ਉਪਰ ਜਵਾਨੀ ਕਦੋਂ ਆਈ, ਕਦੋਂ ਚਲੀ ਗਈ। ਪੈਸੇ-ਧੇਲੇ ਦੀ ਕਮੀ ਕੋਈ ਨਹੀਂ ਸੀ ਪਰ ਉਸਦਾ ਵਿਆਹ ਹਜੇ ਤੱਕ ਨਹੀਂ ਸੀ ਹੋ ਸਕਿਆ।
ਇਸਦੀ ਇਕ ਬਹੁਤ ਵੱਡੀ ਵਜਾ ਇਹ ਵੀ ਰਹੀ ਕਿ ਜੈਲੇ ਦੀ ਮਾਂ ਨਹੀਂ ਸੀ। ਅੱਠ ਸਾਲ ਪਹਿਲਾਂ ਉਸਦੀ ਮਾਂ ਨੂੰ ਨਿਮੋਨੀਆ ਹੋਇਆ ਅਤੇ ਓਹ ਠੀਕ ਹੀ ਨਾ ਹੋ ਸਕੀ। ਮਾਂ ਵੀ ਬੜਾ ਫਿਕਰ ਕਰਦੀ ਹੁੰਦੀ ਸੀ ਜੈਲੇ ਦੇ ਵਿਆਹ ਦਾ। ਪਰ ਮਾਂ ਦੇ ਜਾਣ ਤੋਂ ਬਾਅਦ ਜੈਲਦਾਰ ਦਾ ਵਿਆਹ ਦਾ ਸੁਪਨਾ...
...
ਜਿਵੇਂ ਅਧੂਰਾ ਹੀ ਰਹਿ ਜਾਣ ਵਾਲਾ ਸੀ। ਉਸਦੀ ਉਮਰ 35 ਸਾਲ ਹੋ ਗਈ ਸੀ। ਉਸਦੇ ਦੋਸਤ ਤਾਂ ਉਸਨੂੰ ਛੜਾ-ਛੜਾ ਕਹਿਣ ਲੱਗੇ ਸਨ।
“ਤੇਰਾ ਵਿਆਹ ਦੇਖਣਾ ਜੈਲੇ ਵੀਰ!! ਮੈਂ ਕੱਲ ਗਿਆ ਸੀ ਲੁਧਿਆਣੇ! ਤੇਰਾ ਸਾਰਾ ਬਾਇਓਡਾਟਾ ਦੇ ਆਂਦਾ ਮੈਂ ਵਿਚੋਲੇ ਨੂੰ!! ਹੁੱਣ ਜਲਦੀ ਤੇਰਾ ਰਿਸ਼ਤਾ ਹੋ ਜਾਣਾ!” ਘੋਕੀ ਬੋਲਿਆ।
“ਤਿੰਨ ਸਾਲ ਹੋਗੇ ਓਏ ਤੈਨੂੰ ਜੈਲੇ ਦਾ ਰਿਸ਼ਤਾ ਕਰਾਉਂਦੇ ਨੂੰ!!” ਛਿੰਦਾ ਬੋਲਿਆ।
ਘੋਕੀ ਤੇ ਛਿੰਦਾ ਜੈਲਦਾਰ ਦੇ ਪੱਕੇ ਦੋਸਤ ਸਨ। ਓਨਾ ਨਾਲ ਜੈਲੇ ਦੀ ਹਰ ਗੱਲ ਸਾਂਝੀ ਸੀ। ਹਰ ਸ਼ਾਮ ਜੈਲਾ ਰਾਏਕੋਟ ਤੋਂ ਖਾਸ ਤਾਜਪੁਰ ਪਿੰਡ ਆਂਓਦਾ ਸੀ ਆਪਣੇ ਇੰਨਾ ਦੋਸਤਾਂ ਨੂੰ ਮਿਲਣ ਲਈ। ਬੈਠ ਕੇ ਤਿੰਨੇ ਦੋਸਤ ਫੇਰ ਪੈੱਗ ਲਗਾਂਓਦੇ ਸਨ।
ਹੁੱਣ ਤਾਂ ਜੈਲਦਾਰ ਨੂੰ ਵੀ ਇਕੱਲਾਪਨ ਮਹਿਸੂਸ ਹੋਣ ਲੱਗਿਆ ਸੀ। ਹਰ ਕਿਸੇ ਨੂੰ ਕੋਈ ਨਾ ਕੋਈ ਸਾਥੀ ਤਾਂ ਚਾਹੀਦਾ ਹੀ ਹੁੰਦਾ ਹੈ। ਜਿਸ ਨਾਲ ਓਹ ਆਪਣੇ ਦਿਲ ਦੀਆਂ ਗੱਲਾਂ ਕਰ ਸਕੇ। ਹਰ ਮਰਦ ਨੂੰ ਆਪਣੀ ਜਿੰਦਗੀ ਵਿੱਚ ਇਕ ਔਰਤ ਚਾਹੀਦੀ ਹੀ ਹੈ।
“ਤੂੰ ਘਬਰਾ ਨਾ!! ਮੰਨ ਨਾ ਖਰਾਬ ਕਰ!! ਚੱਲ ਮੈਂ ਤੈਨੂੰ ਇਕ ਜਗਾ ਲੈ ਚੱਲਦਾ!! ਵਿਆਹ ਜਦੋਂ ਹੋਊ ਓਦੋਂ ਹੋਊ!! ਤੂੰ ਬੋਹਣੀ ਤਾਂ ਕਰ!! ਚੰਦਾ ਬਾਈ ਦੇ ਅੱਡੇ ਤੇ ਚੱਲਦੇ ਆ!!” ਘੋਕੀ ਬੋਲਿਆ।
“ਦਿਮਾਗ ਖਰਾਬ ਨਾ ਕਰ ਓਏ!! ਮਿਹਨਤ ਦਾ ਪੈਸਾ ਮੇਰਾ!! ਐਸੀ ਗੰਦੀ ਜਗਾ ਖਰਾਬ ਥੋੜੀ ਕਰੂ ਮੈਂ!!!” ਜੈਲਦਾਰ ਨੇ ਕਹਿੰਦੇ ਹੋਏ ਬਿਨਾ ਪਾਣੀ ਤੋਂ ਹੀ ਪੈੱਗ ਅੰਦਰ ਖਿੱਚ ਲਿਆ।
ਜਦੋਂ ਓਹ ਜਿਆਦਾ ਹੀ ਪਰੇਸ਼ਾਨ ਹੁੰਦਾ ਸੀ ਤਾਂ “ਨੀਟ” ਹੀ ਪੀ ਜਾਂਦਾ ਸੀ।
ਜੈਲੇ ਨੇ ਫੋਨ ਤੇ ਫੇਸਬੁੱਕ ਚਲਾਓਣੀ ਤੇ ਹਰ ਕੁੜੀ ਨੂੰ “ਹੈਲੋ” ਦਾ ਮੈਸੇਜ ਭੇਜ ਦੇਣਾ। ਇੱਕਾ-ਦੁੱਕਾ ਵਾਰੀ ਜਵਾਬ ਵੀ ਆਏ। ਪਰ ਜਿਆਦਾਤਰ ਬਲੌਕ ਹੀ ਵੱਜੇ। ਜਨਾਨੀ ਦੀ ਭੁੱਖ ਜੈਲੇ ਨੂੰ ਪਾਗਲ ਕਰੀ ਜਾਂਦੀ ਸੀ। ਰਿਸ਼ਤੇਦਾਰੀ ਵਿੱਚ ਉਸਦੇ ਸਾਰੇ ਭੈਣ-ਭਰਾਵਾਂ ਦਾ ਵਿਆਹ ਹੋ ਗਿਆ ਸੀ। ਓਨਾ ਦਾ ਵੀ ਜੋ ਉਸ ਤੋਂ ਛੋਟੇ ਸਨ। ਕਈਆਂ ਦੇ ਤਾਂ ਜਵਾਕ ਵੀ ਭੱਜਣ-ਨੱਠਣ ਲੱਗੇ ਸਨ। ਜੈਲਾ ਓਨਾ ਨੂੰ ਦੇਖ-ਦੇਖ ਸੜਦਾ ਰਹਿੰਦਾ ਸੀ।
“ਬਾਈ!! ਪੈਸਾ-ਪੂਸਾ ਛੱਡ ਤੇ ਜਿੰਦਗੀ ਦਾ ਸੁਆਦ ਲੈ!! ਜਨਾਨੀ ਨੂੰ ਹੱਥ ਤਾਂ ਲਾ ਕੇ ਦੇਖ!!” ਪੈੱਗ ਲਗਾਂਓਦਾ ਹੋਇਆ ਛਿੰਦਾ ਬੋਲਿਆ, ” ਜੇ ਘੋਕੀ ਕਹਿੰਦਾ ਤਾਂ ਇਕ ਵਾਰ ਜਾ ਆ ਚੰਦਾ ਬਾਈ ਦੇ ਅੱਡੇ ਤੇ!!”
“ਚੁੱਪ ਓਏ!!! ਲਾਹਨਤੀਓ!! ਥੋਡੇ ਦੋਵਾਂ ਦੇ ਵਿਆਹ ਹੋਏ ਨੇ!! ਆਵਦੀਆਂ ਘਰ ਆਲੀਆਂ ਨੂੰ ਧੋਖਾ ਦਿੰਦੇ ਹੋਏ ਸ਼ਰਮ ਨੀ ਆਂਓਦੀ!!!?” ਜੈਲਦਾਰ ਨਸ਼ੇ ਵਿੱਚ ਪੂਰੀ ਤਰਾਂ ਟੁੱਲ ਸੀ।
ਉਸਨੇ ਆਖਰੀ ਨੀਟ ਪੈੱਗ ਅੰਦਰ ਸੁੱਟਿਆ ਅਤੇ ਉਠ ਕੇ ਆਵਦੇ ਸਾਈਕਲ ਵੱਲ ਹੋ ਤੁਰਿਆ। ਉਸ ਕੋਲ ਘਰੇ ਫਾਰਚੀਊਨਰ ਖੜੀ ਸੀ। ਪਰ ਮਿੱਟੀ ਨਾਲ ਜੁੜਿਆ ਜੈਲਾ ਕਦੇ ਕਦਾਈਂ ਹੀ ਫਾਰਚੀਊਨਰ ਚਲਾਂਓਦਾ ਸੀ।
ਸਾਈਕਲ ਦੇ ਪੈਡਲ ਮਾਰਦਾ ਓਹ ਦੇਰ ਰਾਤ ਰਾਏਕੋਟ ਵੱਲ ਹੋ ਗਿਆ। ਖਾਲੀ ਸੜਕ ਤੇ ਓਹ ਇਕੱਲਾ ਹੀ ਜਾ ਰਿਹਾ ਸੀ। ਰਾਤ ਵੀ ਜਿਆਦਾ ਹੋ ਗਈ ਸੀ। ਇੰਨੇ ਨੂੰ ਉਸਨੂੰ ਇਕ ਧੁੰਦਲਾ ਜਿਹਾ ਪਰਛਾਵਾਂ ਦਿਖਾਈ ਦਿੱਤਾ। ਕੋਈ ਸੜਕ ਕਿਨਾਰੇ ਖੜਾ ਉਸਨੂੰ ਹੱਥ ਦੇ ਰਿਹਾ ਸੀ। ਇਕ ਇਕ ਆਦਮੀ ਸੀ। ਜੈਲੇ ਨੇ ਅੱਖਾਂ ਜਿਹੀਆਂ ਮਲਦੇ ਹੋਏ ਨੇ ਸਾਈਕਲ ਰੋਕ ਲਿਆ।
“ਹਾਂਜੀ!?” ਟੱਲੀ ਹੋਏ ਜੈਲੇ ਨੇ ਕਿਹਾ।
“ਬਈਆ ਆਪ ਜ਼ਰਾ ਮੇਰੀ ਹੈਲਪ ਕਰ ਦੇਂਗੇ ਪਲੀਜ਼? ਐਕਚੁਲੀ ਮੇਰਾ ਨਾ!! ਬਾਈਕ ਖਰਾਬ ਹੋ ਗਿਆ ਹੈ!”
“ਓ ਕੀ ਕਹੀ ਜਾਨਾ!! ਸਿੱਧੀ ਸਾਧੀ ਪੰਜਾਬੀ ਨੀ ਬੋਲ ਹੁੰਦੀ ਤੈਥੋਂ!!? ਕੀ ਹੋਇਆ!!? ਮੋਟਰਸੈਕਲ ਖਰਾਬ ਹੋ ਗਿਆ!!?” ਜੈਲਾ ਬੋਲਿਆ।
“ਜੀ ਸਰ!”
“ਕਿੱਥੇ!!? ਸ਼ਹਿਰ ਜਾਣਾ ਤੁਸੀਂ!!?” ਜੈਲੇ ਨੇ ਫੇਰ ਪੁੱਛਿਆ।
“ਜੀ ਸਰ!”
“ਹੁੱਣ ਤਾਂ ਫੇਰ ਕੋਈ ਇਲਾਜ ਨੀ ਬਾਈ ਮੇਰਿਆ!! ਤੈਨੂੰ ਇੰਨੀ ਰਾਤ ਨੂੰ ਕੋਈ ਮਿਸਤਰੀ ਨੀ ਮਿਲਣਾ। ਚੱਲ ਮੇਰੇ ਨਾਲ ਚੱਲ। ਰਾਤ ਮੇਰੇ ਘਰ ਕੱਟ ਲੈ!! ਮੈਂ ਵੀ ਯਾਰ ਹੁੱਣ ਪੈੱਗ ਲਾਇਆ ਬਾਈ। ਜਿਆਦਾ ਕੁੱਛ ਮੈਂ ਵੀ ਨੀ ਕਰ ਸਕਦਾ। ਘਰ ਚੱਲ ਤੇ ਸੌਂ ਜਾ!!!” ਜੈਲਾ ਬੋਲਿਆ।
“ਓਕੇ ਸਰ!!”
“ਓ ਆ ਸਰ-ਸੁਰ ਕੀ ਲਾਈ ਆ!! ਜੈਲਾ ਨਾਮ ਆ ਮੇਰਾ!! ਜੈਲਦਾਰ!! ਸਿੰਘ!!! ਸੋਹੀ!!!” ਜੈਲਾ ਬੋਲਿਆ, “ਰੋੜ ਲਿਆ ਮੋਟਰਸੈਕਲ ਮਗਰ-ਮਗਰ!!”
“ਠੀਕ ਹੈ ਜੀ! ਥੈਂਕਯੂ ਜੈਲਦਾਰ ਜੀ!! ਥੈਂਕਯੂ ਫੌਰ ਯੁਅਰ ਹੈੱਲਪ!!”
“ਕੀ ਨੌ ਆ ਤੇਰਾ?”
“ਅਮਰ!”
ਅਮਰ ਨੇ ਕਿਹਾ।
ਫੇਰ ਓਹ ਦੋਵੇਂ ਚੱਲਦੇ ਹੋਏ ਘਰ ਵੱਲ ਚਲੇ ਗਏ। ਇਹ ਜੈਲਦਾਰ ਅਤੇ ਅਮਰ ਦੀ ਪਹਿਲੀ ਮੁਲਾਕਾਤ ਸੀ।
ਗੁਰਪ੍ਰੀਤ ਸਿੰਘ ਭੰਬਰ ਵੱਲੋਂ