ਬੋਹੜ ਵਾਲਾ ਖੂਹ !! 🌳🌳
ਸਕੂਲੋਂ ਘਰ ਪਹੁੰਚ ਮੋਢੇ ਤੋਂ ਬਸਤਾ ਲਾਹਉਣਾ ਤਾਂ ਬੇਬੇ ਨੇ ਰੋਟੀ ਵਾਲਾ ਥਾਲ ਅਗੇ ਲਿਆ ਰੱਖਣਾ । ਤਰਲਾ ਜੇਹਾ ਮਾਰਦਿਆਂ ਕਹਿਣਾ , “ਬੇਬੇ !! ਦੁੱਧ ਦਾ ਗਲਾਸ ਪੀ ਲੈੰਦਾਂ ਪਰ ਮੇਰੀ ਰੋਟੀ ਖੂਹ ਵਾਲਿਆਂ ਦੀਆਂ ਰੋਟੀਆਂ ਵਿੱਚ ਬੰਨਦੇ…. ਖੂਹ ਉਤੇ ਬੋਹੜ ਛਾਂਵੇ ਸਾਰਿਆਂ ਵਿੱਚ ਬਹਿ ਰੋਟੀ ਖਾਣ ਦਾ ਬੜਾ ਮਜਾ ਆਉਂਦਾ।”
ਖੂਹ ਪਿੰਡੋਂ ਤਿੰਨ ਕਿਲੋਮੀਟਰ ਦੀ ਵਿੱਥ ਉੱਤੇ ਸੀ। ਤਿਖੱੜ ਦੁਪਹਿਰਾਂ ਤੇ ਵੱਗਦੀ ਲੋਅ ਨੇ ਜਦੋਂ ਕਹਿਰ ਢਾਉਣਾ ਤਾਂ ਸਿਰ ਚੋਂ ਚੋੰਦੇ ਮੁੜਕੇ ਨੇ ਅੱਖਾਂ ਵਿੱਚ ਆ ਪੈਣਾ। ਝੱਗੇ ਨਾਲ ਅੱਖਾਂ ਪੂੰਝਦਿਆਂ ਬੋਹੜ ਵਾਲੇ ਖੂਹ ਦੀ ਠੰਡੀ ਛਾਂ ਮਾਣਨ ਲਈ ਛੋਹਲੇ ਪੈਰ ਪੁੱਟਣੇ।
ਮਿਹਨਤੀ ਲੋਕਾਂ ਦੇ ਜਿਸਮ ਚੋਂ ਨਿਕਲਿਆ ਮੁੜਕਾ (ਪਸੀਨਾ)36 ਰੋਗਾਂ ਦਾ ਦਵਾ+ਦਾਰੂ ਹੋ ਨਿਬੜਦਾ…ਕਿਉਂਕਿ ਇਹ ਖਾਰਾ ਪਾਣੀ ਦੱਸਾਂ ਨੁਹਾਂ ਦੀ ਕਿਰਤ ਤੇ ਕਰੜੀ ਮੁਸ਼ਕਤ ਦਾ ਅਰਕ ਹੁੰਦਾ।
ਇਕ ਹੱਥ ਬਾਲਟੀ ਵਿੱਚ ਧੁੱਖਦੀਆਂ ਅੰਗੀਆਰੀਆਂ ਉਪਰ ਚਾਹ ਦਾ ਭਰਿਆ ਡੋਲੂ ਅਤੇ ਦੂਸਰੇ ਹੱਥ 5-6 ਕਾਮਿਆਂ ਦੀਆਂ ਰੋਟੀਆਂ ਨੂੰ ਨਿਆਣੀ ਉਮਰੇ ਖੂਹ ਤੱਕ ਲਿਜਾਣਾ “ਖਾਲਾ ਜੀ ਦਾ ਵਾੜਾ ਨਹੀਂ ਸੀ।” ਕਈ ਵਾਰ ਨੰਗੀ ਲੱਤ ਨੂੰ ਲਗੀ ਤੱਤੀ ਬਾਲਟੀ ਲੱਤ ਸਾੜਦੀ ਤਾਂ ਚੀਕ ਨਿਕਲ ਜਾਣੀ ਫੇਰ ਥੱਕ ਲਾ ਕੇ ਸਾਰਨਾ।
ਹੱਡ ਭੰਨਵੀ ਮਿਹਨਤ ਕਰਦੇ ਕਾਮਿਆਂ ਜਦੋਂ ਦੁਪਹਿਰਾਂ ਦੀਆਂ ਰੋਟੀਆਂ ਲਿਆਉਂਦੇ ਨੂੰ ਦੂਰੋਂ ਵੇੇਖਣਾ ਤਾਂ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਹਿੰਦਾ । ਖੂਹ ਤੇ ਪਹੁੰਚ ਉਥੋਂ ਦੀ ਚਹਿਲ ਪਹਿਲ ਵੇਖ ਰਾਹ ਵਿੱਚ ਆਏ ਦੁੱਖ -ਤਕਲੀਫ਼ਾਂ ਭੁੱਲ-ਭੁਲਾ ਜਾਂਦੇ ।
ਰੋਟੀਆਂ ਆਈਆਂ ਵੇਖ , ਵਾਗੀ ਡੰਗਰ ਖੂਹ ਨੂੰ ਹਿੱਕ ਤੁਰਦਾ, ਖਰਬੂਜ਼ਿਆਂ ਦੇ ਕਿਆਰੇ ਦਾ ਨੱਕਾ ਮੋੜ ਬਾਪੂ ਕਹੀ ਮੋਢੇ ਰੱਖ ਬੋਹੜ ਛਾਂਵੇ ਆਣ ਪਲੀ ਵਿਛਾਉੰਦਾ । ਟੀੰਡੇ-ਕਰੇਲੇ ਗੋਢਦੇ ਕਾਮੇ ਅੌਲੂ (ਪਾਣੀ ਵਾਲਾ ਚੱਬਚਾ) ਤੋਂ ਹੱਥ -ਮੂੰਹ ਧੋ ਰੋਟੀਆਂ ਕੋਲ ਆ ਢੁੱਕਦੇ।
ਬਾਪੂ ਚਾਰ -ਚਾਰ ਰੋਟੀਆਂ ਤੇ ਭਰਕੇ ਬਣਾਏ ਟੀਂਡਿਆਂ ਦਾ ਸਲੂਣਾ (ਸਬਜ਼ੀ ) ਤੇ ਕੱਚੀਆਂ ਅੰਬੀਆਂ ਦਾ ਅਚਾਰ ਉੱਤੇ ਰੱਖ ਹੱਥਾਂ ਵਿੱਚ ਫੜਾਉੰਦਾ ਤਾਂ ਸਾਰੇ ਰਿਜਕ ਨੂੰ ਮੱਥੇ ਨਾਲ ਲਾ ਉਪਰਵਾਲੇ ਦਾ ਸ਼ੁਕਰ ਮਨਾਉੰਦੇ।
ਜਦੋਂ ਬਾਪੂ ਗੁੜ ਵਾਲੇ ਲੌੰਗ ਪਾਕੇ ਬਣਾਏ ਮਿੱਠੇ ਬਾਸਮਤੀ ਦੇ ਚੌਲ ਵਰਤਾਉੰਦਾ ਤਾਂ ਖੂਹ ਦੀ ਫਿਜ਼ਾ ਖਸ਼ਬੋ ਨਾਲ ਮਿਹਕ ਉੱਠਦੀ।
ਖੂਹ ਦੀ ਗਾੜੀ ਤੇ ਬਹਿ ਜਦੋਂ ਝੂਟਾ ਲੈਣਾ ਤਾਂ ਬਾਲ ਮਨ ਮੌਲ ਉੱਠਣਾ । ਗਾੜੀ ਉੱਤੇ ਬਰਾਜਮਾਨ ਹੋ ਆਪਣੇ ਆਪ ਨੂੰ ਕਿਸੇ ਖੱਬੀ ਖਾਂ ਤੋਂ ਘੱਟ ਨਾ ਸਮਝਣਾ ।
ਖੂਹ ਚੋਂ ਭਰੀਆਂ ਟਿੰਡਾਂ ਜਦੋਂ ਲਗਾਤਾਰ ਪਾੜਸ਼ੇ ਵਿੱਚ ਪਾਣੀ ਛੁੱਟਦੀਆਂ ਤਾਂ ਪਛੋਂ ਦੀ ਵਗਦੀ ਹਵਾ ਦੇ ਬੁੱਲੇ ਪਾਣੀ ਦੀਆਂ ਡਿੱਗਦੀਆਂ ਧਾਰਾਂ ਦੀ ਫੁਹਾਰ ਸਰੀਰ ਨੂੰ ਝਰਨਾਹਟ ਛੇੜ ਠੰਡੀ-ਮਿੱਠੀ ਸ਼ਰਾਰਤ ਕਰ ਜਾਂਦੀਆਂ ॥
ਖੂਹ ਦੀ ਭੌਣੀ ਦਾ ਖੜਕਣਾ , ਬੱਲਦਾਂ ਦੇ ਗੱਲ ਪਏ ਘੂੰਗਰੁਆਂ – ਦਾ ਛੰਨਕਣਾ ਜਿਥੇ ਮਨਮੋਹਕ ਨਜ਼ਾਰਾ ਪੇਸ਼ ਕਰਦਾ ਉਥੇ ਅਲੋਕਾਰ ਸੰਗੀਤ ਸੁਣ ਰੂਹਾਨੀ ਖੁਮਾਰੀ ਚੜ੍ਹ ਜਾਣੀ।
ਪੰਛੀ ਵੰਨ-ਸਵੰਨੀਆਂ ਸੁਰੀਲੀਆਂ ਅਵਾਜ਼ਾਂ ਕੱਢ ਕੰਨਾਂ ਵਿੱਚ...
ਮਿਸ਼ਰੀ ਘੋਲਦੇ । ਜਦੋਂ ਉਹ ਇਕ ਟਾਹਣੀ ਤੋਂ ਦੂਸਰੀ ਤੇ ਉਡਾਰੀ ਮਾਰ ਹੱਠਖੇਲੀਆਂ ਕਰਦੇ ਤਾਂ ਬੜੇ ਪਿਆਰੇ ਲਗਦੇ। ਉਹ ਬੋਹੜ ਦੀਆਂ ਖੱਟੀਆਂ-ਮਿੱਠੀਆਂ ਗੋਲਾਂ ਨੂੰ ਨੱਖਰਿਆਂ ਨਾਲ ਖਾਂਦੇ ਤੇ ਕੁੱਝ ਟੁੱਕ- ਟੁੱਕ ਹੇਠਾਂ ਸੁੱਟਦੇ।
ਬੋਹੜ ਛਾਂਵੇ ਬੈਠੇ ਬਜ਼ੁਰਗ ਇਤਹਾਸਕ ਕਥਾਵਾਂ ਸੁਣਾ ਗਿਆਨ ਵਿੱਚ ਵਾਧਾ ਕਰਦੇ। ਬੂਟਾ ਸੀਰੀ ਖੱਬਾ ਹੱਥ ਕੰਨ ਤੇ ਰੱਖ ਹੇਕ ਲਾ ਹੀਰ ਗਾਉੰਦਾ ਤਾਂ ਜਿਥੇ ਸਾਰੇ ਵਾਰਸ ਦੀ ਹੀਰ ਸੁਣ ਅਸ਼-ਅਸ਼ ਕਰ ਉੱਠਦੇ ਉਥੇ ਰਾਹੀ ਕੁੱਝ ਪਲ ਲਈ ਮੰਜ਼ਿਲ ਭੁੱਲ ਬੋਹੜ ਨੂੰ ਹੋ ਤੁਰਦੇ।
ਬੋਹੜ ਤੋਂ ਬਾਹਰ ਦੀ ਭੌੰ ਗਰਮੀ ਨਾਲ ਇੰਨੀ ਤੱਪਦੀ ਕਿ ਪੈਰ ਨਾ ਰੱਖ ਹੁੰਦਾ । ਤਿਖੜ ਦੁਪਹਿਰੇ ਵਗਦੀ ਲੌ ਵਿੱਚ ਭੰਬਰਤਾਰੇ ਜੇਹੇ ਦਿਸਦੇ। ਵਾਅ /ਵਰੋਲੇ ਜਦੋਂ ਆਪਣੀ ਕਲਾਕਾਰੀ ਦਾ ਪ੍ਰਦਸ਼ਣ ਕਰਕੇ ਕੱਖ -ਕਾਣ ਦੀ ਚਕਰੀ ਘੁਮਾਉੰਦੇ ਅਕਾਸ਼ ਵਿੱਚ ਉੱਡਉੰਦੇ ਤਾਂ ਬਾਪੂ ਹੁਰੀਂ ਇਸ ਵਿੱਚ ਕਿਸੇ ਫਕਰ-ਫਕੀਰ ਦੀ ਮੌਜੂਦਗੀ ਦੀ ਬਾਤ ਸੁਣਾ ਡਰਾ ਦੇੰਦੇ।
ਪਰ ਬੋਹੜ ਦੀ ਛਾਂਵੇ ਵੱਸੇ ਨਗਰ ਵਿੱਚ ਪਛੂ , ਪੰਛੀ , ਕੀੜੇ -ਮਕੌੜੇ ਤੇ ਮਨੁੱਖ ਠੰਡੀਆਂ ਹਵਾਵਾਂ ਦਾ ਭਰਪੂਰ ਅਨੰਦ ਮਾਣਦੇੇ ।
ਬੋਹੜ ਦੇ ਦੋ ਟਾਹਣੇ ਇੰਨੇ ਨੀਵੇਂ ਸਨ ਕਿ ਸਾਰੇ ਨਿਆਣੇ ਅਸਾਨੀ ਨਾਲ ਉਪਰ ਚੜ੍ਹ ਮੌਜਾਂ ਮਾਣਦੇ। ਉਨ੍ਹਾਂ ਲਿੱਫੇ ਟਾਹਣਾਂ ਨੂੰ ਵੇਖ ਇੰਝ ਮਹਿਸੂਸ ਹੋਣਾ ਜਿਵੇਂ ਦਾਦਾ ਆਪਣੇ ਪੋਤਰੇ -ਪੋਤਰੀਆਂ ਨੂੰ ਕੁੱਛੜ ਚੁੱਕਣ ਲਈ ਬਾਹਾਂ ਨੀਵੀਂ ਕਰੀ ਖਲੋਤਾ ਹੋਵੇ।
ਦੁਪਹਿਰ ਭਾਵੇਂ ਢੱਲ ਜਾਣੀ ਫੇਰ ਵੀ ਬੋਹੜ ਦੀ ਠੰਡੀ ਛਾਂ ਤੇ ਰੌਣਕ ਮੇਲਾ ਛੱਡਣ ਨੂੰ ਕਿਸੇ ਦਾ ਜੀਅ ਨਾ ਕਰਨਾ। ਮਜਬੂਰੀ ਵੱਸ ਕੰਮਾਂ ਕਾਰਾਂ ਨੂੰ ਤੁਰਨਾ ਪੈੰਦਾ।
ਕਈ ਸਾਲਾਂ ਬਾਅਦ ਖੇਤਾਂ ਨੂੰ ਜਾਣਦਾ ਸੱਬਬ ਬਣਿਆ ਤਾਂ ਵੇਖਿਆ ਮੰਜਰ ਡਰਾਉਣਾ ਸੀ। ਜਦੋਂ ਦੂਰ-ਦੂਰ ਤੱਕ ਕੋਈ ਰੁੱਖ ਨਜ਼ਰ ਨਾ ਆਇਆ ਤਾਂ ਮਨ ਡਾਢਾ ਉਦਾਸ ਹੋਇਆ । ਇਸਦਾ ਕਾਰਨ ਪੁੱਛਿਆ, ” ਰੁੱਖ ਕਿਧਰ ਗਏ ” ਤਾਂ ਉਨ੍ਹਾਂ ਦਾ ਸੁਭਾਵਿਕ ਜਵਾਬ ਸੀ “ਰੁੱਖਾਂ ਦਾ ਛਪਰਾ ਫਸਲਾਂ ਲਈ ਨੁਕਸਾਨਦੇਹ ਸੀ ਸੋ ਵੱਢ ਸੁੱਟੇ।”
ਕਿਵੇਂ ਮੰਨ ਲਈਏ ਕਿ ਜਿਨ੍ਹਾਂ ਖੂਹਾਂ ਦੇ ਬੋਹੜਾਂ ਦੀਆਂ ਛਾਂਵਾਂ ਥੱਲੇ ਪਿੰਡ ਵੱਸਦੇ ਵੇਖੇ , ਜੋ ਸਭਨਾਂ ਨੂੰ ਜੀਵਨ ਦੇੰਦੇ ਸਨ , ਉਹ ਅੱਜ ਜਾਨਾਂ ਦਾ ਖੌ ਬਣ ਗਏ।
ਅਧੁਨਿਕਤਾ ਦੇ ਨਾਂ ਹੇਠ ਹੋ ਰਿਹਾ ਰੁੱਖਾਂ ਦਾ ਕਤਲੇਆਮ ਮਨੁੱਖਤਾ ਲਈ ਵੱਡਾ ਖਤਰਾ… ਰੁੱਖ ਤੇ ਜੀਵਨ ਦਾਤੇ ਹਨ।
ਜਿੰਨ੍ਹਾਂ ਬੋਹੜਾਂ ਪਿੱਪਲਾਂ ਜਿਸਮ ਹੀ ਨਹੀਂ ਰੂਹਾਂ ਵੀ ਠਾਰੀਆਂ ਹੋਣ ਉਨ੍ਹਾਂ ਨੂੰ ਭੁੱਲਿਆਂ ਵੀ ਭੁੱਲਾਇਆ ਨਹੀਂ ਜਾ ਸਕਦਾ।
ਉਹ ਸੁਨਹਿਰੀ ਪਲ ਜੋ ਕਦੀ ” ਬੋਹੜ ਵਾਲੇ ਖੂਹ” ਤੇ ਉਸਦੀਆਂ ਠੰਡੀਆਂ ਛਾਵਾਂ ਤੇ ਰੌਣਕਾਂ ਵਿੱਚ ਗੁਜਾਰੇ ਉਹ ਚੇਤਿਆਂ ਵਿੱਚ ਚਿਤਵੇ ਪਏ ਨੇ।
✍:- ਗੁਰਨਾਮ ਨਿੱਜਰ=02/03/2022