ਬੰਦ ਮੁੱਠੀ
ਸਾਢੇ ਬਾਰਾਂ ਹੋ ਚੁੱਕੇ ਸਨ । ਬਿੰਦਰ ਘੜੀ ਮੁੜੀ ਮੋਬਾਈਲ ਫੋਨ ਕੱਢ ਸਮਾਂ ਦੇਖਦਾ ਤੇ ਚਲਦੀ ਮਸ਼ੀਨ ਤੋਂ ਰਤਾ ਕੁ ਟੇਢਾ ਹੋ ਸਾਹਮਣੇ ਕਮਰੇ ਦੇ ਦਰਵਾਜੇ ਦੇ ਸ਼ੀਸ਼ੇ ਥਾਣੀਂ ਅੰਦਰ ਨਿਗ੍ਹਾ ਮਾਰ ਲੈਂਦਾ। ਉਸਦੇ ਚਿਹਰੇ ਤੇ ਪਸਰ ਰਹੇ ਪ੍ਰੇਸ਼ਾਨੀ ਦੇ ਭਾਵ ਸਪਸ਼ਟ ਰੂਪ ‘ਚ ਕਿਸੇ ਡਾਹਢੀ ਫਿਕਰ ਦੀ ਤਸਦੀਕ ਕਰ ਰਹੇ ਸਨ। ਉਸਦਾ ਅਫਸਰ ਬਿਕਰਮਜੀਤ ਅਜੇ ਟੇਬਲ-ਟੈਨਿਸ ਖੇਡ ਕੇ ਪਰਤਿਆ ਨਹੀਂ ਸੀ ਤੇ ਬਿੰਦਰ ਨੂੰ ਉਸੇ ਦੀ ਉਡੀਕ ਸੀ।
ਐਤਵਾਰ ਹੋਣ ਕਾਰਨ ਬਹੁਤ ਘੱਟ ਗਿਣਤੀ ‘ਚ ਉਤਲੇ ਵਰਗ ਦਾ ਮਿੱਲ ਸਟਾਫ ਡਿਊਟੀ ਤੇ ਹੁੰਦਾ ਤੇ ਕੰਮ ਦਾ ਬਹੁਤਾ ਦਬਾਅ ਨਾ ਹੋਣ ਕਾਰਨ ਅਫਸਰ ਅਕਸਰ ਅਵੇਸਲੇ ਹੀ ਰਹਿੰਦੇ। ਦੁਪਹਿਰ ਦੇ ਖਾਣੇ ਲਈ ਮਿਲਦੇ ਇੱਕ ਘੰਟੇ ‘ਚ ਖਾਣਾ-ਪੀਣਾ ਮੁਕਾ ਅਕਸਰ ਕੁੱਝ ਸਟਾਫ ਕਰਮਚਾਰੀ ਮਿੱਲ ਦੀ ਹੱਦ ਅੰਦਰ ਬਣੇ ਬਗੀਚੇ ਵੱਲ ਘੁੰਮਣ ਨਿਕਲ ਜਾਂਦੇ, ਕੁੱਝ ਕੁ ਤਾਸ਼ ਖੇਡਣ ਜੁੰਡਲੀ ਬਣਾ ਬਹਿੰਦੇ, ਕੁੱਝ ਵਾਲੀਵਾਲ ਤੇ ਕੁੱਝ ਕੰਟੀਨ ਦੇ ਨਾਲ ਬਣੇ ਕਮਰੇ ‘ਚ ਟੇਬਲ-ਟੈਨਿਸ ਖੇਡਦੇ। ਪਰ ਐਤਵਾਰ ਨੂੰ ਇਹ ਇੱਕ ਘੰਟਾ ਬਦੋਬਦੀ ਦੋ ਘੰਟਿਆਂ ‘ਚ ਤਬਦੀਲ ਹੋ ਜਾਂਦਾ ਤੇ ਸਟਾਫ ਕਰਮਚਾਰੀ ਦੋ ਬਜੇ ਅਗਲੀ ਸ਼ਿਫਟ ਦੇ ਡਿਊਟੀ ਆਉਣ ਸਾਰ ਹੀ ਕੰਮ ਤੇ ਪਰਤਦੇ।
ਪਿਛਲੀ ਰਾਤ ਬਿੰਦਰ ਦੇ ਸ਼ਰੀਕੇ ‘ਚ ਇੱਕ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ ਹੋਈ ਸੀ ਤੇ ਅੱਜ ਉਸਨੂੰ ਦਾਗ ਦੇਣੇ ਸਨ। ਸੰਸਕਾਰ ਦੀ ਰਸਮ ‘ਚ ਹਾਜ਼ਿਰ ਹੋਣ ਲਈ ਬਿੰਦਰ ਨੂੰ ਚਿਰੋਕਣਾ ਘਰੋਂ ਫੋਨ ਆ ਚੁੱਕਾ ਸੀ ਤੇ ਪਾਸ ਲੈ ਕੇ ਘੰਟਾ ਪਹਿਲਾਂ ਘਰ ਪਰਤਣ ਦਾ ਉਹ ਵਾਅਦਾ ਵੀ ਕਰ ਚੁੱਕਾ ਸੀ। ਉਸਨੇ ਡਿਊਟੀ ਆਉਂਦੇ ਹੀ ਆਪਣੇ ਅਫਸਰ ਬਿਕਰਮਜੀਤ ਦੇ ਕੰਨੀ ਪਾਸ ਦੀ ਗੱਲ ਪਾ ਛੱਡੀ ਸੀ। ਪਰ ਬਿਕਰਮਜੀਤ, ਜਿਸਨੇ ਕਿ ਉਸਦੇ ਪਾਸ ਤੇ ਦਸਤਖ਼ਤ ਕਰਨੇ ਸਨ, ਅਜੇ ਤੀਕਣ ਟੈਨਿਸ ਖੇਡ ਕੇ ਮੁੜਿਆ ਨਹੀਂ ਸੀ ਤੇ ਬਿੰਦਰ ਦੀ ਬੇਚੈਨੀ ਇਸੇ ਲਈ ਵਧਦੀ ਜਾ ਰਹੀ ਸੀ ।
ਬਿਕਰਮਜੀਤ ਛੇ ਫੁੱਟ ਤੋਂ ਵੀ ਉਤਲੇ ਕੱਦ ਦਾ ਤਕੜੇ ਜੁੱਸੇ ਵਾਲਾ ਦਿਓ ਵਰਗਾ ਜਵਾਨ ਸੀ। ਇਸ ਨੌਕਰੀ ਤੋਂ ਪਹਿਲਾਂ ਉਹ ਫੌਜ ‘ਚ ਸੀ ਤੇ ਕਿਸੇ ਕਾਰਨ ਵੱਸ ਸਰਕਾਰੀ ਨੌਕਰੀ ਛੱਡ ਤਿੰਨ ਕੁ ਸਾਲ ਪਹਿਲਾਂ ਪਿੰਡ ਪਰਤ ਆਇਆ ਸੀ। ਪੜ੍ਹਿਆ ਲਿਖਿਆ ਵੀ ਸੀ ਤੇ ਭੋਇਂ ਵੀ ਵਾਹਵਾ, ਨੌਕਰੀ ਤੇ ਖੇਤੀ ਤੋਂ ਅਲਹਿਦਾ ਉਸਦੇ ਆਮਦਨ ਦੇ ਹੋਰ ਵੀ ਕਈ ਵਸੀਲੇ ਸਨ। ਸਵੇਰ ਤੋਂ ਲੈ ਕੇ ਟਿਕੀ ਰਾਤ ਤੱਕ ਉਸਦੀ ਅੱਡੀ ਭੁੰਜੇ ਨਾ ਲਗਦੀ। ਮਾਲਕ ਦੀ ਮਿਹਰ ਤੇ ਦਸਾਂ ਨਹੁੰਆਂ ਦੀ ਮਿਹਨਤ ਮਸ਼ੱਕਤ ਨੇ ਉਸਨੂੰ ਪਿੰਡ ਦੇ ਸਿਰਕੱਢ ਚੌਧਰੀਆਂ ਦੀ ਕਤਾਰ ‘ਚ ਲਿਆ ਖੜਾ ਕਰ ਦਿੱਤਾ ਸੀ।
ਪਰ ਜਿੱਥੇ ਉਹ ਐਡਾ ਸਿਰੜੀ-ਮਿਹਨਤੀ, ਚੁਸਤ-ਚਲਾਕ ਤੇ ਪੈਸੇ ਧੇਲੇ ਪੱਖੋਂ ਵਾਹਵਾ ਸੁਖਾਲਾ ਸੀ ਉਥੇ ਹੀ ਬੋਲ ਮਿਜਾਜ਼ ਪੱਖੋਂ ਰਤਾ ਕੁ ਖਰ੍ਹਵਾਂ ਤੇ ਕਸੈਲਾ ਸੀ। ਸਮਾਜਕ ਤਾਣੇ ‘ਚ ਉਤਲੇ ਪੌਡੇ ਤੇ ਹੋਣ ਕਾਰਨ ਜਾਤ ਦਾ ਹੰਕਾਰ ਤਾਂ ਸੀ ਹੀ; ਚੰਗੀ ਆਰਥਿਕ ਸਥਿਤੀ ਦਾ ਘਮੰਡ ਵੀ ਉਸਦੇ ਸਿਰ ਚੜ੍ਹ ਬੋਲਦਾ ਸੀ। ਦੂਜੇ ਬੰਦੇ ਨੂੰ ਹਮੇਸ਼ਾ ਇੱਕ ਦਰਜਾ ਛੋਟਾ ਸਮਝਣ ਦੀ ਉਸਦੀ ਆਦਤ ਨੇ ਅਨੇਕਾਂ ਗੁਣਾਂ ਦੇ ਹੁੰਦਿਆਂ ਸੁੰਦਿਆਂ ਵੀ ਉਸਨੂੰ ਆਮ ਲੋਕਾਂ ਦੇ ਮਨਾਂ ਤੋਂ ਹਮੇਸ਼ਾ ਇੱਕ ਵਕਫੇ ਤੇ ਖੜਿਆਂ ਰਖਿਆ। ਪਰ ਉਹ ਇਸ ਸਭ ਤੋਂ ਬੇਪਰਵਾਹ ਆਪਣੀ ਚਾਲੇ ਮਸਤ ਸੀ।
ਬਿੰਦਰ ਉਸਦੇ ਸੁਭਾਅ ਤੋਂ ਜਾਣੂ ਹੋਣ ਕਾਰਨ ਉਸਤੋਂ ਇੱਕ ਦੂਰੀ ਬਣਾਈ ਹੀ ਰੱਖਦਾ, ਜਿਵੇਂ ਬਾਕੀ ਜਿਆਦਾਤਰ ਉਸਦੇ ਸਾਥੀ ਕਰਦੇ। ਪਰ ਸੌ ਹੱਥ ਵਿੱਥ ਤੇ ਤੁਰਦੇ ਤੁਰਦੇ ਹੋਏ ਵੀ ਕਦੀ ਕਦਾਈਂ ਉਸਦੇ ਮੱਥੇ ਲੱਗਣ ਦੀ ਨੌਬਤ ਆ ਹੀ ਜਾਂਦੀ ਤੇ ਅਜਿਹੀ ਘੜੀ ਲੰਘਾਉਣੀ ਅੱਕ ਚੱਬਣ ਤੋਂ ਵੀ ਭੈੜੀ ਹੁੰਦੀ।
ਬਿੰਦਰ ਉਡੀਕਦਾ ਰਿਹਾ। ਸਮਾਂ ਲੰਘਦੇ ਲੰਘਦੇ ਕਿੰਨਾ ਹੀ ਲੰਘ ਗਿਆ, ਪਰ ਬਿਕਰਮਜੀਤ ਨਾ ਮੁੜਿਆ।
ਪੌਣੇ ਦੋ ਦਾ ਘੁੱਗੂ ਵੱਜਿਆ ਤੇ ਕੰਮੀਆਂ ਦੀ ਚਾਲ ਮੱਠੀ ਪੈਣੀ ਸ਼ੁਰੂ ਹੋ ਗਈ। ਦੋ ਬਜੇ ਸ਼ਿਫਟ ਮੁੱਕ ਜਾਣੀ ਸੀ ਤੇ ਜਾਣ ਤੋਂ ਪਹਿਲਾਂ ਉਨ੍ਹਾਂ ਆਪਣਾ ਸੰਦ-ਭਾਂਡਾ ਸਾਂਭ, ਅਲਮਾਰੀਆਂ ਨੂੰ ਜਿੰਦੇ-ਕੁੰਡੇ ਲਾਉਣੇ ਸਨ ਤੇ ਆਪਣੇ ਟਿਫ਼ਨ ਵੀ ਥਾਂ ਸਿਰ ਕਰਨੇ ਸਨ।
ਬੇਵਸੀ ‘ਚ ਮਨ ਮਸੋਸਦੇ ਹੋਏ ਬਿੰਦਰ ਉੱਠਿਆ ਤੇ ਆਪਣਾ ਸਮਾਨ ਚੁੱਕ ਆਪਣੀ ਅਲਮਾਰੀ ਵੱਲ ਵਧਿਆ। ਤੁਰੇ ਜਾਂਦੇ ਨੇ ਜਦ ਸਾਹਮਣੇ ਦਫਤਰ ਵੱਲ ਨਿਗ੍ਹਾ ਮਾਰੀ ਤਾਂ ਬਿਕਰਮਜੀਤ ਆਪਣੀ ਕੁਰਸੀ ਤੇ ਬੈਠਾ ਕਿਸੇ ਕੰਮ ‘ਚ ਮਸਰੂਫ਼ ਪਾਇਆ। ਦੇਖਦੇ ਸਾਰ ਉਸਦੀਆਂ ਅੱਖਾਂ ਚ ਇੱਕ ਲਾਲੀ ਗਾੜੀ ਹੋਣ ਲੱਗੀ। ਕਾਹਲੀ ਕਾਹਲੀ ਚ ਸਮਾਨ ਅਲਮਾਰੀ ਚ ਸੁੱਟ, ਜੰਦਰਾ ਮਾਰ ਉਹ ਸਿੱਧਾ ਬਿਕਰਮਜੀਤ ਦੇ ਦਫਤਰ ਨੂੰ ਵਧੀਆ।
“ਮੈਂ ਤੁਹਾਨੂੰ ਸਾਹਬ ਸਵੇਰੇ ਆਉਣਸਾਰ ਹੀ ਦੱਸਿਆ ਸੀ ਕਿ ਸਾਡੇ ਕੱਲ ਦੀ ਇੱਕ ਮੌਤ ਹੋਈ ਆ ਤੇ ਮੈਂ ਦੁਪਹਿਰੇ ਬਾਰਾਂ ਬਜੇ ਪਾਸ ਲੈ ਕੇ ਘਰ ਜਾਣਾ ਆ”, ਬਿੰਦਰ ਜਾਂਦਾ ਹੀ ਭਾਰੂ ਪੈਣ ਲੱਗਾ। ਇਹ ਇੱਕ ਵਾਕ ਬੋਲਣ ਲਈ ਉਸ ਤੁਰੇ ਆਉਂਦੇ ਨੇ ਕਈ ਦਫ਼ਾ ਮਨ ‘ਚ ਅਭਿਆਸ ਕੀਤਾ ਸੀ। ਬੋਲਣਾ ਹੋਰ ਵੀ ਕੁੱਝ ਸੀ, ਪਰ ਬਿਕਰਮਜੀਤ ਦੀ ਕੈੜ ਅੱਖ ਦੇਖਦੇ ਸਾਰ ਹੀ ਬਾਕੀ ਮਜਮੂਨ ਭੁੱਲ ਗਿਆ।
ਬਿਕਰਮਜੀਤ ਆਪਣੇ ਕੰਮ ‘ਚ ਬੁਰੀ ਤਰਾਂ ਖੁੱਭਾ ਸੀ। ਪਹਿਲਾ ਟੈਨਿਸ ‘ਚ ਉਸਦਾ ਅੱਜ ਦਾ ਪ੍ਰਦਰਸ਼ਨ ਬਹੁਤ ਮਾੜਾ ਰਿਹਾ, ਦੂਜਾ ਦੋ ਬਜੇ ਜਾਣ ਦੀ ਕਾਹਲ ‘ਚ ਇੱਕ ਰਿਪੋਰਟ ਉਹ ਗਲਤ ਬਣਾ ਬੈਠਾ ਸੀ ਤੇ ਉੱਤੋਂ ਬਿਨਾ ਸੱਦੇ ਬਲਾਏ ਬੰਦੇ ਦੀ ਆਮਦ ਨੇ ਉਸਦਾ ਅੰਦਰਲਾ ਦਿਓ ਹਲੂਣ ਕੇ ਜਗਾ ਲਿਆ ਸੀ।
“ਤੂੰ ਅੰਦਰ ਕੀਹਨੂੰ ਪੁੱਛ ਕੇ ਆਇਆ ? ਤੇਰੀ ਡਿਊਟੀ ਦੋ ਬਜੇ ਤੱਕ ਆ, ਦਸ ਮਿੰਟ ਪਹਿਲਾਂ ਤੂੰ ਕਿੱਦਾਂ ਛੱਡ ਆਇਆਂ..?”, ਬਿਕਰਮਜੀਤ ਦੀਆਂ ਤਿਉੜੀਆਂ ਗਹਿਰੀਆਂ ਹੋ ਗਈਆਂ।
“ਕੰਮ ਨਹੀ ਹੁੰਦਾ,ਘਰੋਂ ਈ ਨਾ ਆਇਆ ਕਰੋ। ਤੀਏ ਦਿਨ ਤੁਹਾਨੂੰ ਪਾਸ ਚਾਹੀਦਾ “, ਬਿਕਰਮਜੀਤ ਮੁੜ ਕਾਗਜਾਂ ਤੇ ਕਲਮ ਚਲਾਉਣ ਲੱਗਾ।
“ਤਾਂ ਹੋਰ ਕੌਣ ਕੰਮ ਕਰਦਾ ? ਐਨੀ ਪਰਡਕਸ਼ਨ ਕਿੱਦਾਂ ਹੁੰਦੀ ਫੇ ? ਨਾਲੇ ਮਿਲ ਮਹੀਨੇ ਚ ਦੋ ਪਾਸ ਮੰਜੂਰ ਕਰਦੀ ਐ, ਉਹ ਵੀ ਅਸੀਂ ਕਈ ਵਾਰੀ ਮਹੀਨਾ ਮਹੀਨਾ ਸੁੱਕਾ ਲੰਘਾ ਛੱਡੀਦਾ। ਨਾਲੇ ਜਦ ਤਹਾਨੂੰ ਆਉਂਦਿਆ ਹੀ ਮੈਂ ਦੱਸਿਆ ਸੀ, ਫੇਰ ਕਿੱਦਾਂ ਨ੍ਹੀ ਪਾਸ ਮਿਲ ਸਕਦਾ ?”, ਬਿੰਦਰ ਦੇ ਭਰਿਓ ਮਨ ਨੇ ਸਚਾਈ ਨੂੰ ਹੌਂਸਲੇ ਨਾਲ ਇੰਨ ਬਿੰਨ ਅੱਗੇ ਰੱਖਣ ਦੀ ਇੱਕ ਗੈਬੀ ਸ਼ਕਤੀ ਉਸ ਵਿੱਚ ਫੂਕ ਦਿੱਤੀ ਸੀ। ਉਸਨੂੰ ਆਪਣੇ ਤੇ ਹੈਰਾਨੀ ਵੀ ਹੋ ਰਹੀ ਸੀ। ਇਸ ਸ਼ਕਤੀ ਨੇ ਉਸਨੂੰ ਅੰਦਰੋਂ ਹੋਰ ਵੀ ਮਜਬੂਤ ਕਰ ਮੈਦਾਨ ਚ ਟਿਕਾਈ ਰੱਖਿਆ। ਬਿਕਰਮਜੀਤ ਨੀਝ ਲਾ ਉਸ ਵੱਲ ਵੇਖਣ ਲੱਗਾ ਜਿਵੇਂ ਪਹਿਲੀ ਵਾਰ ਉਸਦਾ ਮੂੰਹ ਦੇਖ ਰਿਹਾ ਹੋਵੇ ਤੇ ਬਿੰਦਰ ਨਿਰੰਤਰ ਵਰ੍ਹਦਾ ਰਿਹਾ।
“ਕਦੇ ਤੁਹਾਨੂੰ ਕੰਮ ਨੂੰ ਜਵਾਬ ਨ੍ਹੀ ਦਿੱਤਾ ਅਸੀਂ। ਜਿੱਥੇ ਕਿਹਾ, ਜਿਹੜੇ ਕੰਮ ਤੇ ਲਾਇਆ, ਚੁੱਪ ਕਰਕੇ ਡਿਊਟੀ ਕਰੀਦੀ ਆ। ਤੁਹਾਡੇ ਚਾਹ ਪਾਣੀ ਲਈ ਵੀ ਅਸੀਂ ਕੰਮ ਛੱਡ ਕੇ ਕੰਟੀਨ ਨੂੰ ਚਲੇ ਜਾਈਦਾ। ਕਈ ਵਾਰੀ ਬੰਦੇ ਪੂਰੇ ਵੀ ਨਹੀਂ ਹੋਣੇ, ਪਰ ਮਸ਼ੀਨ ਬੰਦ ਹੋਣ ਦੀ ਨੌਬਤ ਨ੍ਹੀ ਆਉਣ ਦਿੱਤੀ ਅਸੀਂ। ਰਾਤ ਨੂੰ ਤੁਸੀਂ ਜਦੋਂ ਇੱਧਰ ਉੱਧਰ ਹੋਕੇ ਸੁੱਤੇ ਹੁੰਨੇ ਓ, ਉਦੋਂ ਥੋਡੇ ਚੇਲਿਆਂ ਨਾਲੋਂ ਜਿਆਦੇ ਅਸੀਂ ਜਾਨ ਫੂਕਦੇ ਆ ਕੰਮ ਚ”,ਆਖਰੀ ਵਾਕ ਨੇ ਬਿੰਦਰ ਦਾ ਚਿਹਰਾ ਹੋਰ ਮਘਾ ਦਿੱਤਾ।
ਆਪਣੇ ਅਫਸਰ ਦੇ ਡਿਊਟੀ ਦੁਰਾਨ ਸੁੱਤੇ ਹੋਣ ਦਾ ਜ਼ਿਕਰ ਕਰਕੇ ਬਿੰਦਰ ਵੀ ਰਤਾ ਥਿੜਕਿਆ, ਪਰ ਸਚਾਈ ਨੇ ਉਸਨੂੰ ਥੱਮ ਕੇ ਰੱਖਿਆ। ਉਸਦਾ ਇੱਕ ਇੱਕ ਬੋਲ ਦਿਨ ਦੇ ਚਾਨਣ ਵਾਂਗ ਸੁਥਰਾ ਤੇ ਦਾਗਹੀਣ ਸੀ। ਆਪਣੇ ਮੂੰਹੋਂ ਕਿਸੇ ਬੋਲ ਦਾ ਉਸਨੂੰ ਭੋਰਾ ਪਛਤਾਵਾ ਨਹੀਂ ਸੀ।
ਬਿੰਦਰ ਦੇ ਅੰਤਲੇ ਬੋਲਾਂ ਨੇ ਬਿਕਰਮਜੀਤ ਦੇ ਫੋਕੇ ਮਾਣ ਤੇ ਗਹਿਰੀ ਚੋਟ ਕੀਤੀ। ਉਸਦਾ ਅੰਦਰ ਬੁਰੀ ਤਰਾਂ ਝੰਜੋੜਿਆ ਗਿਆ। ਰਾਤ ਦੀ ਡਿਊਟੀ ਦੁਰਾਨ ਉਹ ਸੌਂਦਾ ਹੈ, ਇਹ ਸਾਰਾ ਮਹਿਕਮਾ ਜਾਣਦਾ ਸੀ, ਸਾਰਾ ਪ੍ਰਬੰਧਕ ਬਲਾਕ ਜਾਣਦਾ ਸੀ, ਪਰ ਅੱਜ ਤੱਕ ਕਿਸੇ ਦਾ ਐਨਾ ਹੌਸਲਾ ਨਹੀਂ ਸੀ ਹੋਇਆ ਕਿ ਉਸ ਦੀ ਅੱਖ ਚ ਅੱਖ ਪਾ ਉਸਨੂੰ ਟੋਕ ਸਕੇ। ਮਿੱਲ ਦੇ ਅੰਦਰ ਤੇ ਮਿੱਲ ਦੇ ਬਾਹਰ ਉਹ ‘ਮਾਤੜ ਨਾਲ ਹਜਾਰਾਂ ਵਧੀਕੀਆਂ ਕਰਦਾ, ਫਜ਼ੂਲ ਤੰਗ-ਪ੍ਰੇਸ਼ਾਨ ਕਰਦਾ, ਪਰ ਉਸ ਖਿਲਾਫ ਆਵਾਜ਼ ਚੁੱਕਣ ਦਾ ਜੇਰਾ ਕਿਸੇ ਵਿੱਚ ਉੱਕਾ ਹੀ ਨਹੀਂ ਸੀ। ਉਸ ਮਦਮਸਤ ਹਾਥੀ ਤੁੱਲ, ਦਿਓ-ਆਕਾਰ ਅਫਸਰ ਨੂੰ ਆਪਣਾ ਨੰਗ ਜ਼ਾਹਿਰ ਹੋਣ ਤੇ ਸੱਤੀਂ ਕੱਪੜੀਂ ਅੱਗ ਲੱਗ ਗਈ। ਇੱਕ ਆਮ ਜਿਹਾ ਇਨਸਾਨ ਜੋ ਕਿ ਮਿੱਲ ਚ ਵੀ ਉਸਤੋਂ ਨੀਵੇਂ ਰੁਤਬੇ ਦਾ ਸੀ ਤੇ ਸਮਾਜਿਕ ਪੱਖੋਂ ਵੀ ਚੌਥੇ ਵਰਗ ਨਾਲ ਸਬੰਧਤ ਸੀ, ਉਸ ਅੜਬ ਚੌਧਰੀ ਨੂੰ ਮੂੰਹ ਤੇ ਲਾਹਣਤਾਂ ਪਾ ਰਿਹਾ ਸੀ, ਵੰਗਾਰ ਰਿਹਾ ਸੀ।
ਬਿਕਰਮਜੀਤ ਨੂੰ ਆਪਣੀ ਗਲਤੀ ਦੀ ਥਾਂ ਬਿੰਦਰ ਦਾ ਨੀਵਾਂ ਰੁਤਬਾ ਜਿਆਦੇ ਰੜਕਣ ਲੱਗਾ। ਬਿੰਦਰ ਦੇ ਸੱਚੇ, ਸੁਥਰੇ ਤੇ ਕੌੜੇ ਅਲਫਾਜ਼ ਉਸਨੂੰ ਗਾਲਾਂ ਵਾਂਗਰ ਚੋਟ ਕਰ ਰਹੇ ਸਨ। ਮੁੜ ਮੁੜ ਬਿੰਦਰ ਦਾ ਰੁਤਬਾ ਉਸਦੇ ਜ਼ਿਹਨ ਚ ਭੜਥੂ ਪਾਉਣ ਲੱਗੇ।
ਉਹ ਕੁਰਸੀ ਤੋਂ ਉੱਠ ਖੜਾ ਹੋਇਆ।
“ਤੁਸੀਂ ਲੋਕ ਆਪਣੀ ਔਕਾਤ ਚ ਰਿਹਾ ਕਰੋ। ਤੁਹਾਨੂੰ ਵਾਰ ਵਾਰ ਦੱਸਣ ਦੀ ਲੋੜ ਨਾ ਪਵੇ ਕਿ ਤੁਸੀਂ ਕੌਣ ਹੋ ਤੇ ਅਸੀ ਕੌਣ ਆਂ ! ਆਈ ਸਮਝ ! ਨਾਲੇ ਥੋਡਾ ਪਸੂਆਂ ਦਾ ਜੰਮਣ ਮਰਨ ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ