ਮਾਂ ਅਕਸਰ ਆਖਿਆ ਕਰਦੀ..ਰੱਬ ਇੱਕ ਕਮਲਾ ਵਿਓਪਾਰੀ ਏ..ਖੁਦ ਘਾਟੇ ਖਾ ਕੇ ਸਾਨੂੰ ਹੀ ਰਜਾਉਂਦਾ ਰਹਿੰਦਾ..!
ਸਾਨੂੰ ਸਮਝ ਨਾ ਆਉਣੀ ਤੇ ਅਸਾਂ ਉੱਚੀ ਉੱਚੀ ਹੱਸ ਪੈਣਾ..!
ਫੇਰ ਪਤਾ ਹੀ ਨੀ ਲੱਗਾ ਅਸੀਂ ਕਦੋਂ ਜਵਾਨ ਹੋਈਆਂ ਤੇ ਮਾਂ ਬੁੱਢੀ..ਫੇਰ ਇੱਕ ਦਿਨ ਉਹ ਸੱਚੀ-ਮੁੱਚੀ ਚਲੀ ਗਈ..ਬਿਨਾ ਦੱਸਿਆ..ਬਿਨਾ ਕੁਝ ਆਖਿਆਂ..ਮਗਰ ਛੱਡ ਗਈ “ਕਾਸ਼” ਨਾਮ ਦਾ ਖਿਡੌਣਾ..ਜਿਹੜਾ ਹਸਾਉਂਦਾ ਘੱਟ ਤੇ ਰਵਾਉਂਦਾ ਜਿਆਦਾ ਸੀ..!
ਮੈਂ ਅੰਦਰ ਵੜ ਕੇ ਗੁਬਾਰ ਕੱਢ ਲੈਂਦੀ..ਹੌਲੀ ਹੋ ਕੇ ਜਦੋਂ ਬਾਹਰ ਆਉਂਦੀ ਤਾਂ ਦੋਵੇਂ ਧੀਆਂ ਖੇਡ ਰਹੀਆਂ ਹੁੰਦੀਆਂ..ਮੈਨੂੰ ਵੇਖ ਗੰਭੀਰ ਹੋ ਜਾਂਦੀਆਂ..ਖਿਡੌਣੇ ਪਰਾਂ ਕਰ ਮੇਰੇ ਕੋਲ ਆ ਜਾਂਦੀਆਂ..ਇੱਕ ਸਿਰ ਝੱਸਣ ਲੱਗ ਪੈਂਦੀ ਤੇ ਦੂਜੀ ਮੇਰੀਆਂ ਲੱਤਾਂ ਅਤੇ ਤਲੀਆਂ..ਮੈਨੂੰ ਇੰਝ ਲੱਗਦਾ ਮੈਂ ਮਾਂ ਦੀ ਝੋਲੀ ਵਿੱਚ ਪਈ ਹੋਵਾਂ..ਫੇਰ ਸੁੱਤੀ ਪਈ ਨੂੰ ਸੁਫਨਾ ਆਉਂਦਾ..ਓਸੇ ਕਮਲੇ ਵਿਓਪਾਰੀ ਵਾਲੀ ਗੱਲ ਦਾ..ਜਾਗ ਆਉਂਦੀ ਤਾਂ ਉਹ ਵੀ ਦੋਵੇਂ ਮੇਰੇ ਨਾਲ ਸੁੱਤੀਆਂ ਹੁੰਦੀਆਂ..ਇੱਕ ਸੱਜੇ ਤੇ ਦੂਜੀ ਖੱਬੇ..ਮੇਰੀ ਬਾਂਹ ਦਾ ਸਿਰਹਾਣਾ ਬਣਾ..!
ਫੇਰ ਲੱਗਦਾ ਵਾਕਿਆ ਹੀ ਉਹ ਕਮਲਾ ਵਿਓਪਾਰੀ ਏ..ਇੱਕ ਮਾਂ ਨੂੰ ਆਪਣੇ ਕੋਲ ਸੱਦ ਦੋ ਵਾਪਿਸ ਜੂ ਘੱਲ ਦਿੱਤੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ